ਚੰਡੀਗੜ੍ਹ :- ਪੰਜਾਬ ਅਤੇ ਚੰਡੀਗੜ੍ਹ ਵਿੱਚ ਗਰਮੀ ਨੇ ਅਪ੍ਰੈਲ ਮਹੀਨੇ ਵਿੱਚ ਹੀ ਆਪਣਾ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਕਈ ਥਾਵਾਂ ’ਤੇ ਤਾਪਮਾਨ 40 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਗਿਆ ਹੈ। ਇਸ ਦਰਮਿਆਨ ਪੱਛਮੀ ਗੜਬੜੀ ਪਹਾੜੀ ਖੇਤਰਾਂ ਵਿੱਚ ਦਾਖ਼ਲ ਹੋਣ ਨਾਲ ਮੌਸਮ ਵਿੱਚ ਤਬਦੀਲੀ ਆਈ ਹੈ। ਮੌਸਮ ਵਿਭਾਗ ਵੱਲੋਂ 17 ਅਪ੍ਰੈਲ ਲਈ ਪੀਲਾ ਅਲਰਟ ਜਾਰੀ ਕਰਦਿਆਂ ਗਰਜ-ਚਮਕ, ਤੇਜ਼ ਹਵਾਵਾਂ ਅਤੇ ਬਿਜਲੀ ਡਿੱਗਣ ਦੀ ਚੇਤਾਵਨੀ ਦਿੱਤੀ ਗਈ ਹੈ, ਜਿਸ ਨਾਲ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਸੱਤ ਜ਼ਿਲ੍ਹਿਆਂ ਵਿੱਚ ਬਦਲਾਅ ਭਰਾ ਮੌਸਮ
ਵਿਭਾਗ ਦੇ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ ਵਿੱਚ ਅੱਜ ਮੌਸਮ ਅਚਾਨਕ ਕਰਵਟ ਲੈ ਸਕਦਾ ਹੈ। ਇਨ੍ਹਾਂ ਇਲਾਕਿਆਂ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਵੱਗਣ ਦੀ ਸੰਭਾਵਨਾ ਹੈ, ਜਦਕਿ ਗਰਜ ਨਾਲ ਬਿਜਲੀ ਕੜਕਣ ਅਤੇ ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਵੀ ਹੋ ਸਕਦੀ ਹੈ। ਖਾਸ ਕਰਕੇ ਦਿਹਾਤੀ ਖੇਤਰਾਂ ਵਿੱਚ ਇਸ ਮੌਸਮੀ ਬਦਲਾਅ ਦਾ ਅਸਰ ਵੱਧ ਦੇਖਣ ਨੂੰ ਮਿਲ ਸਕਦਾ ਹੈ।
ਅਗਲੇ ਦਿਨਾਂ ਦਾ ਮੌਸਮੀ ਹਾਲ
ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ 18 ਅਪ੍ਰੈਲ ਨੂੰ ਆਮ ਤੌਰ ’ਤੇ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ, ਪਰ 19 ਅਪ੍ਰੈਲ ਨੂੰ ਦੁਬਾਰਾ ਮੀਂਹ ਦੀ ਗਤੀਵਿਧੀ ਵਧ ਸਕਦੀ ਹੈ। ਇਸ ਤਰ੍ਹਾਂ ਅਗਲੇ ਕੁਝ ਦਿਨਾਂ ਦੌਰਾਨ ਮੌਸਮ ਵਿੱਚ ਉਤਾਰ-ਚੜ੍ਹਾਅ ਜਾਰੀ ਰਹੇਗਾ।
ਤਾਪਮਾਨ ਵਿੱਚ ਹੋਰ ਵਾਧੇ ਦੇ ਸੰਕੇਤ
ਹਲਕੀ ਬਾਰਿਸ਼ ਦੇ ਬਾਵਜੂਦ ਗਰਮੀ ਵਿੱਚ ਕਮੀ ਆਉਣ ਦੀ ਸੰਭਾਵਨਾ ਘੱਟ ਦਿਖਾਈ ਦੇ ਰਹੀ ਹੈ। ਵਿਭਾਗ ਦੇ ਅਨੁਸਾਰ ਅਗਲੇ ਦੋ ਤੋਂ ਤਿੰਨ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 2 ਤੋਂ 3 ਡਿਗਰੀ ਸੈਲਸੀਅਸ ਤੱਕ ਹੋਰ ਵਾਧਾ ਹੋ ਸਕਦਾ ਹੈ। ਇਸ ਤੋਂ ਬਾਅਦ ਮੌਸਮ ਵਿੱਚ ਕਿਸੇ ਵੱਡੇ ਬਦਲਾਅ ਦੀ ਉਮੀਦ ਨਹੀਂ ਜਤਾਈ ਗਈ।

