ਕੈਨੇਡਾ ਦੌਰੇ ਤੇ ਹਨ ਗਾਇਕ-ਅਦਾਕਾਰ, ਹਮਲੇ ਨਾਲ ਕੋਈ ਸਬੰਧ ਨਾ ਹੋਣ ਦਾ ਦਾਅਵਾ
ਚੰਡੀਗੜ੍ਹ :- ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਚੱਲ ਰਹੀਆਂ ਫਾਇਰਿੰਗ ਦੀਆਂ ਖ਼ਬਰਾਂ ’ਤੇ ਹੁਣ ਉਨ੍ਹਾਂ ਦੇ ਪਰਿਵਾਰ ਵੱਲੋਂ ਸਪੱਸ਼ਟੀਕਰਨ ਸਾਹਮਣੇ ਆਇਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਐਮੀ ਵਿਰਕ ਜਾਂ ਉਨ੍ਹਾਂ ਦੀ ਗੱਡੀ ’ਤੇ ਕਿਸੇ ਕਿਸਮ ਦੀ ਗੋਲੀਬਾਰੀ ਨਹੀਂ ਹੋਈ ਅਤੇ ਉਹ ਇਸ ਸਮੇਂ ਕੈਨੇਡਾ ਦੌਰੇ ਦੌਰਾਨ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਪੰਜ ਦਿਨ ਪੁਰਾਣੀ ਘਟਨਾ ਨੂੰ ਐਮੀ ਨਾਲ ਜੋੜਨ ਦਾ ਦਾਅਵਾ
ਪਰਿਵਾਰਕ ਮੈਂਬਰਾਂ ਮੁਤਾਬਕ ਕੁਝ ਦਿਨ ਪਹਿਲਾਂ ਵਾਪਰੀ ਇਕ ਗੋਲੀਬਾਰੀ ਦੀ ਘਟਨਾ ਨੂੰ ਗਲਤ ਢੰਗ ਨਾਲ ਐਮੀ ਵਿਰਕ ਨਾਲ ਜੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਘਟਨਾ ਕਿਸੇ ਹੋਰ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਲਈ ਹੋਈ ਸੀ ਅਤੇ ਇਸ ਦਾ ਐਮੀ ਵਿਰਕ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਸ਼ੋਅ ਲਈ ਕੈਨੇਡਾ ਗਏ ਹੋਏ ਹਨ ਐਮੀ ਵਿਰਕ
ਪਰਿਵਾਰ ਨੇ ਦੱਸਿਆ ਕਿ ਐਮੀ ਵਿਰਕ ਆਪਣੇ ਸੰਗੀਤਕ ਪ੍ਰੋਗਰਾਮਾਂ ਸਬੰਧੀ ਕੈਨੇਡਾ ਵਿੱਚ ਮੌਜੂਦ ਹਨ ਅਤੇ ਉਨ੍ਹਾਂ ਦੀ ਸਿਹਤ ਤੇ ਸੁਰੱਖਿਆ ਨੂੰ ਲੈ ਕੇ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਹੈ। ਪਰਿਵਾਰ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਘਟਨਾਵਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਉਨ੍ਹਾਂ ਵੇਲਿਆਂ ਐਮੀ ਉਸ ਥਾਂ ਦੇ ਨੇੜੇ ਵੀ ਨਹੀਂ ਸਨ।
ਫਾਇਰਿੰਗ ਦੀਆਂ ਖ਼ਬਰਾਂ ਤੋਂ ਬਾਅਦ ਚਰਚਾ ਤੇਜ਼ ਹੋਈ
ਜ਼ਿਕਰਯੋਗ ਹੈ ਕਿ ਸ਼ਨੀਵਾਰ ਦੇਰ ਰਾਤ ਕੈਨੇਡਾ ਦੇ ਐਬਟਸਫੋਰਡ ਵਿੱਚ ਇਕ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਐਮੀ ਵਿਰਕ ਦਾ ਨਾਂ ਸਾਹਮਣੇ ਆਇਆ ਸੀ। ਕੁਝ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸ਼ੋਅ ਸਮਾਪਤ ਹੋਣ ਤੋਂ ਬਾਅਦ ਵਾਪਸੀ ਦੌਰਾਨ ਉਨ੍ਹਾਂ ਦੀ ਰੌਲਸ ਰਾਇਸ ਕਾਰ ਤੇ ਗੋਲੀਆਂ ਚਲਾਈਆਂ ਗਈਆਂ ਸਨ। ਹਾਲਾਂਕਿ ਹੁਣ ਪਰਿਵਾਰ ਵੱਲੋਂ ਇਸ ਸਬੰਧੀ ਸਪੱਸ਼ਟ ਕੀਤਾ ਗਿਆ ਹੈ ਕਿ ਉਸ ਵੇਲੇ ਕਾਰ ਵਿੱਚ ਐਮੀ ਵਿਰਕ ਮੌਜੂਦ ਨਹੀਂ ਸਨ ਅਤੇ ਉਨ੍ਹਾਂ ’ਤੇ ਹਮਲੇ ਦੀਆਂ ਖ਼ਬਰਾਂ ਤੱਥਾਂ ਨਾਲ ਮੇਲ ਨਹੀਂ ਖਾਂਦੀਆਂ।
ਪੁਲੀਸ ਵੱਲੋਂ ਘਟਨਾ ਦੀ ਜਾਂਚ ਜਾਰੀ
ਗੋਲੀਬਾਰੀ ਦੀ ਅਸਲ ਘਟਨਾ ਸਬੰਧੀ ਜਾਂਚ ਸਥਾਨਕ ਪੁਲੀਸ ਵੱਲੋਂ ਕੀਤੀ ਜਾ ਰਹੀ ਹੈ। ਇਸ ਦਰਮਿਆਨ ਐਮੀ ਵਿਰਕ ਦੇ ਪਰਿਵਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਿਨਾਂ ਪੁਸ਼ਟੀ ਵਾਲੀਆਂ ਖ਼ਬਰਾਂ ’ਤੇ ਵਿਸ਼ਵਾਸ ਨਾ ਕੀਤਾ ਜਾਵੇ।

