Home Blog Page 693

ਇੰਗਲੈਂਡ ‘ਚ ਸੜਕ ਹਾਦਸੇ ਨੇ ਬੁਝਾਇਆ ਨੰਗਲ ਬ੍ਰਾਹਮਣਾਂ ਦਾ ਚਿਰਾਗ, 4 ਮਹੀਨੇ ਪਹਿਲਾਂ ਵਿਦੇਸ਼ ਗਿਆ ਕੇਸ਼ਵ ਸ਼ਰਮਾ ਮੌਤ ਦਾ ਸ਼ਿਕਾਰ

ਨੰਗਲ :- ਨੰਗਲ ਬ੍ਰਾਹਮਣਾਂ ਦਾ ਨੌਜਵਾਨ ਕੇਸ਼ਵ ਸ਼ਰਮਾ, ਜੋ ਕੁਝ ਮਹੀਨੇ ਪਹਿਲਾਂ ਹੀ ਰੋਜ਼ਗਾਰ ਦੀ ਖਾਤਿਰ ਇੰਗਲੈਂਡ ਗਿਆ ਸੀ, ਉੱਥੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਆਪਣੀ ਜ਼ਿੰਦਗੀ ਗੁਆ ਬੈਠਾ। ਮਿਲੀ ਜਾਣਕਾਰੀ ਅਨੁਸਾਰ ਕਈ ਵਾਹਨਾਂ ਦੀ ਟੱਕਰ ਦੌਰਾਨ ਇਹ ਹਾਦਸਾ ਵਾਪਰਿਆ, ਜਿਸ ਵਿੱਚ ਕੇਸ਼ਵ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਚਾਰ ਮਹੀਨੇ ਪਹਿਲਾਂ ਹੀ ਸੁਪਨੇ ਲੈ ਕੇ ਗਿਆ ਸੀ ਵਿਦੇਸ਼

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੇਸ਼ਵ ਸਿਰਫ਼ ਚਾਰ ਮਹੀਨੇ ਪਹਿਲਾਂ ਹੀ ਇੰਗਲੈਂਡ ਗਿਆ ਸੀ। ਘਰ ਵਿੱਚ ਖੁਸ਼ੀ ਦਾ ਮਾਹੌਲ ਸੀ ਅਤੇ ਹਰ ਕੋਈ ਉਸਦੇ ਚੰਗੇ ਭਵਿੱਖ ਦੀ ਆਸ ਕਰ ਰਿਹਾ ਸੀ, ਪਰ ਕਿਸੇ ਨੇ ਨਹੀਂ ਸੋਚਿਆ ਸੀ ਕਿ ਇਹ ਯਾਤਰਾ ਆਖ਼ਰੀ ਸਾਬਤ ਹੋਵੇਗੀ।

ਦੋ ਭੈਣਾਂ ਦਾ ਇਕਲੌਤਾ ਭਰਾ ਸੀ ਕੇਸ਼ਵ

ਕੇਸ਼ਵ ਸ਼ਰਮਾ ਆਪਣੇ ਮਾਪਿਆਂ ਲਈ ਇਕਲੌਤਾ ਪੁੱਤਰ ਅਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਪਰਿਵਾਰ ਨੇ ਦੱਸਿਆ ਕਿ ਉਹ ਆਪਣੀ ਭੈਣ ਦੀ ਅਗੇਸਟਮੈਂਟ ਲਈ ਜਲਦ ਭਾਰਤ ਆਉਣ ਦੀ ਤਿਆਰੀ ਕਰ ਰਿਹਾ ਸੀ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।

ਪਿੰਡ ‘ਚ ਛਾਇਆ ਸੋਗ, ਹਰ ਅੱਖ ਨਮ

ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਨੰਗਲ ਬ੍ਰਾਹਮਣਾਂ ਵਿੱਚ ਸੋਗ ਦੀ ਲਹਿਰ ਫੈਲ ਗਈ। ਪਿੰਡ ਵਾਸੀਆਂ ਅਨੁਸਾਰ ਕੇਸ਼ਵ ਸਾਧਾ ਸੁਭਾਅ, ਮਿਹਨਤੀ ਅਤੇ ਸਭ ਨਾਲ ਪਿਆਰ ਨਾਲ ਪੇਸ਼ ਆਉਣ ਵਾਲਾ ਨੌਜਵਾਨ ਸੀ। ਉਸਦੀ ਅਕਾਲ ਮੌਤ ਨਾਲ ਪਿੰਡ ਦਾ ਮਾਹੌਲ ਗ਼ਮਗੀਨ ਬਣਿਆ ਹੋਇਆ ਹੈ।

ਦੇਹ ਭਾਰਤ ਲਿਆਉਣ ਲਈ ਪਰਿਵਾਰ ਦੀ ਮਦਦ ਦੀ ਅਪੀਲ

ਇਸ ਦੁੱਖਦਾਈ ਘਟਨਾ ਤੋਂ ਬਾਅਦ ਕੇਸ਼ਵ ਦੇ ਪਰਿਵਾਰਕ ਮੈਂਬਰਾਂ ਵੱਲੋਂ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨਾਲ ਸੰਪਰਕ ਕਰਕੇ ਮ੍ਰਿਤਕ ਦੀ ਦੇਹ ਇੰਗਲੈਂਡ ਤੋਂ ਭਾਰਤ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਗਈ ਹੈ। ਪਰਿਵਾਰ ਨੇ ਸਰਕਾਰ ਤੋਂ ਵੀ ਹਰ ਸੰਭਵ ਸਹਾਇਤਾ ਦੀ ਮੰਗ ਕੀਤੀ ਹੈ।

ਬਠਿੰਡਾ ’ਚ ਸ਼ਰਾਬ ਤਸਕਰੀ ਦਾ ਵੱਡਾ ਪਰਦਾਫਾਸ਼, ਰਾਜਸਥਾਨ ਨੰਬਰ ਟਰੱਕ ’ਚੋਂ ਹਜ਼ਾਰਾਂ ਬੋਤਲਾਂ ਬਰਾਮਦ

ਬਠਿੰਡਾ :- ਜ਼ਿਲ੍ਹਾ ਬਠਿੰਡਾ ਵਿੱਚ ਪੁਲਿਸ ਨੇ ਨਸ਼ਿਆਂ ਅਤੇ ਗੈਰਕਾਨੂੰਨੀ ਸ਼ਰਾਬ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕੀਤੀ ਹੈ। ਥਾਣਾ ਨੰਦਗੜ੍ਹ ਪੁਲਿਸ ਅਤੇ ਬਠਿੰਡਾ ਐਕਸਾਈਜ਼ ਵਿਭਾਗ ਦੀ ਸਾਂਝੀ ਕਾਰਵਾਈ ਦੌਰਾਨ ਇੱਕ ਟਰੱਕ ਵਿੱਚੋਂ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਫੜੀ ਗਈ ਹੈ।

ਟ੍ਰੱਕ ਵਿੱਚ ਬਣਾਏ ਗਏ ਸਨ ਗੁਪਤ ਖਾਨੇ
ਪੁਲਿਸ ਅਧਿਕਾਰੀਆਂ ਮੁਤਾਬਕ ਰਾਜਸਥਾਨ ਨੰਬਰ ਵਾਲੇ ਟਰੱਕ ਨੂੰ ਨਾਕਾਬੰਦੀ ਦੌਰਾਨ ਰੋਕ ਕੇ ਜਾਂਚ ਕੀਤੀ ਗਈ। ਸ਼ੁਰੂਆਤੀ ਤੌਰ ’ਤੇ ਟਰੱਕ ਆਮ ਸਮਾਨ ਨਾਲ ਭਰਿਆ ਹੋਇਆ ਦਿਖਾਈ ਦਿੱਤਾ, ਪਰ ਗਹਿਰੀ ਜਾਂਚ ਕਰਨ ’ਤੇ ਅੰਦਰ ਲੁਕਵੇਂ ਤਰੀਕੇ ਨਾਲ ਬਣਾਈਆਂ ਗਈਆਂ ਲੋਹੇ ਦੀਆਂ ਚਰਖੜੀਆਂ ਅਤੇ ਜ਼ਮੀਨਦੋਜ ਪਾਈਪਾਂ ਵਿੱਚ ਸ਼ਰਾਬ ਛੁਪਾਈ ਹੋਈ ਮਿਲੀ।

415 ਪੇਟੀਆਂ, ਕਰੀਬ 5 ਹਜ਼ਾਰ ਬੋਤਲਾਂ ਬਰਾਮਦ
ਤਲਾਸ਼ੀ ਦੌਰਾਨ ਪੁਲਿਸ ਨੇ ਕੁੱਲ 415 ਪੇਟੀਆਂ ਸ਼ਰਾਬ ਬਰਾਮਦ ਕੀਤੀਆਂ, ਜਿਨ੍ਹਾਂ ਵਿੱਚ ਲਗਭਗ 4980 ਬੋਤਲਾਂ ਦੱਸੀਆਂ ਜਾ ਰਹੀਆਂ ਹਨ। ਫੜੀ ਗਈ ਸ਼ਰਾਬ ਵਿੱਚ ਰੋਇਲ ਚੈਲੇਂਜ, ਰੋਇਲ ਸਟੈਗ ਅਤੇ ਆਲ ਸੀਜ਼ਨ ਬ੍ਰਾਂਡ ਸ਼ਾਮਲ ਹਨ, ਜੋ ਡਰਾਈ ਸਟੇਟ ਇਲਾਕਿਆਂ ਤੋਂ ਤਸਕਰੀ ਰਾਹੀਂ ਪੰਜਾਬ ਲਿਆਂਦੀ ਜਾ ਰਹੀ ਸੀ।

ਸੱਤ ਖ਼ਿਲਾਫ ਮਾਮਲਾ, ਤਿੰਨ ਗ੍ਰਿਫ਼ਤਾਰ
ਇਸ ਮਾਮਲੇ ਸਬੰਧੀ ਥਾਣਾ ਨੰਦਗੜ੍ਹ ਵਿੱਚ ਸੱਤ ਵਿਅਕਤੀਆਂ ਖ਼ਿਲਾਫ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਚਾਰ ਹੋਰਾਂ ਦੀ ਭਾਲ ਜਾਰੀ ਹੈ।

ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ
ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਫੂਲੇਵਾਲਾ (ਜ਼ਿਲ੍ਹਾ ਮੋਗਾ), ਸੁਰੇਸ਼ ਕੁਮਾਰ ਵਾਸੀ ਦਾਤਾ ਅਤੇ ਹਨੂਮਾਨ ਰਾਮ ਵਾਸੀ ਬੁੱਢਾ (ਜ਼ਿਲ੍ਹਾ ਜਾਲੌਰ, ਰਾਜਸਥਾਨ) ਵਜੋਂ ਹੋਈ ਹੈ। ਫ਼ਰਾਰ ਮੁਲਜ਼ਮਾਂ ਵਿੱਚ ਧਰਮਪਾਲ ਸ਼ਰਮਾ ਵਾਸੀ ਅਹਿਮਦਗੜ੍ਹ, ਜਸਕਰਨ ਸਿੰਘ ਵਾਸੀ ਮਾਣਕੇ, ਗੁਰਬਿੰਦਰ ਸਿੰਘ ਵਾਸੀ ਤਖਤਪੁਰਾ ਅਤੇ ਜੱਸਾ ਸਿੰਘ ਵਾਸੀ ਕਾਲੇਕੇ ਦੇ ਨਾਮ ਸ਼ਾਮਲ ਹਨ।

ਐਕਸਾਈਜ਼ ਚੋਰੀ ਅਤੇ ਬਲੈਕ ਮਾਰਕੀਟ ਦਾ ਖੁਲਾਸਾ
ਡੀਐਸਪੀ ਹਰਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਮੁਲਜ਼ਮ ਜਾਲੀ ਨੰਬਰ ਪਲੇਟਾਂ ਦੀ ਵਰਤੋਂ ਕਰਕੇ ਡਰਾਈ ਏਰੀਆ ਗੁਜਰਾਤ ਅਤੇ ਰਾਜਸਥਾਨ ਤੋਂ ਸ਼ਰਾਬ ਲਿਆ ਕੇ ਪੰਜਾਬ ਵਿੱਚ ਮਹਿੰਗੇ ਭਾਅ ’ਤੇ ਵੇਚ ਰਹੇ ਸਨ। ਇਸ ਤਰੀਕੇ ਨਾਲ ਸਰਕਾਰ ਨੂੰ ਵੱਡੇ ਪੱਧਰ ’ਤੇ ਐਕਸਾਈਜ਼ ਰੇਵਨਿਊ ਦਾ ਨੁਕਸਾਨ ਪਹੁੰਚਾਇਆ ਜਾ ਰਿਹਾ ਸੀ।

ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਨੂੰ ਹੋਰ ਫੈਲਾਇਆ ਜਾ ਰਿਹਾ ਹੈ ਅਤੇ ਤਸਕਰੀ ਦੇ ਪੂਰੇ ਨੈੱਟਵਰਕ ਨੂੰ ਬੇਨਕਾਬ ਕਰਕੇ ਬਾਕੀ ਦੋਸ਼ੀਆਂ ਨੂੰ ਵੀ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।

ਹਰਿਆਣਾ – ਮਨਰੇਗਾ ਦੀ ਥਾਂ ਲਵੇਗਾ ‘ਵਿਕਸਿਤ ਭਾਰਤ ਜੀ ਰਾਮ ਜੀ’ ਮਿਸ਼ਨ, ਮਜ਼ਦੂਰਾਂ ਲਈ 125 ਦਿਨਾਂ ਰੁਜ਼ਗਾਰ ਦਾ ਵੱਡਾ ਐਲਾਨ

ਹਰਿਆਣਾ :- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਚਕੂਲਾ ਵਿੱਚ ਆਯੋਜਿਤ ਰਾਜ ਪੱਧਰੀ ਸਮਾਗਮ ਦੌਰਾਨ ‘ਵਿਕਸਿਤ ਭਾਰਤ ਜੀ ਰਾਮ ਜੀ’ ਮਿਸ਼ਨ ਦੀ ਸ਼ੁਰੂਆਤ ਕਰਦਿਆਂ ਇਸਨੂੰ ਦੇਸ਼ ਦੇ ਮਜ਼ਦੂਰ ਵਰਗ ਅਤੇ ਪੇਂਡੂ ਵਿਕਾਸ ਲਈ ਇੱਕ ਇਤਿਹਾਸਕ ਕਦਮ ਕਰਾਰ ਦਿੱਤਾ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਮੁੱਖ ਮੰਤਰੀ ਨੇ ਮਜ਼ਦੂਰਾਂ ਨਾਲ ਸਿੱਧਾ ਸੰਵਾਦ ਕਰਦਿਆਂ ਕਿਹਾ ਕਿ ਇਹ ਯੋਜਨਾ ਹੁਣ ਪੁਰਾਣੀ ਮਨਰੇਗਾ ਸਕੀਮ ਦੀ ਥਾਂ ਲਏਗੀ।

ਮਜ਼ਦੂਰਾਂ ਨੂੰ ਵਧੇਗਾ ਰੁਜ਼ਗਾਰ ਤੇ ਆਮਦਨ
ਮੁੱਖ ਮੰਤਰੀ ਨੇ ਦੱਸਿਆ ਕਿ ਨਵੇਂ ਮਿਸ਼ਨ ਅਧੀਨ ਰੁਜ਼ਗਾਰ ਦੀ ਗਰੰਟੀ 100 ਦਿਨਾਂ ਤੋਂ ਵਧਾ ਕੇ 125 ਦਿਨ ਕਰ ਦਿੱਤੀ ਗਈ ਹੈ। ਇਸ ਨਾਲ ਪੇਂਡੂ ਖੇਤਰਾਂ ਵਿੱਚ ਅਕੁਸ਼ਲ ਮਜ਼ਦੂਰਾਂ ਦੀ ਸਾਲਾਨਾ ਆਮਦਨ ਵਿੱਚ 7 ਫੀਸਦੀ ਤੋਂ ਵੱਧ ਵਾਧਾ ਹੋਣ ਦੀ ਸੰਭਾਵਨਾ ਹੈ। ਹਰਿਆਣਾ ਵਿੱਚ ਹਰ ਮਜ਼ਦੂਰ ਨੂੰ ਸਾਲਾਨਾ ਤੌਰ ’ਤੇ ਘੱਟੋ-ਘੱਟ 50 ਹਜ਼ਾਰ ਰੁਪਏ ਵਧੇਰੇ ਆਮਦਨ ਮਿਲਣ ਦੀ ਉਮੀਦ ਜਤਾਈ ਗਈ ਹੈ।

ਤਕਨੀਕ ਨਾਲ ਭ੍ਰਿਸ਼ਟਾਚਾਰ ’ਤੇ ਕਾਬੂ
ਯੋਜਨਾ ਦੀ ਪਾਰਦਰਸ਼ਤਾ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਇਸ ਵਿੱਚ ਬਾਇਓਮੈਟ੍ਰਿਕ ਹਾਜ਼ਰੀ, ਡਾਇਰੈਕਟ ਬੈਨਿਫਿਟ ਟ੍ਰਾਂਸਫਰ, ਜੀਓ ਟੈਗਿੰਗ ਅਤੇ ਸੈਟੇਲਾਈਟ ਨਿਗਰਾਨੀ ਵਰਗੀਆਂ ਆਧੁਨਿਕ ਤਕਨੀਕਾਂ ਸ਼ਾਮਲ ਕੀਤੀਆਂ ਗਈਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਸਰਕਾਰ ਨੇ ਪਿਛਲੇ ਦਸ ਸਾਲਾਂ ਦੌਰਾਨ ਮਜ਼ਦੂਰਾਂ ਨੂੰ 5000 ਕਰੋੜ ਰੁਪਏ ਤੋਂ ਵੱਧ ਦੀ ਰਕਮ ਅਦਾ ਕੀਤੀ ਹੈ, ਜਦਕਿ ਕਾਂਗਰਸ ਸਰਕਾਰ ਦੇ ਸਮੇਂ ਇਹ ਅੰਕੜਾ 2000 ਕਰੋੜ ਰੁਪਏ ਤੱਕ ਸੀਮਿਤ ਸੀ।

ਵਿਰੋਧੀ ਧਿਰਾਂ ’ਤੇ ਸਿਆਸੀ ਹਮਲੇ
ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਤੇ ਕੋਈ ਢੁੱਕਵੀਂ ਕਾਰਵਾਈ ਨਹੀਂ ਹੋ ਰਹੀ। ਉਨ੍ਹਾਂ ਆਖਿਆ ਕਿ ਕੁਝ ਪਾਰਟੀਆਂ ਲੋਕ-ਹਿਤੈਸ਼ੀ ਯੋਜਨਾਵਾਂ ਦਾ ਸਿਰਫ਼ ਰਾਜਨੀਤਿਕ ਕਾਰਨਾਂ ਕਰਕੇ ਵਿਰੋਧ ਕਰ ਰਹੀਆਂ ਹਨ।

ਗਰੀਬਾਂ ਲਈ ਰਿਹਾਇਸ਼ੀ ਯੋਜਨਾਵਾਂ ਦਾ ਜ਼ਿਕਰ
ਸਮਾਗਮ ਦੌਰਾਨ ਮੁੱਖ ਮੰਤਰੀ ਨੇ ਕਈ ਹੋਰ ਭਲਾਈ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਸੂਬੇ ਵਿੱਚ ਲੱਖਾਂ ਘਰ ਤਿਆਰ ਕਰ ਕੇ ਦਿੱਤੇ ਗਏ ਹਨ। ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਰਾਹੀਂ ਗਰੀਬ ਪਰਿਵਾਰਾਂ ਨੂੰ 30 ਗਜ਼ ਦੇ ਪਲਾਟ ਦਿੱਤੇ ਜਾ ਰਹੇ ਹਨ, ਜਦਕਿ ‘ਦੀਨਦਿਆਲ ਲਾਡੋ ਲਕਸ਼ਮੀ ਯੋਜਨਾ’ ਰਾਹੀਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਸਾਲ 2014 ਤੋਂ ਬਾਅਦ ਸਰਕਾਰ ਨੇ ਪੇਂਡੂ ਗਰੀਬੀ ਘਟਾਉਣ ਵੱਲ ਲਗਾਤਾਰ ਕਦਮ ਚੁੱਕੇ ਹਨ ਅਤੇ ਮਿਹਨਤਕਸ਼ ਵਰਗ ਦੇ ਸਹਿਯੋਗ ਨਾਲ ਹੀ ਵਿਕਸਿਤ ਭਾਰਤ ਦਾ ਸੁਪਨਾ ਸਾਕਾਰ ਕੀਤਾ ਜਾਵੇਗਾ।

ਮੁੱਖ ਮੰਤਰੀ ਮਾਨ ਨੇ 328 ਸਰੂਪਾਂ ਤੇ ਦਿੱਤਾ ਇੱਕ ਹੋਰ ਵੱਡਾ ਬਿਆਨ!

ਕੋਚੰਡੀਗੜ੍ਹ :- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੁਰੂ ਸਾਹਿਬ ਦੇ ਸਰੂਪਾਂ ਦੀ ਸੁਰੱਖਿਆ ਸੰਬੰਧੀ ਇੱਕ ਗੰਭੀਰ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗਾਹਿਬ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਸਰੂਪ ਲੱਭਣ ਲਈ ਮਜਬੂਰੀ ਵਿੱਚ ਸਿੱਟ ਬਣਾਉਣੀ ਪਈ। ਉਨ੍ਹਾਂ ਨੇ ਸਾਫ਼ ਕੀਤਾ ਕਿ ਉੱਤੇ ਉਨ੍ਹਾਂ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣ ਦਾ ਦੋਸ਼ ਲਾਇਆ ਜਾ ਰਿਹਾ ਹੈ, ਜਦੋਂ ਕਿ ਮੱਥਾ ਖੁਦ ਹੀ ਧਾਰਮਿਕ ਅਦਬ ਨਾਲ ਲਾਇਆ ਗਿਆ ਸੀ।

ਸਰੂਪਾਂ ਦੀ ਸੁਰੱਖਿਆ ਅਤੇ ਜ਼ਿੰਮੇਵਾਰੀ

ਮੁੱਖ ਮੰਤਰੀ ਨੇ ਸਰੂਪਾਂ ਦੀ ਸਾਂਭ ਦਾ ਕੰਮ ਐਸ.ਜੀ.ਪੀ.ਸੀ. ਨੂੰ ਹੋਣਾ ਚਾਹੀਦਾ ਸੀ, ਪਰ ਇਸ ਸਮੇਂ ਇਹ ਜਿੰਮੇਵਾਰੀ ਸਰਕਾਰ ਨੂੰ ਸੰਭਾਲਣੀ ਪਈ। ਉਨ੍ਹਾਂ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਅਤੇ ਇਤਿਹਾਸਕ ਵਸਤੂਆਂ ਦੀ ਸੰਭਾਲ ਸਭ ਤੋਂ ਪਹਿਲਾਂ ਆਉਂਦੀ ਹੈ।

ਸਿੱਖਿਆ ਅਤੇ ਵਿਰਸੇ ਉਤੇ ਜ਼ੋਰ

ਭਗਵੰਤ ਮਾਨ ਨੇ ਐਲਾਨ ਕੀਤਾ ਕਿ ਪੰਜਾਬ ਦੇ ਪ੍ਰਸਿੱਧ ਲੇਖਕਾਂ ਜਿਵੇਂ ਸ਼ਾਹ ਮੁਹੰਮਦ ਅਤੇ ਹਾਸ਼ਮ ਸ਼ਾਹ ਦੇ ਪਿੰਡਾਂ ਵਿੱਚ ਆਧੁਨਿਕ ਲਾਇਬ੍ਰੇਰੀਆਂ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਅਤੇ ਪੁਰਖਿਆਂ ਦੀਆਂ ਲੜਾਈਆਂ ਬਾਰੇ ਜਾਣਕਾਰੀ ਦੇਣਾ ਬਹੁਤ ਜ਼ਰੂਰੀ ਹੈ, ਤਾਂ ਜੋ ਉਹ ਆਪਣੇ ਇਤਿਹਾਸ ਅਤੇ ਧਾਰਮਿਕ ਅਸਥਾਨਾਂ ਨਾਲ ਜੁੜੇ ਰਹਿਣ।

ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਸਨਮਾਨ

ਮੁੱਖ ਮੰਤਰੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਸਮਰਪਿਤ ਸਮਾਗਮਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਹ ਉਹਨਾਂ ਦਾ ਫਰਜ਼ ਹੈ ਕਿ ਨਵੀਂ ਪੀੜ੍ਹੀ ਨੂੰ ਗੁਰੂ ਸਾਹਿਬ ਦੀ ਮਹਾਨ ਕੁਰਬਾਨੀ ਅਤੇ ਧਾਰਮਿਕ ਸਿੱਖਿਆ ਬਾਰੇ ਜਾਣੂ ਕਰਾਇਆ ਜਾਵੇ।

ਇਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਧਾਰਮਿਕ ਸੁਰੱਖਿਆ, ਇਤਿਹਾਸਕ ਵਿਰਸਾ ਅਤੇ ਨਵੇਂ ਲਾਇਬ੍ਰੇਰੀ ਪ੍ਰੋਜੈਕਟਾਂ ਰਾਹੀਂ ਸਿੱਖਿਆ ਤੇ ਵਿਰਸੇ ਨੂੰ ਮਜ਼ਬੂਤ ਕਰਨ ਦੀ ਰਣਨੀਤੀ ਦਾ ਐਲਾਨ ਕੀਤਾ।

ਦੇਹਰਾਦੂਨ: ਦੂਨ ਮੈਡੀਕਲ ਕਾਲਜ ‘ਚ ਰੈਗਿੰਗ ਦਾ ਮਾਮਲਾ, ਪ੍ਰਸ਼ਾਸਨ ਵੱਲੋਂ ਜਾਂਚ ਸ਼ੁਰੂ

ਦੇਹਰਾਦੂਨ :- ਦੇਹਰਾਦੂਨ ਦੇ ਸਰਕਾਰੀ ਦੂਨ ਮੈਡੀਕਲ ਕਾਲਜ ਵਿੱਚ 2025 ਬੈਚ ਦੇ ਇੱਕ ਜੂਨੀਅਰ ਵਿਦਿਆਰਥੀ ਵੱਲੋਂ ਸੀਨੀਅਰਾਂ ਵਿਰੁੱਧ ਹਮਲੇ ਅਤੇ ਰੈਗਿੰਗ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੀੜਤ ਵਿਦਿਆਰਥੀ ਨੇ ਦਾਅਵਾ ਕੀਤਾ ਕਿ 2023 ਅਤੇ 2024 ਬੈਚ ਦੇ ਦੋ ਸੀਨੀਅਰ ਵਿਦਿਆਰਥੀਆਂ ਨੇ ਪਹਿਲਾਂ ਉਸ ‘ਤੇ ਹੋਸਟਲ ਵਿੱਚ ਹਮਲਾ ਕੀਤਾ ਅਤੇ ਬੈਲਟ ਅਤੇ ਚੱਪਲਾਂ ਨਾਲ ਉਸ ਨੂੰ ਬੁਰੀ ਤਰ੍ਹਾਂ ਮਾਰਿਆ। ਇਸ ਘਟਨਾ ਨੇ ਵਿਦਿਆਰਥੀ ਦੀ ਮਾਨਸਿਕ ਸਥਿਤੀ ਅਤੇ ਆਤਮ-ਵਿਸ਼ਵਾਸ ਨੂੰ ਗੰਭੀਰ ਤੌਰ ‘ਤੇ ਪ੍ਰਭਾਵਿਤ ਕੀਤਾ ਹੈ।

ਸ਼ਿਕਾਇਤ ਦਰਜ ਅਤੇ ਪ੍ਰਸ਼ਾਸਨ ਦੀ ਕਾਰਵਾਈ
ਜੂਨੀਅਰ ਵਿਦਿਆਰਥੀ ਨੇ ਆਪਣੀ ਸ਼ਿਕਾਇਤ ਕਾਲਜ ਪ੍ਰਸ਼ਾਸਨ ਅਤੇ ਮੁੱਖ ਵਾਰਡਨ ਕੋਲ ਦਰਜ ਕਰਵਾਈ ਹੈ। ਪ੍ਰਿੰਸੀਪਲ ਡਾ. ਗੀਤਾ ਜੈਨ ਨੇ ਕਿਹਾ ਕਿ ਐਂਟੀ-ਰੈਗਿੰਗ ਕਮੇਟੀ ਇਸ ਮਾਮਲੇ ਦੀ ਵਿਸਥਾਰਤ ਜਾਂਚ ਕਰ ਰਹੀ ਹੈ ਅਤੇ ਕਿਸੇ ਵੀ ਹਾਲਤ ਵਿੱਚ ਅਨੁਸ਼ਾਸਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਕਮੇਟੀ ਨੇ ਸ਼ਾਮਲ ਵਿਦਿਆਰਥੀਆਂ ਦੇ ਬਿਆਨ ਵੀ ਦਰਜ ਕੀਤੇ ਹਨ।

ਭਵਿੱਖੀ ਕਾਰਵਾਈ
ਕਾਲਜ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਜੇ ਦੋਸ਼ ਸਾਬਤ ਹੁੰਦੇ ਹਨ, ਤਾਂ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜਿਸ ਵਿੱਚ ਕਾਲਜ ‘ਚੋਂ ਨਿਕਾਸ਼ ਵੀ ਸ਼ਾਮਲ ਹੈ। ਪ੍ਰਿੰਸੀਪਲ ਨੇ ਜਨਤਕ ਤੌਰ ‘ਤੇ ਭਰੋਸਾ ਦਿਵਾਇਆ ਕਿ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਮਾਨਸਿਕ ਭਲਾਈ ਨੂੰ ਪ੍ਰਾਥਮਿਕਤਾ ਦਿੱਤੀ ਜਾਵੇਗੀ।

ਕਾਜੀਰੰਗਾ ਲਈ ਇਤਿਹਾਸਕ ਪ੍ਰੋਜੈਕਟ: ਪ੍ਰਧਾਨ ਮੰਤਰੀ ਮੋਦੀ ਵੱਲੋਂ 6,957 ਕਰੋੜ ਦੇ ਐਲੀਵੇਟਿਡ ਕੋਰੀਡੋਰ ਦੀ ਨੀਂਹ, ਦੋ ਅੰਮ੍ਰਿਤ ਭਾਰਤ ਐਕਸਪ੍ਰੈਸ ਰਵਾਨਾ

ਨਵੀਂ ਦਿੱਲੀ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਅਸਾਮ ਦੇ ਨਗਾਂਵ ਜ਼ਿਲ੍ਹੇ ਵਿੱਚ ਕਰਵਾਏ ਗਏ ਇੱਕ ਸਰਕਾਰੀ ਸਮਾਗਮ ਦੌਰਾਨ ਕਾਜੀਰੰਗਾ ਐਲੀਵੇਟਿਡ ਕੋਰੀਡੋਰ ਪ੍ਰੋਜੈਕਟ ਦੀ ਨੀਂਹ ਰੱਖੀ। ਇਹ ਪ੍ਰੋਜੈਕਟ ਕਰੀਬ 6,957 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗਾ। ਗੁਵਾਹਾਟੀ ਤੋਂ ਨਗਾਂਵ ਪਹੁੰਚੇ ਪ੍ਰਧਾਨ ਮੰਤਰੀ ਨੇ ਭੂਮੀ ਪੂਜਨ ਰਸਮ ਅਦਾ ਕਰਕੇ ਕੰਮ ਦੀ ਸ਼ੁਰੂਆਤ ਕੀਤੀ।

ਜੰਗਲੀ ਜੀਵਾਂ ਦੀ ਸੁਰੱਖਿਆ ਨੂੰ ਮਿਲੇਗੀ ਮਜ਼ਬੂਤੀ
ਅਧਿਕਾਰੀਆਂ ਮੁਤਾਬਕ ਇਹ ਐਲੀਵੇਟਿਡ ਕੋਰੀਡੋਰ ਕਾਜੀਰੰਗਾ ਨੈਸ਼ਨਲ ਪਾਰਕ ਅਤੇ ਟਾਈਗਰ ਰਿਜ਼ਰਵ ਵਿੱਚ ਜੰਗਲੀ ਜਾਨਵਰਾਂ ਦੀ ਆਵਾਜਾਈ ਨੂੰ ਸੁਰੱਖਿਅਤ ਬਣਾਉਣ ਲਈ ਤਿਆਰ ਕੀਤਾ ਜਾ ਰਿਹਾ ਹੈ। ਖ਼ਾਸ ਕਰਕੇ ਮਾਨਸੂਨ ਦੇ ਸਮੇਂ ਜਦੋਂ ਜਾਨਵਰ ਸੜਕਾਂ ਪਾਰ ਕਰਦੇ ਹਨ, ਉਸ ਦੌਰਾਨ ਹਾਦਸਿਆਂ ਦੀ ਸੰਭਾਵਨਾ ਘੱਟ ਹੋਵੇਗੀ।

ਨੈਸ਼ਨਲ ਹਾਈਵੇਅ ’ਤੇ ਹਾਦਸਿਆਂ ਵਿੱਚ ਆਵੇਗੀ ਕਮੀ
ਇਹ ਕੋਰੀਡੋਰ ਨੈਸ਼ਨਲ ਹਾਈਵੇਅ–715 ਉੱਤੇ ਬਣਾਇਆ ਜਾਵੇਗਾ, ਜਿਸ ਨਾਲ ਸੜਕ ਹਾਦਸਿਆਂ ਵਿੱਚ ਕਮੀ ਆਉਣ ਦੀ ਉਮੀਦ ਹੈ। ਨਾਲ ਹੀ ਪ੍ਰੋਜੈਕਟ ਰਾਹੀਂ ਖੇਤਰ ਵਿੱਚ ਇਕੋ-ਟੂਰਿਜ਼ਮ ਨੂੰ ਉਤਸ਼ਾਹ ਮਿਲੇਗਾ ਅਤੇ ਸਥਾਨਕ ਲੋਕਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।

ਪ੍ਰੋਜੈਕਟ ਦੀ ਸੰਰਚਨਾ
ਕਾਜੀਰੰਗਾ ਐਲੀਵੇਟਿਡ ਕੋਰੀਡੋਰ ਕਾਲੀਆਬੋਰ–ਨੁਮਾਲੀਗੜ੍ਹ ਨੈਸ਼ਨਲ ਹਾਈਵੇਅ–715 ਦੇ ਫੋਰ-ਲੇਨਿੰਗ ਪ੍ਰੋਜੈਕਟ ਦਾ ਅਹੰਮ ਹਿੱਸਾ ਹੈ। ਇਸ ਵਿੱਚ ਕਰੀਬ 34.45 ਕਿਲੋਮੀਟਰ ਲੰਬਾ ਵਾਈਲਡਲਾਈਫ-ਫ੍ਰੈਂਡਲੀ ਐਲੀਵੇਟਿਡ ਸੜਕ ਹਿੱਸਾ ਸ਼ਾਮਲ ਹੈ। ਜਖਲਾਬੰਧਾ ਅਤੇ ਬੋਕਾਖਾਤ ਵਿੱਚ ਬਾਈਪਾਸ ਵੀ ਤਿਆਰ ਕੀਤੇ ਜਾਣਗੇ।

ਪ੍ਰੋਜੈਕਟ ਮਾਡਲ ਦਾ ਨਿਰੀਖਣ
ਸਮਾਗਮ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਐਲੀਵੇਟਿਡ ਕੋਰੀਡੋਰ ਦੇ ਵਿਸਥਾਰਕ ਮਾਡਲ ਦਾ ਨਿਰੀਖਣ ਵੀ ਕੀਤਾ ਅਤੇ ਅਧਿਕਾਰੀਆਂ ਤੋਂ ਪ੍ਰੋਜੈਕਟ ਦੀ ਪ੍ਰਗਤੀ ਸਬੰਧੀ ਜਾਣਕਾਰੀ ਲਈ।

ਦੋ ਅੰਮ੍ਰਿਤ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ
ਸੜਕ ਪ੍ਰੋਜੈਕਟ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਵਰਚੁਅਲ ਤੌਰ ’ਤੇ ਦੋ ਅੰਮ੍ਰਿਤ ਭਾਰਤ ਐਕਸਪ੍ਰੈਸ ਟਰੇਨਾਂ ਨੂੰ ਵੀ ਰਵਾਨਾ ਕੀਤਾ। ਇਹ ਟਰੇਨਾਂ ਡਿਬਰੂਗੜ੍ਹ ਤੋਂ ਗੋਮਤੀ ਨਗਰ (ਲਖਨਊ) ਅਤੇ ਕਾਮਾਖਿਆ ਤੋਂ ਰੋਹਤਕ ਰੂਟ ਉੱਤੇ ਚਲਣਗੀਆਂ।

ਰੇਲ ਕਨੈਕਟੀਵਿਟੀ ਨੂੰ ਮਿਲੇਗਾ ਵੱਡਾ ਫਾਇਦਾ
ਨਵੀਆਂ ਟਰੇਨਾਂ ਨਾਲ ਅਸਾਮ ਦੀ ਦੇਸ਼ ਦੇ ਕਈ ਸੂਬਿਆਂ—ਪੱਛਮੀ ਬੰਗਾਲ, ਬਿਹਾਰ, ਉੱਤਰ ਪ੍ਰਦੇਸ਼, ਦਿੱਲੀ ਅਤੇ ਹਰਿਆਣਾ—ਨਾਲ ਰੇਲ ਸੰਪਰਕ ਹੋਰ ਮਜ਼ਬੂਤ ਹੋਵੇਗਾ। ਅਧਿਕਾਰੀਆਂ ਅਨੁਸਾਰ ਯਾਤਰੀਆਂ ਨੂੰ ਆਧੁਨਿਕ ਸੁਵਿਧਾਵਾਂ ਦੇ ਨਾਲ ਯਾਤਰਾ ਸਮਾਂ ਵੀ ਘੱਟ ਹੋਵੇਗਾ।

ਸੋਸ਼ਲ ਮੀਡੀਆ ਰਾਹੀਂ ਦਿੱਤਾ ਸੰਦੇਸ਼
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਲਿਖਿਆ ਕਿ ਕਾਜੀਰੰਗਾ ਐਲੀਵੇਟਿਡ ਕੋਰੀਡੋਰ ਮਾਨਸੂਨ ਦੌਰਾਨ ਜੰਗਲੀ ਜੀਵਾਂ ਦੀ ਰੱਖਿਆ ਵਿੱਚ ਅਹੰਮ ਭੂਮਿਕਾ ਨਿਭਾਏਗਾ ਅਤੇ ਉੱਤਰੀ–ਪੂਰਬੀ ਭਾਰਤ ਦੀ ਕਨੈਕਟੀਵਿਟੀ ਨੂੰ ਨਵੀਂ ਦਿਸ਼ਾ ਦੇਵੇਗਾ।

ਕਾਨੂੰਨ-ਵਿਵਸਥਾ ਸਮੇਤ ਵੱਖ-ਵੱਖ ਮਸਲਿਆਂ ’ਤੇ ਰਾਜਪਾਲ ਨਾਲ ਭਾਜਪਾ ਵਫ਼ਦ ਦੀ ਮੀਟਿੰਗ

ਚੰਡੀਗੜ੍ਹ :- ਪੰਜਾਬ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਦੇ ਇਕ ਵਫ਼ਦ ਨੇ ਐਤਵਾਰ ਨੂੰ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਕੇ ਸੂਬੇ ਦੇ ਗੰਭੀਰ ਹਾਲਾਤਾਂ ਸਬੰਧੀ ਮੰਗ ਪੱਤਰ ਸੌਂਪਿਆ। ਵਫ਼ਦ ਨੇ ਦੋਸ਼ ਲਗਾਇਆ ਕਿ ਪੰਜਾਬ ਵਿੱਚ ਕਾਨੂੰਨ-ਵਿਵਸਥਾ ਬੁਰੀ ਤਰ੍ਹਾਂ ਡਗਮਗਾ ਚੁੱਕੀ ਹੈ ਅਤੇ ਆਮ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।

ਕਾਨੂੰਨ-ਵਿਵਸਥਾ ’ਤੇ ਗੰਭੀਰ ਸਵਾਲ

ਭਾਜਪਾ ਆਗੂਆਂ ਨੇ ਕਿਹਾ ਕਿ ਸੂਬੇ ਵਿੱਚ ਕਤਲ, ਲੁੱਟ ਅਤੇ ਫਿਰੌਤੀ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਉਨ੍ਹਾਂ ਰਾਜਪਾਲ ਤੋਂ ਮੰਗ ਕੀਤੀ ਕਿ ਡੀਜੀਪੀ ਅਤੇ ਗ੍ਰਹਿ ਮੰਤਰੀ ਨੂੰ ਤਲਬ ਕਰਕੇ ਇਹ ਪੁੱਛਿਆ ਜਾਵੇ ਕਿ ਅਪਰਾਧ ’ਤੇ ਕਾਬੂ ਪਾਉਣ ਲਈ ਹਕੀਕਤੀ ਪੱਧਰ ’ਤੇ ਕਿਹੜੇ ਕਦਮ ਚੁੱਕੇ ਗਏ ਹਨ।

ਮੀਡੀਆ ਦਬਾਉਣ ਦੇ ਦੋਸ਼

ਭਾਜਪਾ ਆਗੂ ਸੁਭਾਸ਼ ਸ਼ਰਮਾ ਨੇ ਆਰੋਪ ਲਗਾਇਆ ਕਿ ਪੰਜਾਬ ਸਰਕਾਰ ਮੀਡੀਆ ਦੀ ਆਜ਼ਾਦੀ ਨੂੰ ਰੋਕਣ ਵੱਲ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਰਵੱਈਆ ਐਮਰਜੈਂਸੀ ਦੇ ਦੌਰ ਨਾਲੋਂ ਵੀ ਵੱਧ ਸਖ਼ਤ ਦਿੱਖ ਰਿਹਾ ਹੈ, ਜੋ ਲੋਕਤੰਤਰਕ ਪ੍ਰਣਾਲੀ ਲਈ ਖ਼ਤਰੇ ਦੀ ਘੰਟੀ ਹੈ।

ਨਸ਼ਿਆਂ ’ਤੇ ਸਰਕਾਰ ਨੂੰ ਘੇਰਿਆ

ਕੇਵਲ ਢਿੱਲੋਂ ਨੇ ਨਸ਼ਿਆਂ ਦੇ ਮਸਲੇ ’ਤੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਲੁਧਿਆਣਾ ਦੇ ਪਿੰਡ ਸ਼ੇਰੇਵਾਲ ਵਿੱਚ ਨਸ਼ੇ ਕਾਰਨ ਇਕ ਮਾਂ ਨੇ ਆਪਣਾ ਛੇਵਾਂ ਪੁੱਤਰ ਵੀ ਗੁਆ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਨਸ਼ਾ ਮੁਕਤੀ ਸਬੰਧੀ ਸਰਕਾਰੀ ਐਲਾਨ ਜ਼ਮੀਨੀ ਪੱਧਰ ’ਤੇ ਨਾਕਾਮ ਸਾਬਤ ਹੋ ਰਹੇ ਹਨ।

ਪ੍ਰਸ਼ਾਸਨ ਦੇ ਦੁਰਪਯੋਗ ਦੇ ਆਰੋਪ

ਭਾਜਪਾ ਵਫ਼ਦ ਨੇ ਆਤਿਸ਼ੀ ਦੇ ਵੀਡੀਓ ਮਾਮਲੇ ’ਚ ਸਰਕਾਰ ਵੱਲੋਂ ਕੀਤੀ ਕਾਰਵਾਈ ਨੂੰ ਗਲਤ ਦੱਸਦਿਆਂ ਕਿਹਾ ਕਿ ਪ੍ਰਸ਼ਾਸਨ ਨੂੰ ਸਿਆਸੀ ਬਦਲੇ ਲਈ ਵਰਤਿਆ ਜਾ ਰਿਹਾ ਹੈ। ਆਗੂਆਂ ਨੇ ਦੋਸ਼ ਲਗਾਇਆ ਕਿ ਇਹ ਸਭ ਕੁਝ ਦਿੱਲੀ ਤੋਂ ਆ ਰਹੇ ਦਬਾਅ ਹੇਠ ਕੀਤਾ ਜਾ ਰਿਹਾ ਹੈ।

ਸੁਨੀਲ ਜਾਖੜ ਮੀਟਿੰਗ ’ਚ ਨਹੀਂ ਹੋ ਸਕੇ ਸ਼ਾਮਲ

ਇਹ ਮੀਟਿੰਗ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਹੋਣੀ ਸੀ, ਪਰ ਸਿਹਤ ਖ਼ਰਾਬ ਹੋਣ ਕਾਰਨ ਉਹ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਹੋਣ ਕਰਕੇ ਹਾਜ਼ਰ ਨਹੀਂ ਹੋ ਸਕੇ। ਇਸੇ ਤਰ੍ਹਾਂ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਮਲੇਰਕੋਟਲਾ ਵਿੱਚ ਇਕ ਰੈਲੀ ਕਾਰਨ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ।

ਭਾਜਪਾ ਆਗੂਆਂ ਨੇ ਅੰਤ ਵਿੱਚ ਕਿਹਾ ਕਿ ਜੇਕਰ ਸੂਬੇ ਦੀਆਂ ਸੰਸਥਾਵਾਂ ਦੀ ਇਸ ਤਰ੍ਹਾਂ ਦੁਰਵਰਤੋਂ ਜਾਰੀ ਰਹੀ ਤਾਂ ਪੰਜਾਬ ਦੇ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ ਅਤੇ ਇਸ ਦੀ ਪੂਰੀ ਜ਼ਿੰਮੇਵਾਰੀ ਮੌਜੂਦਾ ਸਰਕਾਰ ਦੀ ਹੋਵੇਗੀ।

ਅੰਮ੍ਰਿਤਸਰ ‘ਚ ਧਾਰਮਿਕ ਮੰਦਰ ‘ਚ ਬੇਅਦਬੀ!

ਅੰਮ੍ਰਿਤਸਰ :- ਅੰਮ੍ਰਿਤਸਰ ਦੇ ਬਟਾਲਾ ਰੋਡ ਸਥਿਤ ਸਨ ਸਿਟੀ ਇਲਾਕੇ ਵਿੱਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਹਨੂੰਮਾਨ ਮੰਦਰ ਅੰਦਰ ਬੇਅਦਬੀ ਦੀ ਇਕ ਗੰਭੀਰ ਤੇ ਨਿੰਦਣਯੋਗ ਘਟਨਾ ਸਾਹਮਣੇ ਆਈ। ਮੰਦਰ ਪਰਿਸਰ ਵਿੱਚ ਗੁਰੂ ਸਾਹਿਬ ਦੀਆਂ ਤਸਵੀਰਾਂ, ਮਾਤਾ ਰਾਣੀ ਦੀਆਂ ਮੂਰਤੀਆਂ ਅਤੇ ਸ਼ਿਵਲਿੰਗ ਨਾਲ ਛੇੜਛਾੜ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਧਾਰਮਿਕ ਵਰਗਾਂ ਵਿੱਚ ਭਾਰੀ ਰੋਸ ਵੇਖਿਆ ਗਿਆ।

ਮੰਦਰ ਪਰਿਸਰ ’ਚ ਇਤਰਾਜ਼ਯੋਗ ਹਾਲਤ ਵਿੱਚ ਮਿਲੇ ਧਾਰਮਿਕ ਚਿੰਨ੍ਹ

ਜਾਣਕਾਰੀ ਮੁਤਾਬਕ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਮੰਦਰ ਅੰਦਰ ਧਾਰਮਿਕ ਨਿਸ਼ਾਨੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ। ਇਹ ਚਿੰਨ੍ਹ ਮੰਦਰ ਦੇ ਅੰਦਰ ਅਤੇ ਆਲੇ-ਦੁਆਲੇ ਲਵਾਰਿਸ ਹਾਲਤ ਵਿੱਚ ਪਏ ਮਿਲੇ, ਜਿਸ ਨਾਲ ਸੰਗਤਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ। ਘਟਨਾ ਦੀ ਖ਼ਬਰ ਫੈਲਦੇ ਹੀ ਇਲਾਕੇ ਵਿੱਚ ਤਣਾਅਪੂਰਨ ਮਾਹੌਲ ਬਣ ਗਿਆ।

ਨਿਹੰਗ ਜਥੇਬੰਦੀਆਂ ਵੱਲੋਂ ਮੌਕੇ ’ਤੇ ਪਹੁੰਚ ਕੇ ਸਖ਼ਤ ਰੋਸ

ਘਟਨਾ ਦੀ ਸੂਚਨਾ ਮਿਲਣ ’ਤੇ ਵੱਖ-ਵੱਖ ਨਿਹੰਗ ਸਿੱਖ ਜਥੇਬੰਦੀਆਂ ਤੁਰੰਤ ਮੰਦਰ ਪਹੁੰਚੀਆਂ। ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਗੁਰੂ ਸਾਹਿਬ ਨਾਲ ਸਬੰਧਤ ਤਸਵੀਰਾਂ ਦੀ ਬੇਅਦਬੀ ਬਰਦਾਸ਼ਤਯੋਗ ਨਹੀਂ। ਉਨ੍ਹਾਂ ਪੂਰੀ ਮਰਯਾਦਾ ਅਤੇ ਸਤਿਕਾਰ ਸਹਿਤ ਤਸਵੀਰਾਂ ਨੂੰ ਉਥੋਂ ਚੁੱਕ ਕੇ ਸੰਸਕਾਰ ਕੀਤਾ ਅਤੇ ਪ੍ਰਸ਼ਾਸਨ ਕੋਲੋਂ ਦੋਸ਼ੀਆਂ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਰੱਖੀ।

ਸੇਵਾਦਾਰ ਨੇ ਜਤਾਇਆ ਦੁੱਖ, ਸੰਗਤਾਂ ਤੋਂ ਮਾਫ਼ੀ ਦੀ ਅਪੀਲ

ਮੰਦਰ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਸੇਵਾ ਨਿਭਾ ਰਹੇ ਸੇਵਾਦਾਰ ਨੇ ਘਟਨਾ ’ਤੇ ਗਹਿਰਾ ਅਫ਼ਸੋਸ ਜਤਾਇਆ। ਉਸ ਨੇ ਕਿਹਾ ਕਿ ਮੰਦਰ ਦੀ ਬਾਹਰੀ ਕੰਧ ਨੀਵੀਂ ਹੋਣ ਕਾਰਨ ਕੋਈ ਸ਼ਰਾਰਤੀ ਤੱਤ ਅੰਦਰ ਦਾਖ਼ਲ ਹੋ ਸਕਦਾ ਹੈ। ਸੇਵਾਦਾਰ ਨੇ ਹੱਥ ਜੋੜ ਕੇ ਸੰਗਤਾਂ ਕੋਲੋਂ ਮਾਫ਼ੀ ਮੰਗਦਿਆਂ ਕਿਹਾ ਕਿ ਕਿਸੇ ਵੀ ਧਰਮ ਜਾਂ ਆਸਥਾ ਨੂੰ ਠੇਸ ਪਹੁੰਚਾਉਣਾ ਉਨ੍ਹਾਂ ਦਾ ਇਰਾਦਾ ਕਦੇ ਨਹੀਂ ਸੀ।

ਨਿਹੰਗ ਜਥੇਬੰਦੀਆਂ ਨੇ ਦਿਖਾਇਆ ਵੱਡਾ ਦਿਲ

ਸੇਵਾਦਾਰ ਵੱਲੋਂ ਸਰਵਜਨਿਕ ਤੌਰ ’ਤੇ ਮਾਫ਼ੀ ਮੰਗੇ ਜਾਣ ਤੋਂ ਬਾਅਦ ਨਿਹੰਗ ਜਥੇਬੰਦੀਆਂ ਨੇ ਮਾਮਲੇ ਨੂੰ ਸ਼ਾਂਤ ਕਰਦਿਆਂ ਕਿਹਾ ਕਿ ਗਲਤੀ ਅਣਜਾਣੇ ਵਿੱਚ ਹੋਈ ਲੱਗਦੀ ਹੈ। ਹਾਲਾਂਕਿ ਉਨ੍ਹਾਂ ਚੇਤਾਵਨੀ ਦਿੱਤੀ ਕਿ ਭਵਿੱਖ ਵਿੱਚ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਵਿੱਚ ਕੋਈ ਲਾਪਰਵਾਹੀ ਨਾ ਹੋਵੇ।

ਪੁਲਿਸ ਨੇ ਸ਼ੁਰੂ ਕੀਤੀ ਜਾਂਚ, ਸੀਸੀਟੀਵੀ ਖੰਗਾਲੇ ਜਾ ਰਹੇ

ਮਾਮਲਾ ਪੁਲਿਸ ਦੇ ਧਿਆਨ ਵਿੱਚ ਆਉਣ ਉਪਰੰਤ ਜਾਂਚ ਅਮਲ ਵਿੱਚ ਲਿਆਈ ਗਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇਹ ਬਹੁਤ ਸੰਵੇਦਨਸ਼ੀਲ ਮਾਮਲਾ ਹੈ। ਮੰਦਰ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ਰਾਰਤੀ ਅਨਸਰਾਂ ਦੀ ਪਛਾਣ ਲਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਦੋਸ਼ੀਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।

ਮਜੀਠਾ ਹਲਕੇ ਤੋਂ ਆਮ ਆਦਮੀ ਪਾਰਟੀ ਨੇ ਖੋਲ੍ਹਿਆ ਚੋਣੀ ਪੱਤਾ, ਤਲਬੀਰ ਸਿੰਘ ਗਿੱਲ ਨੂੰ ਐਲਾਨਿਆ ਉਮੀਦਵਾਰ

ਚੰਡੀਗੜ੍ਹ :- ਆਮ ਆਦਮੀ ਪਾਰਟੀ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਮਜੀਠਾ ਹਲਕੇ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਵੱਲੋਂ ਤਲਬੀਰ ਸਿੰਘ ਗਿੱਲ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕੀਤਾ ਗਿਆ ਹੈ।

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਮਜੀਠਾ ਦੌਰੇ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਮੰਚ ਤੋਂ ਇਹ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਜਮੀਨੀ ਪੱਧਰ ’ਤੇ ਸਰਗਰਮ ਅਤੇ ਲੋਕਾਂ ਨਾਲ ਜੁੜੇ ਚਿਹਰੇ ਨੂੰ ਮੌਕਾ ਦਿੱਤਾ ਗਿਆ ਹੈ।

ਬੰਬ ਦੀ ਧਮਕੀ ਨਾਲ ਹਵਾਈ ਸਫ਼ਰ ਵਿੱਚ ਹੜਕੰਪ, ਦਿੱਲੀ–ਬਾਗਡੋਗਰਾ ਇੰਡੀਗੋ ਉਡਾਣ ਦੀ ਲਖਨਊ ’ਚ ਐਮਰਜੈਂਸੀ ਲੈਂਡਿੰਗ

ਨਵੀਂ ਦਿੱਲੀ :- ਦਿੱਲੀ ਤੋਂ ਬਾਗਡੋਗਰਾ ਜਾ ਰਹੀ ਇੰਡੀਗੋ ਏਅਰਲਾਈਨਜ਼ ਦੀ ਇਕ ਉਡਾਣ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸ਼ਨੀਵਾਰ ਸਵੇਰੇ ਲਖਨਊ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇਸ ਘਟਨਾ ਨਾਲ ਕੁਝ ਸਮੇਂ ਲਈ ਹਵਾਈ ਅੱਡੇ ’ਤੇ ਹੜਕੰਪ ਮਚ ਗਿਆ, ਹਾਲਾਂਕਿ ਸੁਰੱਖਿਆ ਏਜੰਸੀਆਂ ਦੀ ਤੁਰੰਤ ਕਾਰਵਾਈ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

222 ਯਾਤਰੀਆਂ ਸਮੇਤ ਸਾਰਾ ਸਟਾਫ਼ ਸੁਰੱਖਿਅਤ

ਇੰਡੀਗੋ ਦੀ ਫਲਾਈਟ ਨੰਬਰ 6E-6650 ਵਿੱਚ ਕੁੱਲ 222 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚ ਅੱਠ ਨਵਜਾਤ ਬੱਚੇ ਵੀ ਸ਼ਾਮਲ ਸਨ। ਉਡਾਣ ਵਿੱਚ ਦੋ ਪਾਇਲਟ ਅਤੇ ਪੰਜ ਕ੍ਰੂ ਮੈਂਬਰ ਮੌਜੂਦ ਸਨ। ਜਿਵੇਂ ਹੀ ਧਮਕੀ ਦੀ ਜਾਣਕਾਰੀ ਮਿਲੀ, ਏਅਰ ਟ੍ਰੈਫਿਕ ਕੰਟਰੋਲ ਵੱਲੋਂ ਤੁਰੰਤ ਸੁਰੱਖਿਆ ਪ੍ਰੋਟੋਕਾਲ ਲਾਗੂ ਕਰ ਦਿੱਤਾ ਗਿਆ।

ਏਟੀਸੀ ਨੂੰ ਸਵੇਰੇ 8.46 ਵਜੇ ਮਿਲੀ ਸੂਚਨਾ

ਅਧਿਕਾਰੀਆਂ ਮੁਤਾਬਕ ਸਵੇਰੇ ਕਰੀਬ 8.46 ਵਜੇ ਏਟੀਸੀ ਨੂੰ ਬੰਬ ਧਮਕੀ ਸਬੰਧੀ ਜਾਣਕਾਰੀ ਮਿਲੀ। ਇਸ ਤੋਂ ਬਾਅਦ ਜਹਾਜ਼ ਨੂੰ ਦਿਸ਼ਾ ਬਦਲ ਕੇ ਲਖਨਊ ਵੱਲ ਮੋੜਿਆ ਗਿਆ, ਜਿੱਥੇ ਇਹ 9.17 ਵਜੇ ਸੁਰੱਖਿਅਤ ਤਰੀਕੇ ਨਾਲ ਲੈਂਡ ਕਰ ਗਿਆ।

ਆਈਸੋਲੇਸ਼ਨ ਬੇਅ ਵਿੱਚ ਖੜਾ ਕਰਕੇ ਚਲਾਈ ਤਲਾਸ਼ੀ ਮੁਹਿੰਮ

ਲੈਂਡਿੰਗ ਤੋਂ ਬਾਅਦ ਜਹਾਜ਼ ਨੂੰ ਤੁਰੰਤ ਹਵਾਈ ਅੱਡੇ ਦੇ ਆਈਸੋਲੇਸ਼ਨ ਬੇਅ ਵਿੱਚ ਖੜਾ ਕੀਤਾ ਗਿਆ। ਸਾਰੇ ਯਾਤਰੀਆਂ ਅਤੇ ਕ੍ਰੂ ਮੈਂਬਰਾਂ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢ ਲਿਆ ਗਿਆ। ਇਸ ਤੋਂ ਬਾਅਦ ਬੰਬ ਨਿਰੋਧਕ ਦਸਤਾ, ਸੁਰੱਖਿਆ ਏਜੰਸੀਆਂ ਅਤੇ ਹਵਾਈ ਅੱਡਾ ਪ੍ਰਸ਼ਾਸਨ ਵੱਲੋਂ ਪੂਰੇ ਜਹਾਜ਼ ਦੀ ਗਹਿਰੀ ਜਾਂਚ ਸ਼ੁਰੂ ਕੀਤੀ ਗਈ।

ਟਿਸ਼ੂ ਪੇਪਰ ’ਤੇ ਮਿਲਿਆ ਧਮਕੀ ਭਰਿਆ ਨੋਟ

ਤਲਾਸ਼ੀ ਦੌਰਾਨ ਜਹਾਜ਼ ਅੰਦਰੋਂ ਇੱਕ ਟਿਸ਼ੂ ਪੇਪਰ ’ਤੇ ਲਿਖਿਆ ਨੋਟ ਬਰਾਮਦ ਹੋਇਆ, ਜਿਸ ’ਤੇ “Plane mein bomb” ਲਿਖਿਆ ਹੋਇਆ ਸੀ। ਇਸ ਨੋਟ ਤੋਂ ਬਾਅਦ ਜਾਂਚ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਅਤੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ।

ਹਵਾਈ ਅੱਡੇ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ

ਲਖਨਊ ਪੁਲਿਸ ਕਮਿਸ਼ਨਰੇਟ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਹਵਾਈ ਅੱਡੇ ’ਤੇ ਕਾਨੂੰਨ-ਵਿਵਸਥਾ ਦੀ ਸਥਿਤੀ ਪੂਰੀ ਤਰ੍ਹਾਂ ਨਿਯੰਤਰਣ ਵਿੱਚ ਰਹੀ। ਇਸ ਘਟਨਾ ਕਾਰਨ ਹੋਰ ਉਡਾਣਾਂ ਦੀ ਆਵਾਜਾਈ ’ਤੇ ਕੋਈ ਵੱਡਾ ਅਸਰ ਨਹੀਂ ਪਿਆ ਅਤੇ ਸਾਰੇ ਯਾਤਰੀ ਸੁਰੱਖਿਅਤ ਰਹੇ।

ਧਮਕੀ ਦੇ ਸਰੋਤ ਦੀ ਜਾਂਚ ਜਾਰੀ

ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਧਮਕੀ ਕਿਸ ਨੇ ਅਤੇ ਕਿਸ ਮਕਸਦ ਨਾਲ ਦਿੱਤੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਨਾਲ ਜੁੜੇ ਹਰ ਪੱਖ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਹਕੂਮਤੀ ਅਧਿਕਾਰੀਆਂ ਨੇ ਦੁਹਰਾਇਆ ਹੈ ਕਿ ਯਾਤਰੀਆਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ ਅਤੇ ਅਜਿਹੀਆਂ ਧਮਕੀਆਂ ਨਾਲ ਨਿਪਟਣ ਲਈ ਸਾਰੇ ਮਿਆਰੀ ਸੁਰੱਖਿਆ ਨਿਯਮ ਪੂਰੀ ਤਰ੍ਹਾਂ ਲਾਗੂ ਕੀਤੇ ਗਏ।