ਨਵਾਂਸ਼ਹਿਰ :- ਨਵਾਂਸ਼ਹਿਰ ਜ਼ਿਲ੍ਹੇ ਦੇ ਬੰਗਾ ਨੇੜੇ ਪਿੰਡ ਮਜਾਰੀ ਕੋਲ ਸੋਮਵਾਰ ਨੂੰ ਇੱਕ ਸੈਲਾਨੀ ਬੱਸ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਵਿੱਚ ਬੱਸ ਦੇ ਕੰਡਕਟਰ ਸਮੇਤ 3 ਵਿਅਕਤੀਆਂ ਦੀ ਮੌਤ ਹੋਣ ਦੀ ਸੂਚਨਾ ਹੈ। ਬੱਸ ਮਨਾਲੀ ਤੋਂ ਅੰਮ੍ਰਿਤਸਰ ਸਾਹਿਬ ਵੱਲ ਜਾ ਰਹੀ ਸੀ ਅਤੇ ਇਸ ਵਿੱਚ ਕਰੀਬ 25 ਸਵਾਰੀਆਂ ਮੌਜੂਦ ਸਨ।
ਓਵਰਬ੍ਰਿਜ ਤੋਂ ਉਤਰਦੇ ਸਮੇਂ ਵਾਪਰਿਆ ਹਾਦਸਾ
ਮੁੱਢਲੀ ਜਾਣਕਾਰੀ ਅਨੁਸਾਰ ਬੰਗਾ ਦੇ ਓਵਰਬ੍ਰਿਜ ਤੋਂ ਹੇਠਾਂ ਆਉਂਦੇ ਸਮੇਂ ਪਿੰਡ ਮਜਾਰੀ ਨੇੜੇ ਬੱਸ ਅਚਾਨਕ ਬੇਕਾਬੂ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਡਰਾਈਵਰ ਦੀ ਅੱਖ ਲੱਗ ਗਈ, ਜਿਸ ਕਾਰਨ ਬੱਸ ਸਰਵਿਸ ਰੋਡ ਵੱਲ ਜਾ ਕੇ ਪਲਟ ਗਈ। ਹਾਦਸੇ ਵਿੱਚ ਇੱਕ ਮਹਿਲਾ ਅਤੇ ਬੱਸ ਦੇ ਕੰਡਕਟਰ ਸਮੇਤ 3 ਲੋਕਾਂ ਦੀ ਜਾਨ ਚਲੀ ਗਈ। ਹਾਦਸੇ ਤੋਂ ਬਾਅਦ ਬੱਸ ਚਾਲਕ ਦੇ ਮੌਕੇ ਤੋਂ ਫ਼ਰਾਰ ਹੋਣ ਦੀ ਜਾਣਕਾਰੀ ਮਿਲੀ ਹੈ।
ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਟੀਮ ਮੌਕੇ ’ਤੇ ਪਹੁੰਚੀ ਅਤੇ ਰਾਹਤ ਕਾਰਜ ਸ਼ੁਰੂ ਕੀਤੇ। ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ। ਹਾਦਸੇ ਵਿੱਚ ਜ਼ਖਮੀ ਹੋਈਆਂ ਸਵਾਰੀਆਂ ਨੂੰ ਵੀ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਮੁੱਢਲੀ ਜਾਣਕਾਰੀ ਮੁਤਾਬਕ ਕਈ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਫ਼ਰਾਰ ਡਰਾਈਵਰ ਦੀ ਭਾਲ, ਜਾਂਚ ਜਾਰੀ
ਪੁਲਸ ਵੱਲੋਂ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਮੌਕੇ ਤੋਂ ਫ਼ਰਾਰ ਹੋਏ ਬੱਸ ਡਰਾਈਵਰ ਦੀ ਭਾਲ ਵੀ ਕੀਤੀ ਜਾ ਰਹੀ ਹੈ। ਹਾਦਸੇ ਸਬੰਧੀ ਪੁਲਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

