ਅੰਮ੍ਰਿਤਸਰ :- ਭਾਰਤ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਵੱਕਾਰੀ ਪਦਮ ਪੁਰਸਕਾਰਾਂ ਲਈ ਸਾਲ 2027 ਦੀ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤਹਿਤ ਯੋਗ ਵਿਅਕਤੀਆਂ ਦੇ ਨਾਂ ਆਨਲਾਈਨ ਭੇਜੇ ਜਾ ਸਕਦੇ ਹਨ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਮਾਜ, ਮਾਨਵਤਾ ਅਤੇ ਦੇਸ਼ ਦੀ ਤਰੱਕੀ ਲਈ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਇਨ੍ਹਾਂ ਸਨਮਾਨਾਂ ਲਈ ਨਾਮਜ਼ਦ ਕਰਨ।
ਕਲਾ ਤੋਂ ਵਿਗਿਆਨ ਤੱਕ ਵੱਖ-ਵੱਖ ਖੇਤਰਾਂ ਦੀਆਂ ਸ਼ਖ਼ਸੀਅਤਾਂ ਹੋ ਸਕਦੀਆਂ ਹਨ ਨਾਮਜ਼ਦ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਦੇਸ਼ ਦੇ ਪ੍ਰਮੁੱਖ ਨਾਗਰਿਕ ਸਨਮਾਨਾਂ ਵਿੱਚ ਸ਼ਾਮਲ ਹਨ। ਕਲਾ, ਸਾਹਿਤ ਤੇ ਸਿੱਖਿਆ, ਖੇਡਾਂ, ਡਾਕਟਰੀ, ਸਮਾਜ ਸੇਵਾ, ਵਿਗਿਆਨ ਤੇ ਇੰਜੀਨੀਅਰਿੰਗ, ਲੋਕ ਪ੍ਰਸ਼ਾਸਨ, ਸਿਵਲ ਸੇਵਾਵਾਂ, ਵਪਾਰ ਅਤੇ ਉਦਯੋਗ ਸਮੇਤ ਵੱਖ-ਵੱਖ ਖੇਤਰਾਂ ਵਿੱਚ ਉਲੇਖਣਯੋਗ ਕੰਮ ਕਰਨ ਵਾਲੇ ਵਿਅਕਤੀਆਂ ਦੇ ਨਾਂ ਇਨ੍ਹਾਂ ਪੁਰਸਕਾਰਾਂ ਲਈ ਭੇਜੇ ਜਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਅਜਿਹੇ ਬੱਚਿਆਂ ਦੀਆਂ ਪ੍ਰਾਪਤੀਆਂ ਨੂੰ ਵੀ ਨਾਮਜ਼ਦਗੀ ਲਈ ਸਾਹਮਣੇ ਲਿਆਂਦਾ ਜਾ ਸਕਦਾ ਹੈ, ਜਿਨ੍ਹਾਂ ਨੇ ਛੋਟੀ ਉਮਰ ਵਿੱਚ ਵਿਲੱਖਣ ਪ੍ਰਤਿਭਾ ਜਾਂ ਅਸਾਧਾਰਨ ਉਪਲਬਧੀ ਹਾਸਲ ਕਰਕੇ ਆਪਣੀ ਵਿਸ਼ੇਸ਼ ਪਛਾਣ ਬਣਾਈ ਹੈ।
ਨਾਮਜ਼ਦਗੀ ਲਈ ਸਰਕਾਰੀ ਪੋਰਟਲ ’ਤੇ ਕਰਨਾ ਹੋਵੇਗਾ ਆਨਲਾਈਨ ਬਿਨੈ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਦਮ ਪੁਰਸਕਾਰਾਂ ਲਈ ਨਾਮਜ਼ਦਗੀ ਦੀ ਪੂਰੀ ਪ੍ਰਕਿਰਿਆ ਆਨਲਾਈਨ ਹੈ। ਇੱਛੁਕ ਵਿਅਕਤੀ ਜਾਂ ਕਿਸੇ ਯੋਗ ਸ਼ਖ਼ਸੀਅਤ ਦਾ ਨਾਂ ਪ੍ਰਸਤਾਵਿਤ ਕਰਨ ਵਾਲੇ ਨਾਗਰਿਕ ਭਾਰਤ ਸਰਕਾਰ ਦੇ ਅਧਿਕਾਰਤ ਪੋਰਟਲ awards.gov.in ਰਾਹੀਂ ਨਾਮਜ਼ਦਗੀ ਦਰਜ ਕਰਵਾ ਸਕਦੇ ਹਨ।
ਪੋਰਟਲ ’ਤੇ ਨਾਮਜ਼ਦਗੀ ਨਾਲ ਸਬੰਧਤ ਯੋਗਤਾ, ਲੋੜੀਂਦੇ ਦਸਤਾਵੇਜ਼, ਦਿਸ਼ਾ-ਨਿਰਦੇਸ਼ ਅਤੇ ਬਿਨੈ ਕਰਨ ਦੀ ਵਿਧੀ ਬਾਰੇ ਵਿਸਥਾਰਤ ਜਾਣਕਾਰੀ ਉਪਲਬਧ ਹੈ।
15 ਅਗਸਤ ਤੱਕ ਭੇਜੇ ਜਾ ਸਕਣਗੇ ਪ੍ਰਸਤਾਵ
ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਆਨਲਾਈਨ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 15 ਅਗਸਤ 2026 ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਨਾਗਰਿਕਾਂ ਅਤੇ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਆਖ਼ਰੀ ਦਿਨ ਦੀ ਉਡੀਕ ਕਰਨ ਦੀ ਬਜਾਏ ਸਮੇਂ ਸਿਰ ਨਾਮਜ਼ਦਗੀ ਪ੍ਰਕਿਰਿਆ ਪੂਰੀ ਕਰਨ, ਤਾਂ ਜੋ ਕਿਸੇ ਤਕਨੀਕੀ ਦਿੱਕਤ ਕਾਰਨ ਅਰਜ਼ੀ ਜਮ੍ਹਾਂ ਕਰਵਾਉਣ ਵਿੱਚ ਮੁਸ਼ਕਲ ਨਾ ਆਵੇ।
ਗੁਮਨਾਮ ਸੇਵਾਦਾਰਾਂ ਨੂੰ ਵੀ ਸਾਹਮਣੇ ਲਿਆਉਣ ਦੀ ਅਪੀਲ
ਦਲਵਿੰਦਰਜੀਤ ਸਿੰਘ ਨੇ ਕਿਹਾ ਕਿ ਸਮਾਜ ਵਿੱਚ ਅਜਿਹੇ ਬਹੁਤ ਸਾਰੇ ਵਿਅਕਤੀ ਮੌਜੂਦ ਹਨ ਜੋ ਬਿਨਾਂ ਕਿਸੇ ਉਮੀਦ ਦੇ ਲੰਮੇ ਸਮੇਂ ਤੋਂ ਲੋਕ ਸੇਵਾ, ਮਾਨਵਤਾ ਅਤੇ ਦੇਸ਼ ਦੀ ਭਲਾਈ ਲਈ ਕੰਮ ਕਰ ਰਹੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਆਲੇ-ਦੁਆਲੇ ਅਜਿਹੀਆਂ ਪ੍ਰੇਰਨਾਦਾਇਕ ਸ਼ਖ਼ਸੀਅਤਾਂ ਦੀ ਪਛਾਣ ਕਰਕੇ ਉਨ੍ਹਾਂ ਦੇ ਨਾਂ ਪਦਮ ਪੁਰਸਕਾਰਾਂ ਲਈ ਭੇਜੇ ਜਾਣ।
ਉਨ੍ਹਾਂ ਕਿਹਾ ਕਿ ਅਜਿਹੇ ਸਨਮਾਨਾਂ ਰਾਹੀਂ ਸਮਾਜ ਲਈ ਨਿਸ਼ਕਾਮ ਭਾਵਨਾ ਨਾਲ ਕੰਮ ਕਰਨ ਵਾਲੀਆਂ ਪ੍ਰਤਿਭਾਵਾਂ ਨੂੰ ਕੌਮੀ ਪੱਧਰ ’ਤੇ ਮਾਨਤਾ ਮਿਲਦੀ ਹੈ ਅਤੇ ਹੋਰਨਾਂ ਲੋਕਾਂ ਨੂੰ ਵੀ ਸਮਾਜ ਭਲਾਈ ਲਈ ਪ੍ਰੇਰਣਾ ਮਿਲਦੀ ਹੈ।

