Home Blog Page 679

ਹਾਈ ਕੋਰਟ ਨੇ ਪੰਜਾਬ ਕੇਸਰੀ ਗਰੁੱਪ ਦੇ ਹੋਟਲ ਖ਼ਿਲਾਫ਼ ਸਰਕਾਰੀ ਕਾਰਵਾਈ ਨੂੰ ਦਿੱਤੀ ਕਾਨੂੰਨੀ ਮੋਹਰ – ਸਰਕਾਰੀ ਦਾਅਵਾ

ਚੰਡੀਗੜ੍ਹ :- ਪੰਜਾਬ ਸਰਕਾਰ ਵੱਲੋਂ ਵਾਤਾਵਰਣ ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਵਪਾਰਕ ਅਦਾਰਿਆਂ ਖ਼ਿਲਾਫ਼ ਅਪਣਾਈ ਜਾ ਰਹੀ ਜ਼ੀਰੋ–ਟੌਲਰੈਂਸ ਨੀਤੀ ਨੂੰ ਵੱਡਾ ਨਿਆਂਇਕ ਸਮਰਥਨ ਮਿਲਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਕੇਸਰੀ ਮੀਡੀਆ ਗਰੁੱਪ ਨਾਲ ਜੁੜੇ ਚੋਪੜਾ ਗਰੁੱਪ ਦੀ ਮਲਕੀਅਤ ਵਾਲੇ ਇੱਕ ਹੋਟਲ ਵਿਰੁੱਧ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੁਆਰਾ ਕੀਤੀ ਗਈ ਕਾਰਵਾਈ ਨੂੰ ਕਾਨੂੰਨੀ ਤੌਰ ’ਤੇ ਠੀਕ ਕਰਾਰ ਦਿੱਤਾ ਹੈ।

ਡਿਵੀਜ਼ਨ ਬੈਂਚ ਵੱਲੋਂ ਰਿੱਟ ਪਟੀਸ਼ਨ ਖ਼ਾਰਜ
ਮੁੱਖ ਨਿਆਂਮੂਰਤੀ ਸ਼ੀਲ ਨਾਗੂ ਅਤੇ ਜਸਟਿਸ ਸੰਜੀਵ ਬੇਰੀ ’ਤੇ ਅਧਾਰਿਤ ਡਿਵੀਜ਼ਨ ਬੈਂਚ ਨੇ ਦ ਹਿੰਦ ਸਮਾਚਾਰ ਲਿਮਟਿਡ ਅਤੇ ਹੋਰ ਪਟੀਸ਼ਨਰਾਂ ਵੱਲੋਂ ਦਾਇਰ ਕੀਤੀ ਗਈ ਰਿੱਟ ਪਟੀਸ਼ਨ ਨੂੰ ਰੱਦ ਕਰਦਿਆਂ ਸਪੱਸ਼ਟ ਕੀਤਾ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਹੋਟਲ ਨੂੰ ਸੀਲ ਕਰਨਾ ਅਤੇ ਬਿਜਲੀ ਸਪਲਾਈ ਕੱਟਣਾ ਪੂਰੀ ਤਰ੍ਹਾਂ ਜਲ (ਪ੍ਰਦੂਸ਼ਣ ਰੋਕਥਾਮ ਅਤੇ ਨਿਯੰਤਰਣ) ਐਕਟ, 1974 ਦੇ ਅਧੀਨ ਸੀ।

ਨਿਰੀਖਣ ਦੌਰਾਨ ਸਾਹਮਣੇ ਆਈਆਂ ਗੰਭੀਰ ਖਾਮੀਆਂ
ਅਦਾਲਤ ਨੇ ਦੱਸਿਆ ਕਿ 13 ਜਨਵਰੀ 2026 ਨੂੰ ਕੀਤੀ ਗਈ ਵਿਸਤ੍ਰਿਤ ਜਾਂਚ ਵਿੱਚ ਹੋਟਲ ਪ੍ਰਬੰਧਨ ਵੱਲੋਂ ਵਾਤਾਵਰਣ ਨਿਯਮਾਂ ਦੀ ਭਾਰੀ ਉਲੰਘਣਾ ਸਾਹਮਣੇ ਆਈ। ਨਿਰੀਖਣ ਰਿਪੋਰਟ ਮੁਤਾਬਕ ਸੀਵਰੇਜ ਟ੍ਰੀਟਮੈਂਟ ਪਲਾਂਟ ਅਸਰਹੀਣ ਸੀ, ਬਿਨਾਂ ਸਾਫ਼ ਕੀਤਾ ਗੰਦਾ ਪਾਣੀ ਸਿੱਧਾ ਨਗਰ ਨਿਗਮ ਦੇ ਸੀਵਰ ਵਿੱਚ ਸੁੱਟਿਆ ਜਾ ਰਿਹਾ ਸੀ ਅਤੇ ਖਤਰਨਾਕ ਤੇ ਠੋਸ ਕਚਰੇ ਦੇ ਨਿਪਟਾਰੇ ਸੰਬੰਧੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ।

ਲਾਜ਼ਮੀ ਮਨਜ਼ੂਰੀਆਂ ਦੀ ਘਾਟ ਵੀ ਆਈ ਸਾਹਮਣੇ
ਕੋਰਟ ਨੇ ਇਹ ਵੀ ਨੋਟ ਕੀਤਾ ਕਿ ਹੋਟਲ ਕੋਲ ਨਾ ਤਾਂ ਨਗਰ ਨਿਗਮ ਤੋਂ ਜ਼ਰੂਰੀ ਪ੍ਰਵਾਨਗੀਆਂ ਮੌਜੂਦ ਸਨ ਅਤੇ ਨਾ ਹੀ ਜਲ ਐਕਟ ਅਧੀਨ ਲਾਜ਼ਮੀ ਸਹਿਮਤੀ ਦੀਆਂ ਸ਼ਰਤਾਂ ਦੀ ਪਾਲਣਾ ਕੀਤੀ ਜਾ ਰਹੀ ਸੀ, ਜਿਸ ਕਾਰਨ ਵਾਤਾਵਰਣ ਅਤੇ ਜਨਤਕ ਸਿਹਤ ਨੂੰ ਸਿੱਧਾ ਨੁਕਸਾਨ ਪਹੁੰਚਣ ਦਾ ਖਤਰਾ ਬਣਿਆ ਹੋਇਆ ਸੀ।

ਬਿਨਾਂ ਨੋਟਿਸ ਕਾਰਵਾਈ ’ਤੇ ਕੋਰਟ ਦੀ ਸਪਸ਼ਟ ਟਿੱਪਣੀ
ਹੋਟਲ ਪ੍ਰਬੰਧਨ ਵੱਲੋਂ ਇਹ ਦਲੀਲ ਦਿੱਤੀ ਗਈ ਕਿ ਕਾਰਵਾਈ ਤੋਂ ਪਹਿਲਾਂ ਸੁਣਵਾਈ ਦਾ ਮੌਕਾ ਨਹੀਂ ਦਿੱਤਾ ਗਿਆ, ਪਰ ਹਾਈ ਕੋਰਟ ਨੇ ਇਸ ਦਲੀਲ ਨੂੰ ਖ਼ਾਰਜ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਜਿੱਥੇ ਤੁਰੰਤ ਵਾਤਾਵਰਣੀ ਨੁਕਸਾਨ ਦਾ ਖਤਰਾ ਹੋਵੇ, ਉੱਥੇ ਪ੍ਰਦੂਸ਼ਣ ਕੰਟਰੋਲ ਬੋਰਡ ਕੋਲ ਤੁਰੰਤ ਕਾਰਵਾਈ ਕਰਨ ਦੇ ਅਧਿਕਾਰ ਹੁੰਦੇ ਹਨ ਅਤੇ ਪਹਿਲਾਂ ਨੋਟਿਸ ਜਾਰੀ ਕਰਨਾ ਲਾਜ਼ਮੀ ਨਹੀਂ।

ਬਿਜਲੀ ਕੱਟਣ ਦਾ ਹੁਕਮ ਵੀ ਰਹੇਗਾ ਜਾਰੀ
ਕੋਰਟ ਨੇ ਸਪੱਸ਼ਟ ਕੀਤਾ ਕਿ ਹੋਟਲ ਦੀ ਬਿਜਲੀ ਸਪਲਾਈ ਪਹਿਲਾਂ ਹੀ ਕੱਟੀ ਜਾ ਚੁੱਕੀ ਹੈ ਅਤੇ ਮੌਜੂਦਾ ਹਾਲਾਤ ਜਿਉਂ ਦੇ ਤਿਉਂ ਬਣੇ ਰਹਿਣਗੇ, ਕਿਉਂਕਿ ਅਦਾਲਤ ਵੱਲੋਂ ਕਿਸੇ ਵੀ ਤਰ੍ਹਾਂ ਦੀ ਅੰਤਰਿਮ ਰਾਹਤ ਨਹੀਂ ਦਿੱਤੀ ਗਈ।

ਐਨਜੀਟੀ ਨੂੰ ਉਚਿਤ ਮੰਚ ਕਰਾਰ
ਹਾਈ ਕੋਰਟ ਨੇ ਕਿਹਾ ਕਿ ਜੇ ਪਟੀਸ਼ਨਰਾਂ ਨੂੰ ਕਿਸੇ ਤਰ੍ਹਾਂ ਦੀ ਅਪੀਲ ਕਰਨੀ ਹੈ ਤਾਂ ਉਸ ਲਈ ਢੁਕਵਾਂ ਮੰਚ ਜਲ ਐਕਟ ਦੀ ਧਾਰਾ 33ਬੀ ਅਧੀਨ ਰਾਸ਼ਟਰੀ ਗ੍ਰੀਨ ਟ੍ਰਿਬਿਊਨਲ ਹੈ, ਨਾ ਕਿ ਸਿੱਧੀ ਹਾਈ ਕੋਰਟ ਵਿੱਚ ਰਿੱਟ ਪਟੀਸ਼ਨ।

ਫੈਸਲੇ ਨਾਲ ਸਰਕਾਰ ਦੀ ਨੀਤੀ ਨੂੰ ਮਿਲੀ ਮਜ਼ਬੂਤੀ
ਇਸ ਫੈਸਲੇ ਨਾਲ ਪੰਜਾਬ ਸਰਕਾਰ ਦਾ ਇਹ ਸਟੈਂਡ ਹੋਰ ਮਜ਼ਬੂਤ ਹੋਇਆ ਹੈ ਕਿ ਵਾਤਾਵਰਣ ਸੁਰੱਖਿਆ ਕਾਨੂੰਨ ਸਭ ਲਈ ਇਕਸਾਰ ਹਨ, ਚਾਹੇ ਸੰਸਥਾ ਕਿੰਨੀ ਵੀ ਵੱਡੀ ਜਾਂ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ। ਅਦਾਲਤ ਨੇ ਸਾਫ਼ ਕਰ ਦਿੱਤਾ ਕਿ ਵਪਾਰਕ ਹਿਤਾਂ ਤੋਂ ਉਪਰ ਜਨਤਕ ਸਿਹਤ ਅਤੇ ਵਾਤਾਵਰਣ ਦੀ ਰੱਖਿਆ ਪਹਿਲ ਹੈ।

ਰੁਜ਼ਗਾਰ ਵੱਲ ਵੱਡਾ ਕਦਮ, ਪ੍ਰਧਾਨ ਮੰਤਰੀ ਮੋਦੀ ਵੱਲੋਂ 61 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ

ਨਵੀਂ ਦਿੱਲੀ :- ਦੇਸ਼ ਦੇ ਨੌਜਵਾਨਾਂ ਲਈ ਅੱਜ ਇਕ ਹੋਰ ਅਹਿਮ ਦਿਨ ਸਾਹਮਣੇ ਆਇਆ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 18ਵੇਂ ਵਰਚੁਅਲ ਰੁਜ਼ਗਾਰ ਮੇਲੇ ਦੌਰਾਨ 61 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਸੌਂਪੇ। ਇਹ ਨਿਯੁਕਤੀਆਂ ਕੇਂਦਰ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਕੀਤੀਆਂ ਗਈਆਂ ਹਨ।

45 ਥਾਵਾਂ ’ਤੇ ਇਕੱਠੇ ਲਗੇ ਰੁਜ਼ਗਾਰ ਮੇਲੇ

ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਵਿੱਚ ਇਕੋ ਸਮੇਂ 45 ਸਥਾਨਾਂ ’ਤੇ ਰੁਜ਼ਗਾਰ ਮੇਲੇ ਆਯੋਜਿਤ ਕੀਤੇ ਗਏ। ਇਸ ਦੌਰਾਨ ਗ੍ਰਹਿ ਮੰਤਰਾਲਾ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਵਿੱਤੀ ਸੇਵਾਵਾਂ ਵਿਭਾਗ, ਉੱਚ ਸਿੱਖਿਆ ਵਿਭਾਗ ਸਮੇਤ ਕਈ ਹੋਰ ਕੇਂਦਰੀ ਵਿਭਾਗਾਂ ਵਿੱਚ ਨੌਜਵਾਨਾਂ ਦੀ ਭਰਤੀ ਕੀਤੀ ਗਈ।

ਨੌਜਵਾਨਾਂ ਨੂੰ ਮੌਕੇ ਦੇਣਾ ਸਰਕਾਰ ਦੀ ਪ੍ਰਾਥਮਿਕਤਾ

ਵਰਚੁਅਲ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਦਾ ਮੁੱਖ ਲਕੜ ਨੌਜਵਾਨਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਉਪਲਬਧ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦਾ ਭਾਰਤ ਯੁਵਾ ਸ਼ਕਤੀ ਦੇ ਜ਼ੋਰ ’ਤੇ ਅੱਗੇ ਵਧ ਰਿਹਾ ਹੈ ਅਤੇ ਨੌਕਰੀ ਦੇ ਨਾਲ-ਨਾਲ ਸਵੈ-ਰੁਜ਼ਗਾਰ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਸਟਾਰਟਅੱਪ ਖੇਤਰ ਵਿੱਚ ਮਹਿਲਾਵਾਂ ਦੀ ਵਧਦੀ ਭੂਮਿਕਾ

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਮਹਿਲਾਵਾਂ ਦੀ ਭੂਮਿਕਾ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਅਨੇਕਾਂ ਸਟਾਰਟਅੱਪ ਅਜਿਹੇ ਹਨ, ਜਿੱਥੇ ਮਹਿਲਾਵਾਂ ਨੇਤ੍ਰਿਤਵ ਕਰ ਰਹੀਆਂ ਹਨ ਅਤੇ ਕਈ ਸੰਸਥਾਵਾਂ ਦੀ ਮੁਖੀ ਵੀ ਔਰਤਾਂ ਹੀ ਹਨ। ਉਨ੍ਹਾਂ ਅਨੁਸਾਰ ਮਹਿਲਾ ਸਵੈ-ਰੁਜ਼ਗਾਰ ਦੀ ਦਰ ਵਿੱਚ ਕਰੀਬ 15 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।

2022 ਤੋਂ ਚੱਲ ਰਹੀ ਰੁਜ਼ਗਾਰ ਮੁਹਿੰਮ

ਜ਼ਿਕਰਯੋਗ ਹੈ ਕਿ ਰੁਜ਼ਗਾਰ ਮੇਲੇ ਦੇ ਪਹਿਲੇ ਪੜਾਅ ਦੀ ਸ਼ੁਰੂਆਤ 22 ਅਕਤੂਬਰ 2022 ਨੂੰ ਕੀਤੀ ਗਈ ਸੀ। ਇਸ ਮੁਹਿੰਮ ਤਹਿਤ ਹੁਣ ਤੱਕ ਦੇਸ਼ ਭਰ ਵਿੱਚ 11 ਲੱਖ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਪਿਛਲਾ ਰੁਜ਼ਗਾਰ ਮੇਲਾ 24 ਅਕਤੂਬਰ 2025 ਨੂੰ ਆਯੋਜਿਤ ਕੀਤਾ ਗਿਆ ਸੀ।

ਨੌਜਵਾਨ ਭਾਰਤ ਵੱਲ ਮਜ਼ਬੂਤ ਕਦਮ

ਰੁਜ਼ਗਾਰ ਮੇਲੇ ਰਾਹੀਂ ਵੱਡੀ ਗਿਣਤੀ ਵਿੱਚ ਨਿਯੁਕਤੀਆਂ ਨੂੰ ਦੇਸ਼ ਦੀ ਆਰਥਿਕ ਮਜ਼ਬੂਤੀ ਅਤੇ ਨੌਜਵਾਨ ਭਵਿੱਖ ਦੀ ਨੀਂਹ ਵਜੋਂ ਵੇਖਿਆ ਜਾ ਰਿਹਾ ਹੈ। ਸਰਕਾਰ ਦਾ ਦਾਅਵਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ ਤਾਂ ਜੋ ਹਰ ਯੋਗ ਨੌਜਵਾਨ ਨੂੰ ਰੁਜ਼ਗਾਰ ਦਾ ਮੌਕਾ ਮਿਲ ਸਕੇ।

ਜ਼ਹਿਰੀਲਾ ਹੋ ਰਿਹਾ ਅੰਮ੍ਰਿਤਸਰ ਦਾ ਪਾਣੀ, ਆਉਣ ਵਾਲੀਆਂ ਪੀੜ੍ਹੀਆਂ ਲਈ ਵੱਡਾ ਖ਼ਤਰਾ ਬਣਿਆ ਵਾਤਾਵਰਣ ਸੰਕਟ

ਅੰਮ੍ਰਿਤਸਰ :- ਧਾਰਮਿਕ, ਇਤਿਹਾਸਕ ਅਤੇ ਸਾਂਸਕ੍ਰਿਤਿਕ ਪੱਖੋਂ ਵਿਸ਼ਵ ਭਰ ਵਿੱਚ ਮਸ਼ਹੂਰ ਸ਼ਹਿਰ ਅੰਮ੍ਰਿਤਸਰ ਅੱਜ ਇਕ ਗੰਭੀਰ ਵਾਤਾਵਰਣੀ ਸੰਕਟ ਦੇ ਦੌਰ ਵਿਚੋਂ ਲੰਘ ਰਿਹਾ ਹੈ। ਸ਼ਹਿਰ ਹੇਠਾਂ ਮੌਜੂਦ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ ਅਤੇ ਉਸਦੇ ਨਾਲ ਹੀ ਪਾਣੀ ਦੀ ਗੁਣਵੱਤਾ ਵੀ ਦਿਨੋਂਦਿਨ ਖ਼ਰਾਬ ਹੁੰਦੀ ਜਾ ਰਹੀ ਹੈ। ਹਾਲਾਤ ਇੱਥੋਂ ਤੱਕ ਪਹੁੰਚ ਚੁੱਕੇ ਹਨ ਕਿ ਕਈ ਇਲਾਕਿਆਂ ਵਿੱਚ ਪੀਣ ਯੋਗ ਪਾਣੀ ਹੌਲੀ-ਹੌਲੀ ਜ਼ਹਿਰ ਵਿੱਚ ਤਬਦੀਲ ਹੋ ਰਿਹਾ ਹੈ, ਜੋ ਆਉਣ ਵਾਲੀਆਂ ਨਸਲਾਂ ਲਈ ਭਾਰੀ ਖ਼ਤਰਾ ਬਣ ਸਕਦਾ ਹੈ।

ਫੈਕਟਰੀਆਂ ਦੀ ਲਾਪ੍ਰਵਾਹੀ ਬਣੀ ਮੁੱਖ ਕਾਰਨ

ਮਹਾਨਗਰ ਵਿੱਚ ਵਧ ਰਹੇ ਪ੍ਰਦੂਸ਼ਣ ਲਈ ਕਈ ਉਦਯੋਗਿਕ ਇਕਾਈਆਂ ਦੀ ਗੰਭੀਰ ਲਾਪ੍ਰਵਾਹੀ ਮੁੱਖ ਕਾਰਨ ਮੰਨੀ ਜਾ ਰਹੀ ਹੈ। ਨਿਯਮਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਕੁਝ ਫੈਕਟਰੀ ਮਾਲਕ ਗੰਦਾ ਅਤੇ ਰਸਾਇਣਕ ਪਾਣੀ ਬਿਨਾਂ ਕਿਸੇ ਸਾਫ਼-ਸੁਥਰੇ ਪ੍ਰਬੰਧ ਦੇ ਸਿੱਧਾ ਨਾਲਿਆਂ ਅਤੇ ਨਹਿਰਾਂ ਵਿੱਚ ਛੱਡ ਰਹੇ ਹਨ। ਹੋਰ ਵੀ ਚਿੰਤਾਜਨਕ ਗੱਲ ਇਹ ਹੈ ਕਿ ਕਈ ਥਾਵਾਂ ’ਤੇ ਸਮਰਸੀਬਲ ਪੰਪਾਂ ਰਾਹੀਂ ਇਹ ਜ਼ਹਿਰੀਲਾ ਪਾਣੀ ਧਰਤੀ ਦੇ ਅੰਦਰਲੇ ਸਰੋਤਾਂ ਵਿੱਚ ਸੁੱਟਿਆ ਜਾ ਰਿਹਾ ਹੈ, ਜਿਸ ਨਾਲ ਜ਼ਮੀਨੀ ਪਾਣੀ ਪੂਰੀ ਤਰ੍ਹਾਂ ਦੂਸ਼ਿਤ ਹੋ ਰਿਹਾ ਹੈ।

ਸਿਹਤ ਲਈ ਵਧਦਾ ਜਾ ਰਿਹਾ ਖ਼ਤਰਾ

ਡਾਕਟਰੀ ਅਤੇ ਵਾਤਾਵਰਣ ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰਦੂਸ਼ਿਤ ਪਾਣੀ ਨਾਲ ਕੈਂਸਰ, ਚਮੜੀ ਰੋਗ, ਗੁਰਦੇ ਅਤੇ ਪੇਟ ਨਾਲ ਸਬੰਧਿਤ ਬਿਮਾਰੀਆਂ ਤੇਜ਼ੀ ਨਾਲ ਵਧ ਰਹੀਆਂ ਹਨ। ਖ਼ਾਸ ਕਰਕੇ ਛੋਟੇ ਬੱਚੇ, ਬਜ਼ੁਰਗ ਅਤੇ ਗਰਭਵਤੀ ਮਹਿਲਾਵਾਂ ਇਸਦਾ ਸਭ ਤੋਂ ਵੱਧ ਸ਼ਿਕਾਰ ਬਣ ਰਹੀਆਂ ਹਨ। ਜੇਕਰ ਇਹ ਹਾਲਾਤ ਅਜਿਹੇ ਹੀ ਰਹੇ, ਤਾਂ ਭਵਿੱਖ ਵਿੱਚ ਸਾਫ਼ ਪੀਣ ਵਾਲਾ ਪਾਣੀ ਲੱਭਣਾ ਵੀ ਮੁਸ਼ਕਿਲ ਹੋ ਸਕਦਾ ਹੈ।

ਪ੍ਰਸ਼ਾਸਨ ਨੂੰ ਦਿਖਾਉਣੀ ਪਵੇਗੀ ਸਖ਼ਤੀ

ਇਸ ਮਾਮਲੇ ’ਤੇ ਸਮਾਜ ਸੇਵਕ ਅਤੇ ਰਿਟਾਇਰ ਅਧਿਕਾਰੀ ਸੁਖਦੇਵ ਸਿੰਘ ਪੰਨੂ ਨੇ ਕਿਹਾ ਕਿ ਵਾਤਾਵਰਣ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫੈਕਟਰੀਆਂ ਦੀ ਨਿਯਮਤ ਜਾਂਚ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਜਾਣ ਅਤੇ ਦੋਸ਼ੀ ਇਕਾਈਆਂ ਨੂੰ ਸੀਲ ਕਰਨ ਤੱਕ ਦੀ ਕਾਰਵਾਈ ਕੀਤੀ ਜਾਵੇ।

ਨਹਿਰਾਂ ਬਣ ਰਹੀਆਂ ਗੰਦੇ ਪਾਣੀ ਦੇ ਨਾਲੇ

ਕਦੇ ਪਵਿੱਤਰ ਮੰਨੀਆਂ ਜਾਣ ਵਾਲੀਆਂ ਅੰਮ੍ਰਿਤਸਰ ਨਾਲ ਲੱਗਦੀਆਂ ਨਹਿਰਾਂ ਅੱਜ ਉਦਯੋਗਿਕ ਗੰਦਗੀ ਕਾਰਨ ਕਾਲੀਆਂ ਦਿਸਣ ਲੱਗ ਪਈਆਂ ਹਨ। ਵਾਤਾਵਰਣ ਪ੍ਰੇਮੀਆਂ ਦਾ ਕਹਿਣਾ ਹੈ ਕਿ ਜੇਕਰ ਹਵਾ ਅਤੇ ਪਾਣੀ ਦੋਵੇਂ ਹੀ ਪ੍ਰਦੂਸ਼ਿਤ ਹੋ ਗਏ, ਤਾਂ ਆਮ ਇਨਸਾਨ ਲਈ ਸਿਹਤਮੰਦ ਜੀਵਨ ਅਸੰਭਵ ਹੋ ਜਾਵੇਗਾ। ਇਸ ਲਈ ਪਾਣੀ ਸੰਭਾਲ ਅਤੇ ਸਾਫ਼ੀ ਲਈ ਨਵੇਂ ਅਤੇ ਲੰਬੇ ਸਮੇਂ ਵਾਲੇ ਪ੍ਰਾਜੈਕਟ ਤੁਰੰਤ ਸ਼ੁਰੂ ਕਰਨੇ ਲਾਜ਼ਮੀ ਹਨ।

ਲੋਕੀ ਰੋਸ ਅਤੇ ਜਥੇਬੰਦੀਆਂ ਦੀ ਚੇਤਾਵਨੀ

ਇਸ ਗੰਭੀਰ ਮੁੱਦੇ ਨੂੰ ਲੈ ਕੇ ਸ਼ਹਿਰ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਸਾਨ ਸੈੱਲ ਦੇ ਆਗੂ ਅਤੇ ਲੋਕ ਭਲਾਈ ਇਨਸਾਫ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਕਈ ਜਥੇਬੰਦੀਆਂ ਵੱਲੋਂ ਪ੍ਰਸ਼ਾਸਨ ਨੂੰ ਮੰਗ-ਪੱਤਰ ਸੌਂਪ ਕੇ ਪ੍ਰਦੂਸ਼ਣ ਫੈਲਾਉਣ ਵਾਲੀਆਂ ਇਕਾਈਆਂ ’ਤੇ ਨੱਥ ਪਾਉਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਲੋਕ ਇਕਜੁੱਟ ਹੋ ਕੇ ਆਵਾਜ਼ ਨਹੀਂ ਉਠਾਉਂਦੇ, ਤਦ ਤੱਕ ਇਸ ਸਮੱਸਿਆ ਦਾ ਸਥਾਈ ਹੱਲ ਸੰਭਵ ਨਹੀਂ।

ਅਦਾਲਤਾਂ ਵੀ ਜਤਾ ਚੁੱਕੀਆਂ ਨੇ ਚਿੰਤਾ

ਪਿਛਲੇ ਕੁਝ ਸਮੇਂ ਦੌਰਾਨ ਹਾਈ ਕੋਰਟ ਅਤੇ ਸਰਵੋਚ ਅਦਾਲਤ ਵੱਲੋਂ ਵੀ ਪਾਣੀ ਪ੍ਰਦੂਸ਼ਣ ਦੇ ਮਾਮਲਿਆਂ ’ਚ ਸਖ਼ਤ ਟਿੱਪਣੀਆਂ ਕੀਤੀਆਂ ਗਈਆਂ ਹਨ। ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਸਾਫ਼ ਪੀਣ ਵਾਲਾ ਪਾਣੀ ਹਰ ਨਾਗਰਿਕ ਦਾ ਮੂਲ ਅਧਿਕਾਰ ਹੈ। ਇਸ ਸਬੰਧੀ ਸੰਬੰਧਤ ਵਿਭਾਗਾਂ ਨੂੰ ਨਹਿਰੀ ਜ਼ਮੀਨਾਂ ’ਤੇ ਹੋ ਰਹੇ ਨਾਜਾਇਜ਼ ਨਿਕਾਸ ਅਤੇ ਗੈਰਕਾਨੂੰਨੀ ਕਬਜ਼ਿਆਂ ਦੀ ਵਿਸਥਾਰ ਨਾਲ ਰਿਪੋਰਟ ਤਿਆਰ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

ਅੱਜ ਨਹੀਂ ਸੰਭਲੇ ਤਾਂ ਕੱਲ੍ਹ ਬਹੁਤ ਦੇਰ ਹੋ ਜਾਵੇਗੀ

ਜੇਕਰ ਅਜੇ ਵੀ ਹਾਲਾਤਾਂ ਦੀ ਗੰਭੀਰਤਾ ਨੂੰ ਨਾ ਸਮਝਿਆ ਗਿਆ, ਤਾਂ ਭਵਿੱਖ ਵਿੱਚ ਪੀਣ ਵਾਲੇ ਪਾਣੀ ਦੀ ਕਮੀ ਸਭ ਤੋਂ ਵੱਡਾ ਸੰਕਟ ਬਣ ਸਕਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਵਾਤਾਵਰਣ ਸੁਰੱਖਿਆ ਨਾਲ ਜੁੜੇ ਪ੍ਰਾਜੈਕਟਾਂ ਵਿੱਚ ਨੌਜਵਾਨਾਂ ਨੂੰ ਸ਼ਾਮਲ ਕਰਕੇ ਰੋਜ਼ਗਾਰ ਦੇ ਨਾਲ-ਨਾਲ ਧਰਤੀ ਦੀ ਰੱਖਿਆ ਵੀ ਕੀਤੀ ਜਾ ਸਕਦੀ ਹੈ। ਹੁਣ ਸਮਾਂ ਆ ਗਿਆ ਹੈ ਕਿ ਸਰਕਾਰ, ਪ੍ਰਸ਼ਾਸਨ ਅਤੇ ਜਨਤਾ ਇਕਠੇ ਹੋ ਕੇ ਅੰਮ੍ਰਿਤਸਰ ਦੇ ਪਾਣੀ ਨੂੰ ਜ਼ਹਿਰ ਬਣਨ ਤੋਂ ਬਚਾਉਣ ਲਈ ਠੋਸ ਕਦਮ ਚੁੱਕਣ।

ਅਮਰੀਕਾ ਤੋਂ ਆਈ ਦਰਦਨਾਕ ਖ਼ਬਰ, ਖਾਲੜਾ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ!

ਤਰਨਤਾਰਨ :- ਵਿਦੇਸ਼ੀ ਧਰਤੀ ਤੋਂ ਇੱਕ ਵਾਰ ਫਿਰ ਪੰਜਾਬ ਲਈ ਦੁਖਦਾਈ ਸੰਦੇਸ਼ ਸਾਹਮਣੇ ਆਇਆ ਹੈ। ਤਰਨਤਾਰਨ ਜ਼ਿਲ੍ਹੇ ਦੇ ਖਾਲੜਾ ਇਲਾਕੇ ਨਾਲ ਸਬੰਧਤ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ, ਜਿਸ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਡੇਢ ਸਾਲ ਪਹਿਲਾਂ ਗਿਆ ਸੀ ਅਮਰੀਕਾ

ਮ੍ਰਿਤਕ ਦੀ ਪਛਾਣ ਦੀਪਕਰਨ ਸਿੰਘ (25) ਪੁੱਤਰ ਕੁਲਦੀਪ ਸਿੰਘ ਵਜੋਂ ਹੋਈ ਹੈ। ਪਰਿਵਾਰਕ ਜਾਣਕਾਰੀ ਮੁਤਾਬਕ ਦੀਪਕਰਨ ਕਰੀਬ ਡੇਢ ਸਾਲ ਪਹਿਲਾਂ ਰੋਜ਼ਗਾਰ ਦੀ ਖੋਜ ਵਿੱਚ ਅਮਰੀਕਾ ਗਿਆ ਸੀ ਅਤੇ ਉੱਥੇ ਆਪਣਾ ਭਵਿੱਖ ਸੰਵਾਰਨ ਲਈ ਮਿਹਨਤ ਕਰ ਰਿਹਾ ਸੀ।

ਸਾਨ ਫਰਾਂਸਿਸਕੋ ਵਿੱਚ ਰਹਿੰਦਾ ਸੀ ਨੌਜਵਾਨ

ਪਿੰਡ ਖਾਲੜਾ ਦੇ ਸਰਪੰਚ ਗੁਰਜੀਤ ਸਿੰਘ ਜੰਡ ਨੇ ਦੱਸਿਆ ਕਿ ਦੀਪਕਰਨ ਸਿੰਘ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਸਾਨ ਫਰਾਂਸਿਸਕੋ ਵਿੱਚ ਰਹਿ ਰਿਹਾ ਸੀ। ਉਹ ਉੱਥੇ ਨੌਕਰੀ ਕਰਕੇ ਆਪਣੇ ਪਰਿਵਾਰ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਸੀ।

ਘਰ ਵਾਪਸੀ ਸਮੇਂ ਵਾਪਰਿਆ ਭਿਆਨਕ ਹਾਦਸਾ

ਜਾਣਕਾਰੀ ਅਨੁਸਾਰ 21 ਜਨਵਰੀ ਨੂੰ ਜਦੋਂ ਦੀਪਕਰਨ ਆਪਣੀ ਡਿਊਟੀ ਤੋਂ ਬਾਅਦ ਘਰ ਵੱਲ ਜਾ ਰਿਹਾ ਸੀ, ਤਦੋਂ ਪਿੱਛੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸਦੀ ਗੱਡੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

ਹਸਪਤਾਲ ਵਿੱਚ ਤੋੜਿਆ ਦਮ

ਹਾਦਸੇ ਮਗਰੋਂ ਦੀਪਕਰਨ ਨੂੰ ਤੁਰੰਤ ਨਾਜ਼ੁਕ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਬਚਾਉਣ ਲਈ ਪੂਰੀ ਕੋਸ਼ਿਸ਼ ਕੀਤੀ। ਪਰ ਕਈ ਘੰਟਿਆਂ ਤੱਕ ਜ਼ਿੰਦਗੀ ਅਤੇ ਮੌਤ ਨਾਲ ਜੂਝਣ ਤੋਂ ਬਾਅਦ ਨੌਜਵਾਨ ਨੇ ਦਮ ਤੋੜ ਦਿੱਤਾ।

ਪਿੰਡ ਵਿੱਚ ਛਾਇਆ ਸੋਗ ਦਾ ਮਾਹੌਲ

ਦੀਪਕਰਨ ਸਿੰਘ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਪਿੰਡ ਖਾਲੜਾ ਵਿੱਚ ਹਰ ਅੱਖ ਨਮ ਹੈ ਅਤੇ ਲੋਕ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਨ। ਵਿਦੇਸ਼ ਵਿੱਚ ਨੌਜਵਾਨ ਦੀ ਅਕਾਲ ਮੌਤ ਨੇ ਇੱਕ ਵਾਰ ਫਿਰ ਪਰਦੇਸ ਜਾਣ ਵਾਲੇ ਪੰਜਾਬੀ ਨੌਜਵਾਨਾਂ ਦੀ ਅਨਿਸ਼ਚਿਤ ਜ਼ਿੰਦਗੀ ਵੱਲ ਧਿਆਨ ਖਿੱਚਿਆ ਹੈ।

ਓਸ਼ੀਵਾਰਾ ਗੋਲੀਕਾਂਡ ਮਾਮਲਾ: ਕੇਆਰਕੇ ਗ੍ਰਿਫ਼ਤਾਰ, ਅਦਾਲਤ ਵਿੱਚ ਪੇਸ਼ੀ ਅੱਜ!

ਮੁੰਬਈ :- ਮੁੰਬਈ ਦੇ ਓਸ਼ੀਵਾਰਾ ਇਲਾਕੇ ਵਿੱਚ ਵਾਪਰੀ ਗੋਲੀਬਾਰੀ ਦੀ ਘਟਨਾ ਦੇ ਮਾਮਲੇ ਵਿੱਚ ਫਿਲਮ ਅਦਾਕਾਰ ਕਮਲ ਆਰ. ਖਾਨ ਉਰਫ਼ ਕੇਆਰਕੇ ਨੂੰ ਓਸ਼ੀਵਾਰਾ ਪੁਲਿਸ ਨੇ ਰਸਮੀ ਤੌਰ ’ਤੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾ ਸਕਦੀ ਹੈ।

ਪੁੱਛਗਿੱਛ ਦੌਰਾਨ ਹਥਿਆਰ ਨਾਲ ਗੋਲੀ ਚਲਣ ਦੀ ਪੁਸ਼ਟੀ

ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਜਾਂਚ ਦੌਰਾਨ ਕਮਲ ਆਰ. ਖਾਨ ਦਾ ਵਿਸਥਾਰਪੂਰਕ ਬਿਆਨ ਦਰਜ ਕੀਤਾ ਗਿਆ। ਪੁੱਛਗਿੱਛ ਸਮੇਂ ਕੇਆਰਕੇ ਨੇ ਇਹ ਗੱਲ ਸਵੀਕਾਰ ਕੀਤੀ ਕਿ ਗੋਲੀਬਾਰੀ ਉਸਦੇ ਹਥਿਆਰ ਨਾਲ ਹੀ ਹੋਈ ਸੀ। ਹਾਲਾਂਕਿ ਉਸ ਨੇ ਦਾਅਵਾ ਕੀਤਾ ਹੈ ਕਿ ਵਰਤਿਆ ਗਿਆ ਪਿਸਤੌਲ ਲਾਇਸੈਂਸਸ਼ੁਦਾ ਹੈ। ਪੁਲਿਸ ਵੱਲੋਂ ਹੁਣ ਇਸ ਲਾਇਸੈਂਸ ਅਤੇ ਸੰਬੰਧਿਤ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਸ਼ੱਕੀ ਹਥਿਆਰ ਜ਼ਬਤ, ਦਸਤਾਵੇਜ਼ ਖੰਗਾਲੇ ਜਾ ਰਹੇ

ਓਸ਼ੀਵਾਰਾ ਪੁਲਿਸ ਨੇ ਘਟਨਾ ਨਾਲ ਜੁੜੇ ਹਥਿਆਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਅਧਿਕਾਰੀਆਂ ਮੁਤਾਬਕ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਹਥਿਆਰ ਦੀ ਵਰਤੋਂ ਕਿਨ੍ਹਾਂ ਹਾਲਾਤਾਂ ਵਿੱਚ ਹੋਈ ਅਤੇ ਕੀ ਸੁਰੱਖਿਆ ਨਿਯਮਾਂ ਦੀ ਉਲੰਘਣਾ ਕੀਤੀ ਗਈ।

ਦੇਰ ਰਾਤ ਪੁਲਿਸ ਸਟੇਸ਼ਨ ਲਿਆਂਦਾ ਗਿਆ ਸੀ ਕੇਆਰਕੇ

ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੇਰ ਸ਼ਾਮ ਕਮਲ ਆਰ. ਖਾਨ ਨੂੰ ਓਸ਼ੀਵਾਰਾ ਪੁਲਿਸ ਸਟੇਸ਼ਨ ਲਿਆਂਦਾ ਗਿਆ ਸੀ, ਜਿੱਥੇ ਕਈ ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ। ਕਾਗਜ਼ੀ ਕਾਰਵਾਈ ਪੂਰੀ ਹੋਣ ਮਗਰੋਂ ਉਸ ਨੂੰ ਰਸਮੀ ਤੌਰ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਮੌਜੂਦਾ ਸਮੇਂ ਉਹ ਪੁਲਿਸ ਹਿਰਾਸਤ ਵਿੱਚ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਸੋਸਾਇਟੀ ਤੋਂ ਦੋ ਗੋਲੀਆਂ ਬਰਾਮਦ

ਜਾਂਚ ਦੌਰਾਨ ਪੁਲਿਸ ਨੂੰ ਨਾਲੰਦਾ ਸੋਸਾਇਟੀ ਵਿੱਚੋਂ ਦੋ ਜਿੰਦਾ ਗੋਲੀਆਂ ਮਿਲੀਆਂ ਹਨ। ਇਕ ਗੋਲੀ ਦੂਜੀ ਮੰਜ਼ਿਲ ਤੋਂ ਮਿਲੀ, ਜਦਕਿ ਦੂਜੀ ਚੌਥੀ ਮੰਜ਼ਿਲ ’ਤੇ ਪਾਈ ਗਈ। ਜਾਣਕਾਰੀ ਮੁਤਾਬਕ ਇੱਕ ਫਲੈਟ ਕਿਸੇ ਲੇਖਕ-ਨਿਰਦੇਸ਼ਕ ਨਾਲ ਸਬੰਧਤ ਹੈ, ਜਦਕਿ ਦੂਜੇ ਫਲੈਟ ਵਿੱਚ ਇੱਕ ਮਾਡਲ ਰਹਿੰਦੀ ਹੈ।

18 ਮੈਂਬਰੀ ਟੀਮ ਅਤੇ ਕ੍ਰਾਈਮ ਬ੍ਰਾਂਚ ਜਾਂਚ ਵਿੱਚ ਸ਼ਾਮਲ

ਓਸ਼ੀਵਾਰਾ ਪੁਲਿਸ ਸਟੇਸ਼ਨ ਦੀ 18 ਮੈਂਬਰੀ ਟੀਮ ਦੇ ਨਾਲ ਕ੍ਰਾਈਮ ਬ੍ਰਾਂਚ ਦੀਆਂ ਕਈ ਟੀਮਾਂ ਵੀ ਮਾਮਲੇ ਦੀ ਜਾਂਚ ਵਿੱਚ ਲੱਗੀਆਂ ਹੋਈਆਂ ਹਨ। ਸ਼ੁਰੂਆਤੀ ਜਾਂਚ ਦੌਰਾਨ ਸੀਸੀਟੀਵੀ ਫੁਟੇਜ ਤੋਂ ਕੋਈ ਠੋਸ ਸਬੂਤ ਨਹੀਂ ਮਿਲ ਸਕਿਆ।

ਫੋਰੈਂਸਿਕ ਜਾਂਚ ਤੋਂ ਬਾਅਦ ਵੱਡਾ ਖੁਲਾਸਾ

ਫੋਰੈਂਸਿਕ ਟੀਮ ਦੀ ਮਦਦ ਨਾਲ ਕੀਤੀ ਗਈ ਜਾਂਚ ਤੋਂ ਬਾਅਦ ਪੁਲਿਸ ਇਸ ਨਤੀਜੇ ’ਤੇ ਪਹੁੰਚੀ ਹੈ ਕਿ ਗੋਲੀਆਂ ਕਮਲ ਆਰ. ਖਾਨ ਦੇ ਬੰਗਲੇ ਦੀ ਦਿਸ਼ਾ ਵੱਲੋਂ ਚਲੀਆਂ ਹੋ ਸਕਦੀਆਂ ਹਨ। ਇਸ ਆਧਾਰ ’ਤੇ ਹੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਦੇ ਹੋਏ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ।

ਫਿਲਹਾਲ ਪੁਲਿਸ ਵੱਲੋਂ ਸਾਰੇ ਤੱਥ ਇਕੱਠੇ ਕੀਤੇ ਜਾ ਰਹੇ ਹਨ ਅਤੇ ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਮਾਮਲੇ ਦੀ ਦਿਸ਼ਾ ਹੋਰ ਸਾਫ਼ ਹੋਣ ਦੀ ਸੰਭਾਵਨਾ ਹੈ।

ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਕੁੱਲਾ, ਨਿਹੰਗ ਸਿੰਘਾਂ ਵੱਲੋਂ ਕਾਨੂੰਨੀ ਕਾਰਵਾਈ ਦੀ ਮੰਗ!

ਅੰਮ੍ਰਿਤਸਰ :- ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਇਕ ਮੁਸਲਿਮ ਨੌਜਵਾਨ ਵੱਲੋਂ ਕੁੱਲ੍ਹਾ ਕਰਨ ਦੀ ਘਟਨਾ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ। ਭਾਵੇਂ ਕਿ ਨੌਜਵਾਨ ਦੋ ਵਾਰ ਮਾਫ਼ੀ ਮੰਗ ਚੁੱਕਾ ਹੈ, ਪਰ ਉਸਦੀ ਮਾਫ਼ੀ ਦੇ ਤਰੀਕੇ ਨਾਲ ਸਿੱਖ ਸਮਾਜ ਸੰਤੁਸ਼ਟ ਨਹੀਂ ਹੈ। ਇਸ ਮਾਮਲੇ ਨੂੰ ਲੈ ਕੇ ਹੁਣ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਅਧਿਕਾਰਕ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।

ਨਿਹੰਗ ਸਿੰਘਾਂ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦਾ ਦੋਸ਼

ਸ਼ਿਕਾਇਤ ਦਰਜ ਕਰਵਾਉਣ ਵਾਲੇ ਨਿਹੰਗ ਸਿੰਘਾਂ ਦਾ ਕਹਿਣਾ ਹੈ ਕਿ ਨੌਜਵਾਨ ਦੀ ਕਰਤੂਤ ਸਿੱਖ ਧਰਮ ਦੀ ਮਰਯਾਦਾ ਦੇ ਉਲਟ ਹੈ ਅਤੇ ਇਸ ਨਾਲ ਲੱਖਾਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਆਖਿਆ ਕਿ ਅਕਸਰ ਸਿੱਖ ਭਾਈਚਾਰੇ ਉੱਤੇ ਕਾਨੂੰਨ ਹੱਥ ਵਿੱਚ ਲੈਣ ਦੇ ਦੋਸ਼ ਲਗਦੇ ਰਹਿੰਦੇ ਹਨ, ਇਸੇ ਲਈ ਉਹ ਪਹਿਲਾਂ ਕਾਨੂੰਨੀ ਰਸਤੇ ਰਾਹੀਂ ਪੁਲਿਸ ਕੋਲ ਪਹੁੰਚੇ ਹਨ।

ਸਿੱਖ ਮਰਯਾਦਾ ਅਨੁਸਾਰ ਜਨਤਕ ਮਾਫ਼ੀ ਦੀ ਮੰਗ

ਨਿਹੰਗਾਂ ਨੇ ਸਾਫ਼ ਕੀਤਾ ਹੈ ਕਿ ਨੌਜਵਾਨ ਨੂੰ ਸਾਰਿਆਂ ਦੇ ਸਾਹਮਣੇ ਸਿੱਖ ਮਰਯਾਦਾ ਅਨੁਸਾਰ ਮਾਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਨੌਜਵਾਨ ਨਾਲ ਸੰਬੰਧਤ ਪੂਰੀ ਜਾਣਕਾਰੀ ਮੌਜੂਦ ਹੈ। ਜੇਕਰ ਮਰਯਾਦਾ ਅਨੁਸਾਰ ਮਾਫ਼ੀ ਨਹੀਂ ਮੰਗੀ ਗਈ, ਤਾਂ ਮਾਮਲੇ ਨੂੰ ਹੋਰ ਅੱਗੇ ਵਧਾਇਆ ਜਾਵੇਗਾ।

ਗਾਜ਼ੀਆਬਾਦ ਪੁਲਿਸ ਵੱਲੋਂ ਜਾਂਚ ਸ਼ੁਰੂ

ਗਾਜ਼ੀਆਬਾਦ ਪੁਲਿਸ ਨੇ ਸ਼ਿਕਾਇਤ ਪ੍ਰਾਪਤ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਮੁਤਾਬਕ ਨੌਜਵਾਨ ਦੀ ਪਛਾਣ ਸੁਭਾਨ ਰੰਗਰੇਜ਼ ਵਜੋਂ ਹੋਈ ਹੈ, ਜੋ ਦਿੱਲੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਜਾਂਚ ਦੌਰਾਨ ਉਸ ਨਾਲ ਪੁੱਛਗਿੱਛ ਵੀ ਕੀਤੀ ਜਾਵੇਗੀ।

ਰੀਲ ਬਣਾਕੇ ਸੋਸ਼ਲ ਮੀਡੀਆ ’ਤੇ ਕੀਤੀ ਸੀ ਪੋਸਟ

ਵਿਵਾਦ ਉਸ ਸਮੇਂ ਸ਼ੁਰੂ ਹੋਇਆ ਸੀ ਜਦੋਂ ਨੌਜਵਾਨ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਪੈਰ ਪਾ ਕੇ ਕੁੱਲ੍ਹਾ ਕਰਦਿਆਂ ਰੀਲ ਬਣਾਈ ਅਤੇ ਉਸਨੂੰ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦਿੱਤਾ। ਵੀਡੀਓ ਵਿੱਚ ਉਸਨੇ ਟੋਪੀ ਪਾਈ ਹੋਈ ਸੀ ਅਤੇ ਪੋਸਟ ’ਤੇ ‘ਮੁਸਲਿਮ ਸ਼ੇਰ’ ਲਿਖਿਆ ਗਿਆ ਸੀ। ਵੀਡੀਓ ਵਾਇਰਲ ਹੋਣ ਮਗਰੋਂ ਸਿੱਖ ਜਥੇਬੰਦੀਆਂ ਵੱਲੋਂ ਕੜਾ ਐਤਰਾਜ਼ ਜਤਾਇਆ ਗਿਆ।

ਐਸਜੀਪੀਸੀ ਨੇ ਵੀ ਜਤਾਈ ਸਖ਼ਤ ਨਾਰਾਜ਼ਗੀ

ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮਨਨ ਨੇ ਵੀ ਇਸ ਮਾਮਲੇ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਵੀਡੀਓ ਦੀ ਪੂਰੀ ਜਾਂਚ ਕਰਵਾਈ ਜਾਵੇਗੀ ਅਤੇ ਜੇਕਰ ਵੀਡੀਓ ਅਸਲ ਨਿਕਲੀ ਤਾਂ ਉਸ ਸਮੇਂ ਡਿਊਟੀ ’ਤੇ ਤਾਇਨਾਤ ਸੇਵਾਦਾਰਾਂ ਦੀ ਭੂਮਿਕਾ ਦੀ ਵੀ ਜਾਂਚ ਹੋਵੇਗੀ।

ਰੀਲ ਬਣਾਉਣ ’ਤੇ ਪਹਿਲਾਂ ਹੀ ਪਾਬੰਦੀ

ਜ਼ਿਕਰਯੋਗ ਹੈ ਕਿ ਧਾਰਮਿਕ ਮਰਯਾਦਾ ਨੂੰ ਧਿਆਨ ਵਿੱਚ ਰੱਖਦਿਆਂ ਐਸਜੀਪੀਸੀ ਵੱਲੋਂ ਪਹਿਲਾਂ ਹੀ ਸ੍ਰੀ ਹਰਿਮੰਦਰ ਸਾਹਿਬ ਪਰਿਸਰ ਵਿੱਚ ਰੀਲ ਜਾਂ ਵੀਡੀਓ ਬਣਾਉਣ ’ਤੇ ਪਾਬੰਦੀ ਲਗਾਈ ਹੋਈ ਹੈ। ਇਸ ਲਈ ਵੱਖ-ਵੱਖ ਥਾਵਾਂ ’ਤੇ ਸੇਵਾਦਾਰ ਤਾਇਨਾਤ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਪਮਾਨਜਨਕ ਹਰਕਤ ਨੂੰ ਰੋਕਿਆ ਜਾ ਸਕੇ।

ਮਾਮਲਾ ਹੁਣ ਦੇਸ਼ ਪੱਧਰ ’ਤੇ ਚਰਚਾ ਵਿੱਚ

ਸਰੋਵਰ ਨਾਲ ਜੁੜੀ ਇਸ ਘਟਨਾ ਨੇ ਹੁਣ ਸੂਬਾਈ ਹੱਦਾਂ ਤੋਂ ਬਾਹਰ ਨਿਕਲ ਕੇ ਦੇਸ਼ ਪੱਧਰ ’ਤੇ ਚਰਚਾ ਛੇੜ ਦਿੱਤੀ ਹੈ। ਪੁਲਿਸ ਜਾਂਚ ਅਤੇ ਧਾਰਮਿਕ ਜਥੇਬੰਦੀਆਂ ਦੀ ਸਖ਼ਤੀ ਤੋਂ ਬਾਅਦ ਆਉਣ ਵਾਲੇ ਦਿਨਾਂ ਵਿੱਚ ਇਹ ਮਾਮਲਾ ਹੋਰ ਗੰਭੀਰ ਰੂਪ ਧਾਰ ਸਕਦਾ ਹੈ।

ਲੁਧਿਆਣਾ ‘ਚ ਐਮਬੀਏ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ, ਤਲਵਾੜਾ ਪਿੰਡ ਨੇੜੇ ਸੜਕ ‘ਤੇ ਮਿਲੀ ਲਾਸ਼

ਲੁਧਿਆਣਾ :- ਲੁਧਿਆਣਾ ਦੇ ਤਲਵਾੜਾ ਪਿੰਡ ਨੇੜੇ ਵੀਰਵਾਰ ਦੇਰ ਰਾਤ ਇੱਕ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ, ਜਿੱਥੇ ਅਣਪਛਾਤੇ ਹਮਲਾਵਰਾਂ ਨੇ ਇੱਕ ਐਮਬੀਏ ਵਿਦਿਆਰਥੀ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਨੌਜਵਾਨ ਦੇ ਪੇਟ ਵਿੱਚ ਗੋਲੀ ਲੱਗੀ ਸੀ ਅਤੇ ਹਮਲਾਵਰ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ।

ਸੜਕ ‘ਤੇ ਖੂਨ ਨਾਲ ਲੱਥਪੱਥ ਮਿਲਿਆ ਨੌਜਵਾਨ

ਰਾਹਗੀਰਾਂ ਨੇ ਜਦੋਂ ਨੌਜਵਾਨ ਨੂੰ ਸੜਕ ਕਿਨਾਰੇ ਖੂਨ ਨਾਲ ਲੱਥਪੱਥ ਹਾਲਤ ਵਿੱਚ ਪਿਆ ਦੇਖਿਆ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਨੌਜਵਾਨ ਨੂੰ ਤੁਰੰਤ ਡੀਐਮਸੀ ਹਸਪਤਾਲ ਲਿਜਾਇਆ, ਜਿੱਥੇ ਡਾਕਟਰਾਂ ਵੱਲੋਂ ਕੀਤੀ ਗਈ ਹਰ ਸੰਭਵ ਕੋਸ਼ਿਸ਼ ਦੇ ਬਾਵਜੂਦ ਉਸਦੀ ਜਾਨ ਨਹੀਂ ਬਚ ਸਕੀ।

ਮ੍ਰਿਤਕ ਦੀ ਪਛਾਣ ਰਾਜਵੀਰ ਸਿੰਘ ਖਹਿਰਾ ਵਜੋਂ ਹੋਈ

ਮ੍ਰਿਤਕ ਦੀ ਪਛਾਣ 25 ਸਾਲਾ ਰਾਜਵੀਰ ਸਿੰਘ ਖਹਿਰਾ ਵਜੋਂ ਹੋਈ ਹੈ, ਜੋ ਕਿ ਪਿੰਡ ਥਰੀਕੇ ਦੇ ਜਗਜੀਤ ਨਗਰ ਦਾ ਰਹਿਣ ਵਾਲਾ ਸੀ। ਰਾਜਵੀਰ ਇੱਕ ਕਾਰੋਬਾਰੀ ਪਰਿਵਾਰ ਨਾਲ ਸਬੰਧਤ ਸੀ ਅਤੇ ਐਮਬੀਏ ਦੀ ਪੜ੍ਹਾਈ ਕਰ ਰਿਹਾ ਸੀ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪਰਿਵਾਰ ਅਨੁਸਾਰ, ਰਾਜਵੀਰ ਪਹਿਲਾਂ ਮੋਗਾ ਵਿੱਚ ਇੰਡੀਆ ਮੋਟਰਜ਼ ਆਟੋ ਏਜੰਸੀ ਨਾਲ ਜੁੜਿਆ ਹੋਇਆ ਸੀ।

ਦੋਸਤ ਘਰੋਂ ਲੈ ਕੇ ਗਿਆ ਸੀ ਨੌਜਵਾਨ

ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦੱਸਿਆ ਕਿ ਵੀਰਵਾਰ ਸ਼ਾਮ ਰਾਜਵੀਰ ਨੂੰ ਉਸਦਾ ਦੋਸਤ ਘਰੋਂ ਲੈ ਕੇ ਗਿਆ ਸੀ। ਜਾਂਦੇ ਸਮੇਂ ਉਸਨੇ ਕਿਹਾ ਸੀ ਕਿ ਉਹ ਇੱਕ ਦੋਸਤ ਨਾਲ ਬਾਹਰ ਜਾ ਰਿਹਾ ਹੈ, ਪਰ ਰਾਤ ਨੂੰ ਉਸਦੀ ਮੌਤ ਦੀ ਖ਼ਬਰ ਨੇ ਪੂਰੇ ਪਰਿਵਾਰ ਨੂੰ ਸਦਮੇ ਵਿੱਚ ਪਾ ਦਿੱਤਾ।

ਪੀਏਯੂ ਥਾਣਾ ਪੁਲਿਸ ਨੇ ਕੀਤੀ ਘਟਨਾ ਦੀ ਪੁਸ਼ਟੀ

ਪੀਏਯੂ ਪੁਲਿਸ ਸਟੇਸ਼ਨ ਦੇ ਐਸਐਚਓ ਵਿਜੇ ਕੁਮਾਰ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਤਲਵਾੜਾ ਪਿੰਡ ਦੇ ਵਸਨੀਕਾਂ ਵੱਲੋਂ ਸੜਕ ‘ਤੇ ਇੱਕ ਨੌਜਵਾਨ ਦੇ ਗੋਲੀ ਲੱਗੀ ਹਾਲਤ ਵਿੱਚ ਪਏ ਹੋਣ ਦੀ ਸੂਚਨਾ ਮਿਲੀ ਸੀ। ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਨੌਜਵਾਨ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ।

ਪੇਟ ਵਿੱਚ ਗੋਲੀ ਲੱਗਣ ਕਾਰਨ ਗਈ ਜਾਨ

ਐਸਐਚਓ ਨੇ ਦੱਸਿਆ ਕਿ ਰਾਜਵੀਰ ਦੇ ਪੇਟ ਵਿੱਚ ਗੋਲੀ ਲੱਗੀ ਹੋਈ ਸੀ, ਜਿਸ ਕਾਰਨ ਉਸਦੀ ਹਾਲਤ ਕਾਫ਼ੀ ਨਾਜ਼ੁਕ ਬਣੀ ਹੋਈ ਸੀ। ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪਛਾਣ ਹੋਣ ਉਪਰੰਤ ਪਰਿਵਾਰ ਨੂੰ ਤੁਰੰਤ ਸੂਚਿਤ ਕੀਤਾ ਗਿਆ।

ਦੋਸਤ ‘ਤੇ ਕਤਲ ਦਾ ਸ਼ੱਕ, ਮਾਮਲਾ ਦਰਜ

ਪਰਿਵਾਰ ਵੱਲੋਂ ਪੁਲਿਸ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਰਾਜਵੀਰ ਆਪਣੇ ਦੋਸਤ ਜੁਗਰਾਜ ਸਿੰਘ ਨਾਲ ਤਲਵਾੜਾ ਪਿੰਡ ਗਿਆ ਸੀ। ਪਰਿਵਾਰ ਨੇ ਉਸ ਦੋਸਤ ‘ਤੇ ਹੀ ਕਤਲ ਕਰਨ ਦਾ ਸ਼ੱਕ ਜਤਾਇਆ ਹੈ। ਇਸ ਆਧਾਰ ‘ਤੇ ਪੁਲਿਸ ਨੇ ਪਿੰਡ ਪਮਾਲ ਦੇ ਰਹਿਣ ਵਾਲੇ ਜੁਗਰਾਜ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ

ਪੀਏਯੂ ਪੁਲਿਸ ਵੱਲੋਂ ਮੁਲਜ਼ਮ ਨੂੰ ਕਾਬੂ ਕਰਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਰਾਜਵੀਰ ਸਿੰਘ ਦੇ ਕਤਲ ਦੇ ਅਸਲ ਕਾਰਨਾਂ ਦਾ ਖੁਲਾਸਾ ਹੋ ਸਕੇਗਾ। ਮਾਮਲੇ ਦੀ ਹਰ ਪੱਖੋਂ ਜਾਂਚ ਜਾਰੀ ਹੈ।

ਗਣਤੰਤਰ ਦਿਵਸ ਤੋਂ 48 ਘੰਟੇ ਪਹਿਲਾਂ ਨੇੜੇ ਰੇਲਵੇ ਟ੍ਰੈਕ ‘ਤੇ ਭਿਆਨਕ ਧਮਾਕਾ!

ਫਤਿਹਗੜ੍ਹ ਸਾਹਿਬ :- ਗਣਤੰਤਰ ਦਿਵਸ ਤੋਂ ਠੀਕ ਦੋ ਦਿਨ ਪਹਿਲਾਂ ਪੰਜਾਬ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਫਤਿਹਗੜ੍ਹ ਸਾਹਿਬ ਦੇ ਸਰਹਿੰਦ ਇਲਾਕੇ ਵਿੱਚ ਰੇਲਵੇ ਲਾਈਨ ‘ਤੇ ਸ਼ੁੱਕਰਵਾਰ ਦੇਰ ਰਾਤ ਇੱਕ ਜ਼ੋਰਦਾਰ ਧਮਾਕਾ ਹੋਇਆ, ਜਿਸ ਨਾਲ ਇੱਕ ਮਾਲਗੱਡੀ ਦਾ ਇੰਜਣ ਬੁਰੀ ਤਰ੍ਹਾਂ ਨੁਕਸਾਨੀ ਹੋ ਗਿਆ ਅਤੇ ਟ੍ਰੇਨ ਚਾਲਕ ਨੂੰ ਸੱਟਾਂ ਲੱਗੀਆਂ ਹਨ।

ਨਵੀਂ ਬਣੀ ਮਾਲਗੱਡੀ ਲਾਈਨ ‘ਤੇ ਹੋਇਆ ਧਮਾਕਾ

ਪ੍ਰਾਪਤ ਜਾਣਕਾਰੀ ਮੁਤਾਬਕ ਇਹ ਧਮਾਕਾ ਰਾਤ ਕਰੀਬ 11 ਵਜੇ ਉਸ ਵੇਲੇ ਵਾਪਰਿਆ, ਜਦੋਂ ਮਾਲਗੱਡੀ ਨਵੀਂ ਬਿਛਾਈ ਗਈ ਰੇਲਵੇ ਲਾਈਨ ਰਾਹੀਂ ਗੁਜ਼ਰ ਰਹੀ ਸੀ। ਇਹ ਰੇਲਵੇ ਟ੍ਰੈਕ ਖਾਸ ਤੌਰ ‘ਤੇ ਮਾਲਗੱਡੀਆਂ ਦੀ ਆਵਾਜਾਈ ਲਈ ਤਿਆਰ ਕੀਤਾ ਗਿਆ ਸੀ ਅਤੇ ਇਸ ‘ਤੇ ਹਾਲ ਹੀ ਵਿੱਚ ਹੀ ਆਵਾਜਾਈ ਸ਼ੁਰੂ ਹੋਈ ਸੀ।

ਇੰਜਣ ਨੂੰ ਭਾਰੀ ਨੁਕਸਾਨ, ਡਰਾਈਵਰ ਜ਼ਖ਼ਮੀ

ਧਮਾਕੇ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਮਾਲਗੱਡੀ ਦਾ ਇੰਜਣ ਬੁਰੀ ਤਰ੍ਹਾਂ ਨੁਕਸਾਨੀ ਹੋ ਗਿਆ। ਇਸ ਦੌਰਾਨ ਇੰਜਣ ਚਲਾ ਰਹੇ ਡਰਾਈਵਰ ਨੂੰ ਵੀ ਚੋਟਾਂ ਆਈਆਂ, ਜਿਸਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਫਿਲਹਾਲ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਆਰਡੀਐਕਸ ਵਰਗੇ ਧਮਾਕੇ ਦੀ ਸੰਭਾਵਨਾ

ਸੁਰੱਖਿਆ ਏਜੰਸੀਆਂ ਨਾਲ ਜੁੜੇ ਸੂਤਰਾਂ ਮੁਤਾਬਕ ਇਹ ਧਮਾਕਾ ਆਮ ਨਹੀਂ ਸੀ ਅਤੇ ਇਸ ਵਿੱਚ ਉੱਚ ਦਰਜੇ ਦੇ ਵਿਸਫੋਟਕ ਪਦਾਰਥ ਦੀ ਵਰਤੋਂ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਮੁੱਢਲੀ ਜਾਂਚ ਦੌਰਾਨ ਆਰਡੀਐਕਸ ਵਰਗੇ ਧਮਾਕੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।

ਪੁਲਿਸ ਤੇ ਸੁਰੱਖਿਆ ਏਜੰਸੀਆਂ ਮੌਕੇ ‘ਤੇ ਤਾਇਨਾਤ

ਧਮਾਕੇ ਦੀ ਸੂਚਨਾ ਮਿਲਦੇ ਹੀ ਪੁਲਿਸ, ਰੇਲਵੇ ਸੁਰੱਖਿਆ ਬਲ ਅਤੇ ਖੁਫੀਆ ਏਜੰਸੀਆਂ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਟ੍ਰੈਕ ਦੇ ਆਲੇ-ਦੁਆਲੇ ਗਹਿਰੀ ਜਾਂਚ ਕੀਤੀ ਜਾ ਰਹੀ ਹੈ। ਫੋਰੈਂਸਿਕ ਟੀਮਾਂ ਵੱਲੋਂ ਨਮੂਨੇ ਇਕੱਠੇ ਕਰਕੇ ਜਾਂਚ ਲਈ ਭੇਜੇ ਗਏ ਹਨ।

ਗਣਤੰਤਰ ਦਿਵਸ ਤੋਂ ਪਹਿਲਾਂ ਸੁਰੱਖਿਆ ਚੌਕਸੀ ਵਧਾਈ ਗਈ

ਇਸ ਘਟਨਾ ਤੋਂ ਬਾਅਦ ਪੰਜਾਬ ਭਰ ਵਿੱਚ ਸੁਰੱਖਿਆ ਏਜੰਸੀਆਂ ਅਲਰਟ ਮੋਡ ‘ਤੇ ਆ ਗਈਆਂ ਹਨ। ਗਣਤੰਤਰ ਦਿਵਸ ਨੂੰ ਧਿਆਨ ਵਿੱਚ ਰੱਖਦੇ ਹੋਏ ਰੇਲਵੇ ਸਟੇਸ਼ਨਾਂ, ਟ੍ਰੈਕਾਂ ਅਤੇ ਸੰਵੇਦਨਸ਼ੀਲ ਇਲਾਕਿਆਂ ‘ਚ ਸੁਰੱਖਿਆ ਹੋਰ ਮਜ਼ਬੂਤ ਕਰ ਦਿੱਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾਵੇਗਾ।

ਪਾਕਿਸਤਾਨ ‘ਚ ਵਿਆਹ ਦੀ ਖ਼ੁਸ਼ੀ ਬਣੀ ਮੌਤ ਦਾ ਮੰਜ਼ਰ, ਆਤਮਘਾਤੀ ਧਮਾਕੇ ਨੇ ਮਚਾਈ ਤਬਾਹੀ

ਪਾਕਿਸਤਾਨ :- ਪਾਕਿਸਤਾਨ ਦੇ ਉੱਤਰ-ਪੱਛਮੀ ਸੂਬੇ ਖੈਬਰ ਪਖਤੂਨਖਵਾ ਵਿੱਚ ਸ਼ੁੱਕਰਵਾਰ ਰਾਤ ਇੱਕ ਭਿਆਨਕ ਹਾਦਸੇ ਨੇ ਪੂਰੇ ਇਲਾਕੇ ਨੂੰ ਦਹਿਲਾ ਕੇ ਰੱਖ ਦਿੱਤਾ। ਇੱਕ ਵਿਆਹ ਸਮਾਰੋਹ ਦੌਰਾਨ ਅਚਾਨਕ ਹੋਏ ਆਤਮਘਾਤੀ ਬੰਬ ਧਮਾਕੇ ਕਾਰਨ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਨੱਚ-ਗਾਣੇ ਵਿਚਾਲੇ ਗੂੰਜਿਆ ਧਮਾਕਾ

ਪ੍ਰਾਪਤ ਜਾਣਕਾਰੀ ਅਨੁਸਾਰ ਧਮਾਕਾ ਉਸ ਵੇਲੇ ਹੋਇਆ ਜਦੋਂ ਵਿਆਹ ਸਮਾਗਮ ਵਿੱਚ ਸ਼ਾਮਲ ਮਹਿਮਾਨ ਖੁਸ਼ੀ ਦੇ ਮਾਹੌਲ ਵਿੱਚ ਨੱਚ ਰਹੇ ਸਨ। ਇਕ ਪਲ ਵਿੱਚ ਹੀ ਖੁਸ਼ੀਆਂ ਚੀਖਾਂ ਵਿੱਚ ਬਦਲ ਗਈਆਂ ਅਤੇ ਸਮਾਗਮ ਸਥਲ ‘ਤੇ ਅਫ਼ਰਾਤਅਫ਼ਰੀ ਮਚ ਗਈ। ਧਮਾਕੇ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਨੇੜਲੇ ਘਰਾਂ ਦੇ ਸ਼ੀਸ਼ੇ ਵੀ ਟੁੱਟ ਗਏ।

ਸ਼ਾਂਤੀ ਕਮੇਟੀ ਦੇ ਮੁਖੀ ਦੇ ਘਰ ਹੋ ਰਿਹਾ ਸੀ ਸਮਾਗਮ

ਪੁਲਿਸ ਅਧਿਕਾਰੀਆਂ ਮੁਤਾਬਕ ਇਹ ਆਤਮਘਾਤੀ ਹਮਲਾ ਕੁਰੈਸ਼ੀ ਮੋੜ ਦੇ ਨੇੜੇ ਸਥਿਤ ਸ਼ਾਂਤੀ ਕਮੇਟੀ ਦੇ ਮੁਖੀ ਨੂਰ ਆਲਮ ਮਹਿਸੂਦ ਦੇ ਘਰ ਕਰਵਾਏ ਜਾ ਰਹੇ ਵਿਆਹ ਸਮਾਰੋਹ ਦੌਰਾਨ ਹੋਇਆ। ਹਮਲਾਵਰ ਨੇ ਭੀੜ ਵਿੱਚ ਖੁਦ ਨੂੰ ਉਡਾ ਲਿਆ, ਜਿਸ ਕਾਰਨ ਮੌਤਾਂ ਅਤੇ ਜ਼ਖ਼ਮੀਆਂ ਦੀ ਗਿਣਤੀ ਵਧ ਗਈ।

ਜ਼ਖ਼ਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ

ਧਮਾਕੇ ਤੋਂ ਤੁਰੰਤ ਬਾਅਦ ਸੁਰੱਖਿਆ ਬਲ ਅਤੇ ਰੈਸਕਿਊ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਕਈ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਲਾਕੇ ਨੂੰ ਸੀਲ ਕਰਕੇ ਤਲਾਸ਼ੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਸੁਰੱਖਿਆ ਪ੍ਰਬੰਧਾਂ ‘ਤੇ ਮੁੜ ਖੜੇ ਹੋਏ ਸਵਾਲ

ਇਸ ਹਮਲੇ ਤੋਂ ਬਾਅਦ ਖੈਬਰ ਪਖਤੂਨਖਵਾ ਵਿੱਚ ਸੁਰੱਖਿਆ ਪ੍ਰਬੰਧਾਂ ‘ਤੇ ਇਕ ਵਾਰ ਫਿਰ ਸਵਾਲ ਖੜੇ ਹੋ ਗਏ ਹਨ। ਵਿਆਹ ਵਰਗੇ ਨਿੱਜੀ ਸਮਾਗਮ ਵਿੱਚ ਹੋਏ ਆਤਮਘਾਤੀ ਹਮਲੇ ਨੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਮਲੇ ਦੇ ਪਿੱਛੇ ਕੰਮ ਕਰ ਰਹੇ ਗਰੁੱਪ ਦੀ ਪਛਾਣ ਲਈ ਖੁਫੀਆ ਏਜੰਸੀਆਂ ਸਰਗਰਮ ਹਨ।

ਪੰਜਾਬੀ ਗਾਇਕ ਸਿੰਗਾ ਨਵੇਂ ਵਿਵਾਦ ‘ਚ ਫਸੇ, ਪੁਰਾਣਾ ਇੰਟਰਵਿਊ ਵਾਇਰਲ ਹੋਣ ਨਾਲ ਮੁੜ ਚਰਚਾ ‘ਚ ਆਏ ਬਿਆਨ

ਚੰਡੀਗੜ੍ਹ :- ਪੰਜਾਬੀ ਗਾਇਕ ਸਿੰਗਾ ਇੱਕ ਵਾਰ ਫਿਰ ਵਿਵਾਦਾਂ ਦੇ ਕੇਂਦਰ ਵਿੱਚ ਆ ਗਏ ਹਨ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਇੱਕ ਸਾਲ ਪੁਰਾਣਾ ਇੰਟਰਵਿਊ ਅਚਾਨਕ ਵਾਇਰਲ ਹੋਣ ਤੋਂ ਬਾਅਦ ਨਵਾਂ ਬਖੇੜਾ ਖੜਾ ਹੋ ਗਿਆ ਹੈ। ਵਾਇਰਲ ਕਲਿੱਪ ਵਿੱਚ ਸਿੰਗਾ ਸੰਗੀਤ ਉਦਯੋਗ ਨਾਲ ਜੁੜੇ ਕੁਝ ਕਲਾਕਾਰਾਂ ਬਾਰੇ ਅਪਮਾਨਜਨਕ ਭਾਸ਼ਾ ਵਰਤਦੇ ਹੋਏ ਨਜ਼ਰ ਆ ਰਹੇ ਹਨ, ਜਿਸ ਨੂੰ ਲੈ ਕੇ ਲੋਕਾਂ ਵੱਲੋਂ ਸਖ਼ਤ ਇਤਰਾਜ਼ ਜਤਾਇਆ ਜਾ ਰਿਹਾ ਹੈ।

ਇੰਟਰਵਿਊ ਵਿੱਚ ਵਰਤੀ ਗਈ ਭਾਸ਼ਾ ‘ਤੇ ਉਠੇ ਸਵਾਲ

ਵਾਇਰਲ ਵੀਡੀਓ ਵਿੱਚ ਸਿੰਗਾ ਬਿਨਾਂ ਕਿਸੇ ਕਲਾਕਾਰ ਦਾ ਨਾਮ ਲਏ ਇਹ ਕਹਿੰਦੇ ਸੁਣੇ ਜਾ ਰਹੇ ਹਨ ਕਿ ਮੌਜੂਦਾ ਸਮੇਂ ਵਿੱਚ ਸੰਗੀਤ ਉਦਯੋਗ ਦੇ ਬਹੁਤੇ ਲੋਕ ਨਾਰੀ ਸਵਭਾਵ ਵੱਲ ਵਧ ਰਹੇ ਹਨ। ਉਨ੍ਹਾਂ ਵੱਲੋਂ ਵਰਤੇ ਗਏ ਸ਼ਬਦਾਂ ਨੂੰ ਸਮਾਜ ਦੇ ਕਈ ਵਰਗਾਂ ਨੇ ਅਪਮਾਨਜਨਕ ਅਤੇ ਅਸੰਵੇਦਨਸ਼ੀਲ ਦੱਸਿਆ ਹੈ। ਹਾਲਾਂਕਿ ਇਹ ਇੰਟਰਵਿਊ ਕਰੀਬ ਇੱਕ ਸਾਲ ਪੁਰਾਣਾ ਹੈ, ਪਰ ਹੁਣ ਇਸਦੀ ਕਲਿੱਪ ਵਾਇਰਲ ਹੋਣ ਨਾਲ ਮਾਮਲਾ ਤਾਜ਼ਾ ਬਣ ਗਿਆ ਹੈ।

ਨਵਾਂ ਗੀਤ ਵੀ ਬਣਿਆ ਵਿਵਾਦ ਦੀ ਵਜ੍ਹਾ

ਇਸ ਵਿਵਾਦ ਦੇ ਨਾਲ ਹੀ ਸਿੰਗਾ ਵੱਲੋਂ ਹਾਲ ਹੀ ਵਿੱਚ ਜਾਰੀ ਕੀਤਾ ਗਿਆ ਨਵਾਂ ਗੀਤ ਵੀ ਚਰਚਾ ਵਿੱਚ ਹੈ। 23 ਜਨਵਰੀ ਨੂੰ ਉਸਦੇ ਯੂਟਿਊਬ ਚੈਨਲ ‘ਤੇ “ਅਸਲਾ 2.0” ਨਾਮਕ ਗੀਤ ਰਿਲੀਜ਼ ਕੀਤਾ ਗਿਆ, ਜਿਸ ਵਿੱਚ ਖੁੱਲ੍ਹੇ ਤੌਰ ‘ਤੇ ਹਥਿਆਰਾਂ ਦੀ ਪ੍ਰਦਰਸ਼ਨੀ ਦਿਖਾਈ ਗਈ ਹੈ। ਗੀਤ ਦੇ ਵਿਜ਼ੂਅਲਜ਼ ਨੂੰ ਲੈ ਕੇ ਇਹ ਦੋਸ਼ ਲਗ ਰਹੇ ਹਨ ਕਿ ਇਸ ਰਾਹੀਂ ਗਨ ਕਲਚਰ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਪਹਿਲਾਂ ਵੀ ਕਈ ਵਾਰ ਵਿਵਾਦਾਂ ਨਾਲ ਜੁੜ ਚੁੱਕੇ ਹਨ ਸਿੰਗਾ

ਸਿੰਗਾ ਦਾ ਨਾਮ ਪਹਿਲਾਂ ਵੀ ਕਈ ਵਾਰ ਵਿਵਾਦਾਂ ਨਾਲ ਜੁੜ ਚੁੱਕਾ ਹੈ। ਨਵੰਬਰ 2022 ਵਿੱਚ ਮੋਹਾਲੀ ਦੇ ਮਟੌਰ ਥਾਣੇ ਵਿੱਚ ਉਸ ਖ਼ਿਲਾਫ਼ ਬੰਦੂਕ ਸੱਭਿਆਚਾਰ ਨੂੰ ਪ੍ਰੋਤਸਾਹਨ ਦੇਣ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਜਲੰਧਰ–ਕਪੂਰਥਲਾ ਖੇਤਰ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਵੀ ਉਸ ‘ਤੇ ਆਰੋਪ ਲੱਗੇ ਸਨ।

ਅਸ਼ਲੀਲ ਭਾਸ਼ਾ ਨੂੰ ਲੈ ਕੇ ਵੀ ਰਹੀ ਹੈ ਆਲੋਚਨਾ

ਸਿੰਗਾ ਦੇ ਗੀਤ “ਤੇਰੀ ਅੰਮੀ” ਨੂੰ ਲੈ ਕੇ ਵੀ ਕਾਫ਼ੀ ਵਿਵਾਦ ਹੋਇਆ ਸੀ। ਇਸ ਗੀਤ ਵਿੱਚ ਅਸ਼ਲੀਲ ਸ਼ਬਦਾਵਲੀ ਅਤੇ ਔਰਤਾਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਦੇ ਦੋਸ਼ ਲੱਗੇ ਸਨ, ਜਿਸ ਕਾਰਨ ਉਸ ਸਮੇਂ ਵੀ ਗਾਇਕ ਦੀ ਭਾਰੀ ਆਲੋਚਨਾ ਹੋਈ ਸੀ।

ਸੋਸ਼ਲ ਮੀਡੀਆ ‘ਤੇ ਤੇਜ਼ ਪ੍ਰਤੀਕਿਰਿਆ

ਪੁਰਾਣੇ ਇੰਟਰਵਿਊ ਦੇ ਵਾਇਰਲ ਹੋਣ ਮਗਰੋਂ ਸੋਸ਼ਲ ਮੀਡੀਆ ‘ਤੇ ਲੋਕਾਂ ਵੱਲੋਂ ਸਿੰਗਾ ਖ਼ਿਲਾਫ਼ ਕਾਫ਼ੀ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ। ਕਈ ਯੂਜ਼ਰ ਉਸਦੇ ਬਿਆਨਾਂ ਨੂੰ ਨਫ਼ਰਤ ਫੈਲਾਉਣ ਵਾਲਾ ਦੱਸ ਰਹੇ ਹਨ, ਜਦਕਿ ਕੁਝ ਲੋਕ ਉਸ ਤੋਂ ਸਰਕਾਰੀ ਤੌਰ ‘ਤੇ ਮਾਫ਼ੀ ਮੰਗਣ ਦੀ ਮੰਗ ਕਰ ਰਹੇ ਹਨ। ਖ਼ਬਰ ਲਿਖੇ ਜਾਣ ਤੱਕ ਸਿੰਗਾ ਵੱਲੋਂ ਇਸ ਮਾਮਲੇ ‘ਤੇ ਕੋਈ ਅਧਿਕਾਰਕ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।