ਚੰਡੀਗੜ੍ਹ :- ਪੰਜਾਬ ਸਰਕਾਰ ਵੱਲੋਂ ਹਾਲੀਆ ਗੜ੍ਹੇਮਾਰੀ ਅਤੇ ਬੇਮੌਸਮੀ ਮੀਂਹ ਕਾਰਨ ਪ੍ਰਭਾਵਿਤ ਹੋਏ ਕਿਸਾਨਾਂ ਲਈ ਵੱਡਾ ਰਾਹਤ ਪੈਕੇਜ ਐਲਾਨਿਆ ਗਿਆ ਹੈ। ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਸੂਬੇ ਦੇ ਸੱਤ ਜ਼ਿਲ੍ਹਿਆਂ ਵਿੱਚ ਨੁਕਸਾਨ ਝੱਲ ਰਹੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ, ਜਿਸ ਲਈ 123.28 ਕਰੋੜ ਰੁਪਏ ਦੀ ਰਕਮ ਮਨਜ਼ੂਰ ਕੀਤੀ ਗਈ ਹੈ।
111 ਪਿੰਡਾਂ ਦੀ ਲਗਭਗ 92 ਹਜ਼ਾਰ ਏਕੜ ਜ਼ਮੀਨ ਪ੍ਰਭਾਵਿਤ
ਮਿਲੀ ਜਾਣਕਾਰੀ ਮੁਤਾਬਕ 111 ਪਿੰਡਾਂ ਵਿੱਚ ਕਰੀਬ 92,695 ਏਕੜ ਰਕਬੇ ‘ਤੇ ਖੇਤੀਬਾੜੀ ਨੂੰ ਨੁਕਸਾਨ ਪਹੁੰਚਿਆ ਹੈ। ਇਸ ਦੇ ਮੱਦੇਨਜ਼ਰ ਵੱਖ-ਵੱਖ ਜ਼ਿਲ੍ਹਿਆਂ ਲਈ ਰਾਹਤ ਰਕਮ ਨਿਰਧਾਰਤ ਕੀਤੀ ਗਈ ਹੈ।
ਫਾਜ਼ਿਲਕਾ ਤੇ ਮੁਕਤਸਰ ਸਾਹਿਬ ਨੂੰ ਵੱਡਾ ਹਿੱਸਾ
ਰਾਹਤ ਪੈਕੇਜ ਤਹਿਤ ਫਾਜ਼ਿਲਕਾ ਜ਼ਿਲ੍ਹੇ ਲਈ ਸਭ ਤੋਂ ਵੱਧ 44.24 ਕਰੋੜ ਰੁਪਏ ਅਤੇ ਸ੍ਰੀ ਮੁਕਤਸਰ ਸਾਹਿਬ ਲਈ 43.01 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਇਸ ਤੋਂ ਇਲਾਵਾ ਬਠਿੰਡਾ ਨੂੰ 22.83 ਕਰੋੜ, ਮੋਗਾ ਨੂੰ 7.73 ਕਰੋੜ ਅਤੇ ਅੰਮ੍ਰਿਤਸਰ ਨੂੰ 5.26 ਕਰੋੜ ਰੁਪਏ ਦੀ ਰਾਹਤ ਦਿੱਤੀ ਜਾਵੇਗੀ, ਜਦਕਿ ਫਿਰੋਜ਼ਪੁਰ ਅਤੇ ਰੂਪਨਗਰ ਲਈ ਵੀ ਰਕਮ ਨਿਰਧਾਰਤ ਕੀਤੀ ਗਈ ਹੈ।
ਡਿਪਟੀ ਕਮਿਸ਼ਨਰਾਂ ਨੂੰ ਤੁਰੰਤ ਭੁਗਤਾਨ ਦੇ ਨਿਰਦੇਸ਼
ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਮੁਆਵਜ਼ੇ ਦੀ ਰਕਮ ਜਲਦੀ ਤੋਂ ਜਲਦੀ ਪ੍ਰਭਾਵਿਤ ਕਿਸਾਨਾਂ ਤੱਕ ਪਹੁੰਚਾਈ ਜਾ ਸਕੇ ਅਤੇ ਉਨ੍ਹਾਂ ਨੂੰ ਆਰਥਿਕ ਰਾਹਤ ਮਿਲ ਸਕੇ।

