ਚੰਡੀਗੜ੍ਹ :- ਪੰਜਾਬ ਵਿੱਚ 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਮੋਹਾਲੀ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਸਾਰੀਆਂ ਸਿਆਸੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰ ਆਪਣੀਆਂ ਚੋਣੀ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਵਿੱਚ ਲੱਗੇ ਹੋਏ ਹਨ। ਇਸੇ ਦਰਮਿਆਨ ਭਾਰਤੀ ਜਨਤਾ ਪਾਰਟੀ ਨੇ ਮੋਹਾਲੀ ਨਗਰ ਨਿਗਮ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।
50 ਵਿੱਚੋਂ 42 ਵਾਰਡਾਂ ਲਈ ਐਲਾਨੇ ਉਮੀਦਵਾਰ
ਪਾਰਟੀ ਵੱਲੋਂ ਜਾਰੀ ਕੀਤੀ ਗਈ ਪਹਿਲੀ ਸੂਚੀ ਵਿੱਚ 50 ਵਿੱਚੋਂ 42 ਵਾਰਡਾਂ ਲਈ ਉਮੀਦਵਾਰਾਂ ਦੇ ਨਾਂ ਸ਼ਾਮਲ ਕੀਤੇ ਗਏ ਹਨ। ਪਾਰਟੀ ਨੇ ਜਨਰਲ, ਅਨੁਸੂਚਿਤ ਜਾਤੀ ਅਤੇ ਪਿਛੜੇ ਵਰਗਾਂ ਦੀ ਨੁਮਾਇੰਦਗੀ ਨੂੰ ਧਿਆਨ ਵਿੱਚ ਰੱਖਦਿਆਂ ਟਿਕਟਾਂ ਦੀ ਵੰਡ ਕੀਤੀ ਹੈ।
ਪਰਮਿੰਦਰ ਬਰਾੜ ਵੱਲੋਂ ਸੂਚੀ ਜਾਰੀ
ਭਾਜਪਾ ਪੰਜਾਬ ਦੇ ਜਨਰਲ ਸਕੱਤਰ ਪਰਮਿੰਦਰ ਬਰਾੜ ਵੱਲੋਂ ਇਹ ਸੂਚੀ ਜਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਪਾਰਟੀ ਇਸ ਵਾਰ ਸ਼ਹਿਰ ਦੇ ਵਿਕਾਸ, ਸਫ਼ਾਈ ਪ੍ਰਬੰਧ, ਪੀਣ ਵਾਲੇ ਪਾਣੀ, ਸੜਕਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਚੋਣਾਂ ਦਾ ਮੁੱਖ ਮੁੱਦਾ ਬਣਾਕੇ ਲੋਕਾਂ ਵਿਚ ਜਾ ਰਹੀ ਹੈ।
ਲੋਕਾਂ ਤੋਂ ਵੱਡੇ ਸਮਰਥਨ ਦਾ ਦਾਅਵਾ
ਪਰਮਿੰਦਰ ਬਰਾੜ ਨੇ ਦਾਅਵਾ ਕੀਤਾ ਕਿ ਮੋਹਾਲੀ ਦੇ ਵਸਨੀਕਾਂ ਵੱਲੋਂ ਪਾਰਟੀ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਸ਼ਹਿਰ ਦੇ ਵਿਕਾਸ ਲਈ ਬਦਲਾਅ ਚਾਹੁੰਦੇ ਹਨ ਅਤੇ ਭਾਜਪਾ ਇਸ ਚੋਣ ਵਿੱਚ ਮਜ਼ਬੂਤੀ ਨਾਲ ਮੈਦਾਨ ਵਿੱਚ ਉਤਰੀ ਹੈ।

