Home Blog Page 651

ਵਕਫ਼ ਬੋਰਡ ਦਫ਼ਤਰ ‘ਚ ਰਿਸ਼ਵਤਖੋਰੀ ਦਾ ਪਰਦਾਫਾਸ਼, ਰੈਂਟ ਕੁਲੈਕਟਰ ਤੇ ਚਪੜਾਸੀ ਵਿਜੀਲੈਂਸ ਵੱਲੋਂ ਕਾਬੂ!

ਚੰਡੀਗੜ੍ਹ :- ਪੰਜਾਬ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਇੱਕ ਹੋਰ ਵੱਡੀ ਕਾਰਵਾਈ ਨੂੰ ਅੰਜਾਮ ਦਿੰਦਿਆਂ ਪੰਜਾਬ ਵਕਫ਼ ਬੋਰਡ ਦਫ਼ਤਰ, ਗੜ੍ਹਸ਼ੰਕਰ ਵਿੱਚ ਤਾਇਨਾਤ ਰੈਂਟ ਕੁਲੈਕਟਰ ਅਤੇ ਠੇਕੇ ‘ਤੇ ਰੱਖੇ ਗਏ ਚਪੜਾਸੀ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ।

ਲੀਜ਼ ਨਵੀਨੀਕਰਨ ਦੇ ਨਾਂ ‘ਤੇ ਮੰਗੀ ਗਈ ਸੀ ਰਿਸ਼ਵਤ
ਵਿਜੀਲੈਂਸ ਬਿਊਰੋ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮੁਹੰਮਦ ਯਾਸੀਨ (ਰੈਂਟ ਕੁਲੈਕਟਰ) ਅਤੇ ਮੁਹੰਮਦ ਤਾਲੀਮ (ਠੇਕੇ ਆਧਾਰਿਤ ਚਪੜਾਸੀ) ਵਜੋਂ ਹੋਈ ਹੈ। ਦੋਵਾਂ ਮੁਲਜ਼ਮ ਪੰਜਾਬ ਵਕਫ਼ ਬੋਰਡ ਦਫ਼ਤਰ, ਗੜ੍ਹਸ਼ੰਕਰ ਵਿੱਚ ਤਾਇਨਾਤ ਸਨ।

ਕਿਸਾਨ ਦੀ ਸ਼ਿਕਾਇਤ ‘ਤੇ ਹੋਈ ਕਾਰਵਾਈ
ਵਿਜੀਲੈਂਸ ਦੇ ਬੁਲਾਰੇ ਮੁਤਾਬਕ, ਇਹ ਕਾਰਵਾਈ ਬਲਾਚੌਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਇੱਕ ਕਿਸਾਨ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਨੇ 2018 ਤੋਂ 2021 ਤੱਕ ਤਹਿਸੀਲ ਬਲਾਚੌਰ ਦੇ ਪਿੰਡ ਭੱਦੀ ਵਿੱਚ ਸਥਿਤ ਪੰਜਾਬ ਵਕਫ਼ ਬੋਰਡ ਦੀ 10 ਕਨਾਲ ਜ਼ਮੀਨ ਲੀਜ਼ ‘ਤੇ ਲਈ ਹੋਈ ਸੀ।

50 ਹਜ਼ਾਰ ਦੀ ਮੰਗ, ਫਿਰ 20 ਹਜ਼ਾਰ ‘ਤੇ ਸੌਦਾ
ਸ਼ਿਕਾਇਤ ਅਨੁਸਾਰ, ਲੀਜ਼ ਦੀ ਮਿਆਦ ਖਤਮ ਹੋਣ ਤੋਂ ਬਾਅਦ ਜਦੋਂ ਉਸਨੇ ਨਵੀਨੀਕਰਨ ਲਈ ਵਕਫ਼ ਬੋਰਡ ਦਫ਼ਤਰ ਗੜ੍ਹਸ਼ੰਕਰ ਵਿੱਚ ਸੰਪਰਕ ਕੀਤਾ ਤਾਂ ਰੈਂਟ ਕੁਲੈਕਟਰ ਮੁਹੰਮਦ ਯਾਸੀਨ ਨੇ ਫਾਈਲ ਤਿਆਰ ਕਰਨ ਦੇ ਬਦਲੇ 50 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। ਰਕਮ ਦੇਣ ਵਿੱਚ ਅਸਮਰੱਥਤਾ ਜਤਾਉਣ ‘ਤੇ ਇਹ ਮੰਗ ਘਟਾ ਕੇ 20 ਹਜ਼ਾਰ ਰੁਪਏ ਕਰ ਦਿੱਤੀ ਗਈ।

ਪਹਿਲਾਂ 2 ਹਜ਼ਾਰ, ਫਿਰ 18 ਹਜ਼ਾਰ ਦੀ ਮੰਗ
ਸ਼ਿਕਾਇਤਕਰਤਾ ਮੁਤਾਬਕ, ਦੋਸ਼ੀ ਨੇ ਪਹਿਲਾਂ ਹੀ 2 ਹਜ਼ਾਰ ਰੁਪਏ ਰਿਸ਼ਵਤ ਵਜੋਂ ਲੈ ਲਏ ਸਨ ਅਤੇ ਬਾਕੀ 18 ਹਜ਼ਾਰ ਰੁਪਏ ਬਾਅਦ ਵਿੱਚ ਦੇਣ ਲਈ ਕਿਹਾ ਗਿਆ ਸੀ। ਇਸ ਪੂਰੀ ਗੱਲਬਾਤ ਨੂੰ ਸ਼ਿਕਾਇਤਕਰਤਾ ਨੇ ਬਤੌਰ ਸਬੂਤ ਰਿਕਾਰਡ ਵੀ ਕਰ ਲਿਆ ਸੀ।

ਵਿਜੀਲੈਂਸ ਟੀਮ ਨੇ ਮੌਕੇ ‘ਤੇ ਫੜਿਆ
ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਐਸਬੀਐਸ ਨਗਰ ਟੀਮ ਨੇ ਯੋਜਨਾਬੱਧ ਢੰਗ ਨਾਲ ਜਾਲ ਵਿਛਾਇਆ। ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਦੋਵਾਂ ਮੁਲਜ਼ਮਾਂ ਨੂੰ ਸ਼ਿਕਾਇਤਕਰਤਾ ਤੋਂ 18 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ।

ਅਗਲੀ ਜਾਂਚ ਜਾਰੀ
ਵਿਜੀਲੈਂਸ ਬਿਊਰੋ ਵੱਲੋਂ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮਾਮਲੇ ਨਾਲ ਜੁੜੇ ਹੋਰ ਪੱਖਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਕਾਰਵਾਈ ਨਾਲ ਸਰਕਾਰੀ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਕਰਨ ਵਾਲਿਆਂ ‘ਚ ਹੜਕੰਪ ਮਚ ਗਿਆ ਹੈ।

ਡਰੋਨ ਨਸ਼ਾ ਤਸਕਰੀ ਨਾਕਾਮ: ਸਰਹੱਦੀ ਖੇਤਰ ‘ਚ 10 ਕਰੋੜ ਦੀ ਹੈਰੋਇਨ ਸਮੇਤ ਸਮੱਗਲਰ ਕਾਬੂ

ਅੰਮ੍ਰਿਤਸਰ :- ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ ਗਈ ਨਸ਼ੀਲੇ ਪਦਾਰਥਾਂ ਦੀ ਇੱਕ ਵੱਡੀ ਖੇਪ ਨੂੰ ਸੁਰੱਖਿਆ ਬਲਾਂ ਨੇ ਸਮੇਂ-ਸਿਰ ਨਾਕਾਮ ਕਰ ਦਿੱਤਾ। ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਦੀ ਸਾਂਝੀ ਕਾਰਵਾਈ ਦੌਰਾਨ ਇਕ ਸਮੱਗਲਰ ਨੂੰ ਲਗਭਗ 10 ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਡਰੋਨ ਰਾਹੀਂ ਸੁੱਟੀ ਗਈ ਸੀ ਖੇਪ
ਸੁਰੱਖਿਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ, ਪਾਕਿਸਤਾਨੀ ਤਸਕਰਾਂ ਵੱਲੋਂ ਡਰੋਨ ਦੀ ਮਦਦ ਨਾਲ ਪਿੰਡ ਟਾਂਡਾ ਦੇ ਇਲਾਕੇ ਵਿੱਚ ਹੈਰੋਇਨ ਦੀ ਖੇਪ ਸੁੱਟੀ ਗਈ। ਇਸ ਗੁਪਤ ਸੂਚਨਾ ਦੇ ਆਧਾਰ ‘ਤੇ ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਨੇ ਇਲਾਕੇ ਵਿੱਚ ਪਹਿਲਾਂ ਹੀ ਸਾਂਝਾ ਨਾਕਾ ਲਗਾਇਆ ਹੋਇਆ ਸੀ।

ਖੇਪ ਚੁੱਕਣ ਆਇਆ ਸਮੱਗਲਰ ਜਾਲ ‘ਚ ਫਸਿਆ
ਜਿਵੇਂ ਹੀ ਖੇਪ ਚੁੱਕਣ ਲਈ ਸਮੱਗਲਰ ਮੌਕੇ ‘ਤੇ ਪਹੁੰਚਿਆ, ਤਾਇਨਾਤ ਟੀਮ ਨੇ ਫੁਰਤੀ ਨਾਲ ਘੇਰਾਬੰਦੀ ਕਰਕੇ ਉਸਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸਦੇ ਕਬਜ਼ੇ ‘ਚੋਂ ਭਾਰੀ ਮਾਤਰਾ ਵਿੱਚ ਹੈਰੋਇਨ ਬਰਾਮਦ ਕੀਤੀ ਗਈ, ਜਿਸਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੀਮਤ ਕਰੀਬ 10 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਫਾਰਵਰਡ–ਬੈਕਵਰਡ ਲਿੰਕਾਂ ਦੀ ਜਾਂਚ ਸ਼ੁਰੂ
ਪੁਲਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਗ੍ਰਿਫ਼ਤਾਰ ਸਮੱਗਲਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਸਦੇ ਫਾਰਵਰਡ ਤੇ ਬੈਕਵਰਡ ਲਿੰਕਾਂ ਨੂੰ ਖੰਗਾਲਿਆ ਜਾ ਰਿਹਾ ਹੈ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਨਸ਼ਾ ਤਸਕਰੀ ਦੇ ਨੈੱਟਵਰਕ ਵਿੱਚ ਹੋਰ ਕੌਣ-ਕੌਣ ਸ਼ਾਮਲ ਹੈ।

ਸਰਹੱਦ ‘ਤੇ ਚੌਕਸੀ ਹੋਰ ਸਖ਼ਤ
ਇਸ ਸਫਲ ਆਪ੍ਰੇਸ਼ਨ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਸਰਹੱਦੀ ਖੇਤਰਾਂ ਵਿੱਚ ਚੌਕਸੀ ਹੋਰ ਵਧਾ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਡਰੋਨ ਰਾਹੀਂ ਨਸ਼ਾ ਤਸਕਰੀ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਬਣਾਉਣ ਲਈ ਆਉਣ ਵਾਲੇ ਦਿਨਾਂ ਵਿੱਚ ਵੀ ਅਜਿਹੀਆਂ ਸਾਂਝੀਆਂ ਕਾਰਵਾਈਆਂ ਜਾਰੀ ਰਹਿਣਗੀਆਂ।

ਐਡਵੋਕੇਟ ਦਿਲਜੋਤ ਕੌਰ ਮੌਤ ਮਾਮਲਾ: ਮਾਂ ਦੇ ਖੁਲਾਸਿਆਂ ਤੋਂ ਬਾਅਦ ਪੁਲਿਸ ਹਰਕਤ ‘ਚ, ਲਿਵ-ਇਨ ਪਾਰਟਨਰ ਖ਼ਿਲਾਫ਼ FIR

ਮਾਨਸਾ :- ਮਾਨਸਾ ਜ਼ਿਲ੍ਹੇ ਦੇ ਪਿੰਡ ਰੱਲਾ ਨਾਲ ਸਬੰਧਤ ਨੌਜਵਾਨ ਐਡਵੋਕੇਟ ਦਿਲਜੋਤ ਕੌਰ ਸ਼ਰਮਾ ਦੀ ਲੁਧਿਆਣਾ ਵਿੱਚ ਹੋਈ ਭੇਤਭਰੀ ਮੌਤ ਦੇ ਮਾਮਲੇ ਨੇ ਹੁਣ ਨਵਾਂ ਮੋੜ ਲੈ ਲਿਆ ਹੈ। ਪਰਿਵਾਰ ਵੱਲੋਂ ਕੀਤੇ ਗਏ ਖੁਲਾਸਿਆਂ ਤੋਂ ਬਾਅਦ ਇਹ ਸਪਸ਼ਟ ਹੋ ਰਿਹਾ ਹੈ ਕਿ ਦਿਲਜੋਤ ਨੇ ਕਿਸੇ ਬਿਮਾਰੀ ਕਾਰਨ ਨਹੀਂ, ਸਗੋਂ ਆਪਣੇ ਲਿਵ-ਇਨ ਪਾਰਟਨਰ ਵੱਲੋਂ ਮਿਲੇ ਧੋਖੇ ਅਤੇ ਮਾਨਸਿਕ ਤਸ਼ੱਦਦ ਤੋਂ ਤੰਗ ਆ ਕੇ ਖੁਦਕੁਸ਼ੀ ਦਾ ਰਾਹ ਅਪਨਾਇਆ।

ਮਾਂ ਦੇ ਬਿਆਨਾਂ ਨਾਲ ਟੁੱਟੀ ਸੁਸਾਈਡ ਨੋਟ ਦੀ ਕਹਾਣੀ
ਮ੍ਰਿਤਕਾ ਦੀ ਮਾਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਹੈ ਕਿ ਦਿਲਜੋਤ ਬਹੁਤ ਹੌਂਸਲੇ ਵਾਲੀ ਅਤੇ ਮਕਸਦਪ੍ਰਸਤ ਕੁੜੀ ਸੀ, ਜੋ ਕਦੇ ਵੀ ਸਿਰਫ਼ ਬਿਮਾਰੀ ਦੇ ਨਾਂ ‘ਤੇ ਆਪਣੀ ਜ਼ਿੰਦਗੀ ਖ਼ਤਮ ਨਹੀਂ ਕਰ ਸਕਦੀ। ਉਨ੍ਹਾਂ ਅਨੁਸਾਰ, ਸ਼ੁਰੂ ਵਿੱਚ ਮਿਲਿਆ ਸੁਸਾਈਡ ਨੋਟ ਫਰਜ਼ੀ ਸੀ ਅਤੇ ਹਕੀਕਤ ਨੂੰ ਢੱਕਣ ਦੀ ਕੋਸ਼ਿਸ਼ ਕੀਤੀ ਗਈ। ਮਾਂ ਦਾ ਦਾਅਵਾ ਹੈ ਕਿ ਉਸਦੀ ਧੀ ਨੂੰ ਲਿਵ-ਇਨ ਪਾਰਟਨਰ ਵੱਲੋਂ ਲਗਾਤਾਰ ਧੋਖੇ ਅਤੇ ਦਬਾਅ ਦਾ ਸਾਹਮਣਾ ਕਰਨਾ ਪਿਆ।

ਜੱਜ ਬਣਨ ਦੇ ਸੁਪਨੇ ਨਾਲ ਲੁਧਿਆਣਾ ਆਈ ਸੀ ਦਿਲਜੋਤ
ਪਰਿਵਾਰ ਨੇ ਦੱਸਿਆ ਕਿ ਦਿਲਜੋਤ ਕੌਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੀਏ ਅਤੇ ਐਲਐਲਬੀ ਦੀ ਪੜਾਈ ਪੂਰੀ ਕਰਨ ਤੋਂ ਬਾਅਦ ਜੁਡੀਸ਼ੀਅਲ ਸੇਵਾਵਾਂ ਦੀ ਤਿਆਰੀ ਸ਼ੁਰੂ ਕੀਤੀ ਸੀ। ਜੱਜ ਬਣਨ ਦੇ ਸੁਪਨੇ ਨਾਲ ਉਹ ਲੁਧਿਆਣਾ ਆਈ, ਜਿੱਥੇ ਤਿਆਰੀ ਦੌਰਾਨ ਉਸਦੀ ਜਾਣ-ਪਛਾਣ ਇੱਕ ਜਥੇਬੰਦੀ ਦੇ ਆਗੂ ਨਾਲ ਹੋਈ ਅਤੇ ਦੋਵੇਂ ਇਕੱਠੇ ਰਹਿਣ ਲੱਗੇ।

25 ਦਿਨਾਂ ਬਾਅਦ ਪੁਲਿਸ ਨੇ ਦਰਜ ਕੀਤਾ ਮਾਮਲਾ
ਦਿਲਜੋਤ ਦਾ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ ਪਹਿਲਾਂ ਹੀ ਹੋ ਚੁੱਕਾ ਹੈ, ਪਰ ਮਾਂ ਦੀ ਲਗਾਤਾਰ ਪੈਰਵੀ ਅਤੇ ਦਬਾਅ ਤੋਂ ਬਾਅਦ ਹੁਣ ਲੁਧਿਆਣਾ ਪੁਲਿਸ ਨੇ ਲਿਵ-ਇਨ ਪਾਰਟਨਰ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਐਫਆਈਆਰ ਦਰਜ ਕਰ ਲਈ ਹੈ। ਇਹ ਕਾਰਵਾਈ ਘਟਨਾ ਤੋਂ ਕਰੀਬ 25 ਦਿਨ ਬਾਅਦ ਕੀਤੀ ਗਈ ਹੈ, ਜਿਸ ‘ਤੇ ਵੀ ਕਈ ਸਵਾਲ ਖੜੇ ਹੋ ਰਹੇ ਹਨ।

ਪਰਿਵਾਰ ਨੇ ਕਤਲ ਦਾ ਸ਼ੱਕ ਜਤਾਇਆ
ਹਾਲਾਂਕਿ, ਦਿਲਜੋਤ ਦੀ ਮਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਸਿਰਫ਼ ਖੁਦਕੁਸ਼ੀ ਲਈ ਉਕਸਾਉਣ ਦਾ ਨਹੀਂ, ਸਗੋਂ ਕਤਲ ਦੀ ਸਾਜ਼ਿਸ਼ ਵੱਲ ਇਸ਼ਾਰਾ ਕਰਦਾ ਹੈ। ਉਨ੍ਹਾਂ ਦੀ ਮੰਗ ਹੈ ਕਿ ਇਸ ਕੇਸ ਵਿੱਚ ਲਿਵ-ਇਨ ਪਾਰਟਨਰ ਦੇ ਨਾਲ-ਨਾਲ ਦਿਲਜੋਤ ਦੀ ਇੱਕ ਨੇੜਲੀ ਸਹੇਲੀ ਨੂੰ ਵੀ ਨਾਮਜ਼ਦ ਕੀਤਾ ਜਾਣਾ ਚਾਹੀਦਾ ਸੀ।

5 ਜਨਵਰੀ ਨੂੰ ਮਿਲੀ ਸੀ ਭੇਤਭਰੀ ਮੌਤ
ਗੌਰਤਲਬ ਹੈ ਕਿ 5 ਜਨਵਰੀ ਨੂੰ ਐਡਵੋਕੇਟ ਦਿਲਜੋਤ ਕੌਰ ਸ਼ਰਮਾ ਦੀ ਲੁਧਿਆਣਾ ਵਿੱਚ ਸੰਦੇਹਜਨਕ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਉਸ ਸਮੇਂ ਤੋਂ ਹੀ ਪਰਿਵਾਰ ਵੱਲੋਂ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਸੀ, ਪਰ ਮਾਮਲੇ ਨੂੰ ਪਹਿਲਾਂ ਆਤਮਹੱਤਿਆ ਵਜੋਂ ਦਰਸਾਇਆ ਗਿਆ।

ਨਿਰਪੱਖ ਜਾਂਚ ਲਈ ਬਣੀ ਐਕਸ਼ਨ ਕਮੇਟੀ
ਦਿਲਜੋਤ ਕੌਰ ਸ਼ਰਮਾ ਪਿਛਲੇ ਲੰਮੇ ਸਮੇਂ ਤੋਂ ਲਲਕਾਰ ਜਥੇਬੰਦੀ ਨਾਲ ਸਰਗਰਮ ਤੌਰ ‘ਤੇ ਜੁੜੀ ਹੋਈ ਸੀ। ਇਸ ਮਾਮਲੇ ਨੂੰ ਲੈ ਕੇ ਖੱਬੇਪੱਖੀ ਅਤੇ ਜਮਹੂਰੀ ਜਥੇਬੰਦੀਆਂ ਨੇ ਮਿਲ ਕੇ ਐਕਸ਼ਨ ਕਮੇਟੀ ਦਾ ਗਠਨ ਕੀਤਾ ਹੈ, ਜੋ ਇਸ ਮੌਤ ਦੀ ਨਿਰਪੱਖ, ਪਾਰਦਰਸ਼ੀ ਅਤੇ ਉੱਚ ਪੱਧਰੀ ਜਾਂਚ ਦੀ ਮੰਗ ਕਰ ਰਹੀ ਹੈ।

ਪੰਜਾਬ ਦੇ 15 ਜ਼ਿਲ੍ਹਿਆਂ ‘ਚ ਮੌਸਮ ਦੀ ਚੇਤਾਵਨੀ, ਧੁੰਦ ਤੇ ਤੇਜ਼ ਹਵਾਵਾਂ ਨਾਲ ਵਧੇਗੀ ਮੁਸ਼ਕਲ!

ਚੰਡੀਗੜ੍ਹ :- ਪੰਜਾਬ ਵਿੱਚ ਮੌਸਮ ਨੇ ਇੱਕ ਵਾਰ ਫਿਰ ਕਰਵਟ ਲੈ ਲਈ ਹੈ। ਮੌਸਮ ਵਿਭਾਗ ਨੇ ਸੂਬੇ ਦੇ 15 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕਰਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਚੰਡੀਗੜ੍ਹ ਸਥਿਤ ਮੌਸਮ ਵਿਗਿਆਨ ਕੇਂਦਰ ਅਨੁਸਾਰ 6 ਫਰਵਰੀ ਤੱਕ ਸਵੇਰੇ ਅਤੇ ਸ਼ਾਮ ਦੇ ਸਮੇਂ ਸੰਘਣੀ ਧੁੰਦ ਛਾਈ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਦ੍ਰਿਸ਼ਟਤਾ ਬਹੁਤ ਘੱਟ ਹੋ ਸਕਦੀ ਹੈ।

ਸਵੇਰ-ਸ਼ਾਮ ਧੁੰਦ ਦਾ ਕਹਿਰ, ਦ੍ਰਿਸ਼ਟਤਾ ਘਟਣ ਦੇ ਆਸਾਰ
ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਅੱਜ ਸ਼ਾਮ ਤੋਂ ਹੀ ਧੁੰਦ ਹੋਰ ਵਧੇਗੀ। ਕਈ ਇਲਾਕਿਆਂ ਵਿੱਚ ਸੜਕਾਂ ‘ਤੇ ਦਿੱਖ ਬਹੁਤ ਘੱਟ ਰਹਿ ਸਕਦੀ ਹੈ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਣ ਦਾ ਖਤਰਾ ਬਣਿਆ ਹੋਇਆ ਹੈ। ਖ਼ਾਸ ਕਰਕੇ ਸਵੇਰੇ ਦਫ਼ਤਰ ਅਤੇ ਸਕੂਲ ਜਾਣ ਵਾਲਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਨ੍ਹਾਂ ਜ਼ਿਲ੍ਹਿਆਂ ਲਈ ਜਾਰੀ ਹੋਇਆ ਅਲਰਟ
ਯੈਲੋ ਅਲਰਟ ਦੀ ਲਪੇਟ ‘ਚ ਤਰਨਤਾਰਨ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਪਟਿਆਲਾ, ਮਾਨਸਾ, ਬਰਨਾਲਾ, ਫਾਜ਼ਿਲਕਾ, ਫਿਰੋਜ਼ਪੁਰ, ਫਰੀਦਕੋਟ, ਮੋਗਾ, ਸ਼੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਸ਼ਾਮਲ ਹਨ। ਇਨ੍ਹਾਂ ਇਲਾਕਿਆਂ ‘ਚ ਰਾਤ ਅਤੇ ਸਵੇਰੇ ਧੁੰਦ ਜ਼ਿਆਦਾ ਘਣੀ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ।

ਹਾਈਵੇ ‘ਤੇ ਯਾਤਰਾ ਕਰਨ ਵਾਲਿਆਂ ਲਈ ਚੇਤਾਵਨੀ
ਅੰਮ੍ਰਿਤਸਰ ਤੋਂ ਅੰਬਾਲਾ ਅਤੇ ਅੰਬਾਲਾ ਤੋਂ ਦਿੱਲੀ ਜਾਣ ਵਾਲੇ ਰਾਸ਼ਟਰੀ ਮਾਰਗਾਂ ‘ਤੇ ਮੌਸਮ ਦੇ ਅਸਰ ਕਾਰਨ ਅੰਸ਼ਿਕ ਬੱਦਲਵਾਈ ਅਤੇ ਧੁੰਦ ਦੋਵਾਂ ਦੇ ਅਸਰ ਦੇਖਣ ਨੂੰ ਮਿਲ ਸਕਦੇ ਹਨ। ਪ੍ਰਸ਼ਾਸਨ ਨੇ ਡਰਾਈਵਰਾਂ ਨੂੰ ਹੌਲੀ ਗਤੀ ਨਾਲ ਵਾਹਨ ਚਲਾਉਣ ਅਤੇ ਫੋਗ ਲਾਈਟਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ।

ਤੇਜ਼ ਹਵਾਵਾਂ ਨਾਲ ਤਾਪਮਾਨ ‘ਚ ਉਤਾਰ-ਚੜ੍ਹਾਅ
ਮੌਸਮ ਵਿਭਾਗ ਮੁਤਾਬਕ 5 ਅਤੇ 6 ਫਰਵਰੀ ਨੂੰ ਸੂਬੇ ਦੇ ਕੁਝ ਹਿੱਸਿਆਂ ਵਿੱਚ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਇਸ ਕਾਰਨ ਘੱਟੋ-ਘੱਟ ਤਾਪਮਾਨ ਵਿੱਚ ਅਚਾਨਕ ਬਦਲਾਅ ਆ ਸਕਦਾ ਹੈ, ਜਿਸ ਨਾਲ ਠੰਢ ਹੋਰ ਵਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ
ਮੌਸਮ ਵਿਭਾਗ ਨੇ ਲੋਕਾਂ ਨੂੰ ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲਣ, ਖ਼ਾਸ ਕਰਕੇ ਰਾਤ ਅਤੇ ਸਵੇਰੇ ਦੇ ਸਮੇਂ ਯਾਤਰਾ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਹੈ। ਕਿਸਾਨਾਂ ਅਤੇ ਡਰਾਈਵਰਾਂ ਲਈ ਵੀ ਇਹ ਮੌਸਮ ਸਾਵਧਾਨੀ ਨਾਲ ਨਿਪਟਣ ਵਾਲਾ ਦੱਸਿਆ ਜਾ ਰਿਹਾ ਹੈ।

ਹਾਈਕੋਰਟ ਦੀ ਸਖ਼ਤੀ: ਨਗਰ ਨਿਗਮ ਚੋਣਾਂ ‘ਤੇ 18 ਫਰਵਰੀ ਤੱਕ ਬ੍ਰੇਕ, ਨੋਟੀਫਿਕੇਸ਼ਨ ਜਾਰੀ ਕਰਨ ‘ਤੇ ਪਾਬੰਦੀ

ਚੰਡੀਗੜ੍ਹ :- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਡਾ ਹੁਕਮ ਸੁਣਾਉਂਦਿਆਂ ਸਰਕਾਰ ਨੂੰ ਤੁਰੰਤ ਝਟਕਾ ਦਿੱਤਾ ਹੈ। ਅਦਾਲਤ ਨੇ ਸਪਸ਼ਟ ਹੁਕਮ ਜਾਰੀ ਕਰਦੇ ਹੋਏ 18 ਫਰਵਰੀ ਤੱਕ ਨਗਰ ਨਿਗਮ ਚੋਣਾਂ ਦੀ ਪ੍ਰਕਿਰਿਆ ‘ਤੇ ਰੋਕ ਲਗਾ ਦਿੱਤੀ ਹੈ ਅਤੇ ਇਸ ਦੌਰਾਨ ਕੋਈ ਵੀ ਚੋਣੀ ਨੋਟੀਫਿਕੇਸ਼ਨ ਜਾਰੀ ਕਰਨ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ।

ਵਾਰਡਬੰਦੀ ਮਾਮਲੇ ‘ਚ ਸਰਕਾਰ ਤੋਂ ਜਵਾਬ ਦੀ ਉਡੀਕ
ਹਾਈਕੋਰਟ ਨੇ ਆਪਣੇ ਹੁਕਮ ਵਿੱਚ ਕਿਹਾ ਹੈ ਕਿ ਜਦੋਂ ਤੱਕ ਸਰਕਾਰ ਵੱਲੋਂ ਵਾਰਡਬੰਦੀ ਸਬੰਧੀ ਆਪਣਾ ਲਿਖਤੀ ਜਵਾਬ ਅਦਾਲਤ ਵਿੱਚ ਦਾਖਲ ਨਹੀਂ ਕੀਤਾ ਜਾਂਦਾ, ਤਦ ਤੱਕ ਚੋਣਾਂ ਨਾਲ ਸੰਬੰਧਿਤ ਕੋਈ ਵੀ ਅਗਲਾ ਕਦਮ ਨਹੀਂ ਚੁੱਕਿਆ ਜਾ ਸਕਦਾ। ਅਦਾਲਤ ਨੇ ਇਹ ਵੀ ਦਰਸਾਇਆ ਕਿ ਬਿਨਾਂ ਜਵਾਬ ਦਾਖਲ ਕੀਤੇ ਚੋਣੀ ਪ੍ਰਕਿਰਿਆ ਅੱਗੇ ਵਧਾਉਣਾ ਕਾਨੂੰਨੀ ਤੌਰ ‘ਤੇ ਗਲਤ ਹੋਵੇਗਾ।

ਕਈ ਪਟੀਸ਼ਨਾਂ ‘ਤੇ ਸੁਣਵਾਈ ਤੋਂ ਬਾਅਦ ਆਇਆ ਹੁਕਮ
ਨਗਰ ਨਿਗਮ ਚੋਣਾਂ ਅਤੇ ਵਾਰਡਬੰਦੀ ਨੂੰ ਲੈ ਕੇ ਹਾਈਕੋਰਟ ਵਿੱਚ ਕਈ ਪਟੀਸ਼ਨਾਂ ਦਾਖਲ ਕੀਤੀਆਂ ਗਈਆਂ ਸਨ। ਇਨ੍ਹਾਂ ਪਟੀਸ਼ਨਾਂ ਦੀ ਸੁਣਵਾਈ ਦੌਰਾਨ ਅਦਾਲਤ ਨੇ ਸਰਕਾਰ ਅਤੇ ਲੋਕਲ ਬਾਡੀਜ਼ ਡਿਪਾਰਟਮੈਂਟ ਨੂੰ ਆਪਣਾ ਸਪਸ਼ਟੀਕਰਨ ਪੇਸ਼ ਕਰਨ ਲਈ ਕਿਹਾ ਸੀ। ਪਰ ਹੁਣ ਤੱਕ ਸਰਕਾਰ ਵੱਲੋਂ ਕੋਈ ਜਵਾਬ ਦਾਖਲ ਨਾ ਕੀਤੇ ਜਾਣ ਦੇ ਬਾਵਜੂਦ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ, ਜਿਸ ‘ਤੇ ਅਦਾਲਤ ਨੇ ਸਖ਼ਤ ਰੁਖ ਅਖਤਿਆਰ ਕੀਤਾ।

ਫਰਵਰੀ ‘ਚ ਹੋਣ ਵਾਲੀਆਂ ਚੋਣਾਂ ‘ਤੇ ਸਵਾਲ
ਜ਼ਿਕਰਯੋਗ ਹੈ ਕਿ ਲੋਕਲ ਬਾਡੀਜ਼ ਡਿਪਾਰਟਮੈਂਟ ਵੱਲੋਂ ਫਰਵਰੀ ਮਹੀਨੇ ਦੌਰਾਨ ਪੰਜਾਬ ਦੇ ਨੌਂ ਨਗਰ ਨਿਗਮਾਂ ਸਮੇਤ ਲਗਭਗ 100 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿੱਚ ਚੋਣਾਂ ਕਰਵਾਉਣ ਦੀ ਯੋਜਨਾ ਬਣਾਈ ਗਈ ਸੀ। ਹੁਣ ਹਾਈਕੋਰਟ ਦੇ ਇਸ ਹੁਕਮ ਤੋਂ ਬਾਅਦ ਪੂਰੀ ਚੋਣੀ ਪ੍ਰਕਿਰਿਆ ਅਣਿਸ਼ਚਿਤਤਾ ਦੇ ਘੇਰੇ ਵਿੱਚ ਆ ਗਈ ਹੈ।

ਸਿਆਸੀ ਹਲਕਿਆਂ ‘ਚ ਹਲਚਲ, ਸਰਕਾਰ ‘ਤੇ ਦਬਾਅ ਵਧਿਆ
ਹਾਈਕੋਰਟ ਦੇ ਇਸ ਫੈਸਲੇ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਹਲਚਲ ਤੇਜ਼ ਹੋ ਗਈ ਹੈ। ਇਕ ਪਾਸੇ ਵਿਰੋਧੀ ਧਿਰ ਸਰਕਾਰ ‘ਤੇ ਸਵਾਲ ਖੜੇ ਕਰ ਰਹੀ ਹੈ, ਉੱਥੇ ਹੀ ਦੂਜੇ ਪਾਸੇ ਸਰਕਾਰ ਲਈ ਅਦਾਲਤ ਵਿੱਚ ਤੁਰੰਤ ਜਵਾਬ ਦਾਖਲ ਕਰਨਾ ਹੁਣ ਲਾਜ਼ਮੀ ਬਣ ਗਿਆ ਹੈ।

ਗਾਜ਼ੀਆਬਾਦ ‘ਚ ਤਿੰਨ ਨਾਬਾਲਿਗ ਭੈਣਾਂ ਵੱਲੋਂ ਇਕੱਠੇ ਖੁਦਕੁਸ਼ੀ!

ਉੱਤਰ ਪ੍ਰਦੇਸ਼ :- ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਸ਼ਹਿਰ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਪੂਰੇ ਇਲਾਕੇ ਨੂੰ ਸਦਮੇ ਵਿੱਚ ਧੱਕ ਦਿੱਤਾ ਹੈ। ਭਾਰਤ ਸਿਟੀ ਸੋਸਾਇਟੀ ਵਿੱਚ ਰਹਿੰਦੀਆਂ ਤਿੰਨ ਨਾਬਾਲਿਗ ਸਗੀ ਭੈਣਾਂ ਨੇ ਬੀਤੀ ਰਾਤ ਇਕੱਠਿਆਂ 9ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ।

ਰਾਤ ਦੇ ਸੁੰਨੇ ਵੇਲੇ ਵਾਪਰੀ ਦਰਦਨਾਕ ਘਟਨਾ
ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਰਾਤ ਕਰੀਬ 2 ਵਜੇ ਦੇ ਆਸ-ਪਾਸ ਵਾਪਰਿਆ। ਭਾਰਤ ਸਿਟੀ ਦੇ ਬੀ-1 ਟਾਵਰ ਦੇ ਫਲੈਟ ਨੰਬਰ 907 ਵਿੱਚ ਰਹਿਣ ਵਾਲੀਆਂ ਤਿੰਨੋ ਭੈਣਾਂ ਨੇ ਇਕੱਠਿਆਂ ਇਮਾਰਤ ਦੀ ਉੱਚੀ ਮੰਜ਼ਿਲ ਤੋਂ ਛਾਲ ਮਾਰੀ। ਸਵੇਰੇ ਲੋਕਾਂ ਨੂੰ ਘਟਨਾ ਦੀ ਜਾਣਕਾਰੀ ਮਿਲੀ ਤਾਂ ਸੋਸਾਇਟੀ ਵਿੱਚ ਹੜਕੰਪ ਮਚ ਗਿਆ।

ਇਕੱਠਿਆਂ ਰਹਿਣ, ਇਕੱਠਿਆਂ ਹਰ ਕੰਮ ਕਰਨ ਦੀ ਆਦਤ
ਪਰਿਵਾਰਕ ਸੂਤਰਾਂ ਮੁਤਾਬਕ, ਤਿੰਨੋ ਭੈਣਾਂ ਬਹੁਤ ਜ਼ਿਆਦਾ ਇਕ-ਦੂਜੇ ਨਾਲ ਜੁੜੀਆਂ ਹੋਈਆਂ ਸਨ। ਉਹ ਸਕੂਲ ਜਾਣ ਤੋਂ ਲੈ ਕੇ ਖਾਣ-ਪੀਣ ਅਤੇ ਦਿਨਚਰਿਆ ਦੇ ਹੋਰ ਸਾਰੇ ਕੰਮ ਵੀ ਇਕੱਠਿਆਂ ਹੀ ਕਰਦੀਆਂ ਸਨ। ਇਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਵੱਡਾ ਹਿੱਸਾ ਮੋਬਾਈਲ ਫੋਨ ‘ਤੇ ਬਿਤਦਾ ਸੀ।

ਆਨਲਾਈਨ ਗੇਮ ਐਪ ਦੀ ਲਤ ‘ਤੇ ਸ਼ੱਕ
ਪੁਲਿਸ ਦੀ ਪ੍ਰਾਰੰਭਿਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਤਿੰਨੋ ਕੁੜੀਆਂ ਇੱਕ ਆਨਲਾਈਨ ਟਾਸਕ ਬੇਸਡ ਕੋਰੀਅਨ ਲਵਰ ਗੇਮ ਐਪ ਖੇਡਣ ਦੀ ਆਦੀ ਸਨ। ਇਸ ਐਪ ਨਾਲ ਜੁੜੀ ਮਾਨਸਿਕ ਦਬਾਅ ਜਾਂ ਕਿਸੇ ਹੋਰ ਮਨੋਵਿਗਿਆਨਕ ਕਾਰਨ ਨੇ ਇਸ ਕਦਮ ਵੱਲ ਧੱਕਿਆ ਹੋ ਸਕਦਾ ਹੈ, ਪਰ ਫਿਲਹਾਲ ਪੁਲਿਸ ਕਿਸੇ ਨਤੀਜੇ ‘ਤੇ ਨਹੀਂ ਪਹੁੰਚੀ।

ਮ੍ਰਿਤਕਾਂ ਦੀ ਪਛਾਣ
ਮਰਨ ਵਾਲੀਆਂ ਭੈਣਾਂ ਦੀ ਪਛਾਣ ਨਿਸ਼ਿਕਾ (16 ਸਾਲ), ਪ੍ਰਾਚੀ (14 ਸਾਲ) ਅਤੇ ਪਾਖੀ (12 ਸਾਲ) ਵਜੋਂ ਹੋਈ ਹੈ। ਤਿੰਨੋ ਦੇ ਪਿਤਾ ਚੇਤਨ ਕੁਮਾਰ ਦੱਸੇ ਜਾ ਰਹੇ ਹਨ। ਘਟਨਾ ਤੋਂ ਬਾਅਦ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।

ਪੁਲਿਸ ਜਾਂਚ ‘ਚ ਜੁਟੀ, ਹਰ ਪੱਖੋਂ ਖੰਗਾਲਿਆ ਜਾ ਰਿਹਾ ਮਾਮਲਾ
ਸੂਚਨਾ ਮਿਲਦੇ ਹੀ ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਗਈ। ਮੋਬਾਈਲ ਫੋਨਾਂ, ਐਪ ਡਾਟਾ ਅਤੇ ਪਰਿਵਾਰਕ ਪਿਛੋਕੜ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਤੋਂ ਬਾਅਦ ਹੀ ਖੁਦਕੁਸ਼ੀ ਦੇ ਅਸਲ ਕਾਰਨ ਸਾਹਮਣੇ ਆ ਸਕਣਗੇ।

ਇਸ ਦਰਦਨਾਕ ਘਟਨਾ ਨੇ ਇੱਕ ਵਾਰ ਫਿਰ ਨਾਬਾਲਿਗ ਬੱਚਿਆਂ ‘ਚ ਮੋਬਾਈਲ ਅਤੇ ਆਨਲਾਈਨ ਗੇਮਾਂ ਦੀ ਵਧਦੀ ਲਤ ‘ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ।

ਪੰਜਾਬ ਐਸ.ਜੀ.ਐਸ.ਟੀ. ਵਿਕਾਸ ਦਰ ਸਬੰਧੀ ਭਾਰਤ ਵਿੱਚ ਸਭ ਤੋਂ ਅੱਗੇ: ਹਰਪਾਲ ਸਿੰਘ ਚੀਮਾ

ਐਸ.ਜੀ.ਐਸ.ਟੀ. ਵਸੂਲਣ ਦੀ ਦਰ ਵਿੱਚ 14.4 ਫ਼ੀਸਦ ਦਾ ਵਾਧਾ, ਰਾਸ਼ਟਰੀ ਔਸਤ ਨੂੰ ਵੀ ਕੀਤਾ ਪਾਰ

ਚੰਡੀਗੜ੍ਹ: ਭਾਰਤ ਸਰਕਾਰ ਵੱਲੋਂ ਜੀਐਸਟੀ 2.0 ਦਰ ਨੂੰ ਤਰਕਸੰਗਤ ਬਣਾਉਣ ਕਾਰਨ ਮਾਲੀਆ ਸਬੰਧੀ ਪੈਦਾ ਹੋਈਆਂ ਚੁਣੌਤੀਆਂ ਦੇ ਬਾਵਜੂਦ, ਪੰਜਾਬ ਵੱਲੋਂ ਜਨਵਰੀ 2026 ਦੌਰਾਨ ਜੀਐਸਟੀ ਜੁਟਾਉਣ ਵਿੱਚ ਅਹਿਮ ਵਾਧਾ ਦਰਜ ਕੀਤਾ ਹੈ ਜੋ ਬਿਹਤਰ ਪਾਲਣਾ, ਕੇਂਦ੍ਰਿਤ ਲਾਗੂਕਰਨ ਅਤੇ ਨਿਰੰਤਰ ਆਰਥਿਕ ਗਤੀਵਿਧੀਆਂ ਨੂੰ ਦਰਸਾਉਂਦਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿੱਤ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਜਨਵਰੀ 2026 ਦੌਰਾਨ ਸੂਬੇ ਵਿੱਚ ਕੁੱਲ 2452.66 ਕਰੋੜ ਰੁਪਏ ਜੀਐਸਟੀ ਵਸੂਲਿਆ ਗਿਆ ਹੈ ਜਦੋਂ ਕਿ ਸ਼ੁੱਧ ਜੀਐਸਟੀ ਵਸੂਲਣ ਦੇ ਸਬੰਧ ਵਿੱਚ ਜਨਵਰੀ 2025 ਦੇ ਮੁਕਾਬਲੇ 15.7 ਫ਼ੀਸਦ ਦੀ ਦਰ ਨਾਲ ਸਾਲ-ਦਰ-ਸਾਲ 315 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ।

ਸ. ਚੀਮਾ ਨੇ ਕਿਹਾ ਕਿ ਇਹ ਪ੍ਰਾਪਤੀ ਕਾਫੀ ਅਹਿਮ ਹੈ ਕਿਉਂਕਿ ਜੀਐਸਟੀ 2.0 ਦਰ ਵਿੱਚ ਕਟੌਤੀ ਕਾਰਨ ਪੰਜਾਬ ਨੂੰ ਹਰ ਮਹੀਨੇ ਲਗਭਗ 250 ਕਰੋੜ ਰੁਪਏ ਦੇ ਮਾਲੀਆ ਨੁਕਸਾਨ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਧਾਗਾ, ਟੈਕਸਟਾਈਲ, ਹੌਜ਼ਰੀ, ਫਾਰਮਾਸਿਊਟੀਕਲ, ਬੀਮਾ, ਟਾਇਰ ਅਤੇ ਸੀਮਿੰਟ ਵਰਗੇ ਮੁੱਖ ਖੇਤਰ ਪ੍ਰਭਾਵਿਤ ਹੋਏ। ਇਸ ਨੁਕਸਾਨ ਦੇ ਬਾਵਜੂਦ, ਸੂਬੇ ਨੇ ਨਾ ਸਿਰਫ ਮਾਲੀਏ ‘ਤੇ ਪਏ ਪ੍ਰਭਾਵ ਦੀ ਭਰਪਾਈ ਕੀਤੀ, ਬਲਕਿ ਨਿਰੰਤਰ ਪ੍ਰਬੰਧਕੀ ਅਤੇ ਲਾਗੂਕਰਨ ਯਤਨਾਂ ਰਾਹੀਂ ਰਾਸ਼ਟਰੀ ਰੁਝਾਨ ਤੋਂ ਵੀ ਵੱਧ ਵਿਕਾਸ ਦਰ ਹਾਸਲ ਕੀਤੀ।

ਹੋਰ ਜਾਣਕਾਰੀ ਦਿੰਦਿਆਂ, ਮੰਤਰੀ ਨੇ ਕਿਹਾ ਕਿ ਸਾਲ-ਦਰ-ਸਾਲ ਆਧਾਰ ‘ਤੇ (ਜਨਵਰੀ 2026 ਤੱਕ), ਸ਼ੁੱਧ ਜੀਐਸਟੀ ਵਸੂਲਣ ਦੀ ਦਰ ਵਿੱਚ 13.4 ਫ਼ੀਸਦ ਦਾ ਵਾਧਾ ਹੋਇਆ ਹੈ, ਜਿਸ ਨਾਲ ਵਸੂਲਿਆ ਗਿਆ ਕੁੱਲ ਜੀਐਸਟੀ 19,415 ਕਰੋੜ ਰੁਪਏ ਤੋਂ ਵਧ ਕੇ 22,014 ਕਰੋੜ ਰੁਪਏ ਹੋ ਗਿਆ ਹੈ। ਇਸੇ ਸਮੇਂ ਦੌਰਾਨ ਕੁੱਲ ਜੀਐਸਟੀ ਵਸੂਲਣ ਦੀ ਦਰ ਵਿੱਚ ਵੀ 13.0 ਫ਼ੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਪੰਜਾਬ ਵਿੱਚ ਟੈਕਸ ਅਧਾਰ ਦੀ ਲਚਕਤਾ ਨੂੰ ਦਰਸਾਉਂਦਾ ਹੈ।

ਉਨ੍ਹਾਂ ਦੱਸਿਆ ਕਿ ਜਨਵਰੀ 2026 ਵਿੱਚ ਐਸਜੀਐਸਟੀ ਨਕਦ ਵਸੂਲਣ ਸਬੰਧੀ ਵੀ ਅਸਧਾਰਨ ਕਾਰਗੁਜ਼ਾਰੀ ਦਰਜ ਕੀਤੀ ਗਈ ਹੈ, ਜਿਸ ਵਿੱਚ 14.4 ਫ਼ੀਸਦ ਦਾ ਵਾਧਾ ਹੋਇਆ ਹੈ ਅਤੇ ਇਹ ਵਿਕਾਸ ਦਰ ਇਸ ਮਹੀਨੇ ਦੌਰਾਨ ਭਾਰਤ ਦੇ ਸਾਰੇ ਸੂਬਿਆਂ ਵਿੱਚੋਂ ਸਭ ਤੋਂ ਵੱਧ ਹੈ। ਇਹ ਦਰ ਲਗਭਗ 6 ਫ਼ੀਸਦ ਦੀ ਰਾਸ਼ਟਰੀ ਔਸਤ ਨਾਲੋਂ ਕਾਫੀ ਵੱਧ ਹੈ, ਜਿਸ ਨਾਲ ਪੰਜਾਬ ਪੂਰੇ ਭਾਰਤ ਵਿੱਚ ਮੋਹਰੀ ਬਣ ਕੇ ਉਭਰਿਆ ਹੈ।

ਮੰਤਰੀ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਕਰਦਾਤਾਵਾਂ ਦੀ ਸਹੂਲਤ ‘ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਸਿਰਫ਼ ਜਨਵਰੀ 2026 ਦੌਰਾਨ, 129 ਕਰੋੜ ਰੁਪਏ ਦੇ ਐਸਜੀਐਸਟੀ ਰਿਫੰਡ ਜਾਰੀ ਕੀਤੇ ਗਏ ਸਨ, ਜਦੋਂ ਕਿ ਮਹੀਨੇ ਵਿੱਚ ਰਿਫੰਡ ਕੀਤਾ ਕੁੱਲ ਜੀਐਸਟੀ ਲਗਭਗ 300 ਕਰੋੜ ਰੁਪਏ ਹੈ। ਸਮੇਂ ਸਿਰ ਅਤੇ ਨਿਯਮਤ ਢੰਗ ਨਾਲ ਰਿਫੰਡ ਯਕੀਨੀ ਬਣਾਉਣਾ ਅਤੇ ਵਿਆਪਕ ਪੱਧਰ ‘ਤੇ ਮਾਲੀਆ ਜੁਟਾਉਣਾ ਇੱਕ ਪਰਿਪੱਕ, ਪਾਰਦਰਸ਼ੀ ਅਤੇ ਕਰਦਾਤਾ ਪੱਖੀ ਟੈਕਸ ਪ੍ਰਸ਼ਾਸਨ ਨੂੰ ਦਰਸਾਉਂਦਾ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਲਾਗੂਕਰਨ ਸਬੰਧੀ ਕਾਰਵਾਈਆਂ ਦੇ ਵੀ ਸਾਰਥਕ ਨਤੀਜੇ ਸਾਹਮਣੇ ਆਏ ਹਨ। ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟਸ (ਐਸਆਈਪੀਯੂਜ਼) ਨੇ ਜਨਵਰੀ 2026 ਦੌਰਾਨ ਸੜਕਾਂ ‘ਤੇ ਜਾਂਚ, ਨਿਰੀਖਣ ਅਤੇ ਤਸਦੀਕ ਰਾਹੀਂ ਆਈਟੀਸੀ ਚੋਰੀ ਨੂੰ ਰੋਕ ਕੇ ਅਤੇ ਜਾਅਲੀ ਬਿਲਿੰਗ ਦੇ ਰੁਝਾਨ ਨੂੰ ਠੱਲ੍ਹ ਪਾ ਕੇ 200 ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕੀਤਾ ਹੈ। ਇਸ ਦੇ ਨਾਲ, ਮੌਜੂਦਾ ਵਿੱਤੀ ਸਾਲ ਦੌਰਾਨ ਲਾਗੂਕਰਨ ਸਬੰਧੀ ਕੁੱਲ ਵਸੂਲੀ 1,000 ਕਰੋੜ ਰੁਪਏ ਦੇ ਕਰੀਬ ਹੈ, ਜੋ ਕਿ ਹੁਣ ਤੱਕ ਦੀ ਸਭ ਤੋਂ ਵੱਧ ਵਸੂਲੀ ਹੈ, ਜੋ ਸਪੱਸ਼ਟ ਤੌਰ ‘ਤੇ ਟੈਕਸ ਚੋਰੀ ਵਿਰੁੱਧ ਤੇਜ਼ ਅਤੇ ਡੇਟਾ-ਅਧਾਰਤ ਕਾਰਵਾਈ ਨੂੰ ਦਰਸਾਉਂਦੀ ਹੈ।

ਮੰਤਰੀ ਨੇ ਦੱਸਿਆ ਕਿ ਜੀਐਸਟੀ 2.0 ਨਾਲ ਸਬੰਧਤ ਚੁਣੌਤੀਆਂ ਤੋਂ ਇਲਾਵਾ, ਪਿਛਲੇ ਤਿੰਨ ਮਹੀਨਿਆਂ ਦੌਰਾਨ ਕੇਂਦਰ ਵੱਲੋਂ ਆਈਜੀਐਸਟੀ ਨਿਪਟਾਰੇ ਤੋਂ ਲਗਭਗ 280 ਕਰੋੜ ਰੁਪਏ ਦੀ ਇਕਪਾਸੜ ਕਟੌਤੀ ਕਾਰਨ ਪੰਜਾਬ ਨੂੰ ਹੋਰ ਵਿੱਤੀ ਦਬਾਅ ਦਾ ਸਾਹਮਣਾ ਕਰਨਾ ਪਿਆ ਹੈ। ਇਸ ਨਾਲ ਸੂਬੇ ਦੇ ਮਾਲੀਏ ‘ਤੇ ਪਏ ਮਾੜੇ ਪ੍ਰਭਾਵਾਂ ਦੇ ਬਾਵਜੂਦ, ਪੰਜਾਬ ਮਜ਼ਬੂਤੀ ਨਾਲ ਵਿਕਾਸ ਵੱਲ ਵਧਿਆ ਹੈ, ਜੋ ਇਸ ਦੇ ਬਿਹਤਰ ਜੀਐਸਟੀ ਪ੍ਰਬੰਧਨ ਅਤੇ ਪਾਲਣਾ ਸਬੰਧੀ ਈਕੋਸਿਸਟਮ ਨੂੰ ਦਰਸਾਉਂਦਾ ਹੈ।

ਉਨ੍ਹਾਂ ਦੱਸਿਆ ਕਿ ਦਰ ਨੂੰ ਤਰਕਸੰਗਤ ਬਣਾਉਣ, ਸੈਕਟਰ-ਵਿਸ਼ੇਸ਼ ਮਾਲੀਏ ਵਿੱਚ ਕਮੀ ਅਤੇ ਆਈਜੀਐਸਟੀ ਨਿਪਟਾਰੇ ਸਬੰਧੀ ਕਟੌਤੀਆਂ ਦੇ ਬਾਵਜੂਦ, ਪੰਜਾਬ ਨੇ ਸਫਲਤਾਪੂਰਵਕ ਆਪਣੇ ਮਾਲੀਆ ਅਧਾਰ ਨੂੰ ਸੁਰੱਖਿਅਤ ਰੱਖਿਆ ਹੈ ਅਤੇ ਰਾਸ਼ਟਰੀ ਔਸਤ ਤੋਂ ਕਿਤੇ ਵੱਧ ਵਿਕਾਸ ਦਰ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਗੁਜ਼ਾਰੀ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਕਿਵੇਂ ਬਿਹਤਰ ਵਿਸ਼ਲੇਸ਼ਣ, ਟੀਚਾਗਤ ਲਾਗੂਕਰਨ, ਸਵੈ-ਇੱਛਤ ਪਾਲਣਾ ਅਤੇ ਕੁਸ਼ਲ ਪ੍ਰਬੰਧਕੀ ਢਾਂਚੇ ਨਾਲ ਸੰਸਥਾਗਤ ਅਤੇ ਨੀਤੀ-ਅਧਾਰਤ ਮਾਲੀਆ ਰੁਕਾਵਟਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦੂਰ ਕੀਤਾ ਜਾ ਸਕਦਾ ਹੈ।

ਸ. ਹਰਪਾਲ ਸਿੰਘ ਚੀਮਾ ਨੇ ਅੱਗੇ ਦੱਸਿਆ ਕਿ ਕਰ ਵਿਭਾਗ ਨਿਰਪੱਖ, ਪਾਰਦਰਸ਼ੀ ਅਤੇ ਤਕਨਾਲੋਜੀ-ਅਧਾਰਤ ਟੈਕਸ ਪ੍ਰਬੰਧਕੀ ਢਾਂਚਾ ਯਕੀਨੀ ਬਣਾਉਣ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਸੂਬੇ ਦੇ ਮਾਲੀਏ ਨੂੰ ਸੁਰੱਖਿਅਤ ਰੱਖਣ ਦੇ ਨਾਲ ਨਾਲ ਕਾਰੋਬਾਰ ਵਿੱਚ ਆਸਾਨੀ ਅਤੇ ਪਾਲਣਾ ਕਰਨ ਵਾਲੇ ਕਰਦਾਤਾਵਾਂ ਲਈ ਸਮੇਂ ਸਿਰ ਰਿਫੰਡ ਨੂੰ ਯਕੀਨੀ ਬਣਾਉਂਦਾ ਹੈ।

ਸਰਹੱਦ ਪਾਰ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼, ਅੰਮ੍ਰਿਤਸਰ ਤੋਂ ਦੋ ਗ੍ਰਿਫ਼ਤਾਰ; ਸੱਤ ਵਿਦੇਸ਼ੀ ਪਿਸਤੌਲ ਬਰਾਮਦ

ਅੰਮ੍ਰਿਤਸਰ :- ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਤੁਰੰਤ ਕਾਰਵਾਈ ਕਰਦਿਆਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਛਾਪੇਮਾਰੀ ਕਰਕੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਕਾਰਵਾਈ ਦੌਰਾਨ ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਵੱਡੀ ਮਾਤਰਾ ਵਿੱਚ ਗੈਰ-ਕਾਨੂੰਨੀ ਆਧੁਨਿਕ ਹਥਿਆਰ ਬਰਾਮਦ ਕੀਤੇ ਹਨ, ਜਿਸ ਨਾਲ ਸਰਹੱਦ ਪਾਰ ਹਥਿਆਰ ਤਸਕਰੀ ਨਾਲ ਜੁੜੇ ਮਾਡਿਊਲ ਦਾ ਖੁਲਾਸਾ ਹੋਇਆ ਹੈ।

ਗਲੌਕ ਸਮੇਤ ਸੱਤ ਆਧੁਨਿਕ ਪਿਸਤੌਲ ਕਬਜ਼ੇ ’ਚ
ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਗਲੌਕ, ਬੇਰੇਟਾ, ਜ਼ਿਗਾਨਾ ਅਤੇ .30 ਬੋਰ ਸਮੇਤ ਕੁੱਲ ਸੱਤ ਵਿਦੇਸ਼ੀ ਪਿਸਤੌਲ ਬਰਾਮਦ ਹੋਏ ਹਨ। ਇਹ ਸਾਰੇ ਹਥਿਆਰ ਗੈਰ-ਕਾਨੂੰਨੀ ਤਰੀਕੇ ਨਾਲ ਰੱਖੇ ਗਏ ਸਨ।

ਪਾਕਿਸਤਾਨ ਅਧਾਰਿਤ ਤਸਕਰਾਂ ਨਾਲ ਸਿੱਧਾ ਸੰਪਰਕ ਹੋਣ ਦੀ ਪੁਸ਼ਟੀ
ਪੁਲਿਸ ਵੱਲੋਂ ਕੀਤੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵੇਂ ਮੁਲਜ਼ਮ ਪਾਕਿਸਤਾਨ ਸਥਿਤ ਹਥਿਆਰ ਤਸਕਰਾਂ ਨਾਲ ਲਗਾਤਾਰ ਸੰਪਰਕ ਵਿੱਚ ਸਨ ਅਤੇ ਸਰਹੱਦ ਪਾਰੋਂ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਲੜੀ ਦਾ ਹਿੱਸਾ ਸਨ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਇਹ ਹਥਿਆਰ ਕਿਸ ਮਕਸਦ ਲਈ ਵਰਤੇ ਜਾਣੇ ਸਨ।

ਅਸਲਾ ਐਕਟ ਤਹਿਤ ਮਾਮਲਾ ਦਰਜ, ਨੈੱਟਵਰਕ ਦੀ ਜਾਂਚ ਜਾਰੀ
ਇਸ ਸਬੰਧੀ ਥਾਣਾ ਕੰਟੋਨਮੈਂਟ ਅੰਮ੍ਰਿਤਸਰ ਵਿੱਚ ਅਸਲਾ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਏਜੰਸੀਆਂ ਵੱਲੋਂ ਅੱਗੇ ਅਤੇ ਪਿੱਛੇ ਦੇ ਲਿੰਕ ਖੰਗਾਲੇ ਜਾ ਰਹੇ ਹਨ ਤਾਂ ਜੋ ਪੂਰੇ ਤਸਕਰੀ ਨੈੱਟਵਰਕ ਨੂੰ ਬੇਨਕਾਬ ਕੀਤਾ ਜਾ ਸਕੇ।

ਗੈਰ-ਕਾਨੂੰਨੀ ਹਥਿਆਰਾਂ ਖ਼ਿਲਾਫ਼ ਜ਼ੀਰੋ-ਟੌਲਰੈਂਸ ਨੀਤੀ: ਡੀਜੀਪੀ
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਸੂਬੇ ਵਿੱਚ ਗੈਰ-ਕਾਨੂੰਨੀ ਹਥਿਆਰਾਂ ਅਤੇ ਸੰਗਠਿਤ ਅਪਰਾਧ ਵਿਰੁੱਧ ਸਖ਼ਤ ਰੁਖ ਅਪਣਾ ਰਹੀ ਹੈ। ਕਾਨੂੰਨ ਵਿਵਸਥਾ ਨੂੰ ਖ਼ਰਾਬ ਕਰਨ ਵਾਲੇ ਕਿਸੇ ਵੀ ਤੱਤ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਖੁਫੀਆ ਜਾਣਕਾਰੀ ਅਧਾਰਤ ਅਜਿਹੀਆਂ ਕਾਰਵਾਈਆਂ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹਿਣਗੀਆਂ।

ਕਰਤਾਰਪੁਰ ਕੋਰੀਡੋਰ ਆਰਟ ਗੈਲਰੀ ‘ਚ ਸਰਦਾਰ ਹਰੀ ਸਿੰਘ ਨਲੂਆ ਦਾ ਬੱਸਟ ਲਗਾਉਣ ਦੀ ਮਨਜ਼ੂਰੀ

ਪਾਕਿਸਤਾਨ :- ਪਾਕਿਸਤਾਨ ਸਰਕਾਰ ਨੇ ਸਿੱਖ ਇਤਿਹਾਸ ਦੇ ਮਹਾਨ ਸੈਨਾਪਤੀ ਸਰਦਾਰ ਹਰੀ ਸਿੰਘ ਨਲੂਆ ਦਾ ਬੱਸਟ ਕਰਤਾਰਪੁਰ ਕੋਰੀਡੋਰ ਦੀ ਆਰਟ ਗੈਲਰੀ ਵਿੱਚ ਸਥਾਪਿਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਫੈਸਲਾ ਉਸ ਵਿਵਾਦ ਤੋਂ ਲਗਭਗ ਤਿੰਨ ਸਾਲ ਬਾਅਦ ਆਇਆ ਹੈ, ਜਦੋਂ ਖੈਬਰ ਪਖਤੂਨਖਵਾ ਸੂਬੇ ਵਿੱਚੋਂ ਉਨ੍ਹਾਂ ਦੀ ਮੂਰਤੀ ਹਟਾ ਦਿੱਤੀ ਗਈ ਸੀ। ਇਸ ਕਦਮ ਨੂੰ ਸਿੱਖ ਵਰਗਾਂ ਵੱਲੋਂ ਇਤਿਹਾਸਕ ਅਤੇ ਸਕਾਰਾਤਮਕ ਮੰਨਿਆ ਜਾ ਰਿਹਾ ਹੈ।

1 ਫਰਵਰੀ ਨੂੰ ਹੋਇਆ ਬੱਸਟ ਦਾ ਉਦਘਾਟਨ

ਸਰਦਾਰ ਹਰੀ ਸਿੰਘ ਨਲੂਆ ਦੇ ਬੱਸਟ ਦਾ ਉਦਘਾਟਨ 1 ਫਰਵਰੀ ਨੂੰ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ‘ਸਿੱਖਸ ਇਨ ਅਮਰੀਕਾ’ ਦੇ ਪ੍ਰਧਾਨ ਗੁਰਿੰਦਰ ਸਿੰਘ ਜੋਸਨ ਵੱਲੋਂ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਗਈ। ਉਨ੍ਹਾਂ ਇਸ ਪਲ ਨੂੰ ਇਤਿਹਾਸਕ ਦੱਸਦਿਆਂ ਕਿਹਾ ਕਿ ਇਹ ਫੈਸਲਾ ਉਹਨਾਂ ਇਲਾਕਿਆਂ ਵਿੱਚ ਸਿੱਖ ਯੋਗਦਾਨ ਦੀ ਮਾਨਤਾ ਵੱਲ ਇੱਕ ਨਵੀਂ ਸ਼ੁਰੂਆਤ ਹੋ ਸਕਦਾ ਹੈ, ਜੋ ਕਦੇ ਸਿੱਖ ਸਲਤਨਤ ਦਾ ਹਿੱਸਾ ਰਹੇ ਹਨ।

ਸਿੱਖ ਇਤਿਹਾਸ ਦੀ ਮਹੱਤਵਪੂਰਨ ਸ਼ਖ਼ਸੀਅਤ

ਸਰਦਾਰ ਹਰਿ ਸਿੰਘ ਨਾਲਵਾ (1791–1837) ਮਹਾਰਾਜਾ ਰਣਜੀਤ

ਸਿੰਘ ਦੇ ਸਮੇਂ ਸਿੱਖ ਸਲਤਨਤ ਦੇ ਸਭ ਤੋਂ ਪ੍ਰਸਿੱਧ ਤੇ ਸ਼ਕਤੀਸ਼ਾਲੀ ਜਰਨੈਲਾਂ ‘ਚੋਂ ਇੱਕ ਸਨ। ਉਨ੍ਹਾਂ ਨੇ ਖ਼ਾਲਸਾ ਰਾਜ ਦੀ ਉੱਤਰੀ-ਪੱਛਮੀ ਸਰਹੱਦ ਨੂੰ ਮਜ਼ਬੂਤ ਕੀਤਾ ਅਤੇ ਕਸ਼ਮੀਰ, ਪੇਸ਼ਾਵਰ ਤੇ ਹਜ਼ਾਰਾ ਦੇ ਗਵਰਨਰ ਵਜੋਂ ਸੇਵਾ ਨਿਭਾਈ। ਅਫ਼ਗਾਨ ਹਮਲਿਆਂ ਨੂੰ ਰੋਕਣ ਅਤੇ ਸਿੱਖ ਰਾਜ ਨੂੰ ਖੈਬਰ ਪਾਸ ਤੱਕ ਫੈਲਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਅਹਿਮ ਰਹੀ।

2022 ਦੀ ਘਟਨਾ ਦੀ ਪਿਛੋਕੜ

ਇਸ ਫੈਸਲੇ ਦੀ ਅਹਿਮੀਅਤ ਉਸ ਘਟਨਾ ਨਾਲ ਹੋਰ ਵੱਧ ਜਾਂਦੀ ਹੈ, ਜਦੋਂ ਸਾਲ 2022 ਵਿੱਚ ਹਰੀਪੁਰ ਜ਼ਿਲ੍ਹੇ ਦੇ ਸਿੱਧੀਕੀ-ਏ-ਅਕਬਰ ਚੌਕ ਤੋਂ ਸਰਦਾਰ ਹਰੀ ਸਿੰਘ ਨਲੂਆ ਦੀ ਅੱਠ ਫੁੱਟ ਉੱਚੀ ਧਾਤੂ ਮੂਰਤੀ ਹਟਾ ਦਿੱਤੀ ਗਈ ਸੀ। ਇਹ ਮੂਰਤੀ ਸ਼ਹਿਰ ਦੀ ਸੁੰਦਰਤਾ ਯੋਜਨਾ ਤਹਿਤ ਲਗਾਈ ਗਈ ਸੀ, ਪਰ ਕੁਝ ਧਾਰਮਿਕ ਗਰੁੱਪਾਂ ਦੇ ਐਤਰਾਜ਼ ਮਗਰੋਂ ਇਸਨੂੰ ਹਟਾ ਦਿੱਤਾ ਗਿਆ। ਮੂਰਤੀ ਹਟਾਉਣ ਦੀਆਂ ਵੀਡੀਓਜ਼ ਸਾਹਮਣੇ ਆਉਣ ‘ਤੇ ਸਿੱਖ ਸੰਸਥਾਵਾਂ ਨੇ ਇਸ ਦੀ ਕੜੀ ਆਲੋਚਨਾ ਕੀਤੀ ਸੀ।

ਸਿੱਖ ਸੰਸਥਾਵਾਂ ਦੀ ਪ੍ਰਤੀਕਿਰਿਆ

ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਚੀਫ਼ ਖ਼ਾਲਸਾ ਦੀਵਾਨ ਸਮੇਤ ਕਈ ਸਿੱਖ ਜਥੇਬੰਦੀਆਂ ਨੇ ਇਸ ਕਦਮ ਨੂੰ ਇਤਿਹਾਸ ਮਿਟਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਸੀ। ਹੁਣ ਕਰਤਾਰਪੁਰ ਕੋਰੀਡੋਰ ਵਿੱਚ ਬੱਸਟ ਲਗਾਉਣ ਦੀ ਮਨਜ਼ੂਰੀ ਨੂੰ ਸਿੱਖ ਇਤਿਹਾਸ ਦੀ ਮਾਨਤਾ ਵੱਲ ਇੱਕ ਮਹੱਤਵਪੂਰਨ ਪੈਰ ਕਿਹਾ ਜਾ ਰਿਹਾ ਹੈ।

ਇਹ ਫੈਸਲਾ ਆਉਣ ਵਾਲੇ ਸਮੇਂ ਵਿੱਚ ਭਾਰਤ–ਪਾਕਿਸਤਾਨ ਵਿਚਕਾਰ ਸਾਂਝੀ ਵਿਰਾਸਤ ਨੂੰ ਸਮਝਣ ਅਤੇ ਸਿੱਖ ਇਤਿਹਾਸ ਪ੍ਰਤੀ ਸੰਵੇਦਨਸ਼ੀਲਤਾ ਵਧਾਉਣ ਵੱਲ ਇੱਕ ਸੰਕੇਤਕ ਕਦਮ ਮੰਨਿਆ ਜਾ ਰਿਹਾ ਹੈ।

ਮੋਹਾਲੀ ਜ਼ਿਲ੍ਹਾ ਹਸਪਤਾਲ ਵਿੱਚ ਐੱਮ.ਐੱਮ.ਐੱਸ.ਵਾਈ. ਅਧੀਨ ਮਰੀਜ਼ਾਂ ਦੀ ਸੇਵਾ ਦਾ ਮੁਲਾਂਕਣ, ਵਿਧਾਇਕ ਕੁਲਵੰਤ ਸਿੰਘ ਨੇ ਹਸਪਤਾਲ ਦਾ ਦੌਰਾ ਕੀਤਾ

ਮੋਹਾਲੀ :- ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਜ਼ਿਲ੍ਹਾ ਹਸਪਤਾਲ ਮੋਹਾਲੀ ਦਾ ਦੌਰਾ ਕਰਦਿਆਂ ਮੁੱਖ ਮੰਤਰੀ ਸਿਹਤ ਯੋਜਨਾ (ਐੱਮ.ਐੱਮ.ਐੱਸ.ਵਾਈ.) ਅਧੀਨ ਮਰੀਜ਼ਾਂ ਨੂੰ ਦਿੱਤੇ ਜਾ ਰਹੇ ਇਲਾਜ ਦੀ ਸਮੀਖਿਆ ਕੀਤੀ। ਦੌਰੇ ਦੌਰਾਨ ਵਿਧਾਇਕ ਨੇ ਮੁਫ਼ਤ ਇਲਾਜ ਲੈ ਰਹੇ ਮਰੀਜ਼ਾਂ ਨਾਲ ਗੱਲਬਾਤ ਕਰਕੇ ਯੋਜਨਾ ਦੇ ਪ੍ਰਭਾਵ ਅਤੇ ਕਾਰਗੁਜ਼ਾਰੀ ਬਾਰੇ ਜਾਣਕਾਰੀ ਲੈਈ।

ਪਹਿਲੀ ਮਰੀਜ਼ ਨਾਲ ਮੁਲਾਕਾਤ
ਦੌਰੇ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਐੱਮ.ਐਮ.ਐੱਸ.ਵਾਈ. ਤਹਿਤ ਇਲਾਜ ਕਰਵਾਉਣ ਵਾਲੀ ਪਹਿਲੀ ਮਰੀਜ਼, ਨਿਰਮਲ ਕੌਰ (53) ਨਾਲ ਮੁਲਾਕਾਤ ਕੀਤੀ। ਨਿਰਮਲ ਕੌਰ ਸਨੀ ਐਨਕਲੇਵ ਦੀ ਰਹਿਣ ਵਾਲੀ ਹਨ ਅਤੇ 27 ਜਨਵਰੀ ਨੂੰ ਉਨ੍ਹਾਂ ਦੀ ਸਫਲਤਾਪੂਰਵਕ ਐਪੈਂਡਿਕਸ ਸਰਜਰੀ ਹੋਈ ਸੀ। ਦੌਰੇ ਦੌਰਾਨ ਉਹ ਫਾਲੋਅੱਪ ਜਾਂਚ ਲਈ ਹਸਪਤਾਲ ਪਹੁੰਚੀ।

ਮਰੀਜ਼ਾਂ ਨੇ ਦਿੱਤੇ ਆਪਣੇ ਅਨੁਭਵ
ਐੱਮ.ਐੱਮ.ਐੱਸ.ਵਾਈ. ਤਹਿਤ ਇਲਾਜ ਕਰਵਾ ਰਹੇ ਮਰੀਜ਼ਾਂ ਨੇ ਵਿਧਾਇਕ ਨੂੰ ਦੱਸਿਆ ਕਿ ਇਸ ਯੋਜਨਾ ਨਾਲ ਉਹ ਬਹੁਤ ਖੁਸ਼ ਹਨ। ਮਰੀਜ਼ਾਂ ਨੂੰ ਫਾਇਦਾ ਇਸ ਗੱਲ ਦਾ ਹੈ ਕਿ ਇਲਾਜ ਲਈ ਕਿਸੇ ਵੀ ਆਮਦਨ ਦੀ ਸ਼ਰਤ ਨਹੀਂ ਹੈ। ਮਰੀਜ਼ਾਂ ਨੇ ਕਿਹਾ ਕਿ ਉਹ ਆਧਾਰ ਕਾਰਡ ਅਤੇ ਵੋਟਰ ਕਾਰਡ ਦੇ ਨਾਲ ਓ.ਪੀ.ਡੀ. ਕਾਊਂਟਰ ’ਤੇ ਪਹੁੰਚੇ ਅਤੇ ਤੁਰੰਤ ਰਜਿਸਟ੍ਰੇਸ਼ਨ ਹੋਣ ਕਾਰਨ ਉਨ੍ਹਾਂ ਨੂੰ ਫੌਰੀ ਇਲਾਜ ਮਿਲਿਆ।

ਐੱਮ.ਐੱਮ.ਐੱਸ.ਵਾਈ. ਦਾ ਵਿਸ਼ਾਲ ਪ੍ਰਭਾਵ
ਬਲੋਂਗੀ ਦੀ ਰਹਿਣ ਵਾਲੀ ਸੰਤੋਸ਼ ਅਤੇ ਕਾਈਨੌਰ (ਮੋਰਿੰਡਾ) ਦੀ ਅਮਨਦੀਪ ਕੌਰ, ਜੋ ਇਸ ਸਮੇਂ ਹਸਪਤਾਲ ਵਿੱਚ ਦਾਖ਼ਲ ਹਨ, ਨੇ ਕਿਹਾ ਕਿ ਇਹ ਯੋਜਨਾ ਆਮ ਲੋਕਾਂ ਲਈ ਬਹੁਤ ਲਾਭਦਾਇਕ ਸਾਬਤ ਹੋ ਰਹੀ ਹੈ। ਉਨ੍ਹਾਂ ਨੇ 10 ਲੱਖ ਰੁਪਏ ਤੱਕ ਦੇ ਕੈਸ਼ਲੈੱਸ ਇਲਾਜ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।

ਹਸਪਤਾਲ ਅਧਿਕਾਰੀਆਂ ਦੀ ਰਿਪੋਰਟ
ਡਾ. ਨਵਦੀਪ ਸੈਣੀ, ਕਾਰਜਕਾਰੀ ਡਾਇਰੈਕਟਰ ਪ੍ਰਿੰਸੀਪਲ, ਡਾ. ਬੀ. ਆਰ. ਅੰਬੇਡਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਮੋਹਾਲੀ ਨੇ ਦੱਸਿਆ ਕਿ ਜਿਨ੍ਹਾਂ ਮਰੀਜ਼ਾਂ ਨੂੰ ਸਰਜਰੀ ਜਾਂ ਇੰਡੀਅਰ ਇਲਾਜ ਦੀ ਲੋੜ ਹੈ, ਉਨ੍ਹਾਂ ਸਾਰੇ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਲਾਭ ਦਿੱਤਾ ਜਾ ਰਿਹਾ ਹੈ। ਇਸ ਸਮੇਂ 78 ਮਰੀਜ਼ ਜ਼ਿਲ੍ਹਾ ਹਸਪਤਾਲ ਮੋਹਾਲੀ ਵਿੱਚ ਇਲਾਜ ਅਧੀਨ ਹਨ।

ਮੋਹਾਲੀ ਵਿੱਚ ਰਜਿਸਟ੍ਰੇਸ਼ਨ ਦਾ ਅਧਿਕਾਰ
ਵਿਧਾਇਕ ਕੁਲਵੰਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੋਹਾਲੀ ਜ਼ਿਲ੍ਹੇ ਵਿੱਚ ਹੁਣ ਤੱਕ ਕਰੀਬ 3,500 ਰਜਿਸਟ੍ਰੇਸ਼ਨ ਹੋ ਚੁੱਕੀਆਂ ਹਨ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਆਧਾਰ ਕਾਰਡ ਅਤੇ ਵੋਟਰ ਕਾਰਡ ਵਾਲੇ ਸਾਰੇ ਯੋਗ ਨਿਵਾਸੀਆਂ ਨੂੰ ਇਸ ਯੋਜਨਾ ਅਧੀਨ ਰਜਿਸਟਰ ਕੀਤਾ ਜਾਵੇਗਾ। ਐਮਰਜੈਂਸੀ ਕੇਸਾਂ ਵਿੱਚ ਮਰੀਜ਼ਾਂ ਨੂੰ ਮੌਕੇ ’ਤੇ ਰਜਿਸਟ੍ਰੇਸ਼ਨ ਕਰਕੇ ਤੁਰੰਤ ਇਲਾਜ ਦਿੱਤਾ ਜਾਵੇਗਾ।

ਮੁੱਖ ਮੰਤਰੀ ਸਿਹਤ ਯੋਜਨਾ ਦਾ ਲਾਭ
ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਵਿੱਚ ਸ਼ੁਰੂ ਕੀਤੀ ਗਈ ਇਹ ਯੋਜਨਾ ਪੰਜਾਬ ਵਾਸੀਆਂ ਲਈ ਵਰਦਾਨ ਸਾਬਤ ਹੋਵੇਗੀ। ਇਸ ਤਹਿਤ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕੀਤਾ ਜਾ ਰਿਹਾ ਹੈ।

ਦੌਰੇ ਦੌਰਾਨ ਸਿਵਲ ਸਰਜਨ ਡਾ. ਸੰਗੀਤਾ ਜੈਨ, ਡਿਪਟੀ ਮੈਡੀਕਲ ਸੁਪਰਡੈਂਟ ਡਾ. ਕਰਨਬੀਰ ਸਿੰਘ ਅਤੇ ਡਾ. ਮਨੀਸ਼ ਗੁਪਤਾ ਵੀ ਮੌਜੂਦ ਸਨ।