ਅੰਮ੍ਰਿਤਸਰ :- ਪੰਜਾਬ ਭਰ ਵਿੱਚ ਬੁੱਧਵਾਰ ਨੂੰ ਮੈਡੀਕਲ ਸਟੋਰਾਂ ਅਤੇ ਦਵਾਈਆਂ ਦੀਆਂ ਦੁਕਾਨਾਂ ਦੇ ਬੰਦ ਰਹਿਣ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਜ਼ਰੂਰੀ ਦਵਾਈਆਂ ਲਈ ਲੋਕ ਇੱਕ ਮੈਡੀਕਲ ਸਟੋਰ ਤੋਂ ਦੂਜੇ ਤੱਕ ਭਟਕਦੇ ਰਹੇ, ਪਰ ਜ਼ਿਆਦਾਤਰ ਦੁਕਾਨਾਂ ਦੇ ਸ਼ਟਰ ਡਾਊਨ ਹੋਣ ਕਾਰਨ ਉਨ੍ਹਾਂ ਨੂੰ ਨਿਰਾਸ਼ਾ ਹੀ ਹੱਥ ਲੱਗੀ। ਕਈ ਇਲਾਕਿਆਂ ਵਿੱਚ ਲੋਕ ਬੰਦ ਮੈਡੀਕਲ ਸਟੋਰਾਂ ਦੇ ਬਾਹਰ ਖੜ੍ਹੇ ਦਿਖਾਈ ਦਿੱਤੇ, ਪਰ ਦਵਾਈਆਂ ਨਾ ਮਿਲਣ ਕਰਕੇ ਉਨ੍ਹਾਂ ਨੂੰ ਵਾਪਸ ਪਰਤਣਾ ਪਿਆ।
ਅੰਮ੍ਰਿਤਸਰ ਦੀ ਸਭ ਤੋਂ ਵੱਡੀ ਦਵਾਈ ਮਾਰਕੀਟ ‘ਚ ਛਾਇਆ ਸਨਾਟਾ
ਅੰਮ੍ਰਿਤਸਰ ਵਿੱਚ ਵੀ ਇਸ ਬੰਦ ਦਾ ਵੱਡਾ ਪ੍ਰਭਾਵ ਵੇਖਣ ਨੂੰ ਮਿਲਿਆ। ਕਟੜਾ ਸ਼ੇਰ ਸਿੰਘ ਇਲਾਕੇ ਵਿੱਚ ਸਥਿਤ ਦਵਾਈਆਂ ਦੀ ਪ੍ਰਮੁੱਖ ਹੋਲਸੇਲ ਮਾਰਕੀਟ ਪੂਰੀ ਤਰ੍ਹਾਂ ਸੁੰਨੀ ਨਜ਼ਰ ਆਈ। ਅੰਮ੍ਰਿਤਸਰ ਕੇਮਿਸਟ ਐਸੋਸੀਏਸ਼ਨ ਵੱਲੋਂ ਪਹਿਲਾਂ ਹੀ ਬੰਦ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਚਲਦਿਆਂ ਸ਼ਹਿਰ ਦੀਆਂ ਲਗਭਗ ਸਾਰੀਆਂ ਮੈਡੀਕਲ ਦੁਕਾਨਾਂ ਬੰਦ ਰਹੀਆਂ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਹ ਹੜਤਾਲ ਰਾਤ 12 ਵਜੇ ਤੱਕ ਜਾਰੀ ਰਹੇਗੀ।
ਆਨਲਾਈਨ ਫਾਰਮੇਸੀ ਕਾਰਨ ਛੋਟੇ ਕਾਰੋਬਾਰ ਪ੍ਰਭਾਵਿਤ : ਕੇਮਿਸਟ ਐਸੋਸੀਏਸ਼ਨ
ਮੀਡੀਆ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਸਰ ਕੇਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਨਜੀਤ ਸਿੰਘ ਨੇ ਕਿਹਾ ਕਿ ਇਹ ਪ੍ਰਦਰਸ਼ਨ ਪੰਜਾਬ ਕੇਮਿਸਟ ਐਸੋਸੀਏਸ਼ਨ ਅਤੇ ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੇਮਿਸਟ ਐਂਡ ਡਰੱਗਿਸਟਸ ਦੇ ਸੱਦੇ ’ਤੇ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਆਨਲਾਈਨ ਫਾਰਮੇਸੀ ਕੰਪਨੀਆਂ ਵੱਡੀਆਂ ਛੂਟਾਂ ਦੇ ਕੇ ਦਵਾਈਆਂ ਵੇਚ ਰਹੀਆਂ ਹਨ, ਜਿਸ ਨਾਲ ਛੋਟੇ ਮੈਡੀਕਲ ਸਟੋਰ ਮਾਲਕਾਂ ਦਾ ਕਾਰੋਬਾਰ ਗੰਭੀਰ ਤੌਰ ’ਤੇ ਪ੍ਰਭਾਵਿਤ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਈ ਆਨਲਾਈਨ ਪਲੇਟਫਾਰਮਾਂ ’ਤੇ ਬਿਨਾਂ ਸਖ਼ਤ ਜਾਂਚ ਤੋਂ ਦਵਾਈਆਂ ਵੇਚੀਆਂ ਜਾ ਰਹੀਆਂ ਹਨ, ਜਿਸ ਨਾਲ ਨਕਲੀ ਦਵਾਈਆਂ ਦੇ ਬਾਜ਼ਾਰ ਵਿੱਚ ਆਉਣ ਦਾ ਖ਼ਤਰਾ ਵੀ ਵੱਧ ਗਿਆ ਹੈ। ਇਸ ਤੋਂ ਇਲਾਵਾ ਨੈਸ਼ਨਲ ਡਰੱਗ ਲਾਇਸੈਂਸ ਪੋਰਟਲ ਵਿੱਚ ਮੌਜੂਦ ਤਕਨੀਕੀ ਖਾਮੀਆਂ ਕਾਰਨ ਵੀ ਕੇਮਿਸਟਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
‘ਏਆਈ’ ਰਾਹੀਂ ਜਾਲੀ ਪ੍ਰਿਸਕ੍ਰਿਪਸ਼ਨ ਬਣਾਉਣ ਦੇ ਲਗੇ ਦੋਸ਼
ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਅਮਰਦੀਪ ਸਿੰਘ ਨੇ ਦਾਅਵਾ ਕੀਤਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਜਾਲੀ ਪ੍ਰਿਸਕ੍ਰਿਪਸ਼ਨ ਤਿਆਰ ਕਰਕੇ ਆਨਲਾਈਨ ਦਵਾਈਆਂ ਦੀ ਵਿਕਰੀ ਕੀਤੀ ਜਾ ਰਹੀ ਹੈ, ਜੋ ਲੋਕਾਂ ਦੀ ਸਿਹਤ ਲਈ ਵੱਡਾ ਖ਼ਤਰਾ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਨਕਲੀ ਅਤੇ ਬਿਨਾਂ ਜਾਂਚ ਵਾਲੀਆਂ ਦਵਾਈਆਂ ਦੀ ਸਪਲਾਈ ਰੋਕਣ ਲਈ ਸਰਕਾਰ ਨੂੰ ਤੁਰੰਤ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।
ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਵੇਗਾ ਹੋਰ ਤੇਜ਼
ਕੇਮਿਸਟ ਐਸੋਸੀਏਸ਼ਨ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਜਲਦੀ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਵੱਡੇ ਪੱਧਰ ’ਤੇ ਲਿਜਾਇਆ ਜਾਵੇਗਾ। ਅਗਲੇ ਮਹੀਨੇ ਆਲ ਇੰਡੀਆ ਪੱਧਰ ’ਤੇ ਮੀਟਿੰਗ ਕਰਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਇਸ ਵੇਲੇ ਪੰਜਾਬ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਮੈਡੀਕਲ ਸਟੋਰਾਂ ਦੇ ਬੰਦ ਰਹਿਣ ਨਾਲ ਆਮ ਲੋਕਾਂ ਅਤੇ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀਆਂ ਝੇਲਣੀਆਂ ਪਈਆਂ।

