ਬਟਾਲਾ :- ਡੇਰਾ ਬਾਬਾ ਨਾਨਕ ਦੇ ਇੱਕ ਸਕੂਲ ਤੋਂ ਦਸਵੀਂ ਜਮਾਤ ਦਾ 14 ਸਾਲਾ ਵਿਦਿਆਰਥੀ ਰਹੱਸਮਈ ਹਾਲਾਤਾਂ ਵਿੱਚ ਲਾਪਤਾ ਹੋ ਗਿਆ। ਲਾਪਤਾ ਵਿਦਿਆਰਥੀ ਦੀ ਪਛਾਣ ਜਸਕਰਨ ਸਿੰਘ ਪੁੱਤਰ ਗੁਰਦੀਪ ਸਿੰਘ, ਵਾਸੀ ਵਾਰਡ ਨੰਬਰ-5 ਡੇਰਾ ਬਾਬਾ ਨਾਨਕ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਪਰਿਵਾਰ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਪੁਲਿਸ ਵੱਲੋਂ ਵਿਦਿਆਰਥੀ ਦੀ ਭਾਲ ਕੀਤੀ ਜਾ ਰਹੀ ਹੈ।
ਛੁੱਟੀ ਤੋਂ ਬਾਅਦ ਘਰ ਨਹੀਂ ਪਹੁੰਚਿਆ ਵਿਦਿਆਰਥੀ
ਪਰਿਵਾਰਕ ਮੈਂਬਰਾਂ ਅਨੁਸਾਰ ਜਸਕਰਨ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਕੂਲ ਗਿਆ ਸੀ, ਪਰ ਛੁੱਟੀ ਮਗਰੋਂ ਵਾਪਸ ਘਰ ਨਹੀਂ ਆਇਆ। ਜਦੋਂ ਦੁਪਹਿਰ ਕਰੀਬ ਢਾਈ ਵਜੇ ਤੱਕ ਉਹ ਘਰ ਨਾ ਪਹੁੰਚਿਆ ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਸਕੂਲ ਵਿੱਚ ਜਾਣਕਾਰੀ ਲੈਣ ‘ਤੇ ਕੁਝ ਵਿਦਿਆਰਥੀਆਂ ਨੇ ਦੱਸਿਆ ਕਿ ਇੱਕ ਵਿਅਕਤੀ ਜਸਕਰਨ ਨੂੰ ਇਹ ਕਹਿ ਕੇ ਬਾਹਰ ਲੈ ਗਿਆ ਕਿ ਉਸ ਦੇ ਪਿਤਾ ਉਸ ਨੂੰ ਲੈਣ ਆਏ ਹਨ।
ਪਰਿਵਾਰ ਨੇ ਜਤਾਇਆ ਅਗਵਾ ਹੋਣ ਦਾ ਸ਼ੱਕ
ਵਿਦਿਆਰਥੀ ਦੀ ਦਾਦੀ ਅਮਰਜੀਤ ਕੌਰ ਪਤਨੀ ਬਲਵਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਜਸਕਰਨ ਦੇ ਪਿਤਾ ਪਿਛਲੇ ਕਰੀਬ ਚਾਰ ਸਾਲਾਂ ਤੋਂ ਘਰ ਤੋਂ ਲਾਪਤਾ ਹਨ। ਪਰਿਵਾਰ ਨੂੰ ਸ਼ੱਕ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਬੱਚੇ ਨੂੰ ਗੁੰਮਰਾਹ ਕਰਕੇ ਆਪਣੇ ਨਾਲ ਲੈ ਗਿਆ ਹੋ ਸਕਦਾ ਹੈ। ਪਰਿਵਾਰ ਵੱਲੋਂ ਜਸਕਰਨ ਦੀ ਸੁਰੱਖਿਅਤ ਵਾਪਸੀ ਲਈ ਪੁਲਿਸ ਤੋਂ ਮਦਦ ਦੀ ਮੰਗ ਕੀਤੀ ਗਈ ਹੈ।
ਸਕੂਲ ਪ੍ਰਬੰਧਨ ‘ਤੇ ਲਾਪਰਵਾਹੀ ਦੇ ਦੋਸ਼
ਜਸਕਰਨ ਦੇ ਮਾਮੇ ਨੇ ਸਕੂਲ ਪ੍ਰਸ਼ਾਸਨ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਸਕੂਲ ਵਿੱਚ ਬੱਚਿਆਂ ਨੂੰ ਲੈਣ ਆਉਣ ਵਾਲੇ ਵਿਅਕਤੀਆਂ ਦੀ ਪਛਾਣ ਕਰਨ ਲਈ ਕੋਈ ਢੁੱਕਵੀਂ ਵਿਵਸਥਾ ਨਹੀਂ ਸੀ। ਉਨ੍ਹਾਂ ਦਾਅਵਾ ਕੀਤਾ ਕਿ ਸਕੂਲ ਦੇ ਸੀਸੀਟੀਵੀ ਕੈਮਰੇ ਵੀ ਬੰਦ ਸਨ, ਜਿਸ ਕਾਰਨ ਘਟਨਾ ਨਾਲ ਜੁੜੇ ਸਬੂਤ ਇਕੱਠੇ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ।
ਦੂਜੇ ਪਾਸੇ ਸਕੂਲ ਅਧਿਆਪਕਾ ਮਨਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਬਾਅਦ ਵਿੱਚ ਮਿਲੀ ਅਤੇ ਇਸ ਮਾਮਲੇ ਸਬੰਧੀ ਉਨ੍ਹਾਂ ਕੋਲ ਪੂਰੀ ਜਾਣਕਾਰੀ ਨਹੀਂ ਹੈ।
ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਸ਼ੁਰੂ
ਥਾਣਾ ਡੇਰਾ ਬਾਬਾ ਨਾਨਕ ਦੇ ਏਐੱਸਆਈ ਸਰੀਫ ਮਸੀਹ ਨੇ ਦੱਸਿਆ ਕਿ ਅਮਰਜੀਤ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਐੱਫ.ਆਈ.ਆਰ. ਨੰਬਰ 168 ਦਰਜ ਕਰ ਲਈ ਗਈ ਹੈ। ਪੁਲਿਸ ਮੁਤਾਬਕ ਜਸਕਰਨ ਦਾ ਸਕੂਲ ਬੈਗ ਸਕੂਲ ਵਿੱਚੋਂ ਹੀ ਮਿਲਿਆ ਹੈ ਅਤੇ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਕੋਈ ਅਣਪਛਾਤਾ ਵਿਅਕਤੀ ਉਸ ਨੂੰ ਆਪਣੇ ਨਾਲ ਲੈ ਗਿਆ।
ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਵਿਦਿਆਰਥੀ ਦੀ ਭਾਲ ਲਈ ਟੀਮਾਂ ਲਗਾਈਆਂ ਗਈਆਂ ਹਨ ਅਤੇ ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਜਲਦ ਹੀ ਜਸਕਰਨ ਨੂੰ ਲੱਭਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

