ਚੰਡੀਗੜ੍ਹ :- ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਨਵੀਂ ਕਪਤਾਨ ਮਿਲ ਗਈ ਹੈ। ਬੀਸੀਸੀਆਈ ਨੇ ਸਮ੍ਰਿਤੀ ਮੰਧਾਨਾ ਨੂੰ ਟੀਮ ਦੀ ਨਵੀਂ ਕਪਤਾਨ ਨਿਯੁਕਤ ਕੀਤਾ ਹੈ। ਹਰਮਨਪ੍ਰੀਤ ਕੌਰ ਵੱਲੋਂ ਕਪਤਾਨੀ ਛੱਡਣ ਦੇ ਫੈਸਲੇ ਤੋਂ ਬਾਅਦ ਮੰਧਾਨਾ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ।
ਮੰਧਾਨਾ ਕੋਲ ਕਪਤਾਨੀ ਦਾ ਤਜਰਬਾ
ਮੰਧਾਨਾ 2013 ਤੋਂ ਭਾਰਤੀ ਟੀਮ ਦਾ ਹਿੱਸਾ ਰਹੀ ਹੈ। ਉਹ ਪਹਿਲਾਂ ਵੀ ਭਾਰਤ ਦੀ ਕਪਤਾਨੀ ਕਰ ਚੁੱਕੀ ਹੈ ਅਤੇ 18 ਟੀ-20 ਕੌਮਾਂਤਰੀ ਤੇ 4 ਵਨਡੇ ਮੈਚਾਂ ਵਿੱਚ ਟੀਮ ਦੀ ਅਗਵਾਈ ਕੀਤੀ ਹੈ। ਇਸ ਤੋਂ ਇਲਾਵਾ ਉਹ ਮਹਿਲਾ ਪ੍ਰੀਮੀਅਰ ਲੀਗ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਕਪਤਾਨ ਰਹੀ ਹੈ ਅਤੇ ਟੀਮ ਨੂੰ 2024 ਤੇ 2026 ਵਿੱਚ ਖਿਤਾਬ ਦਿਵਾ ਚੁੱਕੀ ਹੈ।
ਹਰਮਨਪ੍ਰੀਤ ਕੌਰ ਖੇਡਦੀ ਰਹੇਗੀ
ਹਰਮਨਪ੍ਰੀਤ ਕੌਰ ਨੇ ਕਪਤਾਨੀ ਦੀ ਜ਼ਿੰਮੇਵਾਰੀ ਛੱਡ ਦਿੱਤੀ ਹੈ, ਪਰ ਉਹ ਭਾਰਤੀ ਟੀਮ ਲਈ ਖੇਡਣਾ ਜਾਰੀ ਰੱਖੇਗੀ। ਉਸ ਨੇ ਆਪਣੇ ਕਾਰਜਕਾਲ ਦੌਰਾਨ ਟੀਮ ਦੀ ਅਗਵਾਈ ਕਰਦਿਆਂ ਕਈ ਅਹਿਮ ਉਪਲਬਧੀਆਂ ਹਾਸਲ ਕੀਤੀਆਂ। ਬੀਸੀਸੀਆਈ ਨੇ ਵੀ ਉਸ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਹੈ।
ਜ਼ਿੰਬਾਬਵੇ ਖ਼ਿਲਾਫ਼ ਹੋਵੇਗੀ ਪਹਿਲੀ ਲੜੀ
ਮੰਧਾਨਾ ਦੀ ਕਪਤਾਨੀ ਵਿੱਚ ਭਾਰਤੀ ਟੀਮ ਦੀ ਅਗਲੀ ਵੱਡੀ ਚੁਣੌਤੀ ਜ਼ਿੰਬਾਬਵੇ ਖ਼ਿਲਾਫ਼ ਲੜੀ ਹੋਵੇਗੀ। ਦੋਵੇਂ ਟੀਮਾਂ ਵਿਚਾਲੇ 16 ਅਕਤੂਬਰ ਤੋਂ 3 ਟੀ-20 ਅਤੇ ਇਸ ਤੋਂ ਬਾਅਦ 3 ਵਨਡੇ ਮੈਚ ਖੇਡੇ ਜਾਣਗੇ।

