ਚੰਡੀਗੜ੍ਹ :- ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਸੰਭਾਵਿਤ ਗਠਜੋੜ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਵਿਚਕਾਰ ਸਪੱਸ਼ਟ ਕੀਤਾ ਹੈ ਕਿ ਇਸ ਮਾਮਲੇ ‘ਤੇ ਪਾਰਟੀ ਨੇ ਅਜੇ ਕੋਈ ਫ਼ੈਸਲਾ ਨਹੀਂ ਲਿਆ। ਉਨ੍ਹਾਂ ਕਿਹਾ ਕਿ ਭਾਜਪਾ ਦਾ ਮੌਜੂਦਾ ਧਿਆਨ ਪੰਜਾਬ ਦੀ ਹਰ ਵਿਧਾਨ ਸਭਾ ਵਿੱਚ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ‘ਤੇ ਹੈ, ਜਦਕਿ ਗਠਜੋੜ ਬਾਰੇ ਹਾਲਾਤ ਅਤੇ ਲੋਕਾਂ ਦੇ ਰੁਝਾਨ ਨੂੰ ਵੇਖਣ ਤੋਂ ਬਾਅਦ ਹੀ ਅਗਲਾ ਕਦਮ ਚੁੱਕਿਆ ਜਾਵੇਗਾ।
ਪਾਰਟੀ ਦੀ ਤਰਜੀਹ ਸੰਗਠਨ ਮਜ਼ਬੂਤ ਕਰਨਾ
ਨਿਤਿਨ ਨਬੀਨ ਨੇ ਕਿਹਾ ਕਿ ਚੋਣਾਂ ਵਿੱਚ ਹਾਲੇ ਸਮਾਂ ਹੈ ਅਤੇ ਇਸ ਵੇਲੇ ਗਠਜੋੜ ਬਾਰੇ ਕੋਈ ਨਤੀਜਾ ਕੱਢਣਾ ਜਲਦਬਾਜ਼ੀ ਹੋਵੇਗੀ। ਉਨ੍ਹਾਂ ਦੱਸਿਆ ਕਿ ਅਗਲੇ ਛੇ ਮਹੀਨਿਆਂ ਦੌਰਾਨ ਪਾਰਟੀ ਆਪਣਾ ਆਧਾਰ ਹੋਰ ਮਜ਼ਬੂਤ ਕਰਨ ‘ਤੇ ਧਿਆਨ ਦੇਵੇਗੀ। ਇਸ ਮਿਆਦ ਤੋਂ ਬਾਅਦ ਜਨਤਾ ਦੇ ਰੁਝਾਨ ਅਤੇ ਰਾਜਨੀਤਿਕ ਹਾਲਾਤਾਂ ਦਾ ਮੁਲਾਂਕਣ ਕਰਕੇ ਹੀ ਫ਼ੈਸਲਾ ਕੀਤਾ ਜਾਵੇਗਾ ਕਿ ਗਠਜੋੜ ਦੀ ਲੋੜ ਹੈ ਜਾਂ ਨਹੀਂ।
ਗਠਜੋੜ ਬਾਰੇ ਆਗੂਆਂ ਦੀਆਂ ਵੱਖ-ਵੱਖ ਰਾਏ
ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਸੰਭਾਵਿਤ ਸਿਆਸੀ ਸਾਂਝ ਨੂੰ ਲੈ ਕੇ ਦੋਵੇਂ ਪਾਰਟੀਆਂ ਦੇ ਆਗੂਆਂ ਦੀ ਸੋਚ ਇਕੋ ਜਿਹੀ ਨਹੀਂ ਰਹੀ। ਭਾਜਪਾ ਦੇ ਕੁਝ ਆਗੂ ਇਕੱਲੇ ਚੋਣ ਲੜਨ ਦੀ ਗੱਲ ਕਰ ਰਹੇ ਹਨ, ਜਦਕਿ ਕੁਝ ਸੀਨੀਅਰ ਨੇਤਾਵਾਂ ਦਾ ਮੰਨਣਾ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਗਠਜੋੜ ਦੀ ਆਪਣੀ ਅਹਿਮੀਅਤ ਹੈ। ਦੂਜੇ ਪਾਸੇ ਅਕਾਲੀ ਦਲ ਵੀ ਸਮੇਂ-ਸਮੇਂ ‘ਤੇ ਇਸ ਮੁੱਦੇ ‘ਤੇ ਆਪਣਾ ਪੱਖ ਰੱਖਦਾ ਆ ਰਿਹਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਸੀ ਸਿਆਸੀ ਸਲਾਹ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਪੰਜਾਬ ਵਿੱਚ ਭਾਜਪਾ ਲਈ ਇਕੱਲੇ ਸਰਕਾਰ ਬਣਾਉਣਾ ਆਸਾਨ ਨਹੀਂ ਹੋਵੇਗਾ ਅਤੇ ਅਕਾਲੀ ਦਲ ਨਾਲ ਸਿਆਸੀ ਸਾਂਝ ਪਾਰਟੀ ਲਈ ਲਾਭਦਾਇਕ ਸਾਬਤ ਹੋ ਸਕਦੀ ਹੈ। ਹਾਲਾਂਕਿ ਭਾਜਪਾ ਦੇ ਕੁਝ ਨੇਤਾਵਾਂ ਨੇ ਇਸ ਨੂੰ ਉਨ੍ਹਾਂ ਦੀ ਨਿੱਜੀ ਰਾਏ ਦੱਸਦਿਆਂ ਕਿਹਾ ਸੀ ਕਿ ਪਾਰਟੀ 117 ਵਿਧਾਨ ਸਭਾ ਹਲਕਿਆਂ ਵਿੱਚ ਆਪਣੇ ਦਮ ‘ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ।
ਅਕਾਲੀ ਦਲ ਨੇ ਵੀ ਰੱਖਿਆ ਆਪਣਾ ਪੱਖ
ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਨੇ ਵੀ ਇਸ ਮਾਮਲੇ ‘ਤੇ ਕਿਹਾ ਸੀ ਕਿ ਪੰਜਾਬ ਦੀ ਸਿਆਸੀ ਹਕੀਕਤ ਨੂੰ ਦੇਖਦਿਆਂ ਭਾਜਪਾ ਲਈ ਇਕੱਲੇ ਸੱਤਾ ਤੱਕ ਪਹੁੰਚਣਾ ਮੁਸ਼ਕਲ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਕਦੇ ਗਠਜੋੜ ਦੀ ਸਥਿਤੀ ਬਣਦੀ ਹੈ ਤਾਂ ਉਹ ਪੰਜਾਬ ਦੇ ਹਿੱਤਾਂ ਅਤੇ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਤਰਜੀਹ ਦੇਣ ਦੇ ਆਧਾਰ ‘ਤੇ ਹੀ ਸੰਭਵ ਹੋਵੇਗੀ। ਉਨ੍ਹਾਂ ਇਹ ਵੀ ਦੁਹਰਾਇਆ ਕਿ ਅਕਾਲੀ ਦਲ ਦੀ ਸਿਆਸਤ ਦਾ ਕੇਂਦਰ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਦੀ ਰੱਖਿਆ ਰਿਹਾ ਹੈ।

