ਮੋਗਾ :- ਤਿਉਹਾਰਾਂ ਦੇ ਸੀਜ਼ਨ ਦੌਰਾਨ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ਲਈ ਮੋਗਾ ਜ਼ਿਲ੍ਹਾ ਪ੍ਰਸ਼ਾਸਨ ਨੇ ਪਟਾਕੇ ਚਲਾਉਣ ਸਬੰਧੀ ਸਮਾਂ ਨਿਰਧਾਰਤ ਕਰ ਦਿੱਤਾ ਹੈ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਦੀਵਾਲੀ, ਗੁਰਪੁਰਬ, ਕ੍ਰਿਸਮਸ ਅਤੇ ਨਵੇਂ ਸਾਲ ਮੌਕੇ ਸਿਰਫ਼ ਗਰੀਨ ਪਟਾਕੇ ਹੀ ਨਿਰਧਾਰਤ ਸਮੇਂ ਦੌਰਾਨ ਚਲਾਏ ਜਾ ਸਕਣਗੇ। ਤੈਅ ਸਮੇਂ ਤੋਂ ਪਹਿਲਾਂ ਜਾਂ ਬਾਅਦ ਪਟਾਕੇ ਚਲਾਉਣ ਅਤੇ ਹੋਰ ਕਿਸਮ ਦੇ ਪਟਾਕਿਆਂ ’ਤੇ ਪਾਬੰਦੀ ਰਹੇਗੀ।
ਕਿਸ ਤਿਉਹਾਰ ਤੇ ਕਿੰਨਾ ਸਮਾਂ ਮਿਲੇਗਾ?
ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਮੁਤਾਬਕ ਪਟਾਕੇ ਚਲਾਉਣ ਦਾ ਸਮਾਂ ਇਸ ਤਰ੍ਹਾਂ ਤੈਅ ਕੀਤਾ ਗਿਆ ਹੈ:
-
ਦੀਵਾਲੀ: ਰਾਤ 8 ਵਜੇ ਤੋਂ 10 ਵਜੇ ਤੱਕ।
-
ਗੁਰਪੁਰਬ: ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਰਾਤ 9 ਵਜੇ ਤੋਂ 10 ਵਜੇ ਤੱਕ।
-
ਕ੍ਰਿਸਮਸ: 25 ਦਸੰਬਰ ਦੀ ਰਾਤ 11:55 ਵਜੇ ਤੋਂ 26 ਦਸੰਬਰ ਦੀ ਸਵੇਰ 12:30 ਵਜੇ ਤੱਕ।
-
ਨਵਾਂ ਸਾਲ: 31 ਦਸੰਬਰ ਦੀ ਰਾਤ 11:55 ਵਜੇ ਤੋਂ 1 ਜਨਵਰੀ 2027 ਦੀ ਸਵੇਰ 12:30 ਵਜੇ ਤੱਕ।
ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਹੋਵੇਗੀ ਕਾਰਵਾਈ
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤਿਉਹਾਰਾਂ ਨੂੰ ਸ਼ਾਂਤੀਪੂਰਨ ਅਤੇ ਵਾਤਾਵਰਣ ਪੱਖੀ ਢੰਗ ਨਾਲ ਮਨਾਉਣ। ਉਨ੍ਹਾਂ ਕਿਹਾ ਕਿ ਪਟਾਕੇ ਚਲਾਉਣ ਸਮੇਂ ਨਿਰਧਾਰਤ ਸਮੇਂ ਅਤੇ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।