ਅੰਮ੍ਰਿਤਸਰ :- ਸਥਾਨਕ ਜੰਡਿਆਲਾ ਰੋਡ ਤੇ ਪੈਂਦੇ ਪਿੰਡ ਮੱਲ੍ਹੀਆਂ ਖੁਰਦ ਵਿੱਚ ਮੰਗਲਵਾਰ ਨੂੰ ਦਿਨ-ਦਿਹਾੜੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਮੋਟਰਸਾਈਕਲ ’ਤੇ ਆਏ ਤਿੰਨ ਨਕਾਬਪੋਸ਼ ਵਿਅਕਤੀਆਂ ਨੇ ਇਕ ਫਰਨੀਚਰ ਸ਼ੋਅਰੂਮ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀਆਂ ਚਲਾ ਦਿੱਤੀਆਂ। ਫਾਇਰਿੰਗ ਦੌਰਾਨ ਸ਼ੋਅਰੂਮ ਮਾਲਕ ਅਮਰਦੀਪ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਮੋਟਰਸਾਈਕਲ ’ਤੇ ਆਏ ਸਨ ਤਿੰਨ ਨਕਾਬਪੋਸ਼
ਮਿਲੀ ਜਾਣਕਾਰੀ ਅਨੁਸਾਰ ਪਿੰਡ ਮੱਲ੍ਹੀਆਂ ਖੁਰਦ ਵਿੱਚ ਜੰਡਿਆਲਾ ਗੁਰੂ ਵੱਲ ਜਾਣ ਵਾਲੀ ਮੁੱਖ ਸੜਕ ’ਤੇ ਸਥਿਤ ‘ਅਮਰ ਫਰਨੀਚਰ ਹਾਊਸ’ ਵਿੱਚ ਇਹ ਘਟਨਾ ਵਾਪਰੀ। ਵਾਰਦਾਤ ਸਮੇਂ ਸ਼ੋਅਰੂਮ ਮਾਲਕ ਅਮਰਦੀਪ ਸਿੰਘ ਪੁੱਤਰ ਹਰਭਜਨ ਸਿੰਘ, ਵਾਸੀ ਪਿੰਡ ਕੱਦਗਿੱਲ, ਅੰਦਰ ਮੌਜੂਦ ਸੀ।
ਇਸੇ ਦੌਰਾਨ ਇਕ ਮੋਟਰਸਾਈਕਲ ’ਤੇ ਤਿੰਨ ਨਕਾਬਪੋਸ਼ ਵਿਅਕਤੀ ਸ਼ੋਅਰੂਮ ਦੇ ਬਾਹਰ ਪਹੁੰਚੇ। ਉਨ੍ਹਾਂ ਵਿੱਚੋਂ ਦੋ ਮੋਟਰਸਾਈਕਲ ਕੋਲ ਸੜਕ ’ਤੇ ਹੀ ਰੁਕੇ ਰਹੇ, ਜਦਕਿ ਤੀਜਾ ਵਿਅਕਤੀ ਸ਼ੋਅਰੂਮ ਦੇ ਅੰਦਰ ਚਲਾ ਗਿਆ।
ਚਿਹਰਾ ਢਕਣ ’ਤੇ ਹੋਈ ਪੁੱਛਗਿੱਛ, ਫਿਰ ਚਲਾ ਦਿੱਤੀ ਗੋਲੀ
ਦੱਸਿਆ ਜਾ ਰਿਹਾ ਹੈ ਕਿ ਅੰਦਰ ਦਾਖ਼ਲ ਹੋਏ ਵਿਅਕਤੀ ਨੇ ਆਪਣਾ ਚਿਹਰਾ ਕੱਪੜੇ ਨਾਲ ਢਕਿਆ ਹੋਇਆ ਸੀ। ਅਮਰਦੀਪ ਸਿੰਘ ਵੱਲੋਂ ਉਸ ਨੂੰ ਚਿਹਰਾ ਢਕਿਆ ਕੱਪੜਾ ਹਟਾਉਣ ਲਈ ਕਿਹਾ ਗਿਆ। ਇਸ ਤੋਂ ਬਾਅਦ ਉਕਤ ਵਿਅਕਤੀ ਨੇ ਪਿਸਤੌਲ ਕੱਢ ਕੇ ਅਮਰਦੀਪ ਸਿੰਘ ’ਤੇ ਗੋਲੀ ਚਲਾ ਦਿੱਤੀ। ਫਾਇਰਿੰਗ ਦੌਰਾਨ ਗੋਲੀ ਅਮਰਦੀਪ ਸਿੰਘ ਦੀ ਪੱਟ ਨੂੰ ਆਰ-ਪਾਰ ਕਰ ਗਈ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਘਟਨਾ ਤੋਂ ਬਾਅਦ ਤਿੰਨੇ ਨਕਾਬਪੋਸ਼ ਵਿਅਕਤੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਏ।
ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸ਼ੁਰੂ ਕੀਤੀ ਜਾਂਚ
ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਘਟਨਾ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਫ਼ਰਾਰ ਮੁਲਜ਼ਮਾਂ ਦੀ ਪਛਾਣ ਅਤੇ ਉਨ੍ਹਾਂ ਤੱਕ ਪਹੁੰਚਣ ਲਈ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

