ਖਰੜ :- ਖਰੜ ਦੇ ਛੱਜੂ ਮਾਜਰਾ ਇਲਾਕੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਕਾਰਵਾਈ ਦੂਜੇ ਦਿਨ ਵੀ ਜਾਰੀ ਰਹੀ। ਨਿਤਿਨ ਗੋਹਲ ਦੇ ਫਲੈਟ ’ਤੇ ਕੀਤੀ ਗਈ ਛਾਪੇਮਾਰੀ ਨੂੰ 24 ਘੰਟਿਆਂ ਤੋਂ ਵੱਧ ਸਮਾਂ ਲੰਘ ਜਾਣ ਦੇ ਬਾਵਜੂਦ ਜਾਂਚ ਟੀਮ ਅਜੇ ਤੱਕ ਮੌਕੇ ’ਤੇ ਡਟੀ ਹੋਈ ਹੈ। ਹਾਊਸਿੰਗ ਸੁਸਾਇਟੀ ਦੇ ਆਲੇ-ਦੁਆਲੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਅਤੇ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ।
ਬੱਚਿਆਂ ਨੂੰ ਅਧਿਕਾਰੀ ਨੇ ਸਕੂਲ ਛੱਡਿਆ
ਸੂਤਰਾਂ ਅਨੁਸਾਰ ਕਾਰਵਾਈ ਦੌਰਾਨ ਨਿਤਿਨ ਗੋਹਲ ਦੇ ਪਰਿਵਾਰਕ ਮੈਂਬਰ ਵੀ ਫਲੈਟ ਅੰਦਰ ਮੌਜੂਦ ਰਹੇ। ਵੀਰਵਾਰ ਨੂੰ ਉਨ੍ਹਾਂ ਦੇ ਬੱਚਿਆਂ ਨੂੰ ਇੱਕ ਅਧਿਕਾਰੀ ਵੱਲੋਂ ਸਕੂਲ ਤੱਕ ਛੱਡ ਕੇ ਆਉਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਦੌਰਾਨ ਜਾਂਚ ਅਧਿਕਾਰੀ ਵਾਰੀ-ਵਾਰੀ ਛੋਟੀਆਂ ਬਰੇਕਾਂ ਲੈਂਦੇ ਰਹੇ, ਜਦਕਿ ਸੁਸਾਇਟੀ ਅੰਦਰ ਆਉਣ-ਜਾਣ ’ਤੇ ਨਿਗਰਾਨੀ ਵਧਾ ਦਿੱਤੀ ਗਈ।
ਜ਼ਮੀਨੀ ਘਪਲੇ ਅਤੇ ਧੋਖਾਧੜੀ ਦੇ ਦੋਸ਼ਾਂ ਤਹਿਤ ਜਾਂਚ
ਈ.ਡੀ. ਵੱਲੋਂ ਇਹ ਕਾਰਵਾਈ ਜ਼ਮੀਨ ਦੀ ਵਰਤੋਂ ਬਦਲਣ ਨਾਲ ਜੁੜੇ ਕਥਿਤ ਗ਼ੈਰਕਾਨੂੰਨੀ ਮਾਮਲਿਆਂ ਅਤੇ ਘਰ ਖਰੀਦਦਾਰਾਂ ਨਾਲ ਧੋਖਾਧੜੀ ਦੀ ਜਾਂਚ ਦੇ ਤਹਿਤ ਕੀਤੀ ਜਾ ਰਹੀ ਹੈ। ਜਾਂਚ ਏਜੰਸੀ ਨੇ ਪੰਜਾਬ ਦੇ ਦੋ ਵੱਡੇ ਰੀਅਲ ਅਸਟੇਟ ਗਰੁੱਪਾਂ ਨਾਲ ਸਬੰਧਤ ਕਈ ਟਿਕਾਣਿਆਂ ’ਤੇ ਤਲਾਸ਼ੀ ਮੁਹਿੰਮ ਚਲਾਈ ਹੈ।
ਛਾਪੇ ਦੌਰਾਨ ਨਕਦੀ ਦੇ ਬੈਗ ਸੁੱਟੇ ਜਾਣ ਨਾਲ ਮਚੀ ਚਰਚਾ
ਖਰੜ ਵਿੱਚ ਕਾਰਵਾਈ ਦੌਰਾਨ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇੱਕ ਫਲੈਟ ਵਿੱਚੋਂ ਕਥਿਤ ਤੌਰ ’ਤੇ ਨਕਦੀ ਨਾਲ ਭਰੇ ਦੋ ਬੈਗ ਬਾਹਰ ਸੁੱਟੇ ਜਾਣ ਦੀ ਗੱਲ ਸਾਹਮਣੇ ਆਈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਵੈਸਟਰਨ ਟਾਵਰਜ਼ ਦੀ ਨੌਵੀਂ ਮੰਜ਼ਿਲ ’ਤੇ ਸਥਿਤ ਫਲੈਟ ਨੰਬਰ 906 ਵਿੱਚ ਵਾਪਰੀ। ਇਸ ਮਾਮਲੇ ਤੋਂ ਬਾਅਦ ਜਾਂਚ ਏਜੰਸੀ ਨੇ ਸੁਰੱਖਿਆ ਅਤੇ ਜਾਂਚ ਦੋਵੇਂ ਹੋਰ ਸਖ਼ਤ ਕਰ ਦਿੱਤੀਆਂ।
ਮੋਹਾਲੀ ਤੇ ਚੰਡੀਗੜ੍ਹ ਵਿੱਚ ਵੀ ਕਈ ਥਾਵਾਂ ’ਤੇ ਛਾਪੇ
ਈ.ਡੀ. ਨਾਲ ਜੁੜੇ ਸੂਤਰਾਂ ਮੁਤਾਬਕ ਮੋਹਾਲੀ ਅਤੇ ਚੰਡੀਗੜ੍ਹ ਵਿੱਚ ਕੁੱਲ 12 ਟਿਕਾਣਿਆਂ ’ਤੇ ਇਕੱਠੇ ਛਾਪੇਮਾਰੀ ਕੀਤੀ ਗਈ। ਇਸ ਵਿੱਚ ਕਈ ਬਿਲਡਰਾਂ, ਹਾਊਸਿੰਗ ਪ੍ਰੋਜੈਕਟਾਂ ਅਤੇ ਨਿਤਿਨ ਗੋਹਲ ਨਾਲ ਜੁੜੀਆਂ ਥਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ। ਜਾਂਚ ਏਜੰਸੀ ਵੱਲੋਂ ਕੁਝ ਸਰਕਾਰੀ ਅਧਿਕਾਰੀਆਂ ਨਾਲ ਸੰਭਾਵਿਤ ਸਬੰਧਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

