ਨਵੀਂ ਦਿੱਲੀ :- ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਆਪਣਾ ਅਸਤੀਫ਼ਾ ਅੱਜ ਰਸਮੀ ਤੌਰ ਤੇ ਉਨ੍ਹਾਂ ਨੂੰ ਸੌਂਪ ਦਿੱਤਾ ਹੈ। ਮੁਲਾਕਾਤ ਤੋਂ ਬਾਅਦ ਵੜਿੰਗ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਉਨ੍ਹਾਂ ਨੂੰ ਇਸ ਦੌਰਾਨ ਬਹੁਤ ਪਿਆਰ ਮਿਲਿਆ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਕਾਂਗਰਸ ਦੀਆਂ ਚੁਣੌਤੀਆਂ, ਪਾਰਟੀ ਨੂੰ ਅੱਗੇ ਕੀ ਕਰਨਾ ਚਾਹੀਦਾ ਹੈ ਅਤੇ ਆਪਣੇ ਸਾਢੇ ਚਾਰ ਸਾਲ ਦੇ ਤਜਰਬੇ ਬਾਰੇ ਉਨ੍ਹਾਂ ਨੇ ਰਾਹੁਲ ਗਾਂਧੀ ਨਾਲ ਵਿਸਥਾਰ ਵਿੱਚ ਗੱਲਬਾਤ ਕੀਤੀ।
ਵੜਿੰਗ ਨੇ ਕਿਹਾ, ਪੰਜਾਬ ਵਿੱਚ ਕਾਂਗਰਸ ਨੂੰ ਦਰਪੇਸ਼ ਚੁਣੌਤੀਆਂ ਬਾਰੇ ਰਾਹੁਲ ਨਾਲ ਕੀਤੀ ਗੱਲ
ਰਾਜਾ ਵੜਿੰਗ ਨੇ ਕਿਹਾ ਕਿ ਮੁਲਾਕਾਤ ਦੌਰਾਨ ਉਨ੍ਹਾਂ ਨੇ ਰਾਹੁਲ ਗਾਂਧੀ ਨਾਲ ਪੰਜਾਬ ਦੀ ਸਿਆਸੀ ਸਥਿਤੀ ਅਤੇ ਕਾਂਗਰਸ ਅੱਗੇ ਮੌਜੂਦ ਚੁਣੌਤੀਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਚੁਣੌਤੀਆਂ ਨਾਲ ਕਿਵੇਂ ਨਜਿੱਠਿਆ ਜਾ ਸਕਦਾ ਹੈ ਅਤੇ ਪਾਰਟੀ ਨੂੰ ਪੰਜਾਬ ਵਿੱਚ ਅੱਗੇ ਕਿਹੜੇ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਹੈ, ਇਸ ਬਾਰੇ ਵੀ ਚਰਚਾ ਹੋਈ।
‘ਮੇਰੇ ਵਰਗੇ ਵਰਕਰ ਨੂੰ ਪ੍ਰਧਾਨ ਬਣਾਉਣ ਲਈ ਰਾਹੁਲ ਗਾਂਧੀ ਦਾ ਧੰਨਵਾਦੀ ਹਾਂ’
ਵੜਿੰਗ ਨੇ ਕਿਹਾ ਕਿ ਉਹ ਰਾਹੁਲ ਗਾਂਧੀ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਉਨ੍ਹਾਂ ਵਰਗੇ ਇੱਕ ਵਰਕਰ ਨੂੰ ਪੰਜਾਬ ਕਾਂਗਰਸ ਦੀ ਅਗਵਾਈ ਦੀ ਜ਼ਿੰਮੇਵਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੇ ਇੱਕ ਨਾ ਇੱਕ ਦਿਨ ਆਪਣੇ ਅਹੁਦੇ ਤੋਂ ਹਟਣਾ ਹੁੰਦਾ ਹੈ। ਵੜਿੰਗ ਨੇ ਕਿਹਾ ਕਿ ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ ਅਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਜਦੋਂ ਵੀ ਕਾਂਗਰਸ ਨੂੰ ਉਨ੍ਹਾਂ ਦੀ ਲੋੜ ਪਵੇਗੀ, ਉਹ ਪਾਰਟੀ ਦੇ ਨਾਲ ਖੜ੍ਹੇ ਰਹਿਣਗੇ।
‘ਮੇਰਾ ਅਸਤੀਫ਼ਾ ਲਿਆ ਨਹੀਂ ਗਿਆ, ਮੈਂ ਖੁਦ ਦਿੱਤਾ ਹੈ’
ਆਪਣੇ ਅਸਤੀਫ਼ੇ ਬਾਰੇ ਸਪੱਸ਼ਟ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਤੋਂ ਅਸਤੀਫ਼ਾ ਨਹੀਂ ਲਿਆ ਗਿਆ, ਸਗੋਂ ਉਨ੍ਹਾਂ ਨੇ ਖੁਦ ਅਸਤੀਫ਼ਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਸੀ ਅਤੇ ਹੁਣ ਉਨ੍ਹਾਂ ਨੇ ਆਪਣਾ ਅਸਤੀਫ਼ਾ ਵੀ ਉਨ੍ਹਾਂ ਨੂੰ ਹੀ ਸੌਂਪਿਆ ਹੈ। ਵੜਿੰਗ ਨੇ ਕਿਹਾ ਕਿ ਉਹ ਕਿਸੇ ਦੇ ਰਹਿਮੋ-ਕਰਮ ’ਤੇ ਨਹੀਂ ਜਿਊਂਦੇ।
‘ਚੋਟੀ ’ਤੇ ਪਹੁੰਚਣਾ ਪ੍ਰਾਪਤੀ ਹੈ, ਪਰ ਉੱਥੇ ਕੋਈ ਟਿਕਿਆ ਨਹੀਂ ਰਹਿ ਸਕਦਾ’
ਵੜਿੰਗ ਨੇ ਆਪਣੇ ਸਿਆਸੀ ਸਫ਼ਰ ਅਤੇ ਅਹੁਦੇ ਬਾਰੇ ਕਿਹਾ ਕਿ ਚੋਟੀ ’ਤੇ ਪਹੁੰਚਣਾ ਇੱਕ ਪ੍ਰਾਪਤੀ ਹੁੰਦੀ ਹੈ, ਪਰ ਕੋਈ ਵੀ ਵਿਅਕਤੀ ਹਮੇਸ਼ਾ ਚੋਟੀ ’ਤੇ ਨਹੀਂ ਰਹਿ ਸਕਦਾ। ਉਨ੍ਹਾਂ ਕਿਹਾ ਕਿ ਉਹ ਹੁਣ ਸਾਬਕਾ ਪ੍ਰਧਾਨ ਹਨ। ਵੜਿੰਗ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਅਤੇ ਉਹ ਸਿਰਫ਼ ਆਪਣੇ ਮਨ ਦੀ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ’ਤੇ ਜੋ ਵੀ ਮਿਹਰਬਾਨੀ ਹੋਈ ਹੈ, ਉਹ ਰਾਹੁਲ ਗਾਂਧੀ ਦੀ ਸੀ ਅਤੇ ਉਨ੍ਹਾਂ ਨੇ ਆਪਣੇ ਲੀਡਰ ਸਾਹਮਣੇ ਆਪਣੀ ਗੱਲ ਰੱਖ ਦਿੱਤੀ ਹੈ।

