ਚੰਡੀਗੜ੍ਹ :- ਪੰਜਾਬ ਕਾਂਗਰਸ ਵਿੱਚ ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਅਤੇ ਚਰਨਜੀਤ ਸਿੰਘ ਚੰਨੀ ਧੜਿਆਂ ਵਿਚਾਲੇ ਚੱਲ ਰਹੀ ਤਕਰਾਰ ਦਰਮਿਆਨ ਹੁਣ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਧੜਾ ਵੀ ਸਰਗਰਮ ਹੋ ਗਿਆ ਹੈ। ਜਾਣਕਾਰੀ ਅਨੁਸਾਰ ਬਾਜਵਾ ਸਮੇਤ 15 ਵਿਧਾਇਕਾਂ ਨੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਚਿੱਠੀ ਲਿਖ ਕੇ ਮੁਲਾਕਾਤ ਲਈ ਸਮਾਂ ਮੰਗਿਆ ਹੈ।
ਚਿੱਠੀ ’ਚ ਕੀ ਮੰਗ ਰੱਖੀ, ਸਥਿਤੀ ਸਪੱਸ਼ਟ ਨਹੀਂ
ਹਾਲਾਂਕਿ ਵਿਧਾਇਕਾਂ ਵੱਲੋਂ ਰਾਹੁਲ ਗਾਂਧੀ ਨੂੰ ਲਿਖੀ ਚਿੱਠੀ ਵਿੱਚ ਕਿਹੜੀਆਂ ਮੰਗਾਂ ਜਾਂ ਮੁੱਦੇ ਰੱਖੇ ਗਏ ਹਨ, ਇਸ ਬਾਰੇ ਹਾਲੇ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ’ਤੇ ਹਨ ਕਿ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ ਕਾਂਗਰਸ ਦੀ ਅੰਦਰੂਨੀ ਸਿਆਸਤ ਨੂੰ ਲੈ ਕੇ ਕੀ ਨਤੀਜਾ ਸਾਹਮਣੇ ਆਉਂਦਾ ਹੈ।
ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਤੇ ਚੰਨੀ ਧੜਿਆਂ ’ਚ ਤਕਰਾਰ
ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਜੁੜੇ ਧੜੇ ਸਰਗਰਮ ਰਹੇ ਹਨ। ਦੋਵਾਂ ਧਿਰਾਂ ਵਿਚਾਲੇ ਪਾਰਟੀ ਦੀ ਪ੍ਰਧਾਨਗੀ ਨੂੰ ਲੈ ਕੇ ਤਕਰਾਰ ਦੀ ਚਰਚਾ ਬਣੀ ਹੋਈ ਹੈ।
ਬਾਜਵਾ ਦੇ ਤੀਜੇ ਦਾਅਵੇਦਾਰ ਵਜੋਂ ਉੱਭਰਨ ਦੀ ਚਰਚਾ
ਇਸੇ ਦੌਰਾਨ ਹੁਣ ਪ੍ਰਤਾਪ ਸਿੰਘ ਬਾਜਵਾ ਦੇ ਪ੍ਰਧਾਨਗੀ ਦੀ ਦੌੜ ਵਿੱਚ ਤੀਜੇ ਦਾਅਵੇਦਾਰ ਵਜੋਂ ਉੱਭਰਨ ਦੀਆਂ ਚਰਚਾਵਾਂ ਵੀ ਤੇਜ਼ ਹੋ ਗਈਆਂ ਹਨ। ਕਾਂਗਰਸ ਦੇ ਅੰਦਰ ਇਹ ਚਰਚਾ ਵੀ ਹੈ ਕਿ ਜੇਕਰ ਪਾਰਟੀ ਪੰਜਾਬ ਵਿੱਚ ਸੱਤਾ ਹਾਸਲ ਕਰਦੀ ਹੈ ਤਾਂ ਪਾਰਟੀ ਪ੍ਰਧਾਨ ਦਾ ਚਿਹਰਾ ਹੀ ਮੁੱਖ ਮੰਤਰੀ ਦੇ ਚਿਹਰੇ ਵਜੋਂ ਸਾਹਮਣੇ ਆ ਸਕਦਾ ਹੈ।
ਇਨ੍ਹਾਂ ਸਾਰੀਆਂ ਸਿਆਸੀ ਚਰਚਾਵਾਂ ਅਤੇ ਪਾਰਟੀ ਅੰਦਰਲੇ ਸਮੀਕਰਨਾਂ ਬਾਰੇ ਹਾਈਕਮਾਂਡ ਤੱਕ ਗੱਲ ਪਹੁੰਚਾਈ ਜਾ ਰਹੀ ਹੈ। ਹੁਣ ਬਾਜਵਾ ਸਮੇਤ 15 ਵਿਧਾਇਕਾਂ ਦੀ ਰਾਹੁਲ ਗਾਂਧੀ ਨਾਲ ਹੋਣ ਵਾਲੀ ਸੰਭਾਵਿਤ ਮੁਲਾਕਾਤ ਨੂੰ ਪੰਜਾਬ ਕਾਂਗਰਸ ਦੀ ਅੰਦਰੂਨੀ ਸਿਆਸਤ ਦੇ ਪੱਖ ਤੋਂ ਅਹਿਮ ਮੰਨਿਆ ਜਾ ਰਿਹਾ ਹੈ।

