ਨਾਭਾ :- ਨਾਭਾ ਦੇ ਪਿੰਡ ਭੋੜੇ ਨੇੜੇ ਉਸ ਸਮੇਂ ਦਰਦਨਾਕ ਹਾਦਸਾ ਵਾਪਰਿਆ ਜਦੋਂ ਦਾਦਾ-ਦਾਦੀ ਨਾਲ ਰੇਹੜੀ ’ਤੇ ਜਾ ਰਿਹਾ 12 ਸਾਲਾ ਬੱਚਾ ਅਚਾਨਕ ਨਹਿਰ ਵਿੱਚ ਡਿੱਗ ਗਿਆ। ਬੱਚੇ ਦੀ ਪਛਾਣ ਹਰਿੰਦਰ ਸਿੰਘ ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਗੋਤਾਖੋਰਾਂ ਵੱਲੋਂ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ, ਪਰ ਪਾਣੀ ਦਾ ਤੇਜ਼ ਵਹਾਅ ਅਤੇ ਗੰਧਲਾ ਪਾਣੀ ਭਾਲ ਵਿੱਚ ਮੁਸ਼ਕਲ ਪੈਦਾ ਕਰ ਰਿਹਾ ਹੈ।
ਨਹਿਰ ਕੰਢੇ ਪਹੁੰਚਦਿਆਂ ਵਿਗੜਿਆ ਰੇਹੜੀ ਦਾ ਸੰਤੁਲਨ
ਮਿਲੀ ਜਾਣਕਾਰੀ ਅਨੁਸਾਰ ਹਰਿੰਦਰ ਸਿੰਘ ਆਪਣੇ ਦਾਦਾ-ਦਾਦੀ ਨਾਲ ਰੇਹੜੀ ’ਤੇ ਜਾ ਰਿਹਾ ਸੀ। ਦਾਦਾ-ਦਾਦੀ ਰੋਜ਼ਾਨਾ ਦੀ ਤਰ੍ਹਾਂ ਸੜਕ ਕਿਨਾਰੇ ਖੜ੍ਹੇ ਕੱਖ ਵੱਢਣ ਲਈ ਜਾ ਰਹੇ ਸਨ। ਹਰਿੰਦਰ ਰੇਹੜੀ ਦੇ ਪਿਛਲੇ ਪਾਸੇ ਬੈਠਾ ਹੋਇਆ ਸੀ। ਜਦੋਂ ਉਹ ਨਹਿਰ ਦੇ ਕੰਢੇ ਕੋਲ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਕਾਰ ਕਾਰਨ ਰੇਹੜੀ ਦਾ ਸੰਤੁਲਨ ਵਿਗੜ ਗਿਆ ਅਤੇ ਬੱਚਾ ਨਹਿਰ ਵਿੱਚ ਜਾ ਡਿੱਗਿਆ।
ਲੋਕਾਂ ਅਤੇ ਸਕੂਲੀ ਬੱਚਿਆਂ ਨੇ ਵੀ ਬਚਾਅ ਦੀ ਕੀਤੀ ਕੋਸ਼ਿਸ਼
ਬੱਚੇ ਦੇ ਨਹਿਰ ਵਿੱਚ ਡਿੱਗਣ ਤੋਂ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਨੇ ਉਸ ਨੂੰ ਬਚਾਉਣ ਲਈ ਤੁਰੰਤ ਕੋਸ਼ਿਸ਼ ਕੀਤੀ। ਇਸ ਦੌਰਾਨ ਸਕੂਲ ਬੱਸ ਵਿੱਚ ਸਵਾਰ ਬੱਚਿਆਂ ਵੱਲੋਂ ਵੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਤੇਜ਼ ਪਾਣੀ ਦੇ ਵਹਾਅ ਕਾਰਨ ਹਰਿੰਦਰ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ। ਪਾਣੀ ਦੇ ਵਹਾਅ ਨਾਲ ਬੱਚਾ ਅੱਗੇ ਵੱਲ ਰੁੜ੍ਹ ਗਿਆ।
ਗੋਤਾਖੋਰਾਂ ਵੱਲੋਂ ਲਾਪਤਾ ਬੱਚੇ ਦੀ ਭਾਲ ਜਾਰੀ
ਹਾਦਸੇ ਤੋਂ ਬਾਅਦ ਗੋਤਾਖੋਰਾਂ ਦੀ ਟੀਮ ਵੱਲੋਂ ਨਹਿਰ ਵਿੱਚ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪਹਾੜਾਂ ਤੋਂ ਆ ਰਹੇ ਪਾਣੀ ਨਾਲ ਮਿੱਟੀ ਆਉਣ ਕਾਰਨ ਨਹਿਰ ਦਾ ਪਾਣੀ ਕਾਫ਼ੀ ਗੰਧਲਾ ਹੋ ਗਿਆ ਹੈ, ਜਿਸ ਕਰਕੇ ਗੋਤਾਖੋਰਾਂ ਨੂੰ ਭਾਲ ਵਿੱਚ ਮੁਸ਼ਕਲ ਆ ਰਹੀ ਹੈ। ਹੁਣ ਕਿਸ਼ਤੀ ਅਤੇ ਹੋਰ ਸਾਜ਼ੋ-ਸਾਮਾਨ ਦੀ ਮਦਦ ਨਾਲ ਮੁੜ ਭਾਲ ਕੀਤੇ ਜਾਣ ਦੀ ਤਿਆਰੀ ਹੈ।
ਨਹਿਰ ਕੰਢੇ ਸੁਰੱਖਿਆ ਪ੍ਰਬੰਧਾਂ ਤੇ ਉੱਠੇ ਸਵਾਲ
ਹਾਦਸੇ ਤੋਂ ਬਾਅਦ ਨਹਿਰ ਦੇ ਕੰਢੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਪਿੰਡ ਦੇ ਨੇੜੇ ਨਹਿਰ ਦੇ ਕਿਨਾਰੇ ਕੋਈ ਸੁਰੱਖਿਆ ਬੰਨ੍ਹ ਜਾਂ ਹੱਦਬੰਦੀ ਨਾ ਹੋਣ ਕਾਰਨ ਅਜਿਹੇ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਪਰਿਵਾਰ ਡੂੰਘੇ ਸਦਮੇ ’ਚ
ਹਰਿੰਦਰ ਸਿੰਘ ਦਾ ਪਰਿਵਾਰ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ। ਬੱਚੇ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪੂਰਾ ਪਰਿਵਾਰ ਡੂੰਘੇ ਸਦਮੇ ਵਿੱਚ ਹੈ। ਹਾਦਸੇ ਤੋਂ ਬਾਅਦ ਪਿੰਡ ਵਿੱਚ ਵੀ ਸੋਗ ਦਾ ਮਾਹੌਲ ਬਣਿਆ ਹੋਇਆ ਹੈ।

