ਚੰਡੀਗੜ੍ਹ :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਨਾਂਦੇੜ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਹਮਲੇ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਹੈ। ਹਰਸਿਮਰਤ ਕੌਰ ਬਾਦਲ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਮੁਸ਼ਕਲ ਸਮੇਂ ਵਿੱਚ ਦੋਵਾਂ ਆਗੂਆਂ ਵੱਲੋਂ ਕੀਤੀ ਨਿੱਜੀ ਚਿੰਤਾ ਅਤੇ ਹੌਸਲਾ-ਅਫ਼ਜ਼ਾਈ ਪਰਿਵਾਰ ਲਈ ਮਹੱਤਵਪੂਰਨ ਹੈ।
ਪ੍ਰਧਾਨ ਮੰਤਰੀ ਮੋਦੀ ਦਾ ਨਿੱਜੀ ਤੌਰ ’ਤੇ ਫੋਨ ਕਰਨ ’ਤੇ ਧੰਨਵਾਦ
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਫੋਨ ਕਰਕੇ ਸੁਖਬੀਰ ਸਿੰਘ ਬਾਦਲ ਦੀ ਸਿਹਤ ਬਾਰੇ ਜਾਣਕਾਰੀ ਲਈ ਅਤੇ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ। ਉਨ੍ਹਾਂ ਪ੍ਰਧਾਨ ਮੰਤਰੀ ਵੱਲੋਂ ਘਟਨਾ ਦਾ ਤੁਰੰਤ ਨੋਟਿਸ ਲੈਣ ਅਤੇ ਕੇਂਦਰੀ ਜਾਂਚ ਏਜੰਸੀਆਂ ਨੂੰ ਮਹਾਰਾਸ਼ਟਰ ਪੁਲਿਸ ਨਾਲ ਤਾਲਮੇਲ ਕਰਕੇ ਜਾਂਚ ਵਿੱਚ ਸਹਿਯੋਗ ਕਰਨ ਦੇ ਨਿਰਦੇਸ਼ ਦੇਣ ਲਈ ਵੀ ਧੰਨਵਾਦ ਕੀਤਾ।
ਅਮਿਤ ਸ਼ਾਹ ਦੀ ਚਿੰਤਾ ਲਈ ਵੀ ਜਤਾਈ ਸ਼ੁਕਰਗੁਜ਼ਾਰੀ
ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਅਮਿਤ ਸ਼ਾਹ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਸੁਖਬੀਰ ਬਾਦਲ ਦੀ ਸਿਹਤ ਬਾਰੇ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਇਸ ਔਖੇ ਸਮੇਂ ਵਿੱਚ ਗ੍ਰਹਿ ਮੰਤਰੀ ਵੱਲੋਂ ਦਿੱਤਾ ਭਰੋਸਾ ਅਤੇ ਜਾਂਚ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਉਣ ਦੀ ਵਚਨਬੱਧਤਾ ਸ਼ਲਾਘਾਯੋਗ ਹੈ।
ਗੁਰਦੁਆਰਾ ਸਾਹਿਬ ਵਿਖੇ ਕ੍ਰਿਪਾਨ ਨਾਲ ਕੀਤਾ ਗਿਆ ਸੀ ਹਮਲਾ
ਸੁਖਬੀਰ ਸਿੰਘ ਬਾਦਲ ’ਤੇ ਵੀਰਵਾਰ ਨੂੰ ਮਹਾਰਾਸ਼ਟਰ ਦੇ ਨਾਂਦੇੜ ਸਥਿਤ ਮਾਤਾ ਸਾਹਿਬ ਕੌਰ ਗੁਰਦੁਆਰਾ ਸਾਹਿਬ ਵਿਖੇ ਹਮਲਾ ਕੀਤਾ ਗਿਆ ਸੀ। ਉਹ ਪਰਿਵਾਰ ਸਮੇਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਗੁਰਦੁਆਰਾ ਸਾਹਿਬ ਪਹੁੰਚੇ ਸਨ। ਇਸ ਦੌਰਾਨ ਨਿਹੰਗ ਬਾਣੇ ਵਿੱਚ ਮੌਜੂਦ ਇੱਕ ਵਿਅਕਤੀ ਨੇ ਕ੍ਰਿਪਾਨ ਨਾਲ ਉਨ੍ਹਾਂ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।
ਹਮਲਾਵਰ ਮੌਕੇ ’ਤੇ ਕਾਬੂ, ਪੁਲਿਸ ਵੱਲੋਂ ਜਾਂਚ ਜਾਰੀ
ਪੁਲਿਸ ਨੇ ਹਮਲਾਵਰ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ। ਸਥਾਨਕ ਅਧਿਕਾਰੀਆਂ ਮੁਤਾਬਕ ਹਮਲਾਵਰ ਦੀ ਪਛਾਣ 62 ਸਾਲਾ ਜਸਪਾਲ ਸਿੰਘ ਵਜੋਂ ਹੋਈ ਹੈ। ਪੁਲਿਸ ਵੱਲੋਂ ਹਮਲੇ ਦੇ ਕਾਰਨ ਅਤੇ ਇਸ ਦੇ ਪਿੱਛੇ ਮੌਜੂਦ ਮਕਸਦ ਦੀ ਜਾਂਚ ਕੀਤੀ ਜਾ ਰਹੀ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵੀ ਮਾਮਲੇ ਦੀ ਪੂਰੀ ਜਾਂਚ ਦੇ ਹੁਕਮ ਦਿੱਤੇ ਹਨ।
ਸੁਰੱਖਿਆ ਕਰਮਚਾਰੀਆਂ ਦੀ ਦਖ਼ਲਅੰਦਾਜ਼ੀ ਨਾਲ ਵੱਡਾ ਨੁਕਸਾਨ ਟਲਿਆ
ਸੂਤਰਾਂ ਅਨੁਸਾਰ ਹਮਲਾਵਰ ਨੇ ਸੁਖਬੀਰ ਬਾਦਲ ਦੇ ਪੇਟ ਵੱਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਦਖ਼ਲ ਦੇ ਕੇ ਉਸ ਨੂੰ ਰੋਕ ਲਿਆ। ਇਸ ਦੌਰਾਨ ਵਿਸ਼ੇਸ਼ ਸੁਰੱਖਿਆ ਡਿਊਟੀ ’ਤੇ ਤਾਇਨਾਤ ਇੰਸਪੈਕਟਰ ਸੰਤੋਸ਼ ਕੇਂਦਰੇ ਵੀ ਜ਼ਖ਼ਮੀ ਹੋਏ। ਸੁਖਬੀਰ ਬਾਦਲ ਦੇ ਹੱਥ ਅਤੇ ਮੋਢੇ ’ਤੇ ਮਾਮੂਲੀ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਯਸ਼ੋਸਾਈ ਹਸਪਤਾਲ ਲਿਜਾਇਆ ਗਿਆ।
ਇਸ ਤੋਂ ਪਹਿਲਾਂ ਵੀ ਹੋ ਚੁੱਕਾ ਹੈ ਹਮਲੇ ਦਾ ਯਤਨ
ਸੁਖਬੀਰ ਸਿੰਘ ਬਾਦਲ ’ਤੇ ਇਸ ਤੋਂ ਪਹਿਲਾਂ ਦਸੰਬਰ 2024 ਵਿੱਚ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਵੀ ਜਾਨਲੇਵਾ ਹਮਲੇ ਦੀ ਕੋਸ਼ਿਸ਼ ਹੋਈ ਸੀ। ਉਸ ਘਟਨਾ ਵਿੱਚ ਉਹ ਵਾਲ-ਵਾਲ ਬਚ ਗਏ ਸਨ ਅਤੇ ਹਮਲਾਵਰ ਨੂੰ ਮੌਕੇ ’ਤੇ ਕਾਬੂ ਕਰ ਲਿਆ ਗਿਆ ਸੀ। ਉਸ ਸਮੇਂ ਸੁਖਬੀਰ ਬਾਦਲ ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਗਈ ਧਾਰਮਿਕ ਸਜ਼ਾ ਤਹਿਤ ਸੇਵਾਦਾਰ ਵਜੋਂ ਸੇਵਾ ਨਿਭਾਅ ਰਹੇ ਸਨ।

