ਅੰਮ੍ਰਿਤਸਰ :- ਅੰਮ੍ਰਿਤਸਰ ਵਿੱਚ ਟਰੈਫਿਕ ਪ੍ਰਬੰਧ ਨੂੰ ਹੋਰ ਸੁਧਾਰਨ ਲਈ ਜਲਦ ਹੀ ਆਨਲਾਈਨ ਚਲਾਨ ਪ੍ਰਣਾਲੀ ਲਾਗੂ ਕੀਤੀ ਜਾ ਰਹੀ ਹੈ। ਇਸ ਤਹਿਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗੇ ਕਰੀਬ 1300 ਸੀਸੀਟੀਵੀ ਕੈਮਰਿਆਂ ਰਾਹੀਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ‘ਤੇ ਨਿਗਰਾਨੀ ਰੱਖੀ ਜਾਵੇਗੀ ਅਤੇ ਨਿਯਮ ਤੋੜਨ ਵਾਲਿਆਂ ਦੇ ਚਲਾਨ ਸਿੱਧੇ ਉਨ੍ਹਾਂ ਦੇ ਘਰ ਭੇਜੇ ਜਾਣਗੇ।
ਹਰ ਚੌਰਾਹੇ ‘ਤੇ ਰਹੇਗੀ ਕੈਮਰਿਆਂ ਦੀ ਤਿੱਖੀ ਨਜ਼ਰ
ਟਰੈਫਿਕ ਵਿਭਾਗ ਅਨੁਸਾਰ ਸ਼ਹਿਰ ਦੇ ਮੁੱਖ ਚੌਰਾਹਿਆਂ ਅਤੇ ਰੁਸ਼ ਵਾਲੇ ਇਲਾਕਿਆਂ ਵਿੱਚ ਲੱਗੇ ਕੈਮਰੇ ਸੜਕਾਂ ‘ਤੇ ਹੋ ਰਹੀ ਹਰ ਗਤੀਵਿਧੀ ਨੂੰ ਰਿਕਾਰਡ ਕਰਨਗੇ। ਖ਼ਾਸ ਤੌਰ ‘ਤੇ ਟਰੈਫਿਕ ਲਾਈਟਾਂ ‘ਤੇ ਵਾਹਨ ਚਾਲਕਾਂ ਨੂੰ ਜ਼ੈਬਰਾ ਲਾਈਨ ਅਤੇ ਸਟਾਪ ਲਾਈਨ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ। ਜੇਕਰ ਕੋਈ ਵਾਹਨ ਨਿਰਧਾਰਿਤ ਲਕੀਰ ਤੋਂ ਅੱਗੇ ਖੜ੍ਹਾ ਮਿਲਿਆ ਤਾਂ ਉਸ ਦਾ ਵੀ ਆਟੋਮੈਟਿਕ ਚਲਾਨ ਜਾਰੀ ਕੀਤਾ ਜਾਵੇਗਾ।
ਚਲਾਨ ਤੋਂ ਬਚਣਾ ਹੈ ਤਾਂ ਨਿਯਮਾਂ ਦੀ ਕਰੋ ਪਾਲਣਾ
ਟਰੈਫਿਕ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਾਹਨ ਚਲਾਉਂਦੇ ਸਮੇਂ ਸਾਰੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ। ਹੁਣ ਚਲਾਨ ਕੱਟਣ ਲਈ ਪੁਲਸ ਕਰਮਚਾਰੀਆਂ ਨਾਲ ਸਿੱਧਾ ਸੰਪਰਕ ਲਾਜ਼ਮੀ ਨਹੀਂ ਹੋਵੇਗਾ, ਕਿਉਂਕਿ ਕੈਮਰੇ ਵਾਹਨ ਦਾ ਨੰਬਰ ਅਤੇ ਉਲੰਘਣਾ ਦੀ ਤਸਵੀਰ ਆਪਣੇ ਆਪ ਦਰਜ ਕਰ ਲੈਣਗੇ।
ਸਮਾਰਟ ਨਿਗਰਾਨੀ ਨਾਲ ਟਰੈਫਿਕ ਪ੍ਰਬੰਧ ਹੋਵੇਗਾ ਹੋਰ ਮਜ਼ਬੂਤ
ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਸ ਨਵੇਂ ਪ੍ਰਬੰਧ ਨਾਲ ਨਾ ਸਿਰਫ਼ ਟਰੈਫਿਕ ਨਿਯਮਾਂ ਦੀ ਪਾਲਣਾ ਵਧੇਗੀ, ਸਗੋਂ ਸੜਕਾਂ ‘ਤੇ ਅਨੁਸ਼ਾਸਨ ਵੀ ਮਜ਼ਬੂਤ ਹੋਵੇਗਾ। ਲੋਕਾਂ ਨੂੰ ਹੁਣ ਹੋਰ ਸਾਵਧਾਨੀ ਨਾਲ ਵਾਹਨ ਚਲਾਉਣ ਦੀ ਲੋੜ ਹੋਵੇਗੀ, ਕਿਉਂਕਿ ਹਰ ਹਰਕਤ ‘ਤੇ ਕੈਮਰਿਆਂ ਦੀ ਨਿਗਰਾਨੀ ਰਹੇਗੀ।

