ਚੰਡੀਗੜ੍ਹ :- ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਬਾਰੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਇੱਕ ਵਾਰ ਫਿਰ ਤੇਜ਼ ਹੋ ਗਈ ਹੈ। ਇਸੇ ਕੜੀ ਤਹਿਤ ਡੀਆਈਜੀ ਹਰਜੀਤ ਸਿੰਘ ਦੀ ਅਗਵਾਈ ਹੇਠ ਬਣੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਅੱਜ ਫ਼ਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਘਟਨਾ ਸਥਾਨਾਂ ਦਾ ਦੌਰਾ ਕਰੇਗੀ ਅਤੇ ਮੌਕੇ ਦੀ ਸਥਿਤੀ ਦਾ ਜਾਇਜ਼ਾ ਲਵੇਗੀ।
ਤਿੰਨ ਅਹਿਮ ਥਾਵਾਂ ‘ਤੇ ਕਰੇਗੀ ਜਾਂਚ
ਤੈਅ ਪ੍ਰੋਗਰਾਮ ਅਨੁਸਾਰ ਐਸਆਈਟੀ ਦੁਪਹਿਰ 1 ਵਜੇ ਬੁਰਜ ਜਵਾਹਰ ਸਿੰਘ ਵਾਲਾ ਪਹੁੰਚੇਗੀ। ਇਸ ਤੋਂ ਬਾਅਦ ਟੀਮ ਦੁਪਹਿਰ 1:45 ਵਜੇ ਬਰਗਾੜੀ ਅਤੇ 2:30 ਵਜੇ ਬਹਿਬਲ ਕਲਾਂ ਵਿਖੇ ਜਾ ਕੇ ਘਟਨਾ ਨਾਲ ਸਬੰਧਤ ਸਥਾਨਾਂ ਦੀ ਜਾਂਚ ਕਰੇਗੀ।
ਬਾਜਾਖਾਨਾ ਪੁਲਿਸ ਚੌਕੀ ‘ਚ ਰਿਕਾਰਡ ਵੀ ਖੰਗਾਲੇਗੀ ਟੀਮ
ਘਟਨਾ ਸਥਾਨਾਂ ਦੇ ਦੌਰੇ ਤੋਂ ਬਾਅਦ ਐਸਆਈਟੀ ਸ਼ਾਮ 4 ਵਜੇ ਬਾਜਾਖਾਨਾ ਪੁਲਿਸ ਚੌਕੀ ਪਹੁੰਚੇਗੀ, ਜਿੱਥੇ ਮਾਮਲੇ ਨਾਲ ਸਬੰਧਤ ਰਿਕਾਰਡ ਅਤੇ ਕੇਸ ਪ੍ਰਾਪਰਟੀ ਦੀ ਵੀ ਜਾਂਚ ਕੀਤੀ ਜਾਵੇਗੀ। ਜਾਂਚ ਟੀਮ ਸਾਰੇ ਦਸਤਾਵੇਜ਼ਾਂ ਅਤੇ ਸਬੂਤਾਂ ਦੀ ਸਮੀਖਿਆ ਕਰਕੇ ਅਗਲੀ ਕਾਰਵਾਈ ਨੂੰ ਅੰਤਿਮ ਰੂਪ ਦੇਵੇਗੀ।
ਕਈ ਵਿਅਕਤੀਆਂ ਤੋਂ ਪਹਿਲਾਂ ਹੀ ਹੋ ਚੁੱਕੀ ਹੈ ਪੁੱਛਗਿੱਛ
ਸੂਤਰਾਂ ਅਨੁਸਾਰ ਗਿਆਨੀ ਰਘਬੀਰ ਸਿੰਘ ਦੇ ਬਿਆਨਾਂ ਤੋਂ ਬਾਅਦ ਜਾਂਚ ਪ੍ਰਕਿਰਿਆ ਵਿੱਚ ਤੇਜ਼ੀ ਆਈ ਹੈ। ਐਸਆਈਟੀ ਇਸ ਤੋਂ ਪਹਿਲਾਂ ਵਿਜੇ ਸਾਂਪਲਾ, ਗਗਨਦੀਪ ਸਿੰਘ ਬਰਾੜ ਅਤੇ ਮਾਲਵਿੰਦਰ ਸਿੰਘ ਜੱਗੀ ਸਮੇਤ ਕਈ ਵਿਅਕਤੀਆਂ ਤੋਂ ਪੁੱਛਗਿੱਛ ਕਰ ਚੁੱਕੀ ਹੈ। ਹੁਣ ਮੌਕੇ ਦੀ ਜਾਂਚ ਅਤੇ ਰਿਕਾਰਡ ਦੀ ਪੜਤਾਲ ਤੋਂ ਬਾਅਦ ਜਾਂਚ ਨੂੰ ਅੱਗੇ ਵਧਾਇਆ ਜਾਵੇਗਾ।

