ਪਿਘਲੇ ਲੋਹੇ ਦੀ ਲਪੇਟ ’ਚ ਆਏ ਮਜ਼ਦੂਰ, ਖੰਨਾ ਦੇ ਨਿੱਜੀ ਹਸਪਤਾਲ ’ਚ ਕਰਵਾਇਆ ਗਿਆ ਸੀ ਦਾਖ਼ਲ; ਪੁਲਸ ਨੇ ਸ਼ੁਰੂ ਕੀਤੀ ਜਾਂਚ
ਖੰਨਾ :- ਭਾਦਲਾ ਰੋਡ ’ਤੇ ਪਿੰਡ ਅਲੌੜ ਵਿਖੇ ਸਥਿਤ ਇਕ ਸਟੀਲ ਰੋਲਿੰਗ ਮਿੱਲ ਵਿੱਚ ਕੰਮ ਦੌਰਾਨ ਵੱਡਾ ਹਾਦਸਾ ਵਾਪਰਿਆ, ਜਿਸ ਵਿੱਚ 6 ਮਜ਼ਦੂਰ ਗੰਭੀਰ ਰੂਪ ਵਿੱਚ ਝੁਲਸ ਗਏ। ਹਾਦਸੇ ਤੋਂ ਬਾਅਦ ਸਾਰੇ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਖੰਨਾ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਨ੍ਹਾਂ ਵਿੱਚੋਂ 3 ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਬਾਅਦ ਵਿੱਚ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ।
ਲੋਹਾ ਪਿਘਲਾਉਂਦੇ ਸਮੇਂ ਵਾਪਰਿਆ ਹਾਦਸਾ
ਜਾਣਕਾਰੀ ਮੁਤਾਬਕ ਮਿੱਲ ਦੀ ਭੱਠੀ ਵਿੱਚ ਲੋਹਾ ਪਿਘਲਾ ਕੇ ਇੰਗਟ ਅਤੇ ਬਿਲੇਟ ਤਿਆਰ ਕਰਨ ਦਾ ਕੰਮ ਚੱਲ ਰਿਹਾ ਸੀ। ਇਸੇ ਦੌਰਾਨ ਭੱਠੀ ਵਿੱਚ ਅਚਾਨਕ ਤੇਜ਼ ਉਬਾਲ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਪਿਘਲੇ ਹੋਏ ਲੋਹੇ ਵਿੱਚ ਕੋਈ ਛੋਟਾ ਟੁਕੜਾ ਰਹਿ ਜਾਣ ਕਾਰਨ ਇਹ ਸਥਿਤੀ ਬਣੀ, ਜਿਸ ਤੋਂ ਬਾਅਦ ਭੱਠੀ ਵਿੱਚੋਂ ਗਰਮ ਪਦਾਰਥ ਬਾਹਰ ਆ ਗਿਆ ਅਤੇ ਨੇੜੇ ਕੰਮ ਕਰ ਰਹੇ ਮਜ਼ਦੂਰ ਇਸ ਦੀ ਲਪੇਟ ਵਿੱਚ ਆ ਗਏ।
6 ਮਜ਼ਦੂਰ ਝੁਲਸੇ, 3 ਦੀ ਹਾਲਤ ਗੰਭੀਰ
ਹਾਦਸੇ ਵਿੱਚ ਕੁੱਲ 6 ਮਜ਼ਦੂਰਾਂ ਦੇ ਝੁਲਸਣ ਦੀ ਪੁਸ਼ਟੀ ਹੋਈ ਹੈ। ਸਾਰੇ ਜ਼ਖ਼ਮੀਆਂ ਨੂੰ ਪਹਿਲਾਂ ਖੰਨਾ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ। ਪੁਲਸ ਮੁਤਾਬਕ 3 ਮਜ਼ਦੂਰਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਬਿਹਤਰ ਇਲਾਜ ਲਈ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ ਭੇਜਿਆ ਗਿਆ, ਜਦਕਿ ਬਾਕੀ 3 ਜ਼ਖ਼ਮੀਆਂ ਦਾ ਇਲਾਜ ਖੰਨਾ ਵਿੱਚ ਹੀ ਜਾਰੀ ਹੈ।
ਥਾਣਾ ਸਦਰ ਪੁਲਸ ਨੇ ਸ਼ੁਰੂ ਕੀਤੀ ਜਾਂਚ
ਹਾਦਸੇ ਦੀ ਸੂਚਨਾ ਮਿਲਣ ਤੇ ਥਾਣਾ ਸਦਰ ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਥਾਣਾ ਸਦਰ ਦੇ ਇੰਸਪੈਕਟਰ ਪਵਿੱਤਰ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ 6 ਮਜ਼ਦੂਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ 3 ਨੂੰ ਗੰਭੀਰ ਹਾਲਤ ਦੇ ਚਲਦਿਆਂ ਡੀ.ਐੱਮ.ਸੀ. ਲੁਧਿਆਣਾ ਰੈਫ਼ਰ ਕੀਤਾ ਗਿਆ ਹੈ।
ਜ਼ਖ਼ਮੀਆਂ ਦੇ ਬਿਆਨਾਂ ਮਗਰੋਂ ਹੋਵੇਗੀ ਅਗਲੀ ਕਾਰਵਾਈ
ਪੁਲਸ ਅਨੁਸਾਰ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਜ਼ਖ਼ਮੀ ਮਜ਼ਦੂਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਮਾਮਲੇ ਵਿੱਚ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

