ਅੰਮ੍ਰਿਤਸਰ :- ਪੰਜਾਬ ਸਰਕਾਰ ਵੱਲੋਂ 27 ਜੂਨ ਦੀ ਸ਼ਾਮ ਨੂੰ ਰਣਜੀਤ ਐਵੀਨਿਊ ਸਥਿਤ ਪਾਰਟੀਸ਼ਨ ਗਰਾਊਂਡ ਵਿੱਚ ਕਰਵਾਏ ਜਾ ਰਹੇ ਧਾਰਮਿਕ ਸਮਾਗਮ ‘ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਨੂੰ ਧਿਆਨ ਵਿੱਚ ਰੱਖਦਿਆਂ ਅੰਮ੍ਰਿਤਸਰ ਟਰੈਫਿਕ ਪੁਲਿਸ ਨੇ ਵਿਸ਼ੇਸ਼ ਟਰੈਫਿਕ ਰੂਟ ਪਲਾਨ ਅਤੇ ਐਡਵਾਈਜ਼ਰੀ ਜਾਰੀ ਕੀਤੀ ਹੈ। ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਅਤੇ ਵਿਸ਼ੇਸ਼ ਮਹਿਮਾਨਾਂ ਦੀ ਆਮਦ ਨੂੰ ਦੇਖਦੇ ਹੋਏ ਸ਼ਹਿਰ ਵਿੱਚ ਟਰੈਫਿਕ ਨੂੰ ਸੁਚਾਰੂ ਰੱਖਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਵੀਵੀਆਈਪੀ ਆਵਾਜਾਈ ਕਾਰਨ ਕੁਝ ਰੂਟਾਂ ‘ਤੇ ਰਹੇਗੀ ਪਾਬੰਦੀ
ਏਡੀਸੀਪੀ ਟਰੈਫਿਕ ਅਮਨਦੀਪ ਕੌਰ ਨੇ ਦੱਸਿਆ ਕਿ ਸਮਾਗਮ ਦੌਰਾਨ ਵੀਵੀਆਈਪੀ ਮੂਵਮੈਂਟ ਨੂੰ ਧਿਆਨ ਵਿੱਚ ਰੱਖਦਿਆਂ ਹਰਤੇਜ ਹਸਪਤਾਲ ਤੋਂ ਗੁਮਟਾਲਾ ਰੋਡ ਅਤੇ ਟੀ-ਪੁਆਇੰਟ ਤੋਂ ਇਨ-ਆਉਟ ਬੇਕਰੀ ਵੱਲ ਜਾਂਦੀ ਸੜਕ ‘ਤੇ ਆਮ ਲੋਕਾਂ ਨੂੰ ਬਿਨਾਂ ਲੋੜ ਆਵਾਜਾਈ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਗਈ ਹੈ। ਇਨ੍ਹਾਂ ਰੂਟਾਂ ‘ਤੇ ਟਰੈਫਿਕ ਨੂੰ ਨਿਯਮਤ ਕਰਨ ਲਈ ਵਾਧੂ ਪੁਲਿਸ ਫ਼ੋਰਸ ਤਾਇਨਾਤ ਰਹੇਗੀ।
ਸ਼ਹਿਰ ਵਾਸੀਆਂ ਲਈ ਬਦਲਵੇਂ ਰਸਤੇ ਤੈਅ
ਟਰੈਫਿਕ ਪੁਲਿਸ ਨੇ ਸ਼ਹਿਰ ਵਾਸੀਆਂ ਨੂੰ ਸਲਾਹ ਦਿੱਤੀ ਹੈ ਕਿ ਰਣਜੀਤ ਐਵੀਨਿਊ ਵੱਲ ਜਾਣ ਲਈ ਰਤਨ ਸਿੰਘ ਚੌਂਕ, ਐੱਮ.ਕੇ. ਹੋਟਲ ਰੋਡ, ਬੈਸਟ ਵੈਸਟਰਨ ਰੋਡ, ਟੀ-ਪੁਆਇੰਟ ਅਤੇ ਸੀ-ਮਾਰਕੀਟ ਟੀ-ਪੁਆਇੰਟ ਵਾਲੇ ਬਦਲਵੇਂ ਰੂਟਾਂ ਦੀ ਵਰਤੋਂ ਕੀਤੀ ਜਾਵੇ। ਇਸੇ ਤਰ੍ਹਾਂ ਸ਼ਹਿਰ ਤੋਂ ਬਾਹਰੋਂ ਆਉਣ ਵਾਲੇ ਵਾਹਨ ਚਾਲਕਾਂ ਨੂੰ ਆਈ.ਟੀ.ਆਈ. ਤੋਂ ਆਨੰਦ ਪਾਰਕ ਵਾਲਾ ਰਸਤਾ ਅਪਣਾਉਣ ਦੀ ਸਲਾਹ ਦਿੱਤੀ ਗਈ ਹੈ।
ਸੁਰੱਖਿਆ ਅਤੇ ਟਰੈਫਿਕ ਲਈ ਪੁਖ਼ਤਾ ਪ੍ਰਬੰਧ
ਏਡੀਸੀਪੀ ਟਰੈਫਿਕ ਨੇ ਕਿਹਾ ਕਿ ਸਮਾਗਮ ਨੂੰ ਸ਼ਾਂਤੀਪੂਰਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੁਰੱਖਿਆ ਅਤੇ ਟਰੈਫਿਕ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਕਾਨੂੰਨ-ਵਿਵਸਥਾ ਭੰਗ ਕਰਨ ਜਾਂ ਕਿਸੇ ਵੀ ਤਰ੍ਹਾਂ ਦੀ ਸ਼ਰਾਰਤੀ ਹਰਕਤ ਕਰਨ ਵਾਲੇ ਅਨਸਰਾਂ ਖ਼ਿਲਾਫ਼ ਤੁਰੰਤ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਟਰੈਫਿਕ ਪੁਲਿਸ ਨੇ ਲੋਕਾਂ ਤੋਂ ਮੰਗਿਆ ਸਹਿਯੋਗ
ਟਰੈਫਿਕ ਪੁਲਿਸ ਨੇ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਜਾਰੀ ਕੀਤੀ ਗਈ ਟਰੈਫਿਕ ਐਡਵਾਈਜ਼ਰੀ ਦੀ ਪਾਲਣਾ ਕਰਨ, ਨਿਰਧਾਰਤ ਰੂਟਾਂ ਦੀ ਵਰਤੋਂ ਕਰਨ ਅਤੇ ਡਿਊਟੀ ‘ਤੇ ਤਾਇਨਾਤ ਪੁਲਿਸ ਕਰਮਚਾਰੀਆਂ ਨਾਲ ਪੂਰਾ ਸਹਿਯੋਗ ਕਰਨ, ਤਾਂ ਜੋ ਟਰੈਫਿਕ ਵਿਵਸਥਾ ਸੁਚਾਰੂ ਬਣੀ ਰਹੇ ਅਤੇ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

