ਜੋਏ ਅਲੂਕਸ ਤੇ ਕਲਿਆਣ ਜਵੈਲਰਜ਼ ਨੂੰ 1,28,499 ਅੰਗੂਠੀਆਂ ਦੀ ਸਪਲਾਈ ਦਾ ਹੁਕਮ, ਸਰਕਾਰੀ ਹਸਪਤਾਲਾਂ ’ਚ 22 ਜੂਨ ਤੋਂ ਜਨਮੇ ਬੱਚਿਆਂ ਨੂੰ ਮਿਲੇਗਾ ਲਾਭ
ਤਾਮਿਲਨਾਡੂ :- ਤਾਮਿਲਨਾਡੂ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਜਨਮ ਲੈਣ ਵਾਲੇ ਨਵਜੰਮੇ ਬੱਚਿਆਂ ਲਈ ‘ਥਾਈ ਮਾਮਨ ਗੋਲਡ ਰਿੰਗ ਸਕੀਮ’ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸਰਕਾਰ ਨੇ ਇਸ ਯੋਜਨਾ ਤਹਿਤ ਸੋਨੇ ਦੀਆਂ ਅੰਗੂਠੀਆਂ ਦੀ ਖਰੀਦ ਅਤੇ ਸਪਲਾਈ ਲਈ ਦੋ ਪ੍ਰਮੁੱਖ ਗਹਿਣਾ ਕੰਪਨੀਆਂ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ। ਇਹ ਯੋਜਨਾ ਸਾਬਕਾ ਮੁੱਖ ਮੰਤਰੀ ਸੀ.ਐੱਨ. ਅੰਨਾਦੁਰਾਈ ਦੇ ਜਨਮ ਦਿਨ ਮੌਕੇ 15 ਸਤੰਬਰ 2026 ਨੂੰ ਸ਼ੁਰੂ ਕੀਤੀ ਜਾਵੇਗੀ।
ਦੋ ਕੰਪਨੀਆਂ ਨੂੰ 70:30 ਦੇ ਅਨੁਪਾਤ ’ਚ ਮਿਲਿਆ ਹੁਕਮ
ਤਾਮਿਲਨਾਡੂ ਮੈਡੀਕਲ ਸਰਵਿਸਿਜ਼ ਕਾਰਪੋਰੇਸ਼ਨ ਨੇ ਜੋਏ ਅਲੂਕਸ ਅਤੇ ਕਲਿਆਣ ਜਵੈਲਰਜ਼ ਨੂੰ ਲੋੜੀਂਦੀਆਂ 1,28,499 ਸੋਨੇ ਦੀਆਂ ਅੰਗੂਠੀਆਂ ਮੁਹੱਈਆ ਕਰਵਾਉਣ ਲਈ ਕ੍ਰਮਵਾਰ 70:30 ਦੇ ਅਨੁਪਾਤ ਵਿੱਚ ਆਦੇਸ਼ ਦਿੱਤਾ ਹੈ। ਇਹ ਅੰਗੂਠੀਆਂ ਜੂਨ ਤੋਂ ਸਤੰਬਰ ਤੱਕ ਦੇ ਚਾਰ ਮਹੀਨਿਆਂ ਦੌਰਾਨ ਯੋਜਨਾ ਦੇ ਲਾਭਪਾਤਰੀਆਂ ਨੂੰ ਦਿੱਤੀਆਂ ਜਾਣੀਆਂ ਹਨ।
22 ਜੂਨ ਤੋਂ ਜਨਮੇ ਬੱਚਿਆਂ ਨੂੰ ਮਿਲੇਗਾ ਲਾਭ
ਸਰਕਾਰ ਵੱਲੋਂ ਜਾਰੀ ਜਾਣਕਾਰੀ ਮੁਤਾਬਕ 22 ਜੂਨ 2026 ਤੋਂ ਤਾਮਿਲਨਾਡੂ ਦੇ ਸਰਕਾਰੀ ਹਸਪਤਾਲਾਂ ਵਿੱਚ ਜਨਮ ਲੈਣ ਵਾਲੇ ਬੱਚਿਆਂ ਨੂੰ ਇਸ ਯੋਜਨਾ ਤਹਿਤ ਲਾਭ ਦਿੱਤਾ ਜਾਵੇਗਾ। ਸਰਕਾਰ ਦਾ ਮਕਸਦ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਜਣੇਪੇ ਨੂੰ ਉਤਸ਼ਾਹਿਤ ਕਰਨਾ ਅਤੇ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਦੀਆਂ ਸਿਹਤ ਸੇਵਾਵਾਂ ਨਾਲ ਜੋੜਨਾ ਹੈ।
4.41 ਲੱਖ ਅੰਗੂਠੀਆਂ ਖਰੀਦਣ ਲਈ ਕੱਢਿਆ ਗਿਆ ਸੀ ਟੈਂਡਰ
ਸਰਕਾਰੀ ਆਦੇਸ਼ ਤਹਿਤ ਇੱਕ ਗ੍ਰਾਮ ਵਜ਼ਨ ਵਾਲੀਆਂ ਕੁੱਲ 4,41,667 ਸੋਨੇ ਦੀਆਂ ਅੰਗੂਠੀਆਂ ਉਪਲੱਬਧ ਕਰਵਾਉਣ ਦੀ ਯੋਜਨਾ ਬਣਾਈ ਗਈ ਸੀ। ਇਸ ਸਬੰਧੀ ਤਾਮਿਲਨਾਡੂ ਮੈਡੀਕਲ ਸਰਵਿਸਿਜ਼ ਕਾਰਪੋਰੇਸ਼ਨ ਨੇ 14 ਜੁਲਾਈ ਨੂੰ ਟੈਂਡਰ ਜਾਰੀ ਕੀਤਾ। ਟੈਂਡਰ ਪ੍ਰਕਿਰਿਆ ਵਿੱਚ 11 ਕੰਪਨੀਆਂ ਨੇ ਹਿੱਸਾ ਲਿਆ ਅਤੇ ‘ਟੀਐੱਨ ਟੈਂਡਰ’ ਪੋਰਟਲ ਰਾਹੀਂ ਆਪਣੀਆਂ ਬੋਲੀਆਂ ਪੇਸ਼ ਕੀਤੀਆਂ।
ਜੋਏ ਅਲੂਕਸ ਨੇ ਵਾਧੂ ਖ਼ਰਚਿਆਂ ਲਈ ਦਿੱਤੀ ਸਭ ਤੋਂ ਘੱਟ ਬੋਲੀ
ਸਰਕਾਰੀ ਰਿਲੀਜ਼ ਮੁਤਾਬਕ ਸੋਨੇ ਦੀ ਮੂਲ ਕੀਮਤ ਤੋਂ ਇਲਾਵਾ ਪ੍ਰੋਸੈਸਿੰਗ ਫ਼ੀਸ, ਬੀਮਾ, ਢੋਆ-ਢੁਆਈ ਅਤੇ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਦੀ ਮੋਹਰ ਸਮੇਤ ਹੋਰ ਖ਼ਰਚਿਆਂ ਲਈ ਜੋਏ ਅਲੂਕਸ ਨੇ ਸਭ ਤੋਂ ਘੱਟ 0.01 ਰੁਪਏ ਦੀ ਬੋਲੀ ਦਿੱਤੀ। ਇਸ ਤੋਂ ਇਲਾਵਾ ਕਲਿਆਣ ਜਵੈਲਰਜ਼ ਨੇ ਵੀ ਸਬੰਧਤ ਸਰਕਾਰੀ ਨਿਯਮਾਂ ਅਤੇ ਪ੍ਰਕਿਰਿਆ ਤਹਿਤ ਸਭ ਤੋਂ ਘੱਟ ਬੋਲੀ ਪੇਸ਼ ਕੀਤੀ।
ਅਪ੍ਰੈਲ ’ਚ ਕੀਤਾ ਗਿਆ ਸੀ ਯੋਜਨਾ ਦਾ ਐਲਾਨ
ਤਾਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਨੇ ਅਪ੍ਰੈਲ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਥਾਈ ਮਾਮਨ ਗੋਲਡ ਰਿੰਗ ਸਕੀਮ’ ਦਾ ਐਲਾਨ ਕੀਤਾ ਸੀ। ਹੁਣ ਸਰਕਾਰ ਵੱਲੋਂ ਇਸ ਨੂੰ ਅਮਲੀ ਰੂਪ ਦੇਣ ਲਈ ਖਰੀਦ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ। 15 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਇਹ ਯੋਜਨਾ ਸਰਕਾਰੀ ਹਸਪਤਾਲਾਂ ਵਿੱਚ ਜਨਮ ਲੈਣ ਵਾਲੇ ਬੱਚਿਆਂ ਲਈ ਲਾਗੂ ਹੋਵੇਗੀ।

