ਲੁਧਿਆਣਾ :- ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਬੁੱਧਵਾਰ ਸਵੇਰੇ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਇੱਕ ਵੱਖਰੇ ਅੰਦਾਜ਼ ਵਿੱਚ ਨਜ਼ਰ ਆਏ। ਰਸਮੀ ਦੌਰੇ ਦੀ ਬਜਾਏ ਉਨ੍ਹਾਂ ਨੇ ਖੁਦ ਸਫਾਈ ਮੁਹਿੰਮ ਵਿੱਚ ਹਿੱਸਾ ਲੈਂਦਿਆਂ ਰੇਲਵੇ ਪਟੜੀਆਂ ‘ਤੇ ਪਿਆ ਕੂੜਾ ਆਪਣੇ ਹੱਥਾਂ ਨਾਲ ਇਕੱਠਾ ਕੀਤਾ। ਦਸਤਾਨੇ ਪਾ ਕੇ ਉਨ੍ਹਾਂ ਨੇ ਪਟੜੀਆਂ ਦੇ ਵਿਚਕਾਰ ਪਿਆ ਕਚਰਾ ਚੁੱਕਿਆ ਅਤੇ ਉਸ ਨੂੰ ਥੈਲਿਆਂ ਵਿੱਚ ਇਕੱਠਾ ਕੀਤਾ।
ਬੋਤਲਾਂ ਤੋਂ ਲੈ ਕੇ ਡਾਇਪਰ ਤੱਕ ਚੁੱਕਿਆ ਕੂੜਾ
ਸਫਾਈ ਦੌਰਾਨ ਬਿੱਟੂ ਨੇ ਪਾਣੀ ਦੀਆਂ ਖਾਲੀ ਬੋਤਲਾਂ, ਚਿਪਸ ਦੇ ਰੈਪਰ, ਗੁਟਖੇ ਦੇ ਪਾਊਚ, ਅੰਬ ਦੇ ਛਿਲਕੇ ਅਤੇ ਵਰਤੇ ਹੋਏ ਬੇਬੀ ਡਾਇਪਰ ਸਮੇਤ ਹੋਰ ਕੂੜਾ ਪਟੜੀਆਂ ਤੋਂ ਹਟਾਇਆ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਜਨਤਕ ਥਾਵਾਂ ‘ਤੇ ਸਫਾਈ ਬਣਾਈ ਰੱਖਣ ਅਤੇ ਕੂੜਾ ਇੱਧਰ-ਉੱਧਰ ਨਾ ਸੁੱਟਣ ਦੀ ਅਪੀਲ ਵੀ ਕੀਤੀ।
‘ਇਹ ਦਿਖਾਵੇ ਲਈ ਨਹੀਂ, ਜਾਗਰੂਕਤਾ ਲਈ ਹੈ’
ਸਫਾਈ ਮੁਹਿੰਮ ਦੌਰਾਨ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਹ ਕੋਈ ਪ੍ਰਚਾਰ ਮੁਹਿੰਮ ਨਹੀਂ, ਸਗੋਂ ਲੋਕਾਂ ਵਿੱਚ ਸਫਾਈ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਦਾ ਯਤਨ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੰਮ ਮਸ਼ੀਨਾਂ ਜਾਂ ਸਫਾਈ ਕਰਮਚਾਰੀਆਂ ਰਾਹੀਂ ਵੀ ਕਰਵਾਏ ਜਾ ਸਕਦੇ ਹਨ, ਪਰ ਜਦੋਂ ਜਨਤਕ ਨੁਮਾਇੰਦੇ ਖੁਦ ਮੈਦਾਨ ਵਿੱਚ ਉਤਰਦੇ ਹਨ ਤਾਂ ਲੋਕਾਂ ਤੱਕ ਇੱਕ ਮਜ਼ਬੂਤ ਸੰਦੇਸ਼ ਪਹੁੰਚਦਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਾਸੀਆਂ ਨੂੰ ਦਿੱਤੇ ਸਫਾਈ ਦੇ ਸੰਦੇਸ਼ ਦਾ ਵੀ ਜ਼ਿਕਰ ਕੀਤਾ।
ਕੂੜੇ ਕਾਰਨ ਵਧ ਰਹੀਆਂ ਸਮੱਸਿਆਵਾਂ ‘ਤੇ ਜਤਾਈ ਚਿੰਤਾ
ਕੇਂਦਰੀ ਮੰਤਰੀ ਨੇ ਕਿਹਾ ਕਿ ਰੇਲਵੇ ਪਟੜੀਆਂ ‘ਤੇ ਪਲਾਸਟਿਕ ਅਤੇ ਹੋਰ ਗੰਦਗੀ ਸੁੱਟਣ ਦੀ ਆਦਤ ਗੰਭੀਰ ਸਮੱਸਿਆ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਕੂੜਾ ਨਾਲੀਆਂ ਅਤੇ ਸੀਵਰੇਜ ਪ੍ਰਣਾਲੀ ਨੂੰ ਜਾਮ ਕਰ ਦਿੰਦਾ ਹੈ, ਜਿਸ ਨਾਲ ਗੰਦਗੀ ਫੈਲਦੀ ਹੈ ਅਤੇ ਕਈ ਬਿਮਾਰੀਆਂ ਦੇ ਫੈਲਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਫ਼-ਸੁਥਰੇ ਵਾਤਾਵਰਨ ਲਈ ਹਰ ਨਾਗਰਿਕ ਆਪਣੀ ਜ਼ਿੰਮੇਵਾਰੀ ਨਿਭਾਏ।

