ਸੰਗਰੂਰ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਤੋਂ ਸੰਗਰੂਰ ਦੇ ਦੋ ਦਿਨਾਂ ਦੌਰੇ ’ਤੇ ਰਹਿਣਗੇ। ਦੌਰੇ ਦੌਰਾਨ ਉਹ ਧੂਰੀ ਵਿਖੇ ਕਈ ਵਿਕਾਸੀ ਪ੍ਰੋਜੈਕਟਾਂ ਦੀ ਨੀਂਹ ਰੱਖਣਗੇ ਅਤੇ ਲੋਕਾਂ ਨੂੰ ਸਮਰਪਿਤ ਕੀਤੇ ਜਾਣ ਵਾਲੇ ਕੰਮਾਂ ਦੀ ਸ਼ੁਰੂਆਤ ਕਰਵਾਉਣਗੇ। ਮੁੱਖ ਮੰਤਰੀ ਦੇ ਇਸ ਦੌਰੇ ਨੂੰ ਜ਼ਿਲ੍ਹੇ ਦੇ ਵਿਕਾਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਜ਼ਿਲ੍ਹੇ ਲਈ ਵੱਡੇ ਐਲਾਨ ਦੀ ਚਰਚਾ
ਸਿਆਸੀ ਅਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਇਹ ਵੀ ਚਰਚਾ ਹੈ ਕਿ ਮੁੱਖ ਮੰਤਰੀ ਆਪਣੇ ਦੌਰੇ ਦੌਰਾਨ ਸੰਗਰੂਰ ਲਈ ਕਿਸੇ ਅਹਿਮ ਯੋਜਨਾ ਜਾਂ ਨਵੇਂ ਵਿਕਾਸੀ ਪ੍ਰਾਜੈਕਟ ਦਾ ਐਲਾਨ ਕਰ ਸਕਦੇ ਹਨ। ਹਾਲਾਂਕਿ ਇਸ ਸਬੰਧੀ ਅਜੇ ਤੱਕ ਕੋਈ ਅਧਿਕਾਰਿਕ ਜਾਣਕਾਰੀ ਸਾਹਮਣੇ ਨਹੀਂ ਆਈ।
ਪੰਚਾਇਤੀ ਨੁਮਾਇੰਦਿਆਂ ਨਾਲ ਕਰਨਗੇ ਵਿਸ਼ੇਸ਼ ਬੈਠਕ
ਦੌਰੇ ਦੌਰਾਨ ਮੁੱਖ ਮੰਤਰੀ ਜ਼ਿਲ੍ਹੇ ਦੀਆਂ ਪੰਚਾਇਤਾਂ ਦੇ ਨੁਮਾਇੰਦਿਆਂ ਨਾਲ ਵੀ ਵਿਸ਼ੇਸ਼ ਮੀਟਿੰਗ ਕਰਨਗੇ। ਇਸ ਬੈਠਕ ਵਿੱਚ ਪਿੰਡਾਂ ਦੇ ਵਿਕਾਸ, ਬੁਨਿਆਦੀ ਸਹੂਲਤਾਂ ਅਤੇ ਲੋਕਾਂ ਨਾਲ ਜੁੜੇ ਮਸਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਬੈਠਕ ਵਿੱਚ ਸਰਪੰਚਾਂ, ਪੰਚਾਂ ਅਤੇ ਹੋਰ ਪੰਚਾਇਤੀ ਆਗੂਆਂ ਦੀ ਵੱਡੀ ਹਾਜ਼ਰੀ ਰਹਿਣ ਦੀ ਉਮੀਦ ਹੈ।
ਪ੍ਰਸ਼ਾਸਨ ਨੇ ਮੁਕੰਮਲ ਕੀਤੀਆਂ ਤਿਆਰੀਆਂ
ਮੁੱਖ ਮੰਤਰੀ ਦੇ ਸੰਗਰੂਰ ਦੌਰੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਸਮਾਗਮਾਂ ਦੇ ਸਥਾਨਾਂ ’ਤੇ ਸੁਰੱਖਿਆ ਸਮੇਤ ਹੋਰ ਲੋੜੀਂਦੇ ਇੰਤਜ਼ਾਮਾਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਤਾਂ ਜੋ ਦੌਰਾ ਸੁਚਾਰੂ ਢੰਗ ਨਾਲ ਨੇਪਰੇ ਚੜ੍ਹ ਸਕੇ।

