ਅੰਮ੍ਰਿਤਸਰ :- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭ ਕੀਤੇ ਗਏ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਦੂਜਾ ਪੜਾਅ 23 ਅਗਸਤ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਕੀਤਾ ਜਾਵੇਗਾ। ਮਾਰਚ ਦੀ ਆਰੰਭਤਾ ਨੂੰ ਲੈ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਮਾਰਚ ਸਵੇਰੇ ਕਰੀਬ 8 ਵਜੇ ਖ਼ਾਲਸਾਈ ਜਾਹੋ-ਜਲਾਲ ਨਾਲ ਰਵਾਨਾ ਹੋਵੇਗਾ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਹੋਣਗੀਆਂ ਮੌਜੂਦ
ਮਾਰਚ ਦੀ ਸ਼ੁਰੂਆਤ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਪਹੁੰਚਣ ਦੀ ਉਮੀਦ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰਾਂ, ਨਿਹੰਗ ਸਿੰਘ ਜਥੇਬੰਦੀਆਂ ਅਤੇ ਵੱਖ-ਵੱਖ ਸਿੱਖ ਸੰਸਥਾਵਾਂ ਦੇ ਨੁਮਾਇੰਦੇ ਵੀ ਮਾਰਚ ਵਿੱਚ ਸ਼ਾਮਲ ਹੋਣਗੇ।
ਜਥੇਦਾਰ ਟੇਕ ਸਿੰਘ ਵੱਲੋਂ ਸੰਗਤ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਦਾ ਸੱਦਾ
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਨੇ ਸਮੂਹ ਸੰਗਤ ਨੂੰ ਮੀਰੀ-ਪੀਰੀ ਖ਼ਾਲਸਾ ਮਾਰਚ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਮਾਰਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਪ੍ਰਤੀ ਵਚਨਬੱਧਤਾ, ਪੰਥਕ ਏਕਤਾ ਅਤੇ ਸਿੱਖ ਕੌਮ ਵਿੱਚ ਚੇਤਨਾ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ।
ਨੌਜਵਾਨ ਪੀੜ੍ਹੀ ਨੂੰ ਸਿੱਖ ਵਿਰਸੇ ਨਾਲ ਜੋੜਨ ’ਤੇ ਜ਼ੋਰ
ਗਿਆਨੀ ਟੇਕ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ, ਗੁਰਮਤਿ ਵਿਚਾਰਧਾਰਾ ਅਤੇ ਉੱਚੇ-ਸੁੱਚੇ ਜੀਵਨ ਮੁੱਲਾਂ ਨਾਲ ਜੋੜਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਅਤੇ ਗ਼ਲਤ ਰਾਹ ਤੋਂ ਦੂਰ ਰੱਖਣ ਲਈ ਉਨ੍ਹਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਿਆ ਜਾਣਾ ਚਾਹੀਦਾ ਹੈ।
ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਮਾਰਚ ’ਚ ਪਹੁੰਚਣ ਦੀ ਅਪੀਲ
ਜਥੇਦਾਰ ਗਿਆਨੀ ਟੇਕ ਸਿੰਘ ਨੇ ਦੇਸ਼-ਵਿਦੇਸ਼ ਦੀਆਂ ਸੰਗਤਾਂ, ਪੰਥਕ ਸ਼ਖ਼ਸੀਅਤਾਂ, ਸਭਾ-ਸੁਸਾਇਟੀਆਂ ਅਤੇ ਖ਼ਾਸ ਕਰਕੇ ਨੌਜਵਾਨਾਂ ਨੂੰ 23 ਅਗਸਤ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਵੱਡੀ ਸ਼ਮੂਲੀਅਤ ਨਾਲ ਮਾਰਚ ਪੰਥਕ ਏਕਤਾ ਅਤੇ ਚੜ੍ਹਦੀ ਕਲਾ ਦਾ ਸੰਦੇਸ਼ ਦੇਵੇਗਾ ਅਤੇ ਸੰਗਤਾਂ ਵਿੱਚ ਨਵੀਂ ਚੇਤਨਾ ਪੈਦਾ ਕਰਨ ਦਾ ਕਾਰਜ ਕਰੇਗਾ।

