ਅੰਮ੍ਰਿਤਸਰ :- ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦਾ ਸਰਵਉੱਚ ਧਾਰਮਿਕ ਅਸਥਾਨ ਹੈ, ਜਿਸ ਦੀ ਸਥਾਪਨਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਕਰ-ਕਮਲਾਂ ਨਾਲ ਕੀਤੀ ਸੀ। ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ ਵੱਸਦਾ ਹਰ ਗੁਰੂ ਨਾਨਕ ਨਾਮ ਲੇਵਾ ਸਿੱਖ ਇਸ ਮਹਾਨ ਤਖ਼ਤ ਪ੍ਰਤੀ ਪੂਰੀ ਸ਼ਰਧਾ ਅਤੇ ਸਮਰਪਣ ਰੱਖਦਾ ਹੈ।
ਧਾਰਮਿਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ: ਜਥੇਦਾਰ
ਗਿਆਨੀ ਗੜਗੱਜ ਨੇ ਕਿਹਾ ਕਿ ਸਿੱਖ ਧਰਮ ਨਾਲ ਜੁੜੇ ਅੰਦਰੂਨੀ ਮਾਮਲਿਆਂ ਬਾਰੇ ਫ਼ੈਸਲੇ ਲੈਣ ਦਾ ਅਧਿਕਾਰ ਖਾਲਸਾ ਪੰਥ ਅਤੇ ਪੰਥਕ ਸੰਸਥਾਵਾਂ ਕੋਲ ਹੈ। ਉਨ੍ਹਾਂ ਦੋਸ਼ ਲਾਇਆ ਕਿ 2008 ਦੇ ਕਾਨੂੰਨ ਵਿੱਚ ਕੀਤੀਆਂ ਗਈਆਂ ਸੋਧਾਂ ਦੌਰਾਨ ਸਿੱਖ ਸੰਸਥਾਵਾਂ ਦੀ ਰਾਇ ਅਤੇ ਸਹਿਮਤੀ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਸਤਿਕਾਰ, ਰਹਿਤ-ਮਰਿਆਦਾ ਅਤੇ ਪੰਥਕ ਪਰੰਪਰਾਵਾਂ ਨਾਲ ਜੁੜੇ ਵਿਸ਼ੇ ਸਰਕਾਰ ਦੇ ਨਹੀਂ, ਸਗੋਂ ਪੰਥ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ।
ਸਿੱਖ ਮੰਤਰੀਆਂ ਤੇ ਵਿਧਾਇਕਾਂ ਤੋਂ ਲਿਆ ਜਾਵੇਗਾ ਸਪੱਸ਼ਟੀਕਰਨ
ਜਥੇਦਾਰ ਨੇ ਦੱਸਿਆ ਕਿ ਇਸੇ ਮਾਮਲੇ ਸਬੰਧੀ ਪੰਜਾਬ ਦੇ ਸਿੱਖ ਮੰਤਰੀਆਂ ਅਤੇ ਵਿਧਾਇਕਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੱਦਿਆ ਗਿਆ ਹੈ, ਤਾਂ ਜੋ ਉਹ ਆਪਣਾ ਪੱਖ ਸਪੱਸ਼ਟ ਕਰ ਸਕਣ। ਉਨ੍ਹਾਂ ਕਿਹਾ ਕਿ ਸਾਰੀ ਕਾਰਵਾਈ ਖੁੱਲ੍ਹੇ ਅਤੇ ਗੰਭੀਰ ਮਾਹੌਲ ਵਿੱਚ ਹੋਵੇਗੀ, ਜਿੱਥੇ ਹਰ ਸੰਬੰਧਤ ਵਿਅਕਤੀ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਮੌਕਾ ਦਿੱਤਾ ਜਾਵੇਗਾ।
ਪੰਥਕ ਏਕਤਾ ਅਤੇ ਗੁਰੂ ਦੇ ਸਿਧਾਂਤਾਂ ‘ਤੇ ਚੱਲਣ ਦੀ ਕੀਤੀ ਅਪੀਲ
ਸਮੂਹ ਸੰਗਤ ਨੂੰ ਸੰਦੇਸ਼ ਦਿੰਦਿਆਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਹਰ ਸਿੱਖ ਦਾ ਫ਼ਰਜ਼ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਅਤੇ ਗੁਰੂ ਖ਼ਾਲਸਾ ਪੰਥ ਦੇ ਸਿਧਾਂਤਾਂ ਅਨੁਸਾਰ ਜੀਵਨ ਬਤੀਤ ਕਰੇ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਨੂੰ ਆਤਮਕ ਗੁਰਿਆਈ ਅਤੇ ਗੁਰੂ ਖ਼ਾਲਸਾ ਪੰਥ ਨੂੰ ਸਰੀਰਕ ਗੁਰਿਆਈ ਬਖ਼ਸ਼ੀ ਹੈ, ਇਸ ਲਈ ਪੰਥ ਦੇ ਸਾਂਝੇ ਫ਼ੈਸਲਿਆਂ ਦਾ ਸਤਿਕਾਰ ਕਰਨਾ ਹਰ ਸਿੱਖ ਦੀ ਜ਼ਿੰਮੇਵਾਰੀ ਹੈ।
ਜੀਵਨ ਜੋਤ ਦੇ ਬਿਆਨ ‘ਤੇ ਦਿੱਤੀ ਸੰਤੁਲਿਤ ਪ੍ਰਤੀਕਿਰਿਆ
ਵਿਧਾਇਕ ਜੀਵਨ ਜੋਤ ਦੇ ਬਿਆਨ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਜਥੇਦਾਰ ਨੇ ਕਿਹਾ ਕਿ ਜੇਕਰ ਕੋਈ ਗਲਤ ਬੋਲਦਾ ਜਾਂ ਕਰਦਾ ਹੈ ਤਾਂ ਉਸ ਦਾ ਲੇਖਾ ਗੁਰੂ ਸਾਹਿਬ ਅਤੇ ਸੰਗਤ ਆਪ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਨ ਵਿੱਚ ਕਿਸੇ ਪ੍ਰਤੀ ਵਿਰੋਧ ਦੀ ਭਾਵਨਾ ਨਹੀਂ ਹੈ। ਉਨ੍ਹਾਂ ਅੰਤ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਸਿੱਖ ਕੌਮ ਨੂੰ ਏਕਤਾ ਬਣਾਈ ਰੱਖਣ ਅਤੇ ਗੁਰੂ ਸਾਹਿਬ ਵੱਲੋਂ ਦਿਖਾਏ ਮਾਰਗ ‘ਤੇ ਚੱਲਣ ਦਾ ਸੱਦਾ ਦਿੱਤਾ।

