Home Blog Page 694

ਧੁੰਦ ਬਣੀ ਮੌਤ ਦਾ ਕਾਰਨ, ਬਰਨਾਲਾ–ਬਾਜਾਖਾਨਾ ਸੜਕ ’ਤੇ ਬੱਸ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਇਕ ਮਜ਼ਦੂਰ ਦੀ ਮੌਤ

ਬਰਨਾਲਾ :- ਪੰਜਾਬ ਵਿੱਚ ਘਣੀ ਧੁੰਦ ਸੜਕਾਂ ਉੱਤੇ ਸਫ਼ਰ ਕਰ ਰਹੇ ਲੋਕਾਂ ਲਈ ਜਾਨਲੇਵਾ ਸਾਬਤ ਹੋ ਰਹੀ ਹੈ। ਬਰਨਾਲਾ–ਬਾਜਾਖਾਨਾ ਮੁੱਖ ਮਾਰਗ ’ਤੇ ਅੱਜ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਨੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਉਜਾੜ ਦਿੱਤੀਆਂ।

ਤੇਜ਼ ਰਫ਼ਤਾਰ ਬੱਸ ਨੇ ਪਿੱਛੋਂ ਮਾਰੀ ਟੱਕਰ
ਮਿਲੀ ਜਾਣਕਾਰੀ ਮੁਤਾਬਕ ਧੁੰਦ ਕਾਰਨ ਦ੍ਰਿਸ਼ਟਤਾ ਘੱਟ ਹੋਣ ਦੌਰਾਨ ਇੱਕ ਨਿੱਜੀ ਬੱਸ ਨੇ ਅੱਗੇ ਜਾ ਰਹੀ ਮੋਟਰਸਾਈਕਲ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਮੋਟਰਸਾਈਕਲ ਸਵਾਰ ਸੜਕ ’ਤੇ ਡਿੱਗ ਪਏ।

ਇਕ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ
ਹਾਦਸੇ ਵਿੱਚ 31 ਸਾਲਾ ਪ੍ਰਵਾਸੀ ਮਜ਼ਦੂਰ ਕਪਿਲ ਯਾਦਵ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਦੀ ਲੱਤ ਟੁੱਟ ਗਈ ਹੈ ਅਤੇ ਉਹ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਹੈ।

ਪਰਿਵਾਰ ਉੱਤੇ ਟੁੱਟਿਆ ਦੁੱਖਾਂ ਦਾ ਪਹਾੜ
ਮ੍ਰਿਤਕ ਕਪਿਲ ਯਾਦਵ ਮੂਲ ਰੂਪ ਵਿੱਚ ਅਰਰੀਆ ਜ਼ਿਲ੍ਹਾ ਬਿਹਾਰ ਦਾ ਰਹਿਣ ਵਾਲਾ ਸੀ ਅਤੇ ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿੱਚ ਮਿਹਨਤ-ਮਜ਼ਦੂਰੀ ਕਰ ਰਿਹਾ ਸੀ। ਉਹ ਆਪਣੇ ਮਾਪਿਆਂ, ਪਤਨੀ ਅਤੇ ਤਿੰਨ ਨਾਬਾਲਿਗ ਬੱਚਿਆਂ ਦੀ ਰੋਜ਼ੀ-ਰੋਟੀ ਦਾ ਇਕੱਲਾ ਸਹਾਰਾ ਸੀ।

ਇਨਸਾਫ਼ ਦੀ ਮੰਗ
ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਨੇ ਨਿੱਜੀ ਬੱਸ ਡਰਾਈਵਰ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ, ਤਾਂ ਜੋ ਮ੍ਰਿਤਕ ਪਰਿਵਾਰ ਨੂੰ ਇਨਸਾਫ਼ ਮਿਲ ਸਕੇ ਅਤੇ ਅਜਿਹੀਆਂ ਘਟਨਾਵਾਂ ’ਤੇ ਰੋਕ ਲੱਗੇ।

ਮੰਗਾਂ ਨਾ ਮੰਨੀਆਂ ਤਾਂ ਸੜਕਾਂ ’ਤੇ ਉਤਰਨਗੇ ਵੈਟਨਰੀ ਡਾਕਟਰ, 30 ਜਨਵਰੀ ਨੂੰ ਸੂਬਾ ਪੱਧਰੀ ਧਰਨਾ ਤੇ ਘਿਰਾਓ ਦਾ ਐਲਾਨ

ਪੰਜਾਬ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਮੰਗਾਂ ਨੂੰ ਅਣਡਿੱਠਾ ਕਰਨ ਤੋਂ ਨਾਰਾਜ਼ ਵੈਟਨਰੀ ਡਾਕਟਰਾਂ ਨੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਵੈਟਨਰੀ ਡਾਕਟਰਾਂ ਨੇ 30 ਜਨਵਰੀ ਦਿਨ ਸ਼ੁੱਕਰਵਾਰ ਨੂੰ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਐਸ.ਏ.ਐਸ. ਨਗਰ ਵਿਖੇ ਸੂਬਾ ਪੱਧਰੀ ਧਰਨਾ ਲਗਾਉਣ ਅਤੇ ਰੋਸ ਮਾਰਚ ਕੱਢਣ ਦਾ ਫੈਸਲਾ ਕੀਤਾ ਹੈ।

ਸਦਰ ਦਫ਼ਤਰ ਦਾ ਘਿਰਾਓ ਕਰਨਗੇ ਡਾਕਟਰ
ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ ਪੈਰਿਟੀ ਵੱਲੋਂ ਲਏ ਗਏ ਇਸ ਫੈਸਲੇ ਅਨੁਸਾਰ ਪੰਜਾਬ ਭਰ ਦੇ ਵੈਟਨਰੀ ਡਾਕਟਰ ਇਕੱਠੇ ਹੋ ਕੇ ਵਿਭਾਗ ਦੇ ਮੁੱਖ ਦਫ਼ਤਰ ਦਾ ਘਿਰਾਓ ਕਰਨਗੇ। ਇਸ ਮੌਕੇ ਸੂਬਾ ਪੱਧਰੀ ਧਰਨਾ ਵੀ ਲਗਾਇਆ ਜਾਵੇਗਾ ਅਤੇ ਸਰਕਾਰ ਵਿਰੁੱਧ ਰੋਸ ਮਾਰਚ ਕੱਢਿਆ ਜਾਵੇਗਾ।

ਪੰਜ ਸਾਲਾਂ ਤੋਂ ਲਟਕੀਆਂ ਪਈਆਂ ਮੰਗਾਂ
ਵੈਟਨਰੀ ਡਾਕਟਰ ਪਿਛਲੇ ਕਰੀਬ ਪੰਜ ਸਾਲਾਂ ਤੋਂ ਆਪਣੀਆਂ ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੇ ਹਨ। ਇਨ੍ਹਾਂ ਮੰਗਾਂ ਵਿੱਚ ਮੈਡੀਕੋਜ਼ ਦੇ ਸਮਾਨ ਪੇਅ ਪੈਰਿਟੀ ਦੀ ਬਹਾਲੀ, ਡੀਏਸੀਪੀ 4-9-14 ਸਕੀਮ, ਐਚਆਰਏ ਆਨ ਐਨਪੀਏ ਮੁੜ ਲਾਗੂ ਕਰਨਾ ਅਤੇ ਪ੍ਰੋਬੇਸ਼ਨ ਦੌਰਾਨ ਪੂਰੀ ਤਨਖਾਹ ਦੇਣਾ ਸ਼ਾਮਲ ਹੈ।

ਸਰਕਾਰ ਤੋਂ ਸਿਰਫ਼ ਭਰੋਸੇ, ਹੱਲ ਨਹੀਂ
ਕਮੇਟੀ ਆਗੂਆਂ ਦਾ ਕਹਿਣਾ ਹੈ ਕਿ ਮੌਜੂਦਾ ਸਰਕਾਰ ਵੱਲੋਂ ਹੁਣ ਤੱਕ ਸਿਰਫ਼ ਵਾਅਦੇ ਕੀਤੇ ਗਏ ਹਨ, ਪਰ ਕਿਸੇ ਵੀ ਮੰਗ ’ਤੇ ਠੋਸ ਫੈਸਲਾ ਨਹੀਂ ਲਿਆ ਗਿਆ।

ਪਿਛਲੇ ਸੰਘਰਸ਼ ਦੀ ਯਾਦ ਦਿਲਾਈ
ਕਮੇਟੀ ਦੇ ਕਨਵੀਨਰ ਡਾ. ਗੁਰਚਰਨ ਸਿੰਘ ਨੇ ਦੱਸਿਆ ਕਿ ਪਿਛਲੇ ਪੜਾਅ ਦੌਰਾਨ 23 ਅਤੇ 24 ਦਸੰਬਰ 2025 ਨੂੰ ਸੂਬੇ ਭਰ ਵਿੱਚ ਵੈਟਨਰੀ ਪੌਲੀਕਲੀਨਿਕਾਂ ’ਚ ਦੋ ਦਿਨਾਂ ਲਈ ਪੂਰਾ ਕੰਮ ਬੰਦ ਕਰਕੇ ਧਰਨੇ ਲਗਾਏ ਗਏ ਸਨ। ਇਸ ਦੌਰਾਨ ਪਿਛਲੀ ਸਰਕਾਰ ਵੱਲੋਂ ਜਾਰੀ ਕੀਤੇ ਗਲਤ ਪੱਤਰਾਂ ਅਤੇ ਨੋਟੀਫਿਕੇਸ਼ਨਾਂ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ ਸਨ।

ਚੇਤਾਵਨੀ ਦੇ ਬਾਵਜੂਦ ਨਹੀਂ ਟੁੱਟੀ ਸਰਕਾਰੀ ਚੁੱਪੀ
ਉਨ੍ਹਾਂ ਕਿਹਾ ਕਿ ਸਰਕਾਰ ਨੂੰ 10 ਜਨਵਰੀ ਤੱਕ ਮੰਗਾਂ ਮੰਨਣ ਲਈ ਅਲਟੀਮੇਟਮ ਦਿੱਤਾ ਗਿਆ ਸੀ, ਪਰ ਇਸ ਦੇ ਬਾਵਜੂਦ ਅਜੇ ਤੱਕ ਕੋਈ ਫੈਸਲਾ ਨਹੀਂ ਆਇਆ, ਜਿਸ ਕਾਰਨ ਹੁਣ ਸੂਬਾ ਪੱਧਰੀ ਸੰਘਰਸ਼ ਲਾਜ਼ਮੀ ਬਣ ਗਿਆ ਹੈ।

ਸੀਨੀਅਰ ਅਧਿਕਾਰੀ ਵੀ ਧਰਨੇ ਵਿੱਚ ਹੋਣਗੇ ਸ਼ਾਮਲ
ਕੋ-ਕਨਵੀਨਰ ਡਾ. ਅਬਦੁਲ ਮਜ਼ੀਦ ਨੇ ਦੱਸਿਆ ਕਿ ਇਸ ਧਰਨੇ ਵਿੱਚ ਸਿਰਫ਼ ਵੈਟਨਰੀ ਡਾਕਟਰ ਹੀ ਨਹੀਂ, ਸਗੋਂ ਸੀਨੀਅਰ ਵੈਟਨਰੀ ਅਫਸਰ, ਡਿਪਟੀ ਡਾਇਰੈਕਟਰ ਅਤੇ ਜੁਆਇੰਟ ਡਾਇਰੈਕਟਰ ਵੀ ਭਾਗ ਲੈਣਗੇ।

ਐਂਟਰੀ ਸਕੇਲ ਘਟਾਉਣ ’ਤੇ ਭਾਰੀ ਰੋਸ
ਚੀਫ਼ ਮੀਡੀਆ ਅਡਵਾਈਜ਼ਰ ਡਾ. ਗੁਰਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਵੈਟਨਰੀ ਡਾਕਟਰਾਂ ਲਈ ਤਹਿ ਕੀਤਾ ਗਿਆ 56,100 ਰੁਪਏ ਦਾ ਐਂਟਰੀ ਸਕੇਲ ਘਟਾ ਕੇ 47,600 ਰੁਪਏ ਕਰਨਾ ਨਿਆਂਸੰਗਤ ਨਹੀਂ। ਡੀਏਸੀਪੀ, ਐਚਆਰਏ ਆਨ ਐਨਪੀਏ ਅਤੇ ਪ੍ਰੋਬੇਸ਼ਨ ਦੌਰਾਨ ਪੂਰੀ ਤਨਖਾਹ ਨਾ ਮਿਲਣਾ ਵੀ ਵੱਡਾ ਅਨਿਆਂ ਹੈ।

ਮੁੱਖ ਮੰਤਰੀ ਤੋਂ ਤੁਰੰਤ ਦਖਲ ਦੀ ਮੰਗ
ਕਮੇਟੀ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਖੁਦ ਦਖਲ ਦੇ ਕੇ ਵੈਟਨਰੀ ਡਾਕਟਰਾਂ ਨਾਲ ਹੋ ਰਹੇ ਵਿਤਕਰੇ ਨੂੰ ਖਤਮ ਕਰਨ ਅਤੇ ਇਨਸਾਫ ਯਕੀਨੀ ਬਣਾਉਣ।

ਪਰਦੇਸ ਗਿਆ ਸੁਪਨਾ ਲਾਸ਼ ਬਣ ਕੇ ਪਰਤਿਆ, ਅਰਮੀਨੀਆ ’ਚ ਦਿਲ ਦਾ ਦੌਰਾ ਪੈਣ ਨਾਲ ਪੰਜਾਬੀ ਨੌਜਵਾਨ ਦੀ ਮੌਤ

ਸੁਲਤਾਨਪੁਰ ਲੋਧੀ :- ਵਿਦੇਸ਼ ਵਿੱਚ ਰੋਜ਼ੀ-ਰੋਟੀ ਕਮਾਉਣ ਗਏ ਇੱਕ ਹੋਰ ਪੰਜਾਬੀ ਨੌਜਵਾਨ ਦੀ ਜ਼ਿੰਦਗੀ ਅਕਾਲ ਹੀ ਮੁੱਕ ਗਈ। ਅਰਮੀਨੀਆ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਤੋਂ ਬਾਅਦ ਅੱਜ ਜਦੋਂ ਨੌਜਵਾਨ ਦੀ ਲਾਸ਼ ਪਿੰਡ ਪੁੱਜੀ ਤਾਂ ਸਾਰਾ ਇਲਾਕਾ ਗਮ ਵਿੱਚ ਡੁੱਬ ਗਿਆ।

ਦੋ ਸਾਲ ਪਹਿਲਾਂ ਰੋਜ਼ਗਾਰ ਲਈ ਗਿਆ ਸੀ ਵਿਦੇਸ਼
ਮ੍ਰਿਤਕ ਦੀ ਪਛਾਣ ਕਮਲ ਕੁਮਾਰ (21) ਪੁੱਤਰ ਬਲਵਿੰਦਰ ਸਿੰਘ ਵਾਸੀ ਮੁਹੱਲਾ ਪੰਡੋਰੀ, ਸੁਲਤਾਨਪੁਰ ਲੋਧੀ ਵਜੋਂ ਹੋਈ ਹੈ। ਕਮਲ ਕੁਮਾਰ ਲਗਭਗ ਦੋ ਸਾਲ ਪਹਿਲਾਂ ਪਰਿਵਾਰ ਦੀ ਮਾਲੀ ਹਾਲਤ ਸੁਧਾਰਨ ਦੇ ਮਕਸਦ ਨਾਲ ਅਰਮੀਨੀਆ ਗਿਆ ਸੀ, ਜਿੱਥੇ ਉਹ ਇੱਕ ਹੋਟਲ ਵਿੱਚ ਕੰਮ ਕਰਦਾ ਸੀ।

ਅਚਾਨਕ ਦਿਲ ਦਾ ਦੌਰਾ ਬਣਿਆ ਮੌਤ ਦਾ ਕਾਰਨ
ਪਰਿਵਾਰਕ ਮੈਂਬਰਾਂ ਮੁਤਾਬਕ 27 ਦਸੰਬਰ ਦੀ ਰਾਤ ਨੂੰ ਕਮਲ ਕੁਮਾਰ ਨੂੰ ਅਚਾਨਕ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਨੌਜਵਾਨ ਅਜੇ ਕੁਆਰਾ ਸੀ ਅਤੇ ਘਰ ਦਾ ਇਕੱਲਾ ਕਮਾਉਣ ਵਾਲਾ ਸਹਾਰਾ ਸੀ।

ਮਾਂ ਤੋਂ ਛਿਨਿਆ ਆਖ਼ਰੀ ਆਸਰਾ
ਕਮਲ ਦੀ ਮੌਤ ਨਾਲ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਵਿਧਵਾ ਮਾਂ ਲਈ ਉਹੀ ਇਕੱਲਾ ਆਸਰਾ ਸੀ, ਜੋ ਹੁਣ ਸਦਾ ਲਈ ਛਿਨ ਗਿਆ। ਪਰਿਵਾਰ ਅਜੇ ਵੀ ਇਸ ਅਚਾਨਕ ਵਿੱਛੋੜੇ ਨੂੰ ਸਵੀਕਾਰ ਨਹੀਂ ਕਰ ਪਾ ਰਿਹਾ।

ਸੰਤ ਸੀਚੇਵਾਲ ਦੇ ਯਤਨਾਂ ਨਾਲ ਲਾਸ਼ ਭਾਰਤ ਪੁੱਜੀ
ਆਰਥਿਕ ਤੰਗੀ ਕਾਰਨ ਪਰਿਵਾਰ ਲਈ ਲਾਸ਼ ਭਾਰਤ ਲਿਆਉਣਾ ਸੰਭਵ ਨਹੀਂ ਸੀ। ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਕੋਲ ਮਦਦ ਦੀ ਅਪੀਲ ਕੀਤੀ ਗਈ। ਉਨ੍ਹਾਂ ਦੇ ਯਤਨਾਂ ਸਦਕਾ ਅੱਜ ਮ੍ਰਿਤਕ ਦੀ ਦੇਹ ਭਾਰਤ ਲਿਆਈ ਜਾ ਸਕੀ।

ਅੱਜ ਹੀ ਹੋਇਆ ਅੰਤਿਮ ਸੰਸਕਾਰ
ਲਾਸ਼ ਪਿੰਡ ਪਹੁੰਚਦੇ ਹੀ ਮਾਹੌਲ ਰੋਹੜੇ ਵਿੱਚ ਬਦਲ ਗਿਆ। ਪਰਿਵਾਰਕ ਮੈਂਬਰ ਲਾਸ਼ ਨਾਲ ਲਿਪਟ ਕੇ ਫੁੱਟ-ਫੁੱਟ ਕੇ ਰੋ ਪਏ। ਇਸ ਤੋਂ ਬਾਅਦ ਅੱਜ ਹੀ ਧਾਰਮਿਕ ਰੀਤਾਂ ਅਨੁਸਾਰ ਅੰਤਿਮ ਸੰਸਕਾਰ ਕੀਤਾ ਗਿਆ।

ਇਲਾਕੇ ਵਿੱਚ ਸੋਗ ਦੀ ਲਹਿਰ
ਨੌਜਵਾਨ ਦੀ ਮੌਤ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਲੋਕਾਂ ਵੱਲੋਂ ਦੁੱਖੀ ਪਰਿਵਾਰ ਨਾਲ ਹਮਦਰਦੀ ਜਤਾਈ ਜਾ ਰਹੀ ਹੈ ਅਤੇ ਹਰ ਅੱਖ ਨਮ ਨਜ਼ਰ ਆ ਰਹੀ ਹੈ।

ਪਰਦੇਸ ਦੀ ਕੜਵੀ ਹਕੀਕਤ
ਵਿਦੇਸ਼ ਜਾਣ ਦੇ ਸੁਪਨੇ ਲੈ ਕੇ ਘਰੋਂ ਨਿਕਲੇ ਨੌਜਵਾਨਾਂ ਦੀ ਵਾਪਸੀ ਹਰ ਵਾਰ ਖੁਸ਼ੀਆਂ ਨਾਲ ਨਹੀਂ ਹੁੰਦੀ। ਕਈ ਵਾਰ ਉਹ ਤਾਬੂਤਾਂ ਵਿੱਚ ਮੁੜਦੇ ਹਨ, ਪਿੱਛੇ ਛੱਡ ਜਾਂਦੇ ਹਨ ਟੁੱਟੇ ਪਰਿਵਾਰ, ਰੋਂਦੀਆਂ ਮਾਵਾਂ ਅਤੇ ਅਧੂਰੇ ਸੁਪਨੇ। ਕਮਲ ਕੁਮਾਰ ਦੀ ਮੌਤ ਵੀ ਇਸੀ ਦਰਦਨਾਕ ਹਕੀਕਤ ਦੀ ਇੱਕ ਹੋਰ ਤਸਵੀਰ ਬਣ ਕੇ ਸਾਹਮਣੇ ਆਈ ਹੈ।

IND vs NZ – ਇੰਦੌਰ ਵਨਡੇ ਫੈਸਲਾ ਅੱਜ, ਟਾਸ ਜਿੱਤ ਕੇ ਭਾਰਤ ਨੇ ਪਹਿਲਾਂ ਗੇਂਦਬਾਜ਼ੀ ਚੁਣੀ

ਇੰਦੌਰ :- ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਲੜੀ ਦਾ ਤੀਜਾ ਅਤੇ ਨਿਰਣਾਇਕ ਮੁਕਾਬਲਾ ਅੱਜ ਇੰਦੌਰ ਦੇ ਹੋਲਕਰ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਨੇ ਟਾਸ ਆਪਣੇ ਨਾਮ ਕਰਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਹੈ।

ਸੀਰੀਜ਼ 1-1 ਨਾਲ ਬਰਾਬਰੀ ’ਤੇ
ਦੋਵੇਂ ਟੀਮਾਂ ਇਸ ਸਮੇਂ ਸੀਰੀਜ਼ ਵਿੱਚ 1-1 ਨਾਲ ਬਰਾਬਰ ਹਨ। ਪਹਿਲਾ ਵਨਡੇ ਵਡੋਦਰਾ ਵਿੱਚ ਭਾਰਤ ਨੇ ਜਿੱਤਿਆ ਸੀ, ਜਦਕਿ ਰਾਜਕੋਟ ਵਿੱਚ ਹੋਏ ਦੂਜੇ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਾਪਸੀ ਕੀਤੀ।

ਭਾਰਤ ਲਈ ਰਿਕਾਰਡ ਬਚਾਉਣ ਦੀ ਚੁਣੌਤੀ
ਭਾਰਤੀ ਟੀਮ ਲਈ ਇਹ ਮੈਚ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਟੀਮ ਇੰਡੀਆ ਮਾਰਚ 2019 ਤੋਂ ਲੈ ਕੇ ਹੁਣ ਤੱਕ ਹਰ ਘਰੇਲੂ ਦੁਵੱਲੀ ਵਨਡੇ ਸੀਰੀਜ਼ ਵਿੱਚ ਅਜੇਤੂ ਰਹੀ ਹੈ। ਇਸ ਰਿਕਾਰਡ ਨੂੰ ਕਾਇਮ ਰੱਖਣ ਲਈ ਅੱਜ ਦੀ ਜਿੱਤ ਲਾਜ਼ਮੀ ਮੰਨੀ ਜਾ ਰਹੀ ਹੈ।

ਕੀਵੀ ਟੀਮ ਕੋਲ ਇਤਿਹਾਸ ਬਣਾਉਣ ਦਾ ਮੌਕਾ
ਦੂਜੇ ਪਾਸੇ ਨਿਊਜ਼ੀਲੈਂਡ ਲਈ ਇਹ ਮੈਚ ਇਤਿਹਾਸਕ ਸਾਬਤ ਹੋ ਸਕਦਾ ਹੈ। ਜੇ ਕੀਵੀ ਟੀਮ ਇਹ ਮੁਕਾਬਲਾ ਜਿੱਤ ਲੈਂਦੀ ਹੈ ਤਾਂ ਉਹ ਭਾਰਤ ਦੀ ਧਰਤੀ ’ਤੇ ਆਪਣੀ ਪਹਿਲੀ ਵਨਡੇ ਸੀਰੀਜ਼ ਜਿੱਤ ਦਰਜ ਕਰੇਗੀ।

ਸੰਭਾਵਿਤ ਭਾਰਤੀ ਪਲੇਇੰਗ ਇਲੈਵਨ
ਰੋਹਿਤ ਸ਼ਰਮਾ, ਸ਼ੁਭਮਨ ਗਿੱਲ (ਕਪਤਾਨ), ਵਿਰਾਟ ਕੋਹਲੀ, ਕੇਐਲ ਰਾਹੁਲ (ਵਿਕਟਕੀਪਰ), ਸ਼੍ਰੇਅਸ ਅਈਅਰ, ਰਵਿੰਦਰ ਜਡੇਜਾ, ਨਿਤੀਸ਼ ਕੁਮਾਰ ਰੈੱਡੀ, ਹਰਸ਼ਿਤ ਰਾਣਾ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਅਰਸ਼ਦੀਪ ਸਿੰਘ।

ਨਿਊਜ਼ੀਲੈਂਡ ਦੀ ਸੰਭਾਵਿਤ ਟੀਮ
ਡੇਵੋਨ ਕੌਨਵੇ, ਵਿਲ ਯੰਗ, ਹੈਨਰੀ ਨਿਕੋਲਸ, ਡੈਰਿਲ ਮਿਚੇਲ, ਗਲੇਨ ਫਿਲਿਪਸ, ਮਾਈਕਲ ਬ੍ਰੇਸਵੈਲ (ਕਪਤਾਨ), ਜੋਸ਼ ਕਲਾਰਕਸਨ, ਕ੍ਰਿਸਟੀਅਨ ਕਲਾਰਕ, ਕਾਇਲ ਜੈਮੀਸਨ, ਆਦਿਤਿਆ ਅਸ਼ੋਕ, ਮਾਈਕਲ ਰੇ।

ਕੈਬਨਿਟ ਰੈਂਕ ਤੋਂ ਡਾ. ਸੁਖਵਿੰਦਰ ਕੁਮਾਰ ਸੁੱਖਈ ਦਾ ਅਸਤੀਫਾ, ਸੂਬਾਈ ਸਿਆਸਤ ਵਿੱਚ ਮਚੀ ਹਲਚਲ

ਚੰਡੀਗੜ੍ਹ :- ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡਾ ਮੋੜ ਉਸ ਸਮੇਂ ਆਇਆ, ਜਦੋਂ ਡਾ. ਸੁਖਵਿੰਦਰ ਕੁਮਾਰ ਸੁੱਖਈ ਨੇ ਆਪਣੇ ਕੈਬਨਿਟ ਰੈਂਕ ਤੋਂ ਅਸਤੀਫਾ ਦੇ ਦਿੱਤਾ। ਇਸ ਅਚਾਨਕ ਫੈਸਲੇ ਨਾਲ ਸਰਕਾਰ ਦੇ ਅੰਦਰੂਨੀ ਮਾਹੌਲ ਅਤੇ ਸਿਆਸੀ ਗਲਿਆਰਿਆਂ ਵਿੱਚ ਚਰਚਾਵਾਂ ਤੇਜ਼ ਹੋ ਗਈਆਂ ਹਨ।

ਮਾਘੀ ਮੇਲੇ ਵਾਲਾ ਬਿਆਨ ਬਣਿਆ ਕਾਰਨ
ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਾਘੀ ਮੇਲੇ ਦੌਰਾਨ ਬੰਗਾ ਹਲਕੇ ਦੇ ਇੱਕ ਡੇਰੇ ਨਾਲ ਸਬੰਧਤ 169 ਚੋਰੀ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਬਾਰੇ ਦਿੱਤਾ ਗਿਆ ਬਿਆਨ ਲਗਾਤਾਰ ਵਿਵਾਦਾਂ ਵਿੱਚ ਘਿਰਦਾ ਜਾ ਰਿਹਾ ਸੀ। ਇਸ ਮਾਮਲੇ ਨੂੰ ਲੈ ਕੇ ਧਾਰਮਿਕ ਤੇ ਸਿਆਸੀ ਵਰਗਾਂ ਵਿੱਚ ਭਾਰੀ ਰੋਸ ਦੇਖਿਆ ਜਾ ਰਿਹਾ ਹੈ।

ਗੁਰੂ ਘਰ ਪਹੁੰਚ ਕੇ ਕੀਤਾ ਅਹਿਮ ਐਲਾਨ
ਇਸ ਪਿਛੋਕੜ ਨੂੰ ਦੇਖਦੇ ਹੋਏ ਡਾ. ਸੁਖਵਿੰਦਰ ਕੁਮਾਰ ਸੁੱਖਈ ਨੇ ਮਜਾਰਾ ਰਾਜਾ ਸਾਹਿਬ ਸਥਿਤ ਗੁਰੂ ਘਰ ਦੇ ਰਸੋਖਾਨਾ ਵਿਖੇ ਪਹੁੰਚ ਕੇ ਆਪਣੇ ਕੈਬਨਿਟ ਰੈਂਕ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ।

ਲਾਈਵ ਆ ਕੇ ਕੀਤੀ ਪੁਸ਼ਟੀ
ਡਾ. ਸੁੱਖਈ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਲਾਈਵ ਹੋ ਕੇ ਖੁਦ ਇਸ ਅਸਤੀਫੇ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਧਾਰਮਿਕ ਭਾਵਨਾਵਾਂ ਨਾਲ ਜੁੜੇ ਮਾਮਲੇ ਨੂੰ ਦੇਖਦੇ ਹੋਏ ਉਹ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਇਹ ਕਦਮ ਚੁੱਕ ਰਹੇ ਹਨ।

ਸਿਆਸਤ ਵਿੱਚ ਨਵੀਂ ਚਰਚਾ ਸ਼ੁਰੂ
ਇਸ ਅਸਤੀਫੇ ਤੋਂ ਬਾਅਦ ਪੰਜਾਬ ਕੈਬਨਿਟ ਵਿੱਚ ਹੋ ਸਕਦੇ ਫੇਰਬਦਲਾਂ ਨੂੰ ਲੈ ਕੇ ਕਿਆਸ ਲਗਾਏ ਜਾ ਰਹੇ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਮਾਮਲਾ ਸੂਬਾਈ ਸਿਆਸਤ ਨੂੰ ਹੋਰ ਗਰਮ ਕਰ ਸਕਦਾ ਹੈ।

ਲੁਧਿਆਣਾ ਪੁਲਿਸ ਦੀ ਵੱਡੀ ਕਾਮਯਾਬੀ, ਗੋਲਡੀ ਬਰਾੜ ਗੈਂਗ ਨਾਲ ਜੁੜੇ 10 ਗ੍ਰਿਫ਼ਤਾਰ, ਵਿਦੇਸ਼ੀ ਹਥਿਆਰ ਬਰਾਮਦ

ਲੁਧਿਆਣਾ :- ਪੰਜਾਬ ਵਿੱਚ ਗੈਂਗਸਟਰ ਨੈੱਟਵਰਕ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਗੈਂਗਸਟਰ ਗੋਲਡੀ ਬਰਾੜ ਨਾਲ ਸਬੰਧਿਤ ਇੱਕ ਅਪਰਾਧਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ ਗੈਂਗ ਦੇ 10 ਸਰਗਰਮ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਤਿੰਨ ਹਫ਼ਤਿਆਂ ਤੱਕ ਚੱਲਿਆ ਖ਼ਾਸ ਆਪ੍ਰੇਸ਼ਨ
ਪੁਲਿਸ ਅਧਿਕਾਰੀਆਂ ਅਨੁਸਾਰ ਇਹ ਕਾਰਵਾਈ ਇੱਕ ਯੋਜਨਾਬੱਧ ਅਤੇ ਗੁਪਤ ਆਪ੍ਰੇਸ਼ਨ ਦੇ ਤਹਿਤ ਕੀਤੀ ਗਈ, ਜੋ ਲਗਭਗ ਤਿੰਨ ਹਫ਼ਤਿਆਂ ਤੱਕ ਚੱਲਦਾ ਰਿਹਾ। ਖੁਫ਼ੀਆ ਜਾਣਕਾਰੀਆਂ ਦੇ ਆਧਾਰ ’ਤੇ ਗੈਂਗ ਦੀ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਰਹੀ ਸੀ।

ਵਿਦੇਸ਼ੀ ਬਣੇ ਆਧੁਨਿਕ ਹਥਿਆਰ ਬਰਾਮਦ
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਵੱਡੀ ਮਾਤਰਾ ਵਿੱਚ ਵਿਦੇਸ਼ੀ ਹਥਿਆਰ ਬਰਾਮਦ ਕੀਤੇ ਗਏ ਹਨ। ਇਨ੍ਹਾਂ ਵਿੱਚ ਦੋ ਆਸਟ੍ਰੀਅਨ ਗਲੌਕ ਪਿਸਤੌਲ ਸਮੇਤ ਦਸ ਹੋਰ ਅਧੁਨਿਕ ਹਥਿਆਰ ਸ਼ਾਮਲ ਹਨ, ਜੋ ਕਿਸੇ ਵੱਡੀ ਵਾਰਦਾਤ ਲਈ ਵਰਤੇ ਜਾ ਸਕਦੇ ਸਨ।

ਗੰਭੀਰ ਅਪਰਾਧਾਂ ਨਾਲ ਜੁੜੇ ਸਨ ਮੁਲਜ਼ਮ
ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਦਹਿਸ਼ਤ ਫੈਲਾਉਣ ਦੀ ਯੋਜਨਾ ਬਣਾ ਰਹੇ ਸਨ। ਇਹ ਗਿਰੋਹ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ, ਧਮਕੀਆਂ, ਜਬਰਦਸਤੀ ਵਸੂਲੀ ਅਤੇ ਯੋਜਨਾਬੱਧ ਕਤਲਾਂ ਵਰਗੀਆਂ ਗੰਭੀਰ ਅਪਰਾਧਕ ਗਤੀਵਿਧੀਆਂ ਵਿੱਚ ਸ਼ਾਮਲ ਸੀ।

ਕਾਨੂੰਨੀ ਕਾਰਵਾਈ ਸ਼ੁਰੂ
ਲੁਧਿਆਣਾ ਪੁਲਿਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਹੇਠ ਮਾਮਲੇ ਦਰਜ ਕਰ ਲਏ ਗਏ ਹਨ। ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ।

ਹੋਰ ਸਾਥੀਆਂ ਦੀ ਭਾਲ ਜਾਰੀ
ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਗਿਰੋਹ ਨਾਲ ਜੁੜੇ ਹੋਰ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।

ਪੰਜਾਬ ਪੁਲਿਸ ਦਾ ਸਖ਼ਤ ਸੰਦੇਸ਼
ਪੰਜਾਬ ਪੁਲਿਸ ਨੇ ਦੁਹਰਾਇਆ ਹੈ ਕਿ ਸੂਬੇ ਵਿੱਚ ਸੰਗਠਿਤ ਅਪਰਾਧ ਅਤੇ ਗੈਂਗਸਟਰਵਾਦ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਲੋਕਾਂ ਦੀ ਸੁਰੱਖਿਆ ਲਈ ਅਜਿਹੀਆਂ ਕਾਰਵਾਈਆਂ ਭਵਿੱਖ ਵਿੱਚ ਵੀ ਲਗਾਤਾਰ ਜਾਰੀ ਰਹਿਣਗੀਆਂ।

ਕਿਸ਼ਨਗੜ੍ਹ ਅੱਡੇ ਨੇੜੇ ਸੰਘਣੀ ਧੁੰਦ ਕਾਰਨ ਟਰੱਕ–ਟਰੈਕਟਰ ਟਰਾਲੀ ਟੱਕਰ ਵਿੱਚ ਦੋ ਦੀ ਮੌਤ

ਕਿਸ਼ਨਗੜ੍ਹ :- ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਸੰਘਣੀ ਧੁੰਦ ਕਾਰਨ ਅੱਜ ਸਵੇਰੇ ਅੱਡਾ ਕਿਸ਼ਨਗੜ੍ਹ ਚੌਂਕ ਵਿਖੇ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਦੌਰਾਨ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਟਰੱਕ ਅਤੇ ਟਰਾਲੀ ਦੀ ਟੱਕਰ
ਜਲੰਧਰ ਤੋਂ ਭੋਗਪੁਰ ਵੱਲ ਜਾ ਰਹੀ ਟਰੱਕ ਅਤੇ ਅਲਾਵਲਪੁਰ ਤੋਂ ਕਰਤਾਰਪੁਰ ਵੱਲ ਜਾ ਰਹੀ ਟਰੈਕਟਰ ਟਰਾਲੀ ਟਕਰਾ ਗਈ। ਟਰਾਲੀ ਵਿੱਚ ਸਵਾਰ ਸੰਗਤ ਅਤੇ ਟਰੱਕ ਦੇ ਚਾਲਕ ਨੇ ਵਾਹਨ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਟਰੱਕ ਪਲਟ ਗਿਆ।

ਟੱਕਰ ਵਿੱਚ ਜਾਨਾਂ ਗਈਆਂ
ਟਰੱਕ ਦੇ ਪਲਟਣ ਕਾਰਨ ਇੱਕ ਅਣਪਛਾਤਾ ਜੁਗਾੜੂ ਰੇੜੀ ਵਾਲਾ ਟਰੱਕ ਦੀ ਚਪੇਟ ਵਿੱਚ ਆ ਗਿਆ ਅਤੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਟਰਾਲੀ ਵਿੱਚੋਂ ਪਰਵਿੰਦਰ ਪਾਲ, ਨਿਵਾਸੀ ਪਿੰਡ ਅਰਜਨਵਾਲ (ਆਦਮਪੁਰ), ਸੜਕ ਉੱਤੇ ਡਿੱਗਿਆ ਅਤੇ ਸਿਰ ਵਿੱਚ ਲੱਗੀ ਸੱਟ ਕਾਰਨ ਉਸ ਦੀ ਵੀ ਮੌਤ ਹੋ ਗਈ।

ਰੋਡ ਸੇਫਟੀ ਟੀਮ ਦੀ ਕਾਰਵਾਈ
ਹਾਦਸੇ ਦੀ ਸੂਚਨਾ ਮਿਲਦੇ ਹੀ ਰੋਡ ਸੇਫਟੀ ਫੋਰਸ ਮੌਕੇ ’ਤੇ ਪਹੁੰਚੀ। ਟੀਮ ਨੇ ਤੁਰੰਤ ਸੇਫਟੀ ਕੋਨੇ ਲਗਾ ਕੇ ਸੜਕ ਨੂੰ ਸੁਰੱਖਿਅਤ ਬਣਾਇਆ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਦੀ ਮਦਦ ਨਾਲ ਲਾਸ਼ਾਂ ਬਾਹਰ ਕੱਢੀਆਂ।

ਪੁਲਿਸ ਅਗਲੀ ਕਾਰਵਾਈ ਕਰ ਰਹੀ
ਚੌਕੀ ਅਲਾਵਲਪੁਰ ਦੀ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੀ ਅਤੇ ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਐਂਬੂਲੈਂਸ ਰਾਹੀਂ ਹਸਪਤਾਲ ਭੇਜੀਆਂ। ਪੁਲਿਸ ਹਾਦਸੇ ਦੀ ਜਾਂਚ ਕਰ ਰਹੀ ਹੈ ਅਤੇ ਕਾਨੂੰਨੀ ਕਾਰਵਾਈ ਜਾਰੀ ਹੈ।

ਸੁਰੱਖਿਆ ਚੇਤਾਵਨੀ
ਲਗਾਤਾਰ ਪੈ ਰਹੀ ਸੰਘਣੀ ਧੁੰਦ ਕਾਰਨ ਸੜਕਾਂ ’ਤੇ ਦਿੱਖ ਘੱਟ ਰਹੀ ਹੈ, ਜਿਸ ਨਾਲ ਹਾਦਸਿਆਂ ਦਾ ਖ਼ਤਰਾ ਵਧ ਰਿਹਾ ਹੈ। ਪ੍ਰਸ਼ਾਸਨ ਅਤੇ ਲੋਕਾਂ ਲਈ ਇਹ ਹਾਦਸਾ ਸਖ਼ਤ ਚੇਤਾਵਨੀ ਮੰਨਿਆ ਜਾ ਰਿਹਾ।

ਸੁਨੀਲ ਜਾਖੜ ਦੀ ਤਬੀਅਤ ਅਚਾਨਕ ਵਿਗੜੀ, ਫੋਰਟਿਸ ਹਸਪਤਾਲ ਵਿੱਚ ਦਾਖ਼ਲ

ਚੰਡੀਗੜ੍ਹ :- ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਅੱਜ ਛਾਤੀ ਵਿੱਚ ਦਰਦ ਮਹਿਸੂਸ ਹੋਣ ਤੋਂ ਬਾਅਦ ਫੋਰਟਿਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦੀ ਤਬੀਅਤ ਅਚਾਨਕ ਖਰਾਬ ਹੋ ਗਈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਪਾਰਟੀ ਆਗੂਆਂ ਦੀ ਸਲਾਹ ‘ਤੇ ਤੁਰੰਤ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਦੀ ਟੀਮ ਵੱਲੋਂ ਉਨ੍ਹਾਂ ਦੀ ਪੂਰੀ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਡਾਕਟਰ ਨਿਗਰਾਨੀ ਹੇਠ ਇਲਾਜ ਜਾਰੀ ਹੈ।

ਆਦਮਪੁਰ ‘ਚ ਪੁਲਿਸ–ਬਦਮਾਸ਼ ਮੁੱਠਭੇੜ, ਯੂਨੀਵਰਸਿਟੀ ਬਾਹਰ ਕਤਲ ਮਾਮਲੇ ਦੇ ਦੋਵੇਂ ਆਰੋਪੀ 48 ਘੰਟਿਆਂ ‘ਚ ਕਾਬੂ

ਜਲੰਧਰ :- ਜਲੰਧਰ ਦੇ ਆਦਮਪੁਰ ਇਲਾਕੇ ਵਿੱਚ ਪੁਲਿਸ ਅਤੇ ਬਦਮਾਸ਼ਾਂ ਦਰਮਿਆਨ ਜ਼ਬਰਦਸਤ ਮੁੱਠਭੇੜ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਬਾਵਾ ਭਾਗ ਸਿੰਘ ਯੂਨੀਵਰਸਿਟੀ ਦੇ ਬਾਹਰ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਤੇਜ਼ੀ ਦਿਖਾਉਂਦੇ ਹੋਏ 48 ਘੰਟਿਆਂ ਦੇ ਅੰਦਰ ਹੀ ਦੋਵੇਂ ਮੁੱਖ ਆਰੋਪੀਆਂ ਨੂੰ ਕਾਬੂ ਕਰ ਲਿਆ ਹੈ।

ਜਵਾਬੀ ਫਾਇਰਿੰਗ ਦੌਰਾਨ ਦੋਵੇਂ ਆਰੋਪੀ ਜ਼ਖ਼ਮੀ
ਮੁੱਠਭੇੜ ਦੌਰਾਨ ਆਰੋਪੀਆਂ ਵੱਲੋਂ ਪੁਲਿਸ ‘ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਦੇ ਜਵਾਬ ਵਿੱਚ ਕੀਤੀ ਗਈ ਕਾਰਵਾਈ ਦੌਰਾਨ ਦੋਵੇਂ ਆਰੋਪੀਆਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ। ਜ਼ਖ਼ਮੀ ਹਾਲਤ ਵਿੱਚ ਉਨ੍ਹਾਂ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਗਿਆ।

ਖੁਫੀਆ ਸੂਚਨਾ ‘ਤੇ ਲਗਾਇਆ ਗਿਆ ਟ੍ਰੈਪ
ਆਦਮਪੁਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕਤਲ ਮਗਰੋਂ ਫਰਾਰ ਹੋਏ ਆਰੋਪੀ ਜੱਸਾ ਅਤੇ ਉਸ ਦਾ ਸਾਥੀ ਹਥਿਆਰ ਲੈਣ ਲਈ ਡਰੌਲੀ ਕਲਾਂ ਇਲਾਕੇ ਵੱਲ ਆ ਸਕਦੇ ਹਨ। ਇਸ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਵੱਲੋਂ ਪਹਿਲਾਂ ਹੀ ਉਥੇ ਨਾਕਾਬੰਦੀ ਕਰਕੇ ਟ੍ਰੈਪ ਲਗਾਇਆ ਗਿਆ ਸੀ।

ਨਾਕਾਬੰਦੀ ਦੌਰਾਨ ਚਲਾਈਆਂ ਚਾਰ ਗੋਲੀਆਂ
ਜਿਵੇਂ ਹੀ ਦੋਵੇਂ ਆਰੋਪੀ ਮੋਟਰਸਾਈਕਲ ‘ਤੇ ਹਥਿਆਰ ਲੈ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰਨ ਲੱਗੇ, ਪੁਲਿਸ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਇਸ ਦੌਰਾਨ ਆਰੋਪੀਆਂ ਨੇ ਪੁਲਿਸ ਦੀ ਗੱਡੀ ਅਤੇ ਟੀਮ ‘ਤੇ ਲਗਭਗ ਚਾਰ ਰਾਊਂਡ ਫਾਇਰ ਕਰ ਦਿੱਤੇ। ਹਾਲਾਤ ਗੰਭੀਰ ਹੋਣ ‘ਤੇ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ।

ਵਾਰਦਾਤ ‘ਚ ਵਰਤੇ ਦੋ ਪਿਸਤੌਲ ਬਰਾਮਦ
ਮੁੱਠਭੇੜ ਤੋਂ ਬਾਅਦ ਪੁਲਿਸ ਨੇ ਆਰੋਪੀਆਂ ਦੇ ਕਬਜ਼ੇ ਵਿੱਚੋਂ ਦੋ ਪਿਸਤੌਲ ਬਰਾਮਦ ਕੀਤੇ ਹਨ, ਜੋ ਕਤਲ ਦੀ ਵਾਰਦਾਤ ਦੌਰਾਨ ਵਰਤੇ ਗਏ ਸਨ। ਜ਼ਖ਼ਮੀ ਆਰੋਪੀਆਂ ਨੂੰ ਤੁਰੰਤ ਨਜ਼ਦੀਕੀ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਪੁਰਾਣੀ ਰੰਜਿਸ਼ ਬਣੀ ਕਤਲ ਦੀ ਵਜ੍ਹਾ
ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਆਦਮਪੁਰ ਸਥਿਤ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਬਾਹਰ ਦੁਪਹਿਰ ਸਮੇਂ ਪੁਰਾਣੀ ਰੰਜਿਸ਼ ਦੇ ਚਲਦੇ ਪਿੰਡ ਸਦਰਾ ਸੋਢੀਆਂ ਬੁੱਲੋਵਾਲ ਦੇ ਰਹਿਣ ਵਾਲੇ 22 ਸਾਲਾ ਕੇਸਰ ਧਾਮੀ ਦੇ ਸਿਰ ਵਿੱਚ ਗੋਲੀਆਂ ਮਾਰ ਕੇ ਉਸਦੀ ਹੱਤਿਆ ਕੀਤੀ ਗਈ ਸੀ। ਵਾਰਦਾਤ ਮਗਰੋਂ ਦੋਵੇਂ ਆਰੋਪੀ ਮੌਕੇ ਤੋਂ ਫਰਾਰ ਹੋ ਗਏ ਸਨ।

ਘਟਨਾ ਤੋਂ ਬਾਅਦ ਇਲਾਕੇ ‘ਚ ਫੈਲੀ ਦਹਿਸ਼ਤ
ਗੋਲੀਆਂ ਦੀਆਂ ਆਵਾਜ਼ਾਂ ਨਾਲ ਯੂਨੀਵਰਸਿਟੀ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਸਥਾਨਕ ਲੋਕਾਂ ਵੱਲੋਂ ਗੰਭੀਰ ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਸੀ।

ਪੁਲਿਸ ਜਾਂਚ ਜਾਰੀ, ਹੋਰ ਖੁਲਾਸਿਆਂ ਦੀ ਉਮੀਦ
ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਆਰੋਪੀਆਂ ਤੋਂ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋ ਸਕਦੇ ਹਨ।

ਸਿੱਖ ਗੁਰੂਆਂ ਬਾਰੇ ਫਰਜ਼ੀ ਵੀਡੀਓ ਮਾਮਲਾ ਗਰਮਾਇਆ, ਸਾਂਸਦ ਮਾਲਵਿੰਦਰ ਕੰਗ ਵੱਲੋਂ ਪ੍ਰਧਾਨ ਮੰਤਰੀ ਨੂੰ ਸਖ਼ਤ ਕਾਰਵਾਈ ਦੀ ਮੰਗ

ਚੰਡੀਗੜ੍ਹ :- ਆਮ ਆਦਮੀ ਪਾਰਟੀ ਦੇ ਸਾਂਸਦ ਮਾਲਵਿੰਦਰ ਸਿੰਘ ਕੰਗ ਨੇ ਸਿੱਖ ਗੁਰੂਆਂ ਨਾਲ ਜੁੜੇ ਇੱਕ ਗੰਭੀਰ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਸਥਾਰਪੂਰਕ ਪੱਤਰ ਭੇਜਿਆ ਹੈ। ਪੱਤਰ ਰਾਹੀਂ ਉਨ੍ਹਾਂ ਨੇ ਸਿੱਖ ਧਰਮ ਨਾਲ ਸਬੰਧਿਤ ਅਪਮਾਨਜਨਕ ਸਮੱਗਰੀ ਫੈਲਾਉਣ ਵਾਲਿਆਂ ਖ਼ਿਲਾਫ਼ ਤੁਰੰਤ ਅਤੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਸੋਸ਼ਲ ਮੀਡੀਆ ‘ਤੇ ਫੈਲਾਈ ਗਈ ਫਰਜ਼ੀ ਸਮੱਗਰੀ
ਸਾਂਸਦ ਕੰਗ ਨੇ ਪੱਤਰ ਵਿੱਚ ਦੱਸਿਆ ਕਿ ਹਾਲੀਆ ਦਿਨਾਂ ਦੌਰਾਨ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਸਿੱਖ ਗੁਰੂਆਂ ਦੇ ਨਾਂ ‘ਤੇ ਕੁਝ ਵੀਡੀਓਜ਼ ਤੇਜ਼ੀ ਨਾਲ ਵਾਇਰਲ ਕੀਤੀਆਂ ਗਈਆਂ, ਜੋ ਬਾਅਦ ਵਿੱਚ ਪੂਰੀ ਤਰ੍ਹਾਂ ਫਰਜ਼ੀ ਸਾਬਤ ਹੋਈਆਂ। ਉਨ੍ਹਾਂ ਕਿਹਾ ਕਿ ਇਹ ਵੀਡੀਓਜ਼ ਲੋਕਾਂ ਨੂੰ ਗੁਮਰਾਹ ਕਰਨ ਅਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਕਸਦ ਨਾਲ ਤਿਆਰ ਕੀਤੀਆਂ ਗਈਆਂ।

FSL ਰਿਪੋਰਟ ਨੇ ਖੋਲ੍ਹੀ ਸੱਚਾਈ
ਕੰਗ ਮੁਤਾਬਕ ਫੋਰੈਂਸਿਕ ਸਾਇੰਸ ਲੈਬੋਰਟਰੀ ਦੀ ਜਾਂਚ ਰਿਪੋਰਟ ਵਿੱਚ ਇਹ ਸਪੱਸ਼ਟ ਹੋ ਗਿਆ ਹੈ ਕਿ ਵਾਇਰਲ ਕੀਤੀ ਗਈ ਵੀਡੀਓ ਨਾਲ ਡਿਜ਼ੀਟਲ ਤੌਰ ‘ਤੇ ਛੇੜਛਾੜ ਕੀਤੀ ਗਈ ਸੀ। ਰਿਪੋਰਟ ਅਨੁਸਾਰ ਵੀਡੀਓ ਨੂੰ ਐਡੀਟ ਕਰਕੇ ਇਸ ਤਰ੍ਹਾਂ ਪੇਸ਼ ਕੀਤਾ ਗਿਆ, ਜਿਵੇਂ ਗੁਰੂ ਸਾਹਿਬਾਨ ਬਾਰੇ ਇਤਰਾਜ਼ਯੋਗ ਬਿਆਨ ਦਿੱਤੇ ਗਏ ਹੋਣ, ਜਦਕਿ ਹਕੀਕਤ ਵਿੱਚ ਅਜਿਹਾ ਕੁਝ ਵੀ ਨਹੀਂ ਸੀ।

ਅਪਮਾਨਜਨਕ ਭਾਸ਼ਾ ਨਾਲ ਭੜਕਾਉਣ ਦੀ ਕੋਸ਼ਿਸ਼
ਸਾਂਸਦ ਨੇ ਦੋਸ਼ ਲਗਾਇਆ ਕਿ ਵੀਡੀਓ ਵਿੱਚ ਸਿੱਖ ਗੁਰੂਆਂ ਲਈ ਬਹੁਤ ਹੀ ਅਪਮਾਨਜਨਕ ਅਤੇ ਅਸਵੀਕਾਰਯੋਗ ਸ਼ਬਦਾਵਲੀ ਵਰਤੀ ਗਈ, ਜਿਸ ਨਾਲ ਪੂਰੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ। ਉਨ੍ਹਾਂ ਕਿਹਾ ਕਿ ਇਹ ਕਦਮ ਸਿਰਫ਼ ਨਫ਼ਰਤ ਫੈਲਾਉਣ ਲਈ ਚੁੱਕਿਆ ਗਿਆ।

BJP ਆਗੂ ਕਪਿਲ ਮਿਸ਼ਰਾ ‘ਤੇ ਸਿੱਧਾ ਦੋਸ਼
ਮਾਲਵਿੰਦਰ ਸਿੰਘ ਕੰਗ ਨੇ ਇਸ ਮਾਮਲੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂ ਕਪਿਲ ਮਿਸ਼ਰਾ ‘ਤੇ ਸਿੱਧਾ ਨਿਸ਼ਾਨਾ ਸਾਧਿਆ। ਉਨ੍ਹਾਂ ਦਾ ਦਾਅਵਾ ਹੈ ਕਿ ਕਪਿਲ ਮਿਸ਼ਰਾ ਵੱਲੋਂ ਜਾਣਬੁੱਝ ਕੇ ਇਸ ਫਰਜ਼ੀ ਵੀਡੀਓ ਨੂੰ ਅੱਗੇ ਵਧਾਇਆ ਗਿਆ, ਤਾਂ ਜੋ ਧਾਰਮਿਕ ਵੰਡ ਅਤੇ ਨਫ਼ਰਤ ਦਾ ਮਾਹੌਲ ਪੈਦਾ ਕੀਤਾ ਜਾ ਸਕੇ।

ਭਾਈਚਾਰਕ ਸਾਂਝ ਖ਼ਿਲਾਫ਼ ਸੋਚੀ-ਸਮਝੀ ਸਾਜ਼ਿਸ਼ ਦਾ ਦੋਸ਼
ਸਾਂਸਦ ਕੰਗ ਅਨੁਸਾਰ ਇਹ ਮਾਮਲਾ ਸਿਰਫ਼ ਇੱਕ ਵੀਡੀਓ ਤੱਕ ਸੀਮਤ ਨਹੀਂ, ਸਗੋਂ ਸਿੱਖ ਗੁਰੂਆਂ ਦੇ ਨਾਂ ‘ਤੇ ਸਮਾਜਕ ਸਾਂਝ ਨੂੰ ਤੋੜਨ ਦੀ ਇੱਕ ਸੋਚੀ-ਸਮਝੀ ਸਾਜ਼ਿਸ਼ ਵਜੋਂ ਵੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਿਰਦਾਰ ਦੇਸ਼ ਦੀ ਏਕਤਾ ਅਤੇ ਭਾਈਚਾਰਕ ਸਦਭਾਵਨਾ ਲਈ ਗੰਭੀਰ ਖ਼ਤਰਾ ਬਣ ਰਹੇ ਹਨ।

ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ
ਪੱਤਰ ਦੇ ਅਖੀਰ ‘ਚ ਮਾਲਵਿੰਦਰ ਸਿੰਘ ਕੰਗ ਨੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜੋ ਵੀ ਵਿਅਕਤੀ ਜਾਂ ਗਰੁੱਪ ਧਾਰਮਿਕ ਭਾਵਨਾਵਾਂ ਨਾਲ ਖਿਲਵਾਰ ਕਰਨ ਦਾ ਦੋਸ਼ੀ ਪਾਇਆ ਜਾਵੇ, ਉਸ ਵਿਰੁੱਧ ਕਾਨੂੰਨ ਅਨੁਸਾਰ ਕੜੀ ਕਾਰਵਾਈ ਯਕੀਨੀ ਬਣਾਈ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਦੁਹਰਾਈਆਂ ਨਾ ਜਾਣ।