Home Blog Page 680

ਪਹਾੜਾਂ ਦੀ ਬਰਫਬਾਰੀ ਦਾ ਮੈਦਾਨਾਂ ‘ਚ ਅਸਰ, ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦਾ ਯੈਲੋ ਅਲਰਟ

ਚੰਡੀਗੜ੍ਹ :-  ਪਹਾੜੀ ਇਲਾਕਿਆਂ ਵਿੱਚ ਹੋ ਰਹੀ ਭਾਰੀ ਬਰਫਬਾਰੀ ਦਾ ਪ੍ਰਭਾਵ ਹੁਣ ਮੈਦਾਨੀ ਖੇਤਰਾਂ ਵਿੱਚ ਸਾਫ਼ ਨਜ਼ਰ ਆਉਣ ਲੱਗਾ ਹੈ। ਪੰਜਾਬ ਵਿੱਚ ਮੌਸਮ ਨੇ ਅਚਾਨਕ ਕਰਵਟ ਲਈ ਹੈ, ਜਿਸ ਕਾਰਨ ਠੰਢ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਮੌਸਮ ਵਿਭਾਗ ਵੱਲੋਂ ਅੱਜ ਅਤੇ ਕੱਲ੍ਹ ਲਈ ਸੂਬੇ ਦੇ 16 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਛੇ ਜ਼ਿਲ੍ਹਿਆਂ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ

ਮੌਸਮ ਵਿਭਾਗ ਮੁਤਾਬਕ ਅੱਜ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ, ਉਨ੍ਹਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਐਸਐਏਸ ਨਗਰ ਮੋਹਾਲੀ ਸ਼ਾਮਲ ਹਨ।

ਇਨ੍ਹਾਂ ਜ਼ਿਲ੍ਹਿਆਂ ਲਈ ਧੁੰਦ ਦਾ ਅਲਰਟ ਜਾਰੀ

ਮੌਸਮ ਵਿਭਾਗ ਵੱਲੋਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ ਅਤੇ ਸੰਗਰੂਰ ਵਿੱਚ ਸੰਘਣੀ ਧੁੰਦ ਦੇ ਮੱਦੇਨਜ਼ਰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਤਾਪਮਾਨ ਵਿੱਚ ਵੱਡੀ ਗਿਰਾਵਟ ਦਰਜ

ਮੌਸਮ ਵਿੱਚ ਆਏ ਅਚਾਨਕ ਬਦਲਾਅ ਕਾਰਨ ਵੱਧ ਤੋਂ ਵੱਧ ਤਾਪਮਾਨ ਵਿੱਚ ਕਰੀਬ 8.9 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਆਮ ਨਾਲੋਂ ਲਗਭਗ 4.1 ਡਿਗਰੀ ਘੱਟ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਵਿੱਚ ਵੱਧ ਤੋਂ ਵੱਧ ਤਾਪਮਾਨ 11.4 ਡਿਗਰੀ ਤੋਂ 20.2 ਡਿਗਰੀ ਸੈਲਸੀਅਸ ਤੱਕ ਰਿਹਾ।

ਘੱਟ ਤੋਂ ਘੱਟ ਤਾਪਮਾਨ 8.5 ਡਿਗਰੀ ਤੋਂ 14.5 ਡਿਗਰੀ ਦਰਮਿਆਨ ਦਰਜ ਕੀਤਾ ਗਿਆ ਹੈ। ਸੂਬੇ ਵਿੱਚ ਸਭ ਤੋਂ ਘੱਟ ਤਾਪਮਾਨ 8.5 ਡਿਗਰੀ ਗੁਰਦਾਸਪੁਰ ਵਿੱਚ ਰਿਕਾਰਡ ਹੋਇਆ।

ਮੀਂਹ ਤੇ ਤੇਜ਼ ਹਵਾਵਾਂ ਨਾਲ ਕਈ ਥਾਵਾਂ ਨੁਕਸਾਨ

ਬੀਤੇ ਦਿਨ ਹੋਏ ਮੀਂਹ ਅਤੇ ਤੇਜ਼ ਝੱਖੜਾਂ ਕਾਰਨ ਪੰਜਾਬ ਅਤੇ ਚੰਡੀਗੜ੍ਹ ਦੇ ਕਈ ਇਲਾਕਿਆਂ ਵਿੱਚ ਨੁਕਸਾਨ ਦੀਆਂ ਖ਼ਬਰਾਂ ਸਾਹਮਣੇ ਆਈਆਂ। ਕਰਤਾਰਪੁਰ ਮੁਹੱਲਾ ਵਿੱਚ ਬਿਜਲੀ ਦੇ ਖੰਭੇ ਤੋਂ ਕਰੰਟ ਲੱਗਣ ਕਾਰਨ ਇੱਕ 18 ਸਾਲਾ ਨੌਜਵਾਨ ਦੀ ਮੌਤ ਹੋ ਗਈ।

ਕਈ ਥਾਵਾਂ ‘ਤੇ ਘਰਾਂ ਦੀਆਂ ਛੱਤਾਂ ਡਿੱਗਣ ਦੀਆਂ ਘਟਨਾਵਾਂ ਵਾਪਰੀਆਂ। ਗੁਰਦਾਸਪੁਰ ਵਿੱਚ ਆਸਮਾਨੀ ਬਿਜਲੀ ਡਿੱਗਣ ਕਾਰਨ ਇੱਕ ਪੋਲਟਰੀ ਫਾਰਮ ਵਿੱਚ 8 ਹਜ਼ਾਰ ਤੋਂ ਵੱਧ ਚੂਚਿਆਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਕਈ ਇਲਾਕਿਆਂ ਵਿੱਚ ਦਰੱਖਤ ਅਤੇ ਬਿਜਲੀ ਦੇ ਖੰਭੇ ਡਿੱਗਣ ਨਾਲ ਆਵਾਜਾਈ ਪ੍ਰਭਾਵਿਤ ਰਹੀ।

ਚੰਡੀਗੜ੍ਹ ਵਿੱਚ ਇੱਕ ਘਰ ਡਿੱਗਣ ਕਾਰਨ ਤਿੰਨ ਬੱਚੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।

26 ਜਨਵਰੀ ਤੋਂ ਮੁੜ ਮੌਸਮ ਬਦਲਣ ਦੇ ਆਸਾਰ

ਮੌਸਮ ਵਿਭਾਗ ਅਨੁਸਾਰ ਇਸ ਸਮੇਂ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਤੋਂ ਨਮੀ ਪਾਕਿਸਤਾਨ, ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵੱਲ ਵਧ ਰਹੀ ਹੈ। ਇਸ ਕਾਰਨ ਮੌਸਮ ਵਿੱਚ ਲਗਾਤਾਰ ਉਤਾਰ-ਚੜ੍ਹਾਅ ਦੇ ਹਾਲਾਤ ਬਣੇ ਹੋਏ ਹਨ।

26 ਜਨਵਰੀ ਤੋਂ ਉੱਤਰ-ਪੱਛਮੀ ਭਾਰਤ ਵਿੱਚ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਮੀਂਹ, ਠੰਢ ਅਤੇ ਸੰਘਣੀ ਧੁੰਦ ਵਿੱਚ ਹੋਰ ਵਾਧਾ ਹੋ ਸਕਦਾ ਹੈ।

ਗੁਰਦਾਸਪੁਰ ਵਿੱਚ ਸਭ ਤੋਂ ਵੱਧ ਬਾਰਿਸ਼ ਦਰਜ

ਇਸ ਮਹੀਨੇ ਦੌਰਾਨ ਪੰਜਾਬ ਵਿੱਚ ਹੁਣ ਤੱਕ ਆਮ ਨਾਲੋਂ 18 ਫੀਸਦ ਵੱਧ ਬਾਰਿਸ਼ ਦਰਜ ਕੀਤੀ ਜਾ ਚੁੱਕੀ ਹੈ। ਗੁਰਦਾਸਪੁਰ ਵਿੱਚ 40.3 ਮਿਲੀਮੀਟਰ ਮੀਂਹ ਪਿਆ ਹੈ। ਇਸ ਤੋਂ ਇਲਾਵਾ ਜਲੰਧਰ ਵਿੱਚ 23 ਮਿਲੀਮੀਟਰ, ਅੰਮ੍ਰਿਤਸਰ ਵਿੱਚ 19.8 ਮਿਲੀਮੀਟਰ, ਕਪੂਰਥਲਾ ਵਿੱਚ 13 ਮਿਲੀਮੀਟਰ, ਮੋਗਾ ਵਿੱਚ 13.2 ਮਿਲੀਮੀਟਰ ਅਤੇ ਸੰਗਰੂਰ ਵਿੱਚ 21.2 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ।

ਫਤਿਹਗੜ੍ਹ ਸਾਹਿਬ ਵਿੱਚ 4 ਮਿਲੀਮੀਟਰ, ਫਿਰੋਜ਼ਪੁਰ ਅਤੇ ਫਾਜ਼ਿਲਕਾ ਵਿੱਚ 2.8 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਹੈ।

ਅਗਲੇ ਦਿਨਾਂ ਲਈ ਮੌਸਮ ਦਾ ਅਨੁਮਾਨ

ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਅੱਜ ਅਤੇ 26 ਜਨਵਰੀ ਨੂੰ ਕੁਝ ਇਲਾਕਿਆਂ ਵਿੱਚ ਹਲਕਾ ਮੀਂਹ ਪੈ ਸਕਦਾ ਹੈ। 27 ਜਨਵਰੀ ਨੂੰ ਸੂਬੇ ਦੇ ਵੱਡੇ ਹਿੱਸੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਦਕਿ 28 ਜਨਵਰੀ ਨੂੰ ਵੀ ਕੁਝ ਥਾਵਾਂ ‘ਤੇ ਮੀਂਹ ਪੈ ਸਕਦਾ ਹੈ।

ਅਗਲੇ 48 ਘੰਟਿਆਂ ਵਿੱਚ ਰਾਤ ਦੇ ਤਾਪਮਾਨ ਵਿੱਚ 3 ਤੋਂ 5 ਡਿਗਰੀ ਤੱਕ ਵਾਧਾ ਹੋ ਸਕਦਾ ਹੈ, ਜਿਸ ਤੋਂ ਬਾਅਦ ਤਾਪਮਾਨ ਵਿੱਚ 2 ਤੋਂ 4 ਡਿਗਰੀ ਦੀ ਮੁੜ ਗਿਰਾਵਟ ਆ ਸਕਦੀ ਹੈ

ਬਸੰਤ ਪੰਚਮੀ ਦੀ ਖੁਸ਼ੀ ਮਾਤਮ ’ਚ ਬਦਲੀ, ਕਰੰਟ ਦੀ ਲਪੇਟ ’ਚ ਆ ਕੇ 18 ਸਾਲਾ ਨੌਜਵਾਨ ਦੀ ਮੌਤ

ਨਾਭਾ :- ਬਸੰਤ ਪੰਚਮੀ ਦੇ ਪਵਿੱਤਰ ਤਿਉਹਾਰ ਵਾਲੇ ਦਿਨ ਨਾਭਾ ਸ਼ਹਿਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਸਥਾਨਕ ਕਰਤਾਰਪੁਰਾ ਮੁਹੱਲੇ ਵਿੱਚ ਰਹਿਣ ਵਾਲਾ 18 ਸਾਲਾ ਨੌਜਵਾਨ ਕਰੰਟ ਦੀ ਚਪੇਟ ਵਿੱਚ ਆ ਕੇ ਆਪਣੀ ਜਾਨ ਗਵਾ ਬੈਠਾ।

ਬਰਸਾਤੀ ਪਾਣੀ ਬਣਿਆ ਹਾਦਸੇ ਦੀ ਵਜ੍ਹਾ
ਮਿਲੀ ਜਾਣਕਾਰੀ ਅਨੁਸਾਰ ਗਲੀ ਵਿੱਚ ਮੀਂਹ ਦਾ ਪਾਣੀ ਭਰਿਆ ਹੋਇਆ ਸੀ। ਇਸ ਦੌਰਾਨ ਨੌਜਵਾਨ ਦਾ ਹੱਥ ਨੇੜੇ ਲੱਗੇ ਇੱਕ ਟੈਲੀਫੋਨ ਖੰਬੇ ਨਾਲ ਲੱਗ ਗਿਆ, ਜਿਸ ਤੋਂ ਬਾਅਦ ਉਸ ਨੂੰ ਤੇਜ਼ ਕਰੰਟ ਦਾ ਝਟਕਾ ਲੱਗਿਆ ਅਤੇ ਉਹ ਮੌਕੇ ’ਤੇ ਹੀ ਡਿੱਗ ਪਿਆ।

ਹਸਪਤਾਲ ਪਹੁੰਚਦੇ ਹੀ ਤੋੜਿਆ ਦਮ
ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਉਸਨੂੰ ਨਾਭਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਇਲਾਜ ਸ਼ੁਰੂ ਕੀਤਾ ਪਰ ਕੁਝ ਮਿੰਟਾਂ ਦੇ ਅੰਦਰ ਹੀ ਨੌਜਵਾਨ ਦੀ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ ਭਵਿਸ਼ ਕੁਮਾਰ ਵਜੋਂ
ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਦੀ ਪਛਾਣ ਭਵਿਸ਼ ਕੁਮਾਰ ਪੁੱਤਰ ਪ੍ਰਵੀਨ ਕੁਮਾਰ ਵਜੋਂ ਹੋਈ ਹੈ। ਪਰਿਵਾਰ ਨੇ ਦੱਸਿਆ ਕਿ ਮੀਂਹ ਹਲਕਾ ਰੁਕਣ ਤੋਂ ਬਾਅਦ ਭਵਿਸ਼ ਪਤੰਗ ਉਡਾਉਣ ਲਈ ਘਰੋਂ ਬਾਹਰ ਗਿਆ ਸੀ, ਪਰ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਇਹ ਖੁਸ਼ੀ ਦਾ ਪਲ ਹਮੇਸ਼ਾ ਲਈ ਵਿਛੋੜੇ ਵਿੱਚ ਬਦਲ ਜਾਵੇਗਾ।

ਬਿਜਲੀ ਵਿਭਾਗ ਵੱਲੋਂ ਜਾਂਚ ਜਾਰੀ
ਨਾਭਾ ਬਿਜਲੀ ਵਿਭਾਗ ਦੇ ਐਕਸੀਅਨ ਪ੍ਰੀਕਸ਼ਤ ਭਨੋਟ ਨੇ ਦੱਸਿਆ ਕਿ ਮੌਕੇ ’ਤੇ ਮੌਜੂਦ ਟੈਲੀਫੋਨ ਖੰਬੇ ਨਾਲ ਬਿਜਲੀ ਮਹਿਕਮੇ ਦੀ ਕੋਈ ਨੰਗੀ ਤਾਰ ਸਿੱਧੇ ਤੌਰ ’ਤੇ ਨਹੀਂ ਲੱਗੀ ਹੋਈ ਸੀ। ਸੁਰੱਖਿਆ ਦੇ ਮੱਦੇਨਜ਼ਰ ਇਲਾਕੇ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਹੈ ਅਤੇ ਮੁੱਖ ਬਿਜਲੀ ਇੰਸਪੈਕਟਰ ਵੱਲੋਂ ਮੌਕੇ ਦੀ ਗਹਿਰਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।

ਅਰਥ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ
ਅਧਿਕਾਰੀਆਂ ਨੇ ਕਿਹਾ ਕਿ ਬਰਸਾਤੀ ਪਾਣੀ ਖੜਾ ਹੋਣ ਕਾਰਨ ਕਈ ਵਾਰ ਅਰਥ ਹੋਣ ਦਾ ਖਤਰਾ ਬਣ ਜਾਂਦਾ ਹੈ, ਜਿਸ ਕਰਕੇ ਕਰੰਟ ਫੈਲ ਸਕਦਾ ਹੈ। ਅਸਲ ਕਾਰਨ ਦੀ ਪੁਸ਼ਟੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗੀ।

ਪੁਲੀਸ ਵੱਲੋਂ ਕਾਨੂੰਨੀ ਕਾਰਵਾਈ ਸ਼ੁਰੂ
ਨਾਭਾ ਥਾਣੇ ਦੇ ਐੱਸ.ਐੱਚ.ਓ. ਸੌਰਭ ਸੱਭਰਵਾਲ ਨੇ ਦੱਸਿਆ ਕਿ ਪੁਲੀਸ ਟੀਮਾਂ ਮੌਕੇ ’ਤੇ ਪਹੁੰਚ ਕੇ ਤਫ਼ਤੀਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਪਰਿਵਾਰ ਵੱਲੋਂ ਕਿਸੇ ਵੀ ਵਿਅਕਤੀ ਜਾਂ ਵਿਭਾਗ ਖ਼ਿਲਾਫ਼ ਕੋਈ ਲਿਖਤੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ।

ਇਲਾਕੇ ’ਚ ਸੋਗ ਦਾ ਮਾਹੌਲ
ਇਸ ਹਾਦਸੇ ਤੋਂ ਬਾਅਦ ਕਰਤਾਰਪੁਰਾ ਮੁਹੱਲੇ ਵਿੱਚ ਗਮਗੀਨ ਮਾਹੌਲ ਬਣਿਆ ਹੋਇਆ ਹੈ। ਬਸੰਤ ਪੰਚਮੀ ਦੇ ਦਿਨ ਜਿੱਥੇ ਹਰ ਘਰ ਵਿੱਚ ਪਤੰਗਾਂ ਦੀ ਰੌਣਕ ਹੋਣੀ ਸੀ, ਉੱਥੇ ਇੱਕ ਪਰਿਵਾਰ ਲਈ ਇਹ ਦਿਨ ਅਮਿੱਟ ਦੁੱਖ਼ ਬਣ ਕੇ ਰਹਿ ਗਿਆ।

ਸੰਸਦ ਇਜਲਾਸ ‘ਚ ਹਾਜ਼ਰੀ ਮਾਮਲੇ ’ਤੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਹੁਕਮ

ਚੰਡੀਗੜ੍ਹ :- ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਵੱਲੋਂ ਸੰਸਦ ਦੇ ਬਜਟ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਦਾਇਰ ਕੀਤੀ ਗਈ ਪਟੀਸ਼ਨ ’ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅਹਿਮ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਇਸ ਮਾਮਲੇ ਦਾ ਨਿਪਟਾਰਾ ਕਰਦੇ ਹੋਏ ਪੰਜਾਬ ਸਰਕਾਰ ਨੂੰ ਸਪਸ਼ਟ ਨਿਰਦੇਸ਼ ਦਿੱਤੇ ਹਨ ਕਿ ਸੰਬੰਧਿਤ ਅਥਾਰਟੀ ਸੱਤ ਦਿਨਾਂ ਦੇ ਅੰਦਰ ਇਹ ਤੈਅ ਕਰੇ ਕਿ ਅੰਮ੍ਰਿਤਪਾਲ ਸਿੰਘ ਨੂੰ ਸੰਸਦ ਇਜਲਾਸ ਵਿੱਚ ਹਿੱਸਾ ਲੈਣ ਦੀ ਮਨਜ਼ੂਰੀ ਦਿੱਤੀ ਜਾਵੇ ਜਾਂ ਨਹੀਂ।

ਅਥਾਰਟੀ ਨੂੰ 7 ਦਿਨਾਂ ’ਚ ਫ਼ੈਸਲਾ ਕਰਨ ਦੇ ਹੁਕਮ
ਹਾਈਕੋਰਟ ਨੇ ਕਿਹਾ ਕਿ ਜਿਸ ਅਥਾਰਟੀ ਕੋਲ ਅੰਮ੍ਰਿਤਪਾਲ ਸਿੰਘ ਦਾ ਮਾਮਲਾ ਲੰਬਿਤ ਹੈ, ਉਹ ਸਾਰੇ ਤੱਥਾਂ ਅਤੇ ਕਾਨੂੰਨੀ ਪੱਖਾਂ ਨੂੰ ਧਿਆਨ ਵਿੱਚ ਰੱਖਦਿਆਂ ਸਮੇਂ-ਸੀਮਾ ਅੰਦਰ ਫ਼ੈਸਲਾ ਲਵੇ। ਅਦਾਲਤ ਨੇ ਇਹ ਵੀ ਸਾਫ਼ ਕੀਤਾ ਕਿ ਫ਼ੈਸਲੇ ਵਿੱਚ ਬੇਵਜ੍ਹਾ ਦੇਰੀ ਕਬੂਲ ਨਹੀਂ ਕੀਤੀ ਜਾਵੇਗੀ।

ਡਿਬਰੂਗੜ੍ਹ ਜੇਲ੍ਹ ’ਚ ਬੰਦ ਹੈ ਅੰਮ੍ਰਿਤਪਾਲ ਸਿੰਘ
ਜ਼ਿਕਰਯੋਗ ਹੈ ਕਿ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਲੰਬੇ ਸਮੇਂ ਤੋਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਇਸ ਕਾਰਨ ਉਹ ਸੰਸਦ ਦੀ ਕਾਰਵਾਈ ਵਿੱਚ ਹਾਜ਼ਰੀ ਨਹੀਂ ਭਰ ਸਕਿਆ।

ਬਜਟ ਸੈਸ਼ਨ ਲਈ ਮੰਗੀ ਸੀ ਇਜਾਜ਼ਤ
ਅੰਮ੍ਰਿਤਪਾਲ ਸਿੰਘ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਦਿਆਂ ਦਲੀਲ ਦਿੱਤੀ ਸੀ ਕਿ ਸੰਸਦ ਦਾ ਬਜਟ ਸੈਸ਼ਨ 28 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਇੱਕ ਚੁਣੇ ਹੋਏ ਸੰਸਦ ਮੈਂਬਰ ਹੋਣ ਦੇ ਨਾਤੇ ਉਸ ਦੀ ਹਾਜ਼ਰੀ ਬੇਹੱਦ ਜ਼ਰੂਰੀ ਹੈ। ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਸੰਸਦ ਵਿੱਚ ਸ਼ਮੂਲੀਅਤ ਕਰਨਾ ਉਸ ਦਾ ਸਿਰਫ਼ ਸੰਵਿਧਾਨਕ ਅਧਿਕਾਰ ਹੀ ਨਹੀਂ, ਸਗੋਂ ਲੋਕਾਂ ਪ੍ਰਤੀ ਉਸ ਦੀ ਜ਼ਿੰਮੇਵਾਰੀ ਵੀ ਹੈ।

ਪਹਿਲਾਂ ਵੀ ਰੱਦ ਹੋ ਚੁੱਕੀ ਹੈ ਪੈਰੋਲ ਅਰਜ਼ੀ
ਇਹ ਪਹਿਲੀ ਵਾਰ ਨਹੀਂ ਕਿ ਅੰਮ੍ਰਿਤਪਾਲ ਸਿੰਘ ਨੇ ਸੰਸਦ ਇਜਲਾਸ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਹੋਵੇ। ਇਸ ਤੋਂ ਪਹਿਲਾਂ 21 ਨਵੰਬਰ ਨੂੰ ਉਸ ਵੱਲੋਂ ਸਰਦ ਰੁੱਤ ਸੈਸ਼ਨ ਲਈ ਪੈਰੋਲ ਦੀ ਮੰਗ ਕਰਦਿਆਂ ਪਟੀਸ਼ਨ ਦਾਇਰ ਕੀਤੀ ਗਈ ਸੀ। ਉਸ ਮਾਮਲੇ ਵਿੱਚ ਹਾਈਕੋਰਟ ਨੇ ਸੂਬੇ ਦੇ ਗ੍ਰਹਿ ਸਕੱਤਰ ਅਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਹਫ਼ਤੇ ਅੰਦਰ ਫ਼ੈਸਲਾ ਕਰਨ ਲਈ ਕਿਹਾ ਸੀ, ਪਰ ਸੁਰੱਖਿਆ ਰਿਪੋਰਟ ਦੇ ਆਧਾਰ ’ਤੇ ਉਸ ਦੀ ਪੈਰੋਲ ਅਰਜ਼ੀ ਖ਼ਾਰਜ ਕਰ ਦਿੱਤੀ ਗਈ ਸੀ।

ਹੁਣ ਨਜ਼ਰਾਂ ਅਥਾਰਟੀ ਦੇ ਫ਼ੈਸਲੇ ’ਤੇ
ਹਾਈਕੋਰਟ ਦੇ ਤਾਜ਼ਾ ਹੁਕਮ ਤੋਂ ਬਾਅਦ ਹੁਣ ਸਾਰਿਆਂ ਦੀਆਂ ਨਜ਼ਰਾਂ ਸੰਬੰਧਿਤ ਅਥਾਰਟੀ ਦੇ ਫ਼ੈਸਲੇ ’ਤੇ ਟਿਕ ਗਈਆਂ ਹਨ, ਜੋ ਆਉਣ ਵਾਲੇ ਸੱਤ ਦਿਨਾਂ ਵਿੱਚ ਇਹ ਤੈਅ ਕਰੇਗੀ ਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਬਜਟ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਮਨਜ਼ੂਰੀ ਮਿਲੇਗੀ ਜਾਂ ਨਹੀਂ।

ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਪੰਜਾਬ ਸਿੱਖਿਆ ਵਿਭਾਗ ਦਾ ਵੱਡਾ ਕਦਮ, 24 ਜਨਵਰੀ ਨੂੰ ‘ਉੱਤਮ ਸਕੂਲ ਪੁਰਸਕਾਰ’ ਸਮਾਗਮ

ਚੰਡੀਗੜ੍ਹ :- ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦੇ ਮਿਆਰ ਨੂੰ ਹੋਰ ਮਜ਼ਬੂਤ ਕਰਨ ਅਤੇ ਸ਼ਾਨਦਾਰ ਨਤੀਜੇ ਦੇਣ ਵਾਲੇ ਸਕੂਲਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ “ਉੱਤਮ ਸਕੂਲ ਪੁਰਸਕਾਰ” ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸਕੂਲ ਸਿੱਖਿਆ ਵਿਭਾਗ ਦੀ ਸਕੱਤਰ ਸੋਨਾਲੀ ਗਿਰਿ ਆਈਏਐਸ ਵੱਲੋਂ ਸਾਂਝੀ ਕੀਤੀ ਗਈ।

24 ਜਨਵਰੀ ਨੂੰ ਵਿਰਾਸਤ-ਏ-ਖਾਲਸਾ ਵਿਖੇ ਹੋਵੇਗਾ ਸਮਾਗਮ
ਸਕੱਤਰ ਸੋਨਾਲੀ ਗਿਰਿ ਨੇ ਦੱਸਿਆ ਕਿ ਇਹ ਵਿਸ਼ੇਸ਼ ਸਮਾਰੋਹ 24 ਜਨਵਰੀ ਨੂੰ ਦੁਪਹਿਰ 12 ਵਜੇ ਵਿਰਾਸਤ-ਏ-ਖਾਲਸਾ ਦੇ ਆਡਿਟੋਰੀਅਮ ਵਿੱਚ ਆਯੋਜਿਤ ਕੀਤਾ ਜਾਵੇਗਾ। ਸਮਾਗਮ ਦੌਰਾਨ ਉਹ ਸਰਕਾਰੀ ਸਕੂਲ ਸਨਮਾਨਿਤ ਕੀਤੇ ਜਾਣਗੇ ਜਿਨ੍ਹਾਂ ਨੇ ਸਿੱਖਿਆ ਦੇ ਖੇਤਰ ਵਿੱਚ ਬਿਹਤਰੀਨ ਪ੍ਰਦਰਸ਼ਨ ਅਤੇ ਮਜ਼ਬੂਤ ਬੁਨਿਆਦੀ ਢਾਂਚੇ ਨਾਲ ਆਪਣੀ ਵੱਖਰੀ ਪਹਿਚਾਣ ਬਣਾਈ ਹੈ।

ਉੱਤਮ ਸਕੂਲਾਂ ਨੂੰ ਮਿਲੇਗਾ ਵਿਸ਼ੇਸ਼ ਸਨਮਾਨ
ਉਨ੍ਹਾਂ ਕਿਹਾ ਕਿ ਵਿਭਾਗ ਦਾ ਮੁੱਖ ਉਦੇਸ਼ ਇਹ ਹੈ ਕਿ ਚੰਗਾ ਕੰਮ ਕਰਨ ਵਾਲੇ ਸਕੂਲਾਂ ਨੂੰ ਮਾਣ-ਸਨਮਾਨ ਦੇ ਕੇ ਹੋਰ ਸਕੂਲਾਂ ਲਈ ਪ੍ਰੇਰਣਾ ਬਣਾਇਆ ਜਾਵੇ, ਤਾਂ ਜੋ ਸਰਕਾਰੀ ਸਿੱਖਿਆ ਪ੍ਰਣਾਲੀ ਨੂੰ ਹੋਰ ਉੱਚ ਪੱਧਰ ਤੱਕ ਲਿਜਾਇਆ ਜਾ ਸਕੇ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਰਹਿਣਗੇ ਮੁੱਖ ਮਹਿਮਾਨ
ਇਸ ਸਮਾਗਮ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਹ ਉੱਤਮ ਕਾਰਗੁਜ਼ਾਰੀ ਕਰਨ ਵਾਲੇ ਸਕੂਲਾਂ ਨੂੰ ਪੁਰਸਕਾਰ ਭੇਂਟ ਕਰਕੇ ਸਨਮਾਨਿਤ ਕਰਨਗੇ।

ਦਾਖਲਾ ਮੁਹਿੰਮ 2026 ਦੀ ਵੀ ਹੋਵੇਗੀ ਸ਼ੁਰੂਆਤ
ਸਮਾਗਮ ਦੌਰਾਨ ਸਿੱਖਿਆ ਮੰਤਰੀ ਵੱਲੋਂ ਸਾਲ 2026 ਲਈ ਸਰਕਾਰੀ ਸਕੂਲਾਂ ਦੀ ਦਾਖਲਾ ਮੁਹਿੰਮ ਦੀ ਸਰਕਾਰੀ ਤੌਰ ‘ਤੇ ਸ਼ੁਰੂਆਤ ਵੀ ਕੀਤੀ ਜਾਵੇਗੀ, ਜਿਸ ਨਾਲ ਵੱਧ ਤੋਂ ਵੱਧ ਬੱਚਿਆਂ ਨੂੰ ਸਰਕਾਰੀ ਸਕੂਲ ਪ੍ਰਣਾਲੀ ਨਾਲ ਜੋੜਨ ਦਾ ਲਕੜਾ ਰੱਖਿਆ ਗਿਆ ਹੈ।

ਉੱਚ ਅਧਿਕਾਰੀਆਂ ਅਤੇ ਸਿੱਖਿਆ ਜਗਤ ਦੀ ਹਾਜ਼ਰੀ
ਇਸ ਮੌਕੇ ਡਾਇਰੈਕਟਰ ਸਕੂਲ ਸਿੱਖਿਆ ਐਲੀਮੈਂਟਰੀ ਪੰਜਾਬ ਗੁਰਿੰਦਰ ਸਿੰਘ ਸੋਢੀ ਪੀਸੀਐਸ, ਡਾਇਰੈਕਟਰ ਐਸਸੀਆਰਟੀ ਕਿਰਨ ਸ਼ਰਮਾ ਪੀਸੀਐਸ ਸਮੇਤ ਵਿਭਾਗ ਦੇ ਸੀਨੀਅਰ ਅਧਿਕਾਰੀ, ਅਧਿਆਪਕ ਅਤੇ ਕਈ ਮਾਣਯੋਗ ਸ਼ਖਸੀਅਤਾਂ ਹਾਜ਼ਰ ਰਹਿਣਗੀਆਂ।

ਸਾਰੀਆਂ ਤਿਆਰੀਆਂ ਮੁਕੰਮਲ
ਜ਼ਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ) ਸ. ਸਮਸ਼ੇਰ ਸਿੰਘ ਨੇ ਦੱਸਿਆ ਕਿ ਸਮਾਗਮ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਇਹ ਸਮਾਰੋਹ 24 ਜਨਵਰੀ ਨੂੰ ਦੁਪਹਿਰ 12 ਵਜੇ ਵਿਰਾਸਤ-ਏ-ਖਾਲਸਾ ਆਡਿਟੋਰੀਅਮ ਵਿੱਚ ਆਯੋਜਿਤ ਕੀਤਾ ਜਾਵੇਗਾ।

ਸੁਖਬੀਰ ਸਿੰਘ ਬਾਦਲ ਵੱਲੋਂ ਕੱਲ੍ਹ ਅਹਿਮ ਬੈਠਕ, ਜ਼ਿਲ੍ਹਾ ਪ੍ਰਧਾਨਾਂ ਤੇ ਹਲਕਾ ਇੰਚਾਰਜਾਂ ਨੂੰ ਸੱਦਾ

ਚੰਡੀਗੜ੍ਹ :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਹਲਕਾ ਇੰਚਾਰਜਾਂ ਦੀ ਇੱਕ ਮਹੱਤਵਪੂਰਨ ਮੀਟਿੰਗ ਕੱਲ੍ਹ ਬੁਲਾਈ ਹੈ। ਇਹ ਬੈਠਕ ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ਵਿੱਚ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। ਪਾਰਟੀ ਸੂਤਰਾਂ ਅਨੁਸਾਰ ਮੀਟਿੰਗ ਦੌਰਾਨ ਮੌਜੂਦਾ ਸਿਆਸੀ ਹਾਲਾਤ, ਸੰਗਠਨਕ ਮਜ਼ਬੂਤੀ ਅਤੇ ਆਉਣ ਵਾਲੀ ਰਣਨੀਤੀ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ, ਜਿੱਥੇ ਕਈ ਅਹਿਮ ਫੈਸਲੇ ਹੋਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ।

ਜੰਮੂ–ਕਸ਼ਮੀਰ ਹਾਦਸੇ ‘ਚ ਰੋਪੜ ਦਾ ਜਵਾਨ ਸ਼ਹੀਦ ਹੋਣ ਤੇ ਸੁਖਬੀਰ ਬਾਦਲ ਵੱਲੋਂ ਡੂੰਘੇ ਦੁੱਖ਼ ਦਾ ਪ੍ਰਗਟਾਵਾ

ਚੰਡੀਗੜ੍ਹ :- ਜੰਮੂ–ਕਸ਼ਮੀਰ ਵਿੱਚ ਭਾਰਤੀ ਫ਼ੌਜ ਨਾਲ ਵਾਪਰੇ ਦਰਦਨਾਕ ਹਾਦਸੇ ਨੇ ਪੂਰੇ ਦੇਸ਼ ਨੂੰ ਸੋਗ ਵਿੱਚ ਡੁਬੋ ਦਿੱਤਾ ਹੈ। ਫ਼ੌਜ ਦੀ ਇੱਕ ਗੱਡੀ ਦੇ ਅਚਾਨਕ ਖੱਡ ਵਿੱਚ ਡਿੱਗ ਜਾਣ ਕਾਰਨ 10 ਬਹਾਦਰ ਜਵਾਨ ਸ਼ਹੀਦ ਹੋ ਗਏ, ਜਿਨ੍ਹਾਂ ਵਿੱਚ ਪੰਜਾਬ ਦੇ ਰੋਪੜ ਜ਼ਿਲ੍ਹੇ ਨਾਲ ਸਬੰਧਤ ਨੌਜਵਾਨ ਸਿਪਾਹੀ ਜੋਬਨਪ੍ਰੀਤ ਸਿੰਘ ਵੀ ਸ਼ਾਮਲ ਹੈ।

ਪਿੰਡ ਚਨੌਲੀ ਦਾ 23 ਸਾਲਾ ਜਵਾਨ ਹੋਇਆ ਸ਼ਹੀਦ

ਸ਼ਹੀਦ ਜੋਬਨਪ੍ਰੀਤ ਸਿੰਘ ਰੋਪੜ ਜ਼ਿਲ੍ਹੇ ਦੇ ਪਿੰਡ ਚਨੌਲੀ ਦਾ ਵਸਨੀਕ ਸੀ ਅਤੇ ਉਸ ਦੀ ਉਮਰ ਕੇਵਲ 23 ਸਾਲ ਦੱਸੀ ਜਾ ਰਹੀ ਹੈ। ਦੇਸ਼ ਦੀ ਰੱਖਿਆ ਕਰਦੇ ਹੋਏ ਉਸ ਦੀ ਸ਼ਹਾਦਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।

ਅਗਲੇ ਮਹੀਨੇ ਹੋਣਾ ਸੀ ਵਿਆਹ

ਦੁੱਖ਼ਦਾਈ ਗੱਲ ਇਹ ਹੈ ਕਿ ਜੋਬਨਪ੍ਰੀਤ ਸਿੰਘ ਦਾ ਅਗਲੇ ਮਹੀਨੇ ਵਿਆਹ ਨਿਸ਼ਚਿਤ ਸੀ। ਖੁਸ਼ੀਆਂ ਨਾਲ ਭਰਿਆ ਪਰਿਵਾਰ ਇੱਕ ਪਲ ਵਿੱਚ ਗਮ ਵਿੱਚ ਡੁੱਬ ਗਿਆ। ਨੌਜਵਾਨ ਜਵਾਨ ਦੀ ਅਚਾਨਕ ਸ਼ਹਾਦਤ ਨੇ ਪਰਿਵਾਰ ਸਮੇਤ ਪੂਰੇ ਇਲਾਕੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਸੁਖਬੀਰ ਸਿੰਘ ਬਾਦਲ ਵੱਲੋਂ ਸੰਵੇਦਨਾ ਪ੍ਰਗਟ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਾਦਸੇ ‘ਤੇ ਡੂੰਘੇ ਦੁੱਖ਼ ਦਾ ਪ੍ਰਗਟਾਵਾ ਕਰਦੇ ਕਿਹਾ ਕਿ ਜੰਮੂ–ਕਸ਼ਮੀਰ ਵਿੱਚ ਹੋਇਆ ਇਹ ਹਾਦਸਾ ਬੇਹੱਦ ਦੁਖਦਾਈ ਹੈ। ਉਨ੍ਹਾਂ ਕਿਹਾ ਕਿ 10 ਬਹਾਦਰ ਫ਼ੌਜੀ ਜਵਾਨਾਂ ਦੀ ਸ਼ਹਾਦਤ ਦੇਸ਼ ਲਈ ਅਪੂਰਣੀ ਘਾਟ ਹੈ।

ਸ਼ਹੀਦ ਜੋਬਨਪ੍ਰੀਤ ਨੂੰ ਦਿੱਤਾ ਨਮਨ

ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਜੋਬਨਪ੍ਰੀਤ ਸਿੰਘ ਦਾ ਚੜ੍ਹਦੀ ਉਮਰੇ ਦੇਸ਼ ਲਈ ਕੁਰਬਾਨ ਹੋ ਜਾਣ ਹਰ ਭਾਰਤੀ ਲਈ ਮਾਣ ਦੀ ਗੱਲ ਹੈ। ਉਨ੍ਹਾਂ ਸ਼ਹੀਦ ਨੂੰ ਨਮਨ ਕਰਦੇ ਹੋਏ ਪਰਿਵਾਰ ਨਾਲ ਪੂਰੀ ਹਮਦਰਦੀ ਪ੍ਰਗਟ ਕੀਤੀ।

ਵਾਹਿਗੁਰੂ ਅੱਗੇ ਅਰਦਾਸ

ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਇਸ ਅਸਹਿ ਦੁੱਖ਼ ਦੀ ਘੜੀ ਵਿੱਚ ਉਹ ਪਰਿਵਾਰ ਦੇ ਨਾਲ ਖੜ੍ਹੇ ਹਨ ਅਤੇ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਕਿ ਉਹ ਸ਼ਹੀਦ ਦੇ ਪਰਿਵਾਰ ਨੂੰ ਇਹ ਵੱਡਾ ਸਦਮਾ ਸਹਿਣ ਦੀ ਹਿੰਮਤ ਅਤੇ ਤਾਕਤ ਬਖ਼ਸ਼ੇ।

ਭਾਰੀ ਬਰਫ਼ਬਾਰੀ ਕਾਰਨ ਲਾਹੌਲ–ਸਪੀਤੀ ‘ਚ ਟ੍ਰੈਫਿਕ ਠੱਪ : ਅਗਲੇ ਹੁਕਮਾਂ ਤੱਕ ਸਾਰੀਆਂ ਸੜਕਾਂ ਹਰ ਕਿਸਮ ਦੇ ਵਾਹਨਾਂ ਲਈ ਬੰਦ

ਹਿਮਾਚਲ ਪ੍ਰਦੇਸ਼ :- ਲਾਹੌਲ–ਸਪੀਤੀ ਜ਼ਿਲ੍ਹੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਰਫ਼ਬਾਰੀ ਅਤੇ ਖ਼ਰਾਬ ਮੌਸਮੀ ਹਾਲਾਤਾਂ ਨੇ ਆਮ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਉੱਚਾਈ ਵਾਲੇ ਇਲਾਕਿਆਂ ਵਿੱਚ ਬਰਫ਼ ਦੀ ਮੋਟੀ ਪਰਤ ਜਮਣ ਕਾਰਨ ਆਵਾਜਾਈ ਪੂਰੀ ਤਰ੍ਹਾਂ ਅਸੁਰੱਖਿਅਤ ਹੋ ਗਈ ਹੈ।

ਪੁਲਿਸ ਵੱਲੋਂ ਵੱਡਾ ਐਤਿਹਾਤੀ ਫ਼ੈਸਲਾ

ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਲਾਹੌਲ–ਸਪੀਤੀ ਪੁਲਿਸ ਨੇ ਜ਼ਿਲ੍ਹੇ ਦੀਆਂ ਸਾਰੀਆਂ ਮੁੱਖ ਤੇ ਅੰਦਰੂਨੀ ਸੜਕਾਂ ਨੂੰ ਅਗਲੇ ਹੁਕਮਾਂ ਤੱਕ ਹਰ ਕਿਸਮ ਦੇ ਵਾਹਨਾਂ ਲਈ ਅਸਥਾਈ ਤੌਰ ‘ਤੇ ਬੰਦ ਕਰਨ ਦਾ ਐਲਾਨ ਕੀਤਾ ਹੈ।

ਰੋਡ ਕਲੋਜ਼ਰ ਐਡਵਾਈਜ਼ਰੀ ਜਾਰੀ

ਪੁਲਿਸ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਵਿੱਚ ਆਮ ਲੋਕਾਂ ਨੂੰ ਸਖ਼ਤ ਅਪੀਲ ਕੀਤੀ ਗਈ ਹੈ ਕਿ ਮੌਜੂਦਾ ਸਥਾਨ ‘ਤੇ ਹੀ ਸੁਰੱਖਿਅਤ ਰਹਿਣ, ਬਿਨਾਂ ਲੋੜ ਯਾਤਰਾ ਨਾ ਕਰਨ ਅਤੇ ਮੌਸਮ ਸਧਾਰਨ ਹੋਣ ਤੱਕ ਸਾਵਧਾਨੀ ਵਰਤਣ।

ਬੰਦ ਕੀਤੀਆਂ ਗਈਆਂ ਸੜਕਾਂ ‘ਤੇ ਕਿਸੇ ਵੀ ਤਰ੍ਹਾਂ ਦੀ ਆਵਾਜਾਈ ‘ਤੇ ਪੂਰੀ ਤਰ੍ਹਾਂ ਰੋਕ ਲਗਾਈ ਗਈ ਹੈ ਤਾਂ ਜੋ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ।

ਹਾਲਾਤਾਂ ‘ਤੇ ਲਗਾਤਾਰ ਨਿਗਰਾਨੀ

ਲਾਹੌਲ–ਸਪੀਤੀ ਪੁਲਿਸ ਨੇ ਦੱਸਿਆ ਹੈ ਕਿ ਮੌਸਮ ਅਤੇ ਸੜਕਾਂ ਦੀ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਕਿਸੇ ਵੀ ਐਮਰਜੈਂਸੀ ਹਾਲਤ ਨਾਲ ਨਜਿੱਠਣ ਲਈ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਪੂਰੀ ਤਰ੍ਹਾਂ ਤਿਆਰ ਹਨ।

ਮੌਸਮ ਵਿੱਚ ਸੁਧਾਰ ਅਤੇ ਰਸਤੇ ਖੁਲ੍ਹਣ ਦੀ ਸੰਭਾਵਨਾ ਦਾ ਮੁਲਾਂਕਣ ਕਰਨ ਤੋਂ ਬਾਅਦ ਹੀ ਟ੍ਰੈਫਿਕ ਬਹਾਲੀ ਬਾਰੇ ਅਗਲੀ ਜਾਣਕਾਰੀ ਜਾਰੀ ਕੀਤੀ ਜਾਵੇਗੀ।

ਸੈਲਾਨੀਆਂ ਤੇ ਸਥਾਨਕ ਲੋਕਾਂ ਨੂੰ ਖ਼ਾਸ ਅਪੀਲ

ਪ੍ਰਸ਼ਾਸਨ ਨੇ ਸੈਲਾਨੀਆਂ ਅਤੇ ਇਲਾਕੇ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਅਫ਼ਵਾਹਾਂ ਤੋਂ ਦੂਰ ਰਹਿਣ ਅਤੇ ਕੇਵਲ ਸਰਕਾਰੀ ਸਰੋਤਾਂ ਵੱਲੋਂ ਜਾਰੀ ਕੀਤੀਆਂ ਜਾਣਕਾਰੀਆਂ ‘ਤੇ ਹੀ ਭਰੋਸਾ ਕਰਨ।

ਪਰਾਕ੍ਰਮ ਦਿਵਸ ’ਤੇ ਨੇਤਾਜੀ ਨੂੰ ਮੁੱਖ ਮੰਤਰੀ ਨਾਇਬ ਸੈਣੀ ਦੀ ਨਮਨ ਸ਼ਰਧਾਂਜਲੀ

ਹਰਿਆਣਾ :- ਪਰਾਕ੍ਰਮ ਦਿਵਸ ਦੇ ਮੌਕੇ ’ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮਹਾਨ ਸਵਤੰਤਰਤਾ ਸੈਨਾਨੀ ਅਤੇ ਆਜ਼ਾਦ ਹਿੰਦ ਫੌਜ ਦੇ ਸੰਸਥਾਪਕ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਭਾਵਪੂਰਣ ਸ਼ਰਧਾਂਜਲੀ ਅਰਪਿਤ ਕੀਤੀ। ਇਸ ਮੌਕੇ ਉਹ ਚੰਡੀਗੜ੍ਹ ਦੇ ਸੈਕਟਰ–3 ਸਥਿਤ ਨੇਤਾਜੀ ਸੁਭਾਸ਼ ਚੰਦਰ ਬੋਸ ਪਾਰਕ ਪਹੁੰਚੇ, ਜਿੱਥੇ ਉਨ੍ਹਾਂ ਵੱਲੋਂ ਨੇਤਾਜੀ ਦੀ ਪ੍ਰਤੀਮਾ ’ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ।

ਨੇਤਾਜੀ ਦੀ ਕੁਰਬਾਨੀ ਨੇ ਆਜ਼ਾਦੀ ਦੀ ਲੌ ਜਗਾਈ – ਮੁੱਖ ਮੰਤਰੀ

ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਅਟੱਲ ਹਿੰਮਤ, ਦ੍ਰਿੜ੍ਹ ਨੇਤ੍ਰਿਤਵ ਅਤੇ ਅਦਭੁੱਤ ਤਿਆਗ ਨੇ ਦੇਸ਼ਵਾਸੀਆਂ ਵਿੱਚ ਆਜ਼ਾਦੀ ਦੀ ਅੱਗ ਨੂੰ ਪ੍ਰਜੁਲਿਤ ਕੀਤਾ। ਉਨ੍ਹਾਂ ਆਖਿਆ ਕਿ ਅੱਜ ਭਾਰਤ ਜੋ ਆਜ਼ਾਦੀ ਦੀ ਸਾਹ ਲੈ ਰਿਹਾ ਹੈ, ਉਹ ਅਜਿਹੇ ਕ੍ਰਾਂਤੀਕਾਰੀਆਂ ਦੇ ਅਤੁੱਲ ਬਲੀਦਾਨ ਦਾ ਨਤੀਜਾ ਹੈ।

ਆਜ਼ਾਦੀ ਦੀ ਲੜਾਈ ਵਿੱਚ ਨੇਤਾਜੀ ਦੀ ਭੂਮਿਕਾ ਅਮਿੱਟ

ਮੁੱਖ ਮੰਤਰੀ ਨੇ ਕਿਹਾ ਕਿ ਨੇਤਾਜੀ ਦਾ ਦੇਸ਼ ਪ੍ਰਤੀ ਸਮਰਪਣ, ਨਿਡਰ ਸੋਚ ਅਤੇ ਰਾਸ਼ਟਰਭਗਤੀ ਭਾਰਤ ਦੇ ਇਤਿਹਾਸ ਵਿੱਚ ਸਦੀਵ ਯਾਦ ਰਹੇਗੀ। ਉਨ੍ਹਾਂ ਦੱਸਿਆ ਕਿ ਨੇਤਾਜੀ ਵੱਲੋਂ ਦਿਖਾਇਆ ਗਿਆ ਸਵੈਭਿਮਾਨ, ਸਵੈ-ਨਿਰਭਰਤਾ ਅਤੇ ਸੰਘਰਸ਼ ਦਾ ਮਾਰਗ ਅੱਜ ਵੀ ਦੇਸ਼ ਲਈ ਪ੍ਰੇਰਣਾ ਸਰੋਤ ਹੈ।

ਵਿਕਸਿਤ ਭਾਰਤ ਦੀ ਨੀਂਹ ਮਜ਼ਬੂਤ ਹੋ ਰਹੀ ਹੈ

ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨੇਤਾਜੀ ਦੇ ਆਦਰਸ਼ਾਂ ਤੋਂ ਪ੍ਰੇਰਿਤ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਵਿਕਸਿਤ ਭਾਰਤ ਦੀ ਮਜ਼ਬੂਤ ਨੀਂਹ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਤੇਜ਼ੀ ਨਾਲ ਆਤਮਨਿਰਭਰਤਾ, ਤਕਨੀਕੀ ਵਿਕਾਸ ਅਤੇ ਵਿਸ਼ਵ ਪੱਧਰ ’ਤੇ ਨੇਤ੍ਰਿਤਵ ਦੀ ਦਿਸ਼ਾ ਵੱਲ ਅੱਗੇ ਵਧ ਰਿਹਾ ਹੈ।

ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਲਈ ਅੱਗੇ ਆਉਣ ਦੀ ਅਪੀਲ

ਮੁੱਖ ਮੰਤਰੀ ਨੇ ਨੌਜਵਾਨ ਵਰਗ ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਦੇਸ਼ ਦੇ ਭਵਿੱਖ ਨੂੰ ਮਜ਼ਬੂਤ ਬਣਾਉਣ ਲਈ ਨੌਜਵਾਨਾਂ ਦੀ ਸਰਗਰਮ ਭੂਮਿਕਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦਾ ਸੁਪਨਾ ਸਾਰਿਆਂ ਦੀ ਸਾਂਝੀ ਭਾਗੀਦਾਰੀ ਨਾਲ ਹੀ ਸਾਕਾਰ ਹੋ ਸਕਦਾ ਹੈ।

ਬਸੰਤ ਪੰਚਮੀ ਦੀਆਂ ਵਧਾਈਆਂ ਵੀ ਦਿੱਤੀਆਂ

ਇਸ ਮੌਕੇ ਮੁੱਖ ਮੰਤਰੀ ਨੇ ਰਾਜ ਵਾਸੀਆਂ ਨੂੰ ਬਸੰਤ ਪੰਚਮੀ ਦੇ ਪਾਵਨ ਤਿਉਹਾਰ ਦੀਆਂ ਵੀ ਹਾਰਦਿਕ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਗਿਆਨ, ਉਰਜਾ ਅਤੇ ਨਵੀਂ ਚੇਤਨਾ ਦਾ ਪ੍ਰਤੀਕ ਹੈ, ਜੋ ਸਮਾਜ ਨੂੰ ਰਾਸ਼ਟਰ ਨਿਰਮਾਣ ਵੱਲ ਇਕੱਠੇ ਹੋ ਕੇ ਅੱਗੇ ਵਧਣ ਦੀ ਪ੍ਰੇਰਣਾ ਦਿੰਦਾ ਹੈ।

ਝਾਰਖੰਡ ਵਿੱਚ ਸਭ ਤੋਂ ਵੱਡਾ ਐਂਟੀ ਨਕਸਲ ਆਪਰੇਸ਼ਨ, 16 ਮਾਓਵਾਦੀ ਢੇਰ; 2.35 ਕਰੋੜ ਦਾ ਇਨਾਮੀ ਟਾਪ ਲੀਡਰ ਵੀ ਮਾਰਿਆ ਗਿਆ

ਝਾਰਖੰਡ :- ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਸਰਾਂਡਾ ਜੰਗਲ ਵਿੱਚ ਸੁਰੱਖਿਆ ਬਲਾਂ ਵੱਲੋਂ ਚਲਾਇਆ ਜਾ ਰਿਹਾ ਵੱਡਾ ਐਂਟੀ ਮਾਓਵਾਦੀ ਆਪਰੇਸ਼ਨ ਲਗਾਤਾਰ ਤੀਜੇ ਦਿਨ ਵੀ ਜਾਰੀ ਹੈ। ਪੁਲਿਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਹੁਣ ਤੱਕ 16 ਮਾਓਵਾਦੀਆਂ ਨੂੰ ਮਾਰਿਆ ਜਾ ਚੁੱਕਾ ਹੈ, ਜਿਨ੍ਹਾਂ ਵਿੱਚ ਕੇਂਦਰੀ ਕਮੇਟੀ ਦਾ ਇੱਕ ਸਭ ਤੋਂ ਵੱਡਾ ਲੀਡਰ ਵੀ ਸ਼ਾਮਲ ਹੈ, ਜਿਸ ਉੱਤੇ ਕੁੱਲ 2.35 ਕਰੋੜ ਰੁਪਏ ਦਾ ਇਨਾਮ ਘੋਸ਼ਿਤ ਸੀ।

ਕਿਰਿਬੁਰੂ ਇਲਾਕੇ ਵਿੱਚ ਅਜੇ ਵੀ ਗੋਲਾਬਾਰੀ ਜਾਰੀ

ਪੁਲਿਸ ਮੁਤਾਬਕ ਸਰਾਂਡਾ ਦੇ ਘਣੇ ਜੰਗਲਾਂ ਵਿਚਲੇ ਕਿਰਿਬੁਰੂ ਖੇਤਰ ਵਿੱਚ ਸੁਰੱਖਿਆ ਬਲਾਂ ਅਤੇ ਮਾਓਵਾਦੀਆਂ ਵਿਚਕਾਰ ਅਜੇ ਵੀ ਮੁਕਾਬਲਾ ਚੱਲ ਰਿਹਾ ਹੈ। ਮੌਕੇ ’ਤੇ ਹਾਲਾਤ ਨਾਜੁਕ ਬਣੇ ਹੋਏ ਹਨ ਪਰ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ’ਤੇ ਆਪਣੀ ਪਕੜ ਕਾਇਮ ਰੱਖੀ ਹੋਈ ਹੈ।

2.35 ਕਰੋੜ ਦਾ ਇਨਾਮੀ ਪਤਿਰਾਮ ਮਾਂਝੀ ਢੇਰ

ਮਾਰੇ ਗਏ ਮਾਓਵਾਦੀਆਂ ਵਿੱਚ ਪਤਿਰਾਮ ਮਾਂਝੀ ਉਰਫ਼ ਅਨਲ ਦਾਹ ਵੀ ਸ਼ਾਮਲ ਹੈ, ਜੋ ਪੂਰਬੀ ਭਾਰਤ ਦੇ ਸਭ ਤੋਂ ਖ਼ਤਰਨਾਕ ਮਾਓਵਾਦੀ ਆਗੂਆਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਝਾਰਖੰਡ ਸਰਕਾਰ ਵੱਲੋਂ ਉਸ ਉੱਤੇ ਇੱਕ ਕਰੋੜ, ਓਡੀਸ਼ਾ ਸਰਕਾਰ ਵੱਲੋਂ 1.20 ਕਰੋੜ ਅਤੇ ਐਨਆਈਏ ਵੱਲੋਂ 15 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ।

1987 ਤੋਂ ਸਰਗਰਮ ਸੀ ਅਨਲ ਦਾਹ

ਅਧਿਕਾਰੀਆਂ ਮੁਤਾਬਕ ਅਨਲ ਦਾਹ ਸਾਲ 1987 ਤੋਂ ਮਾਓਵਾਦੀ ਗਤੀਵਿਧੀਆਂ ਵਿੱਚ ਸਰਗਰਮ ਸੀ। ਉਸ ਉੱਤੇ ਕਈ ਵੱਡੇ ਹਮਲਿਆਂ ਦੀ ਯੋਜਨਾ ਬਣਾਉਣ ਦੇ ਦੋਸ਼ ਸਨ, ਜਿਨ੍ਹਾਂ ਵਿੱਚ 2006 ਦਾ ਬੋਕਾਰੋ CISF ਕੈਂਪ ਹਮਲਾ, 2019 ਵਿੱਚ ਪੰਜ ਜਵਾਨਾਂ ਦੀ ਹੱਤਿਆ ਅਤੇ 2025 ਵਿੱਚ ਓਡੀਸ਼ਾ ਤੋਂ ਪੰਜ ਟਨ ਧਮਾਕੇਦਾਰ ਸਮੱਗਰੀ ਲੁੱਟਣ ਦੀ ਘਟਨਾ ਸ਼ਾਮਲ ਹੈ।

ਹੋਰ ਵੱਡੇ ਨਕਸਲੀ ਲੀਡਰ ਵੀ ਮਾਰੇ ਗਏ

ਇਸ ਆਪਰੇਸ਼ਨ ਦੌਰਾਨ ਬਿਹਾਰ–ਝਾਰਖੰਡ ਸਪੈਸ਼ਲ ਏਰੀਆ ਕਮੇਟੀ ਦਾ ਮੈਂਬਰ ਅਨਮੋਲ ਉਰਫ਼ ਸੁਸ਼ਾਂਤ ਵੀ ਮਾਰਿਆ ਗਿਆ, ਜੋ 149 ਮਾਮਲਿਆਂ ਵਿੱਚ ਵਾਂਛਿਤ ਸੀ ਅਤੇ ਜਿਸ ਉੱਤੇ 90 ਲੱਖ ਰੁਪਏ ਦਾ ਇਨਾਮ ਸੀ। ਇਸ ਤੋਂ ਇਲਾਵਾ ਰੀਜਨਲ ਕਮੇਟੀ ਮੈਂਬਰ ਅਮਿਤ ਮੁੰਡਾ ਵੀ ਮੁਕਾਬਲੇ ਵਿੱਚ ਢੇਰ ਹੋਇਆ, ਜਿਸ ਉੱਤੇ 62 ਲੱਖ ਦਾ ਇਨਾਮ ਸੀ।

ਪੰਜ ਮਹਿਲਾ ਮਾਓਵਾਦੀ ਵੀ ਢੇਰ

ਸੁਰੱਖਿਆ ਬਲਾਂ ਵੱਲੋਂ ਕੀਤੀ ਕਾਰਵਾਈ ਦੌਰਾਨ ਪੰਜ ਮਹਿਲਾ ਮਾਓਵਾਦੀਆਂ ਦੇ ਮਾਰੇ ਜਾਣ ਦੀ ਵੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ਤੋਂ ਇਲਾਵਾ ਸਬ-ਜ਼ੋਨਲ ਅਤੇ ਏਰੀਆ ਕਮੇਟੀ ਨਾਲ ਜੁੜੇ ਕਈ ਹੋਰ ਹਾਰਡਕੋਰ ਨਕਸਲੀ ਵੀ ਮਾਰੇ ਗਏ ਹਨ।

1500 ਜਵਾਨਾਂ ਦੀ ਤੈਨਾਤੀ, ਕੋਬਰਾ ਕਮਾਂਡੋ ਅੱਗੇ

ਇਸ ਵੱਡੇ ਆਪਰੇਸ਼ਨ ਵਿੱਚ ਲਗਭਗ 1500 ਤੋਂ ਵੱਧ ਸੁਰੱਖਿਆ ਕਰਮੀ ਸ਼ਾਮਲ ਹਨ, ਜਿਨ੍ਹਾਂ ਵਿੱਚ ਜੰਗਲੀ ਲੜਾਈ ਵਿੱਚ ਮਾਹਿਰ CRPF ਦੇ ਕੋਬਰਾ ਕਮਾਂਡੋ ਅਤੇ ਝਾਰਖੰਡ ਪੁਲਿਸ ਦੀਆਂ ਖਾਸ ਟੀਮਾਂ ਸ਼ਾਮਲ ਹਨ।

ਮਾਰਚ 31 ਦੀ ਡੈੱਡਲਾਈਨ ਤੋਂ ਪਹਿਲਾਂ ਵੱਡੀ ਸਫਲਤਾ

ਇਹ ਆਪਰੇਸ਼ਨ ਖਾਸ ਅਹਿਮੀਅਤ ਰੱਖਦਾ ਹੈ ਕਿਉਂਕਿ ਕੇਂਦਰ ਸਰਕਾਰ ਵੱਲੋਂ ਦੇਸ਼ ਨੂੰ 31 ਮਾਰਚ ਤੱਕ ਨਕਸਲਵਾਦ ਤੋਂ ਮੁਕਤ ਕਰਨ ਦੀ ਡੈੱਡਲਾਈਨ ਤੈਅ ਕੀਤੀ ਗਈ ਹੈ। ਸਰਾਂਡਾ ਅਤੇ ਕੋਲਹਾਨ ਖੇਤਰ ਝਾਰਖੰਡ ਵਿੱਚ ਮਾਓਵਾਦੀਆਂ ਦੇ ਆਖ਼ਰੀ ਵੱਡੇ ਗੜ੍ਹ ਮੰਨੇ ਜਾਂਦੇ ਹਨ।

ਸਰਕਾਰੀ ਅੰਕੜੇ

ਸਰਕਾਰੀ ਰਿਕਾਰਡਾਂ ਮੁਤਾਬਕ ਹੁਣ ਤੱਕ ਝਾਰਖੰਡ ਵਿੱਚ 11 ਹਜ਼ਾਰ ਤੋਂ ਵੱਧ ਮਾਓਵਾਦੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ, ਲਗਭਗ 250 ਮੁਕਾਬਲਿਆਂ ਵਿੱਚ ਮਾਰੇ ਗਏ ਹਨ ਅਤੇ 350 ਤੋਂ ਵੱਧ ਨੇ ਆਤਮਸਮਰਪਣ ਕੀਤਾ ਹੈ।

ਕਿਲ੍ਹਾ ਰਾਏਪੁਰ ਖੇਡ ਮੇਲਾ 30 ਜਨਵਰੀ ਤੋਂ ਸ਼ੁਰੂ, ਤਿੰਨ ਦਿਨ ਰੌਣਕਾਂ, ਬੈਲ ਗੱਡੀ ਦੌੜਾਂ ਨੂੰ ਮਿਲੀ ਮਨਜ਼ੂਰੀ

ਲੁਧਿਆਣਾ :- ਲੁਧਿਆਣਾ ਦੇ ਕਿਲ੍ਹਾ ਰਾਏਪੁਰ ਵਿਖੇ ਲੱਗਣ ਵਾਲਾ ਇਤਿਹਾਸਕ ਖੇਡ ਮੇਲਾ ਇਸ ਵਾਰ 30 ਜਨਵਰੀ ਤੋਂ ਸ਼ੁਰੂ ਹੋ ਕੇ 1 ਫਰਵਰੀ ਤੱਕ ਕਰਵਾਇਆ ਜਾਵੇਗਾ। ਤਿੰਨ ਦਿਨਾਂ ਤੱਕ ਚੱਲਣ ਵਾਲੀਆਂ ਇਨ੍ਹਾਂ ਖੇਡਾਂ ਵਿੱਚ ਦੇਸ਼ ਭਰ ਤੋਂ ਖਿਡਾਰੀ ਅਤੇ ਦਰਸ਼ਕ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ।

ਬੈਲ ਗੱਡੀ ਦੌੜਾਂ ਖਿੱਚਣਗੀਆਂ ਸਭ ਤੋਂ ਵੱਧ ਧਿਆਨ

ਇਸ ਵਾਰ ਖੇਡ ਮੇਲੇ ਦੀ ਸਭ ਤੋਂ ਵੱਡੀ ਖਾਸੀਅਤ ਬੈਲ ਗੱਡੀ ਦੌੜਾਂ ਦੀ ਮੁੜ ਸ਼ੁਰੂਆਤ ਰਹੇਗੀ। ਪਹਿਲੇ ਦਿਨ ਤੋਂ ਲੈ ਕੇ ਆਖਰੀ ਦਿਨ ਤੱਕ ਲਗਾਤਾਰ ਦੌੜਾਂ ਕਰਵਾਈਆਂ ਜਾਣਗੀਆਂ। ਪ੍ਰਬੰਧਕਾਂ ਅਨੁਸਾਰ ਕਰੀਬ 100 ਟੀਮਾਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ, ਜਿਸ ਨਾਲ ਮੇਲੇ ਦੀ ਰੌਣਕ ਹੋਰ ਵਧੇਗੀ।

ਦੌੜਾਂ ਨਾਲ ਨਾਲ ਹੋਰ ਖੇਡ ਮੁਕਾਬਲੇ ਵੀ ਸ਼ਾਮਿਲ

ਬੈਲ ਗੱਡੀ ਦੌੜਾਂ ਤੋਂ ਇਲਾਵਾ ਖੇਡ ਮੇਲੇ ਦੌਰਾਨ ਹੋਰ ਰਵਾਇਤੀ ਅਤੇ ਖੇਡ ਮੁਕਾਬਲੇ ਵੀ ਕਰਵਾਏ ਜਾਣਗੇ। ਹਰ ਮੁਕਾਬਲੇ ਲਈ ਵਿਸ਼ੇਸ਼ ਤਿਆਰੀ ਕੀਤੀ ਜਾ ਰਹੀ ਹੈ ਤਾਂ ਜੋ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਪੂਰੀ ਸਹੂਲਤ ਮਿਲ ਸਕੇ।

ਦੋ ਲੱਖ ਰੁਪਏ ਦੀ ਇਨਾਮੀ ਰਾਸ਼ੀ ਰੱਖੀ ਗਈ

ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਹੈ ਕਿ ਬੈਲ ਗੱਡੀ ਦੌੜਾਂ ਲਈ ਕੁੱਲ 2 ਲੱਖ ਰੁਪਏ ਦੀ ਇਨਾਮੀ ਰਾਸ਼ੀ ਨਿਰਧਾਰਤ ਕੀਤੀ ਗਈ ਹੈ, ਜਿਸ ਨਾਲ ਖਿਡਾਰੀਆਂ ਦਾ ਉਤਸ਼ਾਹ ਹੋਰ ਵਧੇਗਾ।

ਨਿਯਮਾਂ ਦੀ ਪੂਰੀ ਪਾਲਣਾ ਹੋਵੇਗੀ: ਡੀਸੀ ਹਿਮਾਂਸ਼ੂ ਜੈਨ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਨੇ ਕਿਹਾ ਕਿ ਖੇਡਾਂ ਦੌਰਾਨ ਸਰਕਾਰ ਵੱਲੋਂ ਨਿਰਧਾਰਤ ਸਾਰੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪਸ਼ੂਆਂ ਦੀ ਸੁਰੱਖਿਆ ਲਈ ਵੈਟਰਨਰੀ ਡਾਕਟਰਾਂ ਦੀਆਂ ਟੀਮਾਂ ਮੌਕੇ ‘ਤੇ ਤਾਇਨਾਤ ਰਹਿਣਗੀਆਂ ਅਤੇ ਕਿਸੇ ਵੀ ਜਾਨਵਰ ਨਾਲ ਬਦਸਲੂਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਪਹਿਲਾਂ ਹੀ ਹੋ ਚੁੱਕੀਆਂ ਹਨ ਪ੍ਰਸ਼ਾਸਨਿਕ ਮੀਟਿੰਗਾਂ

ਡੀਸੀ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਖੇਡਾਂ ਨੂੰ ਲੈ ਕੇ ਪਹਿਲਾਂ ਹੀ ਸੰਬੰਧਤ ਵਿਭਾਗਾਂ ਨਾਲ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ, ਤਾਂ ਜੋ ਪ੍ਰਬੰਧਾਂ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਾ ਰਹੇ।

ਸਖ਼ਤ ਸ਼ਰਤਾਂ ਹੇਠ ਮਿਲੀ ਬੈਲ ਗੱਡੀ ਦੌੜਾਂ ਦੀ ਆਗਿਆ

ਖੇਡ ਮੇਲੇ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਬੈਲ ਗੱਡੀ ਦੌੜਾਂ ‘ਤੇ ਲੱਗੀ ਪੁਰਾਣੀ ਪਾਬੰਦੀ ਹੁਣ ਕੁਝ ਨਿਰਧਾਰਤ ਸ਼ਰਤਾਂ ਨਾਲ ਹਟਾਈ ਗਈ ਹੈ। ਨਿਯਮਾਂ ਅਨੁਸਾਰ—

  • ਤਿੰਨ ਸਾਲ ਤੋਂ ਘੱਟ ਉਮਰ ਦੇ ਬੈਲ ਦੌੜ ਵਿੱਚ ਸ਼ਾਮਿਲ ਨਹੀਂ ਹੋਣਗੇ

  • ਕਿਸੇ ਵੀ ਤਰ੍ਹਾਂ ਦਾ ਡੰਡਾ ਜਾਂ ਨੁਕਸਾਨਦਾਇਕ ਸਾਧਨ ਵਰਤਣ ‘ਤੇ ਪਾਬੰਦੀ ਹੋਵੇਗੀ

  • ਜਾਨਵਰਾਂ ਨੂੰ ਕੋਈ ਨਸ਼ੀਲਾ ਪਦਾਰਥ ਨਹੀਂ ਦਿੱਤਾ ਜਾਵੇਗਾ

  • ਹਰ ਦੌੜ ਦੌਰਾਨ ਡਾਕਟਰੀ ਨਿਗਰਾਨੀ ਲਾਜ਼ਮੀ ਰਹੇਗੀ

ਪ੍ਰਬੰਧਕਾਂ ਨੇ ਭਰੋਸਾ ਦਿੱਤਾ ਕਿ ਸਾਰੇ ਨਿਯਮਾਂ ਦੀ ਪੂਰੀ ਇਮਾਨਦਾਰੀ ਨਾਲ ਪਾਲਣਾ ਕੀਤੀ ਜਾਵੇਗੀ।