ਅੰਮ੍ਰਿਤਸਰ :- ਅਜਨਾਲਾ ਇਲਾਕੇ ਵਿੱਚ ਐਤਵਾਰ ਦੇਰ ਰਾਤ ਅੰਮ੍ਰਿਤਸਰ GRP ਵਿੱਚ ਤਾਇਨਾਤ ASI ਸੁਖਚੈਨ ਸਿੰਘ ’ਤੇ ਤਿੰਨ ਨੌਜਵਾਨਾਂ ਵੱਲੋਂ ਗੋਲੀਬਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਦੌਰਾਨ ਇੱਕ ਗੋਲੀ ASI ਦੀ ਬਾਂਹ ਨੂੰ ਛੂਹ ਕੇ ਲੰਘ ਗਈ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਹਾਲਾਂਕਿ ਉਹ ਹਮਲਾਵਰਾਂ ਤੋਂ ਬਚ ਕੇ ਨਿਕਲਣ ਵਿੱਚ ਕਾਮਯਾਬ ਰਿਹਾ।
ਜਗਦੇਵ ਕਲਾਂ ਨੇੜੇ ਪਿੱਛਾ ਕਰਕੇ ਕੀਤੀ ਫਾਇਰਿੰਗ
ਜਾਣਕਾਰੀ ਮੁਤਾਬਕ ASI ਸੁਖਚੈਨ ਸਿੰਘ ਆਪਣੀ ਡਿਊਟੀ ਖ਼ਤਮ ਕਰਨ ਤੋਂ ਬਾਅਦ ਸਾਦੇ ਕੱਪੜਿਆਂ ਵਿੱਚ ਦੋਪਹੀਆ ਵਾਹਨ ’ਤੇ ਅਜਨਾਲਾ ਸਥਿਤ ਆਪਣੇ ਘਰ ਵੱਲ ਜਾ ਰਿਹਾ ਸੀ। ਜਦੋਂ ਉਹ ਜਗਦੇਵ ਕਲਾਂ ਪਿੰਡ ਨੇੜੇ ਪਹੁੰਚਿਆ ਤਾਂ ਇੱਕ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨਾਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਖ਼ਤਰਾ ਮਹਿਸੂਸ ਹੋਣ ’ਤੇ ASI ਨੇ ਆਪਣਾ ਵਾਹਨ ਤੇਜ਼ ਕਰ ਦਿੱਤਾ, ਪਰ ਹਮਲਾਵਰਾਂ ਨੇ ਪਿੱਛੋਂ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਕਰੀਬ ਤਿੰਨ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚੋਂ ਇੱਕ ਉਸ ਦੀ ਬਾਂਹ ਨੂੰ ਛੂਹ ਗਈ।
ਜ਼ਖਮੀ ਹਾਲਤ ਵਿੱਚ ਪੁਲਸ ਨੂੰ ਦਿੱਤੀ ਸੂਚਨਾ
ਗੋਲੀ ਲੱਗਣ ਦੇ ਬਾਵਜੂਦ ASI ਸੁਖਚੈਨ ਸਿੰਘ ਨੇ ਹਿੰਮਤ ਨਹੀਂ ਹਾਰੀ ਅਤੇ ਆਪਣਾ ਵਾਹਨ ਤੇਜ਼ ਕਰਕੇ ਹਮਲਾਵਰਾਂ ਤੋਂ ਦੂਰੀ ਬਣਾ ਲਈ। ਇਸ ਤੋਂ ਬਾਅਦ ਉਹ ਪੁਲਸ ਨੂੰ ਘਟਨਾ ਦੀ ਜਾਣਕਾਰੀ ਦੇਣ ਦੇ ਨਾਲ ਇਲਾਜ ਲਈ ਨੇੜਲੇ ਹਸਪਤਾਲ ਪਹੁੰਚਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਹਮਲੇ ਦੇ ਕਾਰਨਾਂ ਦੀ ਜਾਂਚ, ਅੱਤਵਾਦੀ ਕੋਣ ਵੀ ਖੰਗਾਲ ਰਹੀ ਪੁਲਸ
ਪੁਲਸ ਵੱਲੋਂ ਤਿੰਨਾਂ ਹਮਲਾਵਰਾਂ ਦੀ ਪਛਾਣ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਦੌਰਾਨ ਇਸ ਹਮਲੇ ਨੂੰ ਅੱਤਵਾਦੀ ਕੋਣ ਅਤੇ ਪੁਰਾਣੀ ਰੰਜਿਸ਼ ਨਾਲ ਜੋੜ ਕੇ ਵੀ ਜਾਂਚਿਆ ਜਾ ਰਿਹਾ ਹੈ। ਫਿਲਹਾਲ ਹਮਲੇ ਦੇ ਪਿੱਛੇ ਅਸਲ ਕਾਰਨ ਅਤੇ ਹਮਲਾਵਰਾਂ ਦੀ ਪਛਾਣ ਸਬੰਧੀ ਜਾਂਚ ਜਾਰੀ ਹੈ।

