ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਬਣੀ ਫਿਲਮ ਦੇ ਹੱਕ ਵਿੱਚ ਨਿੱਤਰੇ ਗਾਇਕ
ਚੰਡੀਗੜ੍ਹ :- ਪੰਜਾਬੀ ਗਾਇਕ ਜਸਬੀਰ ਜੱਸੀ ਨੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਫਿਲਮ ‘ਸਤਲੁਜ’ ਨੂੰ ਭਾਰਤ ਵਿੱਚ OTT ਪਲੇਟਫਾਰਮਾਂ ਤੋਂ ਹਟਾਏ ਜਾਣ ਦੇ ਮਾਮਲੇ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਫਿਲਮ ਦੇ ਹੱਕ ਵਿੱਚ ਬੋਲਦਿਆਂ ਕਿਹਾ ਕਿ ਅਜਿਹੇ ਵਿਸ਼ੇ ‘ਤੇ ਬਣੀ ਫਿਲਮ ਨੂੰ ਰੋਕਣਾ ਬਹੁਤ ਹੀ ਦੁੱਖਦਾਈ ਗੱਲ ਹੈ।
‘ਅਜਿਹੀਆਂ ਕਹਾਣੀਆਂ ਲੋਕਾਂ ਤੱਕ ਪਹੁੰਚਣੀਆਂ ਚਾਹੀਦੀਆਂ ਹਨ’
ਜਸਬੀਰ ਜੱਸੀ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਇਹ ਲੱਗਦਾ ਸੀ ਕਿ ਪੰਜਾਬ ਦੇ ਕੁਝ ਸੰਵੇਦਨਸ਼ੀਲ ਵਿਸ਼ਿਆਂ ‘ਤੇ ਫਿਲਮਾਂ ਬਣਾਉਣਾ ਆਸਾਨ ਨਹੀਂ, ਪਰ ਜੇਕਰ ਹੁਣ ਅਜਿਹੀਆਂ ਸ਼ਖ਼ਸੀਅਤਾਂ ਦਾ ਜ਼ਿਕਰ ਕਰਨ ‘ਤੇ ਵੀ ਪਾਬੰਦੀ ਲੱਗਣ ਲੱਗੇ ਤਾਂ ਇਹ ਹੋਰ ਵੀ ਚਿੰਤਾਜਨਕ ਗੱਲ ਹੈ। ਉਨ੍ਹਾਂ ਕਿਹਾ ਕਿ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਉਨ੍ਹਾਂ ਦੇ ਸੰਘਰਸ਼ ਨੂੰ ਲੋਕਾਂ ਸਾਹਮਣੇ ਲਿਆਉਣ ਵਾਲੀ ਫਿਲਮ ਨੂੰ ਰੋਕਣਾ ਮੰਦਭਾਗਾ ਫ਼ੈਸਲਾ ਹੈ।
‘ਖਾਲੜਾ ਸਾਹਿਬ ਮਨੁੱਖਤਾ ਲਈ ਸਮਰਪਿਤ ਸ਼ਖ਼ਸੀਅਤ ਸਨ’
ਗਾਇਕ ਨੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਨੇ ਆਪਣੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਕੰਮ ਕੀਤਾ। ਉਨ੍ਹਾਂ ਦੇ ਸ਼ਬਦਾਂ ਵਿੱਚ, ਜੋ ਵਿਅਕਤੀ ਆਪਣੀ ਜਾਨ ਅਤੇ ਪਰਿਵਾਰ ਦੀ ਪਰਵਾਹ ਕੀਤੇ ਬਿਨਾਂ ਮਨੁੱਖਤਾ ਲਈ ਖੜ੍ਹਾ ਹੁੰਦਾ ਹੈ, ਉਹ ਅਸਲ ਮਾਇਨੇ ਵਿੱਚ ਹੀਰੋ ਹੁੰਦਾ ਹੈ। ਉਨ੍ਹਾਂ ਕਿਹਾ ਕਿ ਖਾਲੜਾ ਸਾਹਿਬ ਦਾ ਜੀਵਨ ਵੀ ਅਜਿਹੀ ਹੀ ਸੋਚ ਦੀ ਮਿਸਾਲ ਹੈ।
ਪਾਬੰਦੀ ਦੇ ਕਾਰਨਾਂ ਬਾਰੇ ਜਾਣਕਾਰੀ ਨਾ ਹੋਣ ਦੀ ਗੱਲ ਵੀ ਆਖੀ
ਜਸਬੀਰ ਜੱਸੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਨਹੀਂ ਕਿ ਫਿਲਮ ਨੂੰ OTT ਪਲੇਟਫਾਰਮਾਂ ਤੋਂ ਹਟਾਉਣ ਦੇ ਪਿੱਛੇ ਕੀ ਕਾਰਨ ਹਨ। ਹਾਲਾਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਸਮਾਜ ਨੂੰ ਅਜਿਹੇ ਵਿਅਕਤੀਆਂ ਦੇ ਜੀਵਨ ਅਤੇ ਉਨ੍ਹਾਂ ਦੇ ਯੋਗਦਾਨ ਬਾਰੇ ਜਾਣਨ ਦਾ ਮੌਕਾ ਮਿਲਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਦੀਆਂ ਫਿਲਮਾਂ ਲੋਕਾਂ ਤੱਕ ਪਹੁੰਚਣੀਆਂ ਚਾਹੀਦੀਆਂ ਹਨ।

