Home Blog Page 650

ਕੈਲੀਫੋਰਨੀਆ ‘ਚ ਹਥਿਆਰਾਂ ਦੀ ਤਸਕਰੀ ਦਾ ਪਰਦਾਫਾਸ਼, ਪੰਜਾਬੀ ਨੌਜਵਾਨ ਫੈਡਰਲ ਹਿਰਾਸਤ ‘ਚ

ਅਮਰੀਕਾ :- ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਕਾਨੂੰਨ ਪ੍ਰਬੰਧਨ ਏਜੰਸੀਆਂ ਨੇ ਹਥਿਆਰਾਂ ਦੀ ਗੈਰ-ਕਾਨੂੰਨੀ ਤਸਕਰੀ ਨਾਲ ਜੁੜੇ ਮਾਮਲੇ ‘ਚ ਇੱਕ ਪੰਜਾਬੀ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਵੱਡਾ ਖੁਲਾਸਾ ਕੀਤਾ ਹੈ। ਪੁਲਿਸ ਨੇ 27 ਸਾਲਾ ਜਸ਼ਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰੀ ‘ਚ ਲਿਆ ਹੈ, ਜਿਸ ਉੱਤੇ ਖ਼ਤਰਨਾਕ ਹਥਿਆਰਾਂ ਦੀ ਖਰੀਦ-ਫਰੋਖ਼ਤ ਕਰਨ ਦੇ ਗੰਭੀਰ ਦੋਸ਼ ਹਨ।

ਘਰੋਂ ਮਿਲੇ ਹਥਿਆਰ ਅਤੇ ਵਿਸਫੋਟਕ ਸਮੱਗਰੀ

ਜਾਂਚ ਦੌਰਾਨ ਜਦੋਂ ਪੁਲਿਸ ਨੇ ਜਸ਼ਨਪ੍ਰੀਤ ਸਿੰਘ ਦੇ ਨਿਵਾਸ ਸਥਾਨ ਦੀ ਤਲਾਸ਼ੀ ਲਈ ਤਾਂ ਉੱਥੋਂ ਕਈ ਕਿਸਮਾਂ ਦੇ ਘਾਤਕ ਹਥਿਆਰਾਂ ਨਾਲ ਨਾਲ ਸ਼ੱਕੀ ਵਿਸਫੋਟਕ ਪਦਾਰਥ ਵੀ ਬਰਾਮਦ ਹੋਏ। ਹਾਲਾਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਬੰਬ ਨਿਰੋਧਕ ਦਸਤਿਆਂ ਨੂੰ ਮੌਕੇ ‘ਤੇ ਬੁਲਾਇਆ ਗਿਆ, ਜਿਨ੍ਹਾਂ ਵੱਲੋਂ ਸਾਰੀ ਸਮੱਗਰੀ ਨੂੰ ਸੁਰੱਖਿਅਤ ਢੰਗ ਨਾਲ ਨਸ਼ਟ ਕੀਤਾ ਗਿਆ।

ਮੋਟਰਸਾਈਕਲ ਕਲੱਬ ਰਾਹੀਂ ਗੈਂਗ ਨਾਲ ਸੰਬੰਧ

ਤਫਤੀਸ਼ ਏਜੰਸੀਆਂ ਮੁਤਾਬਕ ਜਸ਼ਨਪ੍ਰੀਤ ਸਿੰਘ ਸਟਾਕਟਨ ਇਲਾਕੇ ‘ਚ ਸਰਗਰਮ ਇੱਕ ਮੋਟਰਸਾਈਕਲ ਕਲੱਬ ਦਾ ਮੁੱਖ ਚਿਹਰਾ ਸੀ। ਇਹ ਕਲੱਬ ਅਮਰੀਕਾ ਦੀ ਬਦਨਾਮ ਹੇਲਸ ਏਂਜੇਲਸ ਗੈਂਗ ਨਾਲ ਜੁੜਿਆ ਹੋਇਆ ਮੰਨਿਆ ਜਾਂਦਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਸੰਬੰਧਾਂ ਰਾਹੀਂ ਹੀ ਹਥਿਆਰਾਂ ਦੀ ਤਸਕਰੀ ਦਾ ਜਾਲ ਫੈਲਾਇਆ ਗਿਆ।

ਅੰਡਰਕਵਰ ਕਾਰਵਾਈ ‘ਚ ਫਸਿਆ

ਜਾਂਚ ਦੌਰਾਨ ਖੁਲਾਸਾ ਹੋਇਆ ਹੈ ਕਿ ਦੋਸ਼ੀ ਨੇ ਇੱਕ ਅੰਡਰਕਵਰ ਪੁਲਿਸ ਅਧਿਕਾਰੀ ਨੂੰ ਕਈ ਖ਼ਤਰਨਾਕ ਹਥਿਆਰ ਵੇਚਣ ਦੀ ਕੋਸ਼ਿਸ਼ ਕੀਤੀ ਸੀ। ਇਸ ਸੌਦੇ ਤੋਂ ਬਾਅਦ ਹੀ ਪੁਲਿਸ ਨੇ ਉਸ ਉੱਤੇ ਨਿਗਰਾਨੀ ਵਧਾਈ ਅਤੇ ਪੱਕੇ ਸਬੂਤ ਇਕੱਠੇ ਕੀਤੇ।

ਕੋਰਟ ‘ਚ ਗੈਰਹਾਜ਼ਰੀ ਤੋਂ ਬਾਅਦ ਵਾਰੰਟ

ਸ਼ੁਰੂਆਤੀ ਤੌਰ ‘ਤੇ ਜਸ਼ਨਪ੍ਰੀਤ ਖ਼ਿਲਾਫ਼ ਸੂਬਾ ਪੱਧਰ ‘ਤੇ ਕੇਸ ਦਰਜ ਕੀਤਾ ਗਿਆ ਸੀ, ਪਰ ਕੋਰਟ ਵਿੱਚ ਪੇਸ਼ ਨਾ ਹੋਣ ਕਾਰਨ ਉਸ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤਾ ਗਿਆ। ਬਾਅਦ ਵਿੱਚ ਪਤਾ ਲੱਗਿਆ ਕਿ ਉਹ ਭਾਰਤ ਜਾਣ ਦੀ ਤਿਆਰੀ ਕਰ ਚੁੱਕਾ ਸੀ ਅਤੇ ਹਵਾਈ ਟਿਕਟ ਵੀ ਬੁੱਕ ਕਰਵਾ ਲਈ ਸੀ।

ਭਾਰਤ ਭੱਜਣ ਤੋਂ ਪਹਿਲਾਂ ਗ੍ਰਿਫ਼ਤਾਰੀ

ਅਮਰੀਕੀ ਏਜੰਸੀਆਂ ਨੇ ਸਮੇਂ ਸਿਰ ਕਾਰਵਾਈ ਕਰਦਿਆਂ ਉਸ ਨੂੰ ਦੇਸ਼ ਛੱਡਣ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ। ਇਸ ਸਮੇਂ ਉਹ ਫੈਡਰਲ ਹਿਰਾਸਤ ਵਿੱਚ ਹੈ ਅਤੇ ਮਾਮਲੇ ਦੀ ਜਾਂਚ FBI, ATF ਅਤੇ ਹੋਰ ਕੇਂਦਰੀ ਏਜੰਸੀਆਂ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ ਹੈ।

11 ਮਈ 2026 ਨੂੰ ਹੋਵੇਗੀ ਅਗਲੀ ਸੁਣਵਾਈ

ਅਦਾਲਤੀ ਸੂਤਰਾਂ ਅਨੁਸਾਰ ਜਸ਼ਨਪ੍ਰੀਤ ਸਿੰਘ ਖ਼ਿਲਾਫ਼ ਦਰਜ ਮਾਮਲੇ ਦੀ ਅਗਲੀ ਸੁਣਵਾਈ 11 ਮਈ 2026 ਨੂੰ ਨਿਰਧਾਰਤ ਕੀਤੀ ਗਈ ਹੈ। ਅਮਰੀਕੀ ਅਧਿਕਾਰੀ ਇਸ ਮਾਮਲੇ ਨੂੰ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਨਾਲ ਜੋੜ ਕੇ ਦੇਖ ਰਹੇ ਹਨ।

ਕੈਂਸਰ ਵਿਰੁੱਧ ਇਕਜੁੱਟ ਸੰਦੇਸ਼, ਅੱਜ ਦੁਨੀਆ ਭਰ ‘ਚ ਵਿਸ਼ਵ ਕੈਂਸਰ ਦਿਵਸ ਮਨਾਇਆ ਗਿਆ

ਚੰਡੀਗੜ੍ਹ :- ਅੱਜ 4 ਫਰਵਰੀ ਨੂੰ ਵਿਸ਼ਵ ਕੈਂਸਰ ਦਿਵਸ 2026 ਦੁਨੀਆ ਭਰ ਵਿੱਚ ਮਨਾਇਆ ਜਾ ਰਿਹਾ ਹੈ। ਇਸ ਦਿਨ ਦਾ ਮੂਲ ਮਕਸਦ ਕੈਂਸਰ ਵਰਗੀ ਘਾਤਕ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਮਰੀਜ਼ਾਂ ਤੱਕ ਸਹੀ ਜਾਣਕਾਰੀ, ਸਮੇਂ ਸਿਰ ਪਛਾਣ ਅਤੇ ਉਚਿਤ ਇਲਾਜ ਪਹੁੰਚ ਸਕੇ। ਵਿਸ਼ਵ ਕੈਂਸਰ ਦਿਵਸ ਇੱਕ ਅੰਤਰਰਾਸ਼ਟਰੀ ਸਿਹਤ ਅਭਿਆਨ ਹੈ, ਜੋ ਕੈਂਸਰ ਨਾਲ ਜੁੜੀਆਂ ਚੁਣੌਤੀਆਂ ਵੱਲ ਧਿਆਨ ਖਿੱਚਦਾ ਹੈ।

ਕੈਂਸਰ ਕੀ ਹੈ ਅਤੇ ਕਿਉਂ ਹੈ ਖ਼ਤਰਨਾਕ
ਕੈਂਸਰ ਇੱਕ ਅਜਿਹੀ ਬਿਮਾਰੀ ਹੈ, ਜਿਸ ਵਿੱਚ ਸਰੀਰ ਦੇ ਸੈੱਲ ਬੇਕਾਬੂ ਹੋ ਕੇ ਵਧਣ ਲੱਗ ਪੈਂਦੇ ਹਨ ਅਤੇ ਸਰੀਰ ਦੇ ਹੋਰ ਅੰਗਾਂ ਤੱਕ ਫੈਲ ਸਕਦੇ ਹਨ। ਕਈ ਮਾਮਲਿਆਂ ਵਿੱਚ ਇਹ ਸੈੱਲ ਟਿਊਮਰ ਦਾ ਰੂਪ ਧਾਰਨ ਕਰ ਲੈਂਦੇ ਹਨ, ਜਿਸ ਨਾਲ ਸਿਹਤਮੰਦ ਟਿਸ਼ੂਆਂ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ। ਹਾਲਾਂਕਿ ਕੁਝ ਕਿਸਮਾਂ, ਜਿਵੇਂ ਲਿਊਕੀਮੀਆ (ਖੂਨ ਦਾ ਕੈਂਸਰ), ਟਿਊਮਰ ਨਹੀਂ ਬਣਾਉਂਦੀਆਂ ਪਰ ਇਹ ਵੀ ਉਤਨੀ ਹੀ ਗੰਭੀਰ ਹੁੰਦੀਆਂ ਹਨ। ਵਿਸ਼ਵ ਪੱਧਰ ‘ਤੇ ਕੈਂਸਰ ਦੇ ਮਾਮਲੇ ਲਗਾਤਾਰ ਵਧ ਰਹੇ ਹਨ, ਜੋ ਇਸ ਦਿਨ ਦੀ ਮਹੱਤਤਾ ਨੂੰ ਹੋਰ ਵੀ ਵਧਾ ਦਿੰਦੇ ਹਨ।

ਵਿਸ਼ਵ ਕੈਂਸਰ ਦਿਵਸ ਦੀ ਸ਼ੁਰੂਆਤ ਕਦੋਂ ਹੋਈ
ਵਿਸ਼ਵ ਕੈਂਸਰ ਦਿਵਸ ਦੀ ਨੀਂਹ 4 ਫਰਵਰੀ 2000 ਨੂੰ ਪੈਰਿਸ ਵਿੱਚ ਪਈ ਸੀ। ਉਸ ਸਮੇਂ ‘ਵਰਲਡ ਸਮਿੱਟ ਅਗੇਂਸਟ ਕੈਂਸਰ’ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਹਰ ਸਾਲ ਇੱਕ ਅਜਿਹਾ ਦਿਨ ਹੋਣਾ ਚਾਹੀਦਾ ਹੈ, ਜੋ ਦੁਨੀਆ ਨੂੰ ਕੈਂਸਰ ਵਿਰੁੱਧ ਇਕਜੁੱਟ ਕਰੇ। ਇਸ ਦਿਵਸ ਦੀ ਅਗਵਾਈ ਯੂਨੀਅਨ ਫਾਰ ਇੰਟਰਨੈਸ਼ਨਲ ਕੈਂਸਰ ਕੰਟਰੋਲ (UICC) ਕਰਦਾ ਹੈ, ਜੋ 1933 ਵਿੱਚ ਸਥਾਪਿਤ ਹੋਇਆ ਸੀ ਅਤੇ ਅੱਜ ਦੁਨੀਆ ਦੇ ਸਭ ਤੋਂ ਵੱਡੇ ਕੈਂਸਰ ਸੰਬੰਧੀ ਅੰਤਰਰਾਸ਼ਟਰੀ ਸੰਗਠਨਾਂ ਵਿੱਚੋਂ ਇੱਕ ਹੈ।

ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਕੈਂਸਰ ਦਿਵਸ
ਇਸ ਦਿਨ ਦਾ ਮੁੱਖ ਉਦੇਸ਼ ਕੈਂਸਰ ਨਾਲ ਜੁੜੀਆਂ ਗਲਤਫ਼ਹਿਮੀਆਂ ਨੂੰ ਦੂਰ ਕਰਨਾ, ਲੋਕਾਂ ਨੂੰ ਇਸਦੇ ਲੱਛਣਾਂ, ਕਾਰਨਾਂ ਅਤੇ ਬਚਾਵ ਦੇ ਤਰੀਕਿਆਂ ਬਾਰੇ ਜਾਣੂ ਕਰਵਾਉਣਾ ਹੈ। ਨਾਲ ਹੀ ਇਹ ਸੰਦੇਸ਼ ਦਿੱਤਾ ਜਾਂਦਾ ਹੈ ਕਿ ਜੇਕਰ ਕੈਂਸਰ ਦੀ ਪਛਾਣ ਸਮੇਂ ਸਿਰ ਹੋ ਜਾਵੇ, ਤਾਂ ਇਸਦਾ ਇਲਾਜ ਸੰਭਵ ਹੈ ਅਤੇ ਬਹੁਤ ਸਾਰੀਆਂ ਜਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ।

ਵਿਸ਼ਵ ਕੈਂਸਰ ਦਿਵਸ 2026 ਦਾ ਥੀਮ
ਯੂਨੀਅਨ ਫਾਰ ਇੰਟਰਨੈਸ਼ਨਲ ਕੈਂਸਰ ਕੰਟਰੋਲ ਵੱਲੋਂ ਹਰ ਸਾਲ ਇੱਕ ਨਵਾਂ ਥੀਮ ਤੈਅ ਕੀਤਾ ਜਾਂਦਾ ਹੈ। ਸਾਲ 2026 ਲਈ ਵਿਸ਼ਵ ਕੈਂਸਰ ਦਿਵਸ ਦਾ ਥੀਮ ‘ਯੂਨਾਈਟਿਡ ਬਾਈ ਯੂਨੀਕ’ ਰੱਖਿਆ ਗਿਆ ਹੈ। ਇਸ ਥੀਮ ਦਾ ਕੇਂਦਰ ਬਿੰਦੂ ਇਹ ਹੈ ਕਿ ਹਰ ਕੈਂਸਰ ਮਰੀਜ਼ ਦੀ ਆਪਣੀ ਅਲੱਗ ਕਹਾਣੀ, ਅਨੁਭਵ ਅਤੇ ਲੋੜਾਂ ਹੁੰਦੀਆਂ ਹਨ। ਮਕਸਦ ਇਹ ਹੈ ਕਿ ਇਲਾਜ ਸਿਰਫ਼ ਬਿਮਾਰੀ ਤੱਕ ਸੀਮਿਤ ਨਾ ਰਹੇ, ਸਗੋਂ ਮਰੀਜ਼ ਨੂੰ ਇੱਕ ਵਿਅਕਤੀ ਵਜੋਂ ਸਮਝ ਕੇ ਉਸਦੀ ਨਿੱਜੀ ਯਾਤਰਾ ‘ਤੇ ਧਿਆਨ ਦਿੱਤਾ ਜਾਵੇ।

ਇਕ ਦਿਨ, ਇਕ ਸੰਦੇਸ਼—ਕੈਂਸਰ ਵਿਰੁੱਧ ਸਾਂਝੀ ਲੜਾਈ
ਵਿਸ਼ਵ ਕੈਂਸਰ ਦਿਵਸ ਸਿਰਫ਼ ਇੱਕ ਤਾਰੀਖ ਨਹੀਂ, ਸਗੋਂ ਇਹ ਯਾਦ ਦਿਵਾਉਂਦਾ ਹੈ ਕਿ ਕੈਂਸਰ ਵਿਰੁੱਧ ਲੜਾਈ ਸਾਂਝੀ ਕੋਸ਼ਿਸ਼ ਨਾਲ ਹੀ ਜਿੱਤੀ ਜਾ ਸਕਦੀ ਹੈ। ਜਾਗਰੂਕਤਾ, ਸਮੇਂ ਸਿਰ ਜਾਂਚ ਅਤੇ ਸਹੀ ਇਲਾਜ ਹੀ ਇਸ ਘਾਤਕ ਬਿਮਾਰੀ ਨੂੰ ਹਰਾਉਣ ਦੇ ਸਭ ਤੋਂ ਮਜ਼ਬੂਤ ਹਥਿਆਰ ਹਨ।

ਲੁਧਿਆਣਾ ਪੁਲਿਸ ਦੇ ਡੀਐਮਸੀ ਚੌਕੀ ਇੰਚਾਰਜ ਏਐਸਆਈ ਸਵਰਨ ਸਿੰਘ ਦਾ ਦਿਹਾਂਤ!

ਲੁਧਿਆਣਾ :- ਲੁਧਿਆਣਾ ਪੁਲਿਸ ਵਿਭਾਗ ਤੋਂ ਦੁੱਖਦਾਈ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਡੀਐਮਸੀ ਚੌਕੀ ਦੇ ਇੰਚਾਰਜ ਏਐਸਆਈ ਸਵਰਨ ਸਿੰਘ ਦਾ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਗੰਭੀਰ ਬਿਮਾਰੀ ਨਾਲ ਪੀੜਤ ਸਨ ਅਤੇ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਸਨ, ਜਿੱਥੇ ਉਨ੍ਹਾਂ ਨੇ ਦੇਰ ਰਾਤ ਆਖਰੀ ਸਾਹ ਲਿਆ।

ਪੁਲਿਸ ਮਹਿਕਮੇ ‘ਚ ਸੋਗ ਦੀ ਲਹਿਰ
ਏਐਸਆਈ ਸਵਰਨ ਸਿੰਘ ਦੇ ਅਕਾਲ ਦਿਹਾਂਤ ਦੀ ਸੂਚਨਾ ਮਿਲਦੇ ਹੀ ਪੁਲਿਸ ਮਹਿਕਮੇ ਵਿੱਚ ਸੋਗ ਦੀ ਲਹਿਰ ਦੌੜ ਗਈ। ਸਹਿਕਰਮੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਇਕ ਇਮਾਨਦਾਰ, ਜ਼ਿੰਮੇਵਾਰ ਅਤੇ ਮੈਦਾਨੀ ਅਫ਼ਸਰ ਵਜੋਂ ਯਾਦ ਕੀਤਾ।

ਇੱਕ ਸਾਲ ਤੋਂ ਡੀਐਮਸੀ ਚੌਕੀ ਦੀ ਜ਼ਿੰਮੇਵਾਰੀ ਸੰਭਾਲੀ ਹੋਈ ਸੀ
ਸਵਰਨ ਸਿੰਘ ਲਗਭਗ ਇੱਕ ਸਾਲ ਤੋਂ ਡੀਐਮਸੀ ਚੌਕੀ ਦੇ ਇੰਚਾਰਜ ਵਜੋਂ ਸੇਵਾ ਨਿਭਾ ਰਹੇ ਸਨ। ਇਸ ਤੋਂ ਪਹਿਲਾਂ ਉਹ ਸੀਆਈਏ-1 ਅਤੇ ਸੀਆਈਏ-2 ਵਰਗੀਆਂ ਮਹੱਤਵਪੂਰਨ ਇਕਾਈਆਂ ਵਿੱਚ ਵੀ ਆਪਣੀ ਸੇਵਾ ਦੇ ਚੁੱਕੇ ਸਨ, ਜਿੱਥੇ ਉਨ੍ਹਾਂ ਦੀ ਕਾਰਗੁਜ਼ਾਰੀ ਦੀ ਕਾਫ਼ੀ ਸਰਾਹਨਾ ਕੀਤੀ ਜਾਂਦੀ ਰਹੀ।

ਹਾਲਤ ਵਿਗੜਨ ‘ਤੇ ਡੀਐਮਸੀ ‘ਚ ਕਰਵਾਇਆ ਗਿਆ ਦਾਖ਼ਲ
ਜਾਣਕਾਰੀ ਮੁਤਾਬਕ ਏਐਸਆਈ ਸਵਰਨ ਸਿੰਘ ਕਾਫ਼ੀ ਸਮੇਂ ਤੋਂ ਅਸਵਸਥ ਸਨ। ਸਿਹਤ ਵਿੱਚ ਅਚਾਨਕ ਗਿਰਾਵਟ ਆਉਣ ਕਾਰਨ ਉਨ੍ਹਾਂ ਨੂੰ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਡਾਕਟਰਾਂ ਦੀ ਵਿਸ਼ੇਸ਼ ਟੀਮ ਵੱਲੋਂ ਲਗਾਤਾਰ ਇਲਾਜ ਕੀਤਾ ਗਿਆ, ਪਰ ਸਿਹਤ ਵਿੱਚ ਸੁਧਾਰ ਨਹੀਂ ਆ ਸਕਿਆ।

ਪੁੱਤਰ ਵਿਦੇਸ਼ ‘ਚ, ਆਉਣ ਤੋਂ ਬਾਅਦ ਹੋਵੇਗਾ ਅੰਤਿਮ ਸੰਸਕਾਰ
ਪਰਿਵਾਰਕ ਸਰੋਤਾਂ ਅਨੁਸਾਰ ਸਵਰਨ ਸਿੰਘ ਦਾ ਪੁੱਤਰ ਵਿਦੇਸ਼ ਵਿੱਚ ਰਹਿੰਦਾ ਹੈ। ਉਸ ਦੇ ਭਾਰਤ ਪਹੁੰਚਣ ਤੋਂ ਬਾਅਦ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਸੇਵਾ ਦੌਰਾਨ ਨਿਭਾਈ ਡਿਊਟੀ ਨੂੰ ਸਦਾ ਯਾਦ ਰੱਖਿਆ ਜਾਵੇਗਾ
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਏਐਸਆਈ ਸਵਰਨ ਸਿੰਘ ਨੇ ਆਪਣੇ ਕਰੀਅਰ ਦੌਰਾਨ ਡਿਊਟੀ ਨੂੰ ਪਹਿਲ ਦੇਂਦੇ ਹੋਏ ਇਮਾਨਦਾਰੀ ਨਾਲ ਸੇਵਾ ਨਿਭਾਈ। ਉਨ੍ਹਾਂ ਦਾ ਦਿਹਾਂਤ ਪੁਲਿਸ ਵਿਭਾਗ ਲਈ ਕਦੇ ਨਾ ਪੂਰੀ ਹੋਣ ਵਾਲੀ ਘਾਟ ਮੰਨੀ ਜਾ ਰਹੀ ਹੈ।

ਵਿਆਹ ਦੀ ਖੁਸ਼ੀ ਤੋਂ ਇਕ ਦਿਨ ਪਹਿਲਾਂ ਮੌਤ ਦੀ ਖ਼ਬਰ, ਡੇਰਾਬੱਸੀ ‘ਚ ਨੌਜਵਾਨ ਦੀ ਖੁਦਕੁਸ਼ੀ ਨਾਲ ਘਰ ‘ਚ ਮਾਤਮ

ਡੇਰਾਬੱਸੀ :- ਡੇਰਾਬੱਸੀ ਦੇ ਪਿੰਡ ਖੇੜੀ ਗੁੱਜਰਾਂ ਵਿੱਚ ਮੰਗਲਵਾਰ ਸਵੇਰੇ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਇੱਕ ਨੌਜਵਾਨ ਦੀ ਲਾਸ਼ ਘਰ ਦੇ ਚੁਬਾਰੇ ਵਿੱਚ ਫਾਹੇ ਨਾਲ ਲਟਕਦੀ ਮਿਲੀ। ਮ੍ਰਿਤਕ ਦੀ ਪਛਾਣ 27 ਸਾਲਾ ਕੁਲਦੀਪ ਸਿੰਘ ਵਜੋਂ ਹੋਈ ਹੈ। ਇਸ ਹਾਦਸੇ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।

ਖੁਸ਼ੀਆਂ ਦੀ ਥਾਂ ਛਾ ਗਿਆ ਮਾਤਮ
ਘਟਨਾ ਨੂੰ ਹੋਰ ਵੀ ਦਰਦਨਾਕ ਬਣਾਉਂਦੀ ਗੱਲ ਇਹ ਹੈ ਕਿ ਪਰਿਵਾਰ ਵਿੱਚ ਬੁੱਧਵਾਰ ਨੂੰ ਵਿਆਹ ਦੀ ਰਸਮ ਹੋਣੀ ਸੀ। ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਪਰ ਇੱਕ ਦਿਨ ਪਹਿਲਾਂ ਹੀ ਘਰ ‘ਚ ਖੁਸ਼ੀ ਦੀ ਥਾਂ ਮੌਤ ਦਾ ਸਾਇਆ ਛਾ ਗਿਆ।

ਬਚਪਨ ਤੋਂ ਸਦਮਿਆਂ ਨਾਲ ਜੂਝਦਾ ਰਿਹਾ ਕੁਲਦੀਪ
ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਦੇ ਪਿਤਾ ਦੀ ਮੌਤ ਬਚਪਨ ਵਿੱਚ ਹੀ ਹੋ ਗਈ ਸੀ। ਇਸ ਤੋਂ ਬਾਅਦ ਲਗਭਗ ਛੇ ਮਹੀਨੇ ਪਹਿਲਾਂ ਉਸਦੀ ਮਾਂ ਦੀ ਵੀ ਦੇਹਾਂਤ ਹੋ ਗਿਆ ਸੀ। ਮਾਂ ਦੀ ਮੌਤ ਤੋਂ ਬਾਅਦ ਕੁਲਦੀਪ ਮਾਨਸਿਕ ਤੌਰ ‘ਤੇ ਕਾਫ਼ੀ ਪਰੇਸ਼ਾਨ ਦੱਸਿਆ ਜਾ ਰਿਹਾ ਹੈ। ਉਹ ਆਪਣੀ ਭੈਣ ਦਾ ਇਕਲੌਤਾ ਭਰਾ ਸੀ।

ਫੈਕਟਰੀ ‘ਚ ਕਰਦਾ ਸੀ ਨੌਕਰੀ
ਕੁਲਦੀਪ ਡੇਰਾਬੱਸੀ ਸਥਿਤ ਪੀਸੀਸੀਪੀਐਲ ਫੈਕਟਰੀ ਵਿੱਚ ਕੰਮ ਕਰਦਾ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਉਹ ਮੰਗਲਵਾਰ ਨੂੰ ਆਪਣੀ ਪਤਨੀ ਅਤੇ ਢਾਈ ਸਾਲ ਦੇ ਪੁੱਤਰ ਨੂੰ ਸਹੁਰੇ ਪਿੰਡ ਛੱਡ ਕੇ ਸ਼ਾਮ ਨੂੰ ਘਰ ਆਇਆ ਸੀ ਅਤੇ ਰਾਤ ਨੂੰ ਚੁਬਾਰੇ ਵਿੱਚ ਸੌਣ ਲਈ ਚਲਾ ਗਿਆ।

ਸਵੇਰੇ ਦਰਵਾਜ਼ਾ ਖੁਲ੍ਹਿਆ ਤਾਂ ਸਾਹਮਣੇ ਆਈ ਹਕੀਕਤ
ਬੁੱਧਵਾਰ ਸਵੇਰੇ ਕਰੀਬ ਪੰਜ ਵਜੇ ਜਦੋਂ ਉਸਦਾ ਚਾਚਾ ਚੁਬਾਰੇ ਵੱਲ ਗਿਆ ਤਾਂ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਮਿਲਿਆ। ਸ਼ੱਕ ਹੋਣ ‘ਤੇ ਦਰਵਾਜ਼ਾ ਧੱਕਾ ਦੇ ਕੇ ਖੋਲ੍ਹਿਆ ਗਿਆ, ਜਿੱਥੇ ਕੁਲਦੀਪ ਦੀ ਲਾਸ਼ ਰੱਸੀ ਨਾਲ ਲਟਕਦੀ ਹੋਈ ਮਿਲੀ।

ਹਸਪਤਾਲ ਲਿਜਾਇਆ ਗਿਆ ਪਰ ਨਹੀਂ ਬਚ ਸਕਿਆ
ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਉਸਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਪੁਲਿਸ ਵੱਲੋਂ ਕਾਰਵਾਈ, ਪੋਸਟਮਾਰਟਮ ਬਾਅਦ ਲਾਸ਼ ਸੌਂਪੀ
ਸੂਚਨਾ ਮਿਲਦੇ ਹੀ ਡੇਰਾਬੱਸੀ ਪੁਲਿਸ ਮੌਕੇ ‘ਤੇ ਪਹੁੰਚੀ। ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਕਾਨੂੰਨੀ ਕਾਰਵਾਈ ਕੀਤੀ ਗਈ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ।

ਵਿਧਵਾ ਪਤਨੀ ਤੇ ਨੰਨਾ ਪੁੱਤਰ ਛੱਡ ਗਿਆ ਪਿੱਛੇ
ਕੁਲਦੀਪ ਸਿੰਘ ਆਪਣੇ ਪਿੱਛੇ ਵਿਧਵਾ ਪਤਨੀ, ਢਾਈ ਸਾਲ ਦਾ ਨਿੱਕਾ ਪੁੱਤਰ ਅਤੇ ਬਜ਼ੁਰਗ ਚਾਚਾ ਛੱਡ ਗਿਆ ਹੈ। ਪਰਿਵਾਰ ਅਤੇ ਪਿੰਡ ਵਾਸੀਆਂ ਲਈ ਇਹ ਸਦਮਾ ਕਈ ਸਮੇਂ ਤੱਕ ਭੁਲਾਇਆ ਨਹੀਂ ਜਾ ਸਕੇਗਾ।

ਭਾਰਤ-ਅਮਰੀਕਾ ਵਪਾਰ ਗੱਲਬਾਤ ‘ਚ ਦੇਸ਼ ਦੇ ਹਿੱਤ ਸੁਰੱਖਿਅਤ ਰਹੇ: ਪੀਯੂਸ਼ ਗੋਇਲ

ਨਵੀਂ ਦਿੱਲੀ :- ਭਾਰਤ ਅਤੇ ਅਮਰੀਕਾ ਦਰਮਿਆਨ ਚੱਲ ਰਹੀ ਵਪਾਰਕ ਗੱਲਬਾਤ ਨੂੰ ਲੈ ਕੇ ਕੇਂਦਰੀ ਵਪਾਰ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਬੁੱਧਵਾਰ ਨੂੰ ਲੋਕ ਸਭਾ ਵਿੱਚ ਸਥਿਤੀ ਸਾਫ਼ ਕੀਤੀ। ਉਨ੍ਹਾਂ ਕਿਹਾ ਕਿ ਗੱਲਬਾਤ ਦੌਰਾਨ ਦੋਵੇਂ ਦੇਸ਼ ਆਪਣੇ-ਆਪਣੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਕਰਨ ਵਿੱਚ ਕਾਮਯਾਬ ਰਹੇ ਹਨ ਅਤੇ ਭਾਰਤ ਨੇ ਖ਼ਾਸ ਕਰਕੇ ਆਪਣੇ ਸੰਵੇਦਨਸ਼ੀਲ ਖੇਤਰਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ।

ਖੇਤੀਬਾੜੀ ਤੇ ਕਿਸਾਨਾਂ ਦੇ ਹਿੱਤ ਪਹਿਲਾਂ
ਪੀਯੂਸ਼ ਗੋਇਲ ਨੇ ਦੱਸਿਆ ਕਿ ਭਾਰਤੀ ਪੱਖ ਵੱਲੋਂ ਗੱਲਬਾਤ ਵਿੱਚ ਖੇਤੀਬਾੜੀ ਅਤੇ ਕਿਸਾਨਾਂ ਦੇ ਮਸਲੇ ਨੂੰ ਸਭ ਤੋਂ ਉੱਪਰ ਰੱਖਿਆ ਗਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੇ ਕਿਸਾਨਾਂ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਹੋਣ ਦਿੱਤਾ ਗਿਆ ਅਤੇ ਦੇਸ਼ ਦੇ ਮੁੱਖ ਖੇਤਰ ਪੂਰੀ ਤਰ੍ਹਾਂ ਸੁਰੱਖਿਅਤ ਹਨ।

ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਪ੍ਰਭਾਵਿਤ
ਇਸ ਤੋਂ ਪਹਿਲਾਂ ਸਵੇਰੇ 11 ਵਜੇ ਜਦੋਂ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਈ, ਤਾਂ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵੱਲੋਂ ਲਗਾਤਾਰ ਨਾਅਰੇਬਾਜ਼ੀ ਅਤੇ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰਨੀ ਪਈ। ਬਾਅਦ ਵਿੱਚ ਜਦੋਂ ਕਾਰਵਾਈ ਮੁੜ ਸ਼ੁਰੂ ਹੋਈ, ਤਾਂ ਹੰਗਾਮਾ ਜਾਰੀ ਰਹਿਣ ਕਾਰਨ ਸਦਨ ਦਾ ਕੰਮਕਾਜ ਫਿਰ ਤੋਂ ਪ੍ਰਭਾਵਿਤ ਹੋਇਆ।

ਰਾਹੁਲ ਗਾਂਧੀ ਦੇ ਬਿਆਨਾਂ ‘ਤੇ ਪੀਯੂਸ਼ ਗੋਇਲ ਦਾ ਤਿੱਖਾ ਰੁਖ
ਇਸ ਮਾਮਲੇ ‘ਤੇ ਕੇਂਦਰੀ ਮੰਤਰੀ ਨੇ ਕਾਂਗਰਸ ਆਗੂ ਰਾਹੁਲ ਗਾਂਧੀ ‘ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਭਾਰਤ-ਅਮਰੀਕਾ ਵਪਾਰ ਸਮਝੌਤੇ ਨੂੰ ਲੈ ਕੇ ਦੇਸ਼ ਵਿੱਚ ਗਲਤਫ਼ਹਿਮੀ ਫੈਲਾ ਰਹੇ ਹਨ ਅਤੇ ਉਨ੍ਹਾਂ ਨੂੰ ਦੇਸ਼ ਦੀ ਆਰਥਿਕ ਤਰੱਕੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਵਿਰੋਧੀ ਪਾਰਟੀਆਂ ‘ਤੇ ਵੀ ਨਿਸ਼ਾਨਾ
ਪੀਯੂਸ਼ ਗੋਇਲ ਨੇ ਕਿਹਾ ਕਿ ਕਾਂਗਰਸ ਸਮੇਤ ਡੀਐਮਕੇ, ਤ੍ਰਿਣਮੂਲ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਵੱਲੋਂ ਕੀਤੇ ਗਏ ਹੰਗਾਮੇ ਕਾਰਨ ਉਹ ਸੰਸਦ ਵਿੱਚ ਵਪਾਰ ਸਮਝੌਤੇ ਬਾਰੇ ਵਿਸਥਾਰ ਨਾਲ ਆਪਣੀ ਗੱਲ ਨਹੀਂ ਰੱਖ ਸਕੇ। ਉਨ੍ਹਾਂ ਇਸ ਗੱਲ ‘ਤੇ ਨਾਰਾਜ਼ਗੀ ਜਤਾਈ ਕਿ ਮਹੱਤਵਪੂਰਨ ਮੁੱਦੇ ‘ਤੇ ਚਰਚਾ ਤੋਂ ਜਾਣਬੂਝ ਕੇ ਬਚਿਆ ਜਾ ਰਿਹਾ ਹੈ।

ਨਿਵੇਸ਼ ਅਤੇ ਵਿਕਾਸ ਨੂੰ ਲੈ ਕੇ ਸਵਾਲ
ਕੇਂਦਰੀ ਮੰਤਰੀ ਨੇ ਸਵਾਲ ਚੁੱਕਿਆ ਕਿ ਕੀ ਰਾਹੁਲ ਗਾਂਧੀ ਨੂੰ ਉਹ ਵੱਡੇ ਨਿਵੇਸ਼ ਚੁੱਭ ਰਹੇ ਹਨ, ਜੋ ਭਾਰਤ ਵਿੱਚ ਲਿਆਂਦੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਦੇਸ਼ਭਗਤ ਭਾਰਤੀ ਅਜਿਹੀ ਸੋਚ ਨਾਲ ਸਹਿਮਤ ਨਹੀਂ ਹੋ ਸਕਦਾ ਜੋ ਦੇਸ਼ ਦੇ ਵਿਕਾਸ ਦੇ ਰਾਹ ਵਿੱਚ ਰੁਕਾਵਟ ਬਣੇ।

ਕਾਂਗਰਸ ਦੇ ਆਰੋਪਾਂ ਨੂੰ ਕੀਤਾ ਖਾਰਜ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਦਬਾਅ ਹੇਠ ਆ ਕੇ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦਿੱਤਾ ਹੈ ਅਤੇ ਇਸ ਰਾਹੀਂ ਕਿਸਾਨਾਂ ਦੇ ਹਿੱਤਾਂ ਨਾਲ ਸਮਝੌਤਾ ਕੀਤਾ ਗਿਆ ਹੈ। ਹਾਲਾਂਕਿ ਕੇਂਦਰੀ ਮੰਤਰੀ ਦੇ ਬਿਆਨ ਤੋਂ ਬਾਅਦ ਸਰਕਾਰ ਦਾ ਰੁਖ ਪੂਰੀ ਤਰ੍ਹਾਂ ਸਪਸ਼ਟ ਹੋ ਗਿਆ ਹੈ ਕਿ ਕਿਸਾਨਾਂ ਅਤੇ ਦੇਸ਼ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ।

ਥਾਣੇ ਦੇ ਨੇੜੇ ਹੀ ਚੋਰਾਂ ਦੀ ਵੱਡੀ ਵਾਰਦਾਤ, ਮਾਨਸਾ ‘ਚ ਪੁਲਿਸ ਦੀ ਸੁਰੱਖਿਆ ‘ਤੇ ਸਵਾਲ

ਮਾਨਸਾ :- ਮਾਨਸਾ ਸ਼ਹਿਰ ਵਿੱਚ ਦੇਰ ਰਾਤ ਉਸ ਸਮੇਂ ਹਲਚਲ ਮਚ ਗਈ ਜਦੋਂ ਪੁਲਿਸ ਥਾਣਾ ਸਿਟੀ-1 ਤੋਂ ਸਿਰਫ਼ 100 ਮੀਟਰ ਦੀ ਦੂਰੀ ‘ਤੇ ਸਥਿਤ ਦੋ ਦੁਕਾਨਾਂ ਨੂੰ ਚੋਰਾਂ ਨੇ ਨਿਸ਼ਾਨਾ ਬਣਾ ਲਿਆ। ਚੋਰ ਦੁਕਾਨਾਂ ਦੇ ਤਾਲੇ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ ਲੱਖਾਂ ਰੁਪਏ ਦਾ ਸਮਾਨ ਤੇ ਨਗਦੀ ਲੈ ਕੇ ਮੌਕੇ ਤੋਂ ਫਰਾਰ ਹੋ ਗਏ।

ਸੀਸੀਟੀਵੀ ‘ਚ ਕੈਦ ਹੋਈ ਚੋਰੀ ਦੀ ਘਟਨਾ
ਇਹ ਸਾਰੀ ਵਾਰਦਾਤ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਚੁੱਕੀ ਹੈ, ਜਿਸ ਵਿੱਚ ਚੋਰਾਂ ਦੀ ਹਰਕਤ ਸਾਫ਼ ਨਜ਼ਰ ਆ ਰਹੀ ਹੈ। ਪੁਲਿਸ ਵੱਲੋਂ ਫੁਟੇਜ ਦੇ ਆਧਾਰ ‘ਤੇ ਜਾਂਚ ਅੱਗੇ ਵਧਾਈ ਜਾ ਰਹੀ ਹੈ ਅਤੇ ਅਣਪਛਾਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਪੁਲਿਸ ਦੀ ਸਪੈਸ਼ਲ ਨਾਕਾਬੰਦੀ ਦੇ ਦਾਅਵੇ ਘੇਰੇ ‘ਚ
ਮਾਨਸਾ ਪੁਲਿਸ ਵੱਲੋਂ ਰੋਜ਼ਾਨਾ ਦੇਰ ਰਾਤ ਸਪੈਸ਼ਲ ਨਾਕਾਬੰਦੀ ਅਤੇ ਚੈਕਿੰਗ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਥਾਣੇ ਦੇ ਬਿਲਕੁਲ ਨੇੜੇ ਇੰਨੀ ਵੱਡੀ ਚੋਰੀ ਹੋ ਜਾਣ ਨਾਲ ਇਨ੍ਹਾਂ ਦਾਅਵਿਆਂ ‘ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਵਪਾਰੀਆਂ ਦਾ ਕਹਿਣਾ ਹੈ ਕਿ ਜੇਕਰ ਥਾਣੇ ਦੇ ਕੋਲ ਹੀ ਚੋਰ ਬੇਖੌਫ਼ ਵਾਰਦਾਤ ਕਰ ਸਕਦੇ ਹਨ ਤਾਂ ਸ਼ਹਿਰ ਦੇ ਹੋਰ ਇਲਾਕਿਆਂ ਦੀ ਸੁਰੱਖਿਆ ਕਿੰਨੀ ਮਜ਼ਬੂਤ ਹੋਵੇਗੀ, ਇਹ ਸੋਚਣ ਵਾਲੀ ਗੱਲ ਹੈ।

ਗੁਰਦੁਆਰਾ ਚੌਕ ਨੇੜੇ ਦੁਕਾਨਾਂ ਨਿਸ਼ਾਨੇ ‘ਤੇ
ਜਾਣਕਾਰੀ ਅਨੁਸਾਰ, ਗੁਰਦੁਆਰਾ ਚੌਕ ਦੇ ਇਲਾਕੇ ਵਿੱਚ ਸਥਿਤ ਇੱਕ ਘਿਓ ਭੰਡਾਰ ਅਤੇ ਨਾਲ ਦੀ ਹੋਰ ਦੁਕਾਨ ਵਿੱਚ ਚੋਰਾਂ ਨੇ ਰਾਤ ਦੇ ਸਮੇਂ ਦਾਖ਼ਲ ਹੋ ਕੇ ਲੱਖਾਂ ਰੁਪਏ ਦਾ ਸਮਾਨ ਅਤੇ ਨਗਦੀ ਚੋਰੀ ਕਰ ਲਈ। ਸਵੇਰੇ ਦੁਕਾਨਾਂ ਖੁੱਲ੍ਹਣ ‘ਤੇ ਮਾਲਕਾਂ ਨੂੰ ਘਟਨਾ ਦੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਦੁਕਾਨਦਾਰਾਂ ‘ਚ ਰੋਸ, ਮੀਟਿੰਗ ਬੁਲਾਣ ਦਾ ਐਲਾਨ
ਇਸ ਵਾਰਦਾਤ ਤੋਂ ਬਾਅਦ ਮਾਨਸਾ ਸ਼ਹਿਰ ਦੇ ਦੁਕਾਨਦਾਰਾਂ ਅਤੇ ਵਪਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵਪਾਰੀਆਂ ਨੇ ਕਿਹਾ ਕਿ ਪੁਲਿਸ ਥਾਣੇ ਦੇ ਨੇੜੇ ਚੋਰੀ ਹੋਣਾ ਬਹੁਤ ਹੀ ਮੰਦਭਾਗੀ ਘਟਨਾ ਹੈ ਅਤੇ ਇਹ ਸੁਰੱਖਿਆ ਪ੍ਰਬੰਧਾਂ ਦੀ ਹਕੀਕਤ ਬਿਆਨ ਕਰਦੀ ਹੈ। ਦੁਕਾਨਦਾਰਾਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਇੱਕ ਸਾਂਝੀ ਮੀਟਿੰਗ ਬੁਲਾਈ ਗਈ ਹੈ।

ਚੋਰ ਨਾ ਫੜੇ ਗਏ ਤਾਂ ਤਿੱਖੇ ਅੰਦੋਲਨ ਦੀ ਚੇਤਾਵਨੀ
ਵਪਾਰੀਆਂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਜੇਕਰ ਜਲਦ ਹੀ ਚੋਰਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਮਜਬੂਰਨ ਤਿੱਖਾ ਰੋਸ ਪ੍ਰਦਰਸ਼ਨ ਕਰਨਗੇ। ਉਨ੍ਹਾਂ ਨੇ ਇੱਥੋਂ ਤੱਕ ਚੇਤਾਵਨੀ ਦਿੱਤੀ ਹੈ ਕਿ ਲੋੜ ਪਈ ਤਾਂ ਪੂਰੇ ਸ਼ਹਿਰ ਦੇ ਦੁਕਾਨਦਾਰ ਆਪਣੀਆਂ ਦੁਕਾਨਾਂ ਦੀਆਂ ਚਾਬੀਆਂ ਪੁਲਿਸ ਪ੍ਰਸ਼ਾਸਨ ਨੂੰ ਸੌਂਪ ਕੇ ਧਰਨਾ ਦੇਣ ਲਈ ਮਜਬੂਰ ਹੋਣਗੇ।

ਬਜਟ ਸੈਸ਼ਨ ਦੌਰਾਨ ਸੰਸਦ ਬਾਹਰ ਸਿਆਸੀ ਤਣਾਅ, ਰਾਹੁਲ ਗਾਂਧੀ ਤੇ ਰਵਨੀਤ ਬਿੱਟੂ ਦੀ ਤਿੱਖੀ ਬਹਿਸ

ਨਵੀਂ ਦਿੱਲੀ :- ਦਿੱਲੀ ਵਿੱਚ ਚੱਲ ਰਹੇ ਸੰਸਦ ਦੇ ਬਜਟ ਸੈਸ਼ਨ ਦੌਰਾਨ ਮੰਗਲਵਾਰ ਨੂੰ ਉਸ ਵੇਲੇ ਸਿਆਸੀ ਹਲਚਲ ਵਧ ਗਈ, ਜਦੋਂ ਸੰਸਦ ਭਵਨ ਦੇ ਬਾਹਰ ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵਿਚਾਲੇ ਤਿੱਖੀ ਬਹਿਸ ਹੋ ਗਈ। ਦੋਵੇਂ ਆਗੂ ਇਕ ਦੂਜੇ ਦੇ ਸਾਹਮਣੇ ਆਏ ਤਾਂ ਮਾਹੌਲ ਤੁਰੰਤ ਤਣਾਅਪੂਰਨ ਬਣ ਗਿਆ।

ਹੱਥ ਮਿਲਾਉਣ ਤੋਂ ਸ਼ਬਦੀ ਟਕਰਾਅ ਤੱਕ ਮਾਮਲਾ ਪਹੁੰਚਿਆ
ਘਟਨਾ ਦੌਰਾਨ ਜਦੋਂ ਰਾਹੁਲ ਗਾਂਧੀ ਨੇ ਰਵਨੀਤ ਬਿੱਟੂ ਵੱਲ ਹੱਥ ਵਧਾਇਆ, ਤਾਂ ਗੱਲਬਾਤ ਦੀ ਥਾਂ ਤਿੱਖੇ ਬੋਲ ਸੁਣਨ ਨੂੰ ਮਿਲੇ। ਇਸ ਮੌਕੇ ਦੋਵਾਂ ਆਗੂਆਂ ਵਿਚਾਲੇ ਦੇਸ਼ਭਗਤੀ ਨੂੰ ਲੈ ਕੇ ਸਿੱਧੇ ਤੌਰ ‘ਤੇ ਸ਼ਬਦੀ ਤੰਜ ਕੱਸੇ ਗਏ, ਜਿਸ ਨਾਲ ਮੌਕੇ ‘ਤੇ ਮੌਜੂਦ ਸਿਆਸੀ ਕਾਰਕੁਨਾਂ ਵਿੱਚ ਵੀ ਚਰਚਾ ਦਾ ਮਾਹੌਲ ਬਣ ਗਿਆ।

ਅੰਗਰੇਜ਼ੀ ਤੰਜ ਨਾਲ ਹੋਰ ਭੜਕਿਆ ਵਿਵਾਦ
ਇਸ ਬਹਿਸ ਦੌਰਾਨ ਰਾਹੁਲ ਗਾਂਧੀ ਵੱਲੋਂ ਅੰਗਰੇਜ਼ੀ ਵਿੱਚ ਕੀਤੀ ਗਈ ਟਿੱਪਣੀ ਨੇ ਮਾਮਲੇ ਨੂੰ ਹੋਰ ਤੀਖਾ ਕਰ ਦਿੱਤਾ। ਉੱਥੇ ਹੀ ਰਵਨੀਤ ਬਿੱਟੂ ਨੇ ਵੀ ਤੁਰੰਤ ਜਵਾਬ ਦਿੰਦਿਆਂ ਰਾਹੁਲ ਗਾਂਧੀ ‘ਤੇ ਕਰਾਰਾ ਤੰਜ ਕੱਸਿਆ। ਦੋਵਾਂ ਪਾਸਿਆਂ ਤੋਂ ਆ ਰਹੇ ਬਿਆਨਾਂ ਕਾਰਨ ਸਿਆਸੀ ਗਰਮਾਹਟ ਸਾਫ਼ ਨਜ਼ਰ ਆਈ।

ਮੁਅੱਤਲ ਸੰਸਦ ਮੈਂਬਰਾਂ ਦੇ ਹੱਕ ‘ਚ ਕਾਂਗਰਸ ਦਾ ਪ੍ਰਦਰਸ਼ਨ
ਦੱਸਣਯੋਗ ਹੈ ਕਿ ਲੋਕ ਸਭਾ ਵਿੱਚ ਹਾਲੀਆ ਘਟਨਾ ਤੋਂ ਬਾਅਦ ਅੱਠ ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤਾ ਗਿਆ ਸੀ। ਇਸ ਫੈਸਲੇ ਦੇ ਵਿਰੋਧ ਵਿੱਚ ਕਾਂਗਰਸ ਪਾਰਟੀ ਵੱਲੋਂ ਸੰਸਦ ਕੰਪਲੈਕਸ ਵਿੱਚ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਪਾਰਟੀ ਆਗੂਆਂ ਅਤੇ ਸੰਸਦ ਮੈਂਬਰਾਂ ਨੇ ‘ਮਕਰ ਦੁਆਰ’ ਦੇ ਨੇੜੇ ਇਕੱਠੇ ਹੋ ਕੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਨਾਅਰੇਬਾਜ਼ੀ ਕੀਤੀ।

ਪ੍ਰਦਰਸ਼ਨ ਦੌਰਾਨ ਉਭਰੀ ਸਿਆਸੀ ਟਕਰਾਅ ਦੀ ਤਸਵੀਰ
ਇਸੇ ਪ੍ਰਦਰਸ਼ਨ ਦੌਰਾਨ ਰਾਹੁਲ ਗਾਂਧੀ ਅਤੇ ਰਵਨੀਤ ਬਿੱਟੂ ਵਿਚਾਲੇ ਹੋਈ ਇਹ ਤਿੱਖੀ ਬਹਿਸ ਸਿਆਸੀ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਬਜਟ ਸੈਸ਼ਨ ਦੇ ਦੌਰਾਨ ਅਜਿਹੀਆਂ ਘਟਨਾਵਾਂ ਸਿਆਸੀ ਤਣਾਅ ਨੂੰ ਹੋਰ ਉਜਾਗਰ ਕਰਦੀਆਂ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਸੰਸਦ ਦਾ ਮਾਹੌਲ ਹੋਰ ਵੀ ਤੀਖਾ ਰਹਿ ਸਕਦਾ ਹੈ।

ਨਸ਼ਿਆਂ ਖ਼ਿਲਾਫ਼ ਇਕਜੁੱਟ ਸੰਦੇਸ਼, ਗਵਰਨਰ ਕਟਾਰੀਆ ਵੱਲੋਂ ਸਪੀਕਰ ਸੰਧਵਾਂ ਨੂੰ ਖ਼ਾਸ ਅਪੀਲ

ਚੰਡੀਗੜ੍ਹ :- ਪੰਜਾਬ ਵਿੱਚ ਨਸ਼ਿਆਂ ਦੇ ਵਧਦੇ ਖ਼ਤਰੇ ਨੂੰ ਦੇਖਦਿਆਂ ਸੂਬੇ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਸੰਪਰਕ ਕਰਦਿਆਂ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਾਂਝ ਪਾਉਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਗਵਰਨਰ ਵੱਲੋਂ ਇੱਕ ਅਧਿਕਾਰਿਕ ਚਿੱਠੀ ਭੇਜੀ ਗਈ ਹੈ, ਜਿਸ ਵਿੱਚ ਸਮਾਜਕ ਜ਼ਿੰਮੇਵਾਰੀ ਨੂੰ ਕੇਂਦਰ ਵਿੱਚ ਰੱਖਿਆ ਗਿਆ ਹੈ।

9 ਤੋਂ 12 ਫਰਵਰੀ ਤੱਕ ਵਿਸ਼ੇਸ਼ ਯਾਤਰਾ
ਗਵਰਨਰ ਕਟਾਰੀਆ ਨੇ ਚਿੱਠੀ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ 9 ਤੋਂ 12 ਫਰਵਰੀ ਤੱਕ ਇੱਕ ਵਿਸ਼ੇਸ਼ ਪੈਦਲ ਯਾਤਰਾ ਕਰਵਾਈ ਜਾ ਰਹੀ ਹੈ। ਇਸ ਯਾਤਰਾ ਦਾ ਮੁੱਖ ਉਦੇਸ਼ ਨਸ਼ਿਆਂ ਵਿਰੁੱਧ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਅਤੇ ਖ਼ਾਸ ਕਰਕੇ ਨੌਜਵਾਨਾਂ ਨੂੰ ਇਸ ਬੁਰਾਈ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਹੈ।

ਲੋਕ ਪ੍ਰਤੀਨਿਧੀਆਂ ਦੀ ਭਾਗੀਦਾਰੀ ‘ਤੇ ਜ਼ੋਰ
ਗਵਰਨਰ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਇਸ ਪੈਦਲ ਯਾਤਰਾ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਜਦੋਂ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਅਜਿਹੀਆਂ ਮੁਹਿੰਮਾਂ ਦਾ ਹਿੱਸਾ ਬਣਦੇ ਹਨ ਤਾਂ ਇਸ ਦਾ ਪ੍ਰਭਾਵ ਕਈ ਗੁਣਾ ਵਧ ਜਾਂਦਾ ਹੈ ਅਤੇ ਸਮਾਜ ਤੱਕ ਇੱਕ ਮਜ਼ਬੂਤ ਸੰਦੇਸ਼ ਪਹੁੰਚਦਾ ਹੈ।

ਨਸ਼ਾ—ਸਮਾਜ ਦੀ ਸਾਂਝੀ ਚੁਣੌਤੀ
ਚਿੱਠੀ ਵਿੱਚ ਗਵਰਨਰ ਕਟਾਰੀਆ ਨੇ ਸਪਸ਼ਟ ਕੀਤਾ ਕਿ ਨਸ਼ਾ ਕੇਵਲ ਕਾਨੂੰਨੀ ਜਾਂ ਸਰਕਾਰੀ ਮੁੱਦਾ ਨਹੀਂ, ਸਗੋਂ ਇੱਕ ਗੰਭੀਰ ਸਮਾਜਕ ਬੁਰਾਈ ਹੈ। ਇਸ ਨਾਲ ਨਜਿੱਠਣ ਲਈ ਸਰਕਾਰ, ਸੰਸਥਾਵਾਂ, ਲੋਕ ਪ੍ਰਤੀਨਿਧੀਆਂ ਅਤੇ ਆਮ ਨਾਗਰਿਕਾਂ ਸਭ ਨੂੰ ਮਿਲ ਕੇ ਅੱਗੇ ਆਉਣਾ ਪਵੇਗਾ।

ਸਿਆਸੀ ਤੇ ਸਮਾਜਿਕ ਮੰਚ ‘ਤੇ ਅਹਿਮ ਕਦਮ
ਸਿਆਸੀ ਹਲਕਿਆਂ ਵਿੱਚ ਇਸ ਚਿੱਠੀ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਨਸ਼ਿਆਂ ਦੇ ਮਸਲੇ ‘ਤੇ ਗਵਰਨਰ ਵੱਲੋਂ ਸਪੀਕਰ ਨੂੰ ਸਿੱਧੀ ਅਪੀਲ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ ਸੂਬੇ ਵਿੱਚ ਇਸ ਬੁਰਾਈ ਖ਼ਿਲਾਫ਼ ਇਕਜੁੱਟਤਾ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਸਹੀ ਰਸਤੇ ਵੱਲ ਮੋੜਿਆ ਜਾ ਸਕੇ।

ਨਕੋਦਰ ’ਚ ਪੁਲਿਸ ਦੀ ਵੱਡੀ ਕਾਰਵਾਈ, ਪੁਲਿਸ ਨਾਲ ਮੁਕਾਬਲੇ ਦੌਰਾਨ ਦੋ ਨੌਜਵਾਨ ਕਾਬੂ

ਨਕੋਦਰ :- ਨਕੋਦਰ ਵਿਖੇ ਇਕ ਵਪਾਰੀ ਉੱਤੇ ਫਰੋਤੀ ਦੀ ਮੰਗ ਨੂੰ ਲੈ ਕੇ ਹੋਈ ਫਾਇਰਿੰਗ ਦੇ ਮਾਮਲੇ ’ਚ ਪੁਲਿਸ ਨੇ ਅਹਿਮ ਕਦਮ ਚੁੱਕਦਿਆਂ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਇਸ ਸਬੰਧੀ ਜਲੰਧਰ ਦਿਹਾਤੀ ਪੁਲਿਸ ਵੱਲੋਂ ਅੱਜ ਮੁਕਾਬਲਾ ਕਰਦੇ ਹੋਏ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਐਸਐਸਪੀ ਦੀ ਅਗਵਾਈ ਹੇਠ ਐਨਕਾਊਂਟਰ

ਜਾਣਕਾਰੀ ਅਨੁਸਾਰ ਜਲੰਧਰ ਦਿਹਾਤੀ ਦੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਦੀ ਨਿਗਰਾਨੀ ਹੇਠ ਪੁਲਿਸ ਟੀਮ ਨੇ ਨਕੋਦਰ ਦੇ ਚੱਕ ਮਗਲਾਨੀ ਰੋਡ ਨੇੜੇ ਕੱਚੇ ਰਸਤੇ ’ਤੇ ਨਾਕਾਬੰਦੀ ਦੌਰਾਨ ਕਾਰਵਾਈ ਕੀਤੀ। ਇਸ ਦੌਰਾਨ ਪੁਲਿਸ ਅਤੇ ਸ਼ੱਕੀਆਂ ਵਿਚਕਾਰ ਮੁਕਾਬਲਾ ਹੋਇਆ।

ਦੋ ਆਰੋਪੀ ਹਥਿਆਰਾਂ ਸਮੇਤ ਕਾਬੂ

ਮੁਕਾਬਲੇ ਦੌਰਾਨ ਪੁਲਿਸ ਨੇ ਦੋ ਆਰੋਪੀਆਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਦੀ ਪਛਾਣ ਅੰਕਿਤ ਅਤੇ ਹਰਿੰਦਰ ਵਜੋਂ ਕੀਤੀ ਗਈ ਹੈ। ਪੁਲਿਸ ਵੱਲੋਂ ਦੋਹਾਂ ਕੋਲੋਂ ਇੱਕ ਪਿਸਟਲ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।

ਵੱਡੀ ਵਾਰਦਾਤ ਦੀ ਤਿਆਰੀ ’ਚ ਸਨ ਸ਼ਾਮਲ

ਪੁਲਿਸ ਅਧਿਕਾਰੀਆਂ ਮੁਤਾਬਕ ਫੜੇ ਗਏ ਦੋਵੇਂ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਇਲਾਕੇ ’ਚ ਘੁੰਮ ਰਹੇ ਸਨ ਅਤੇ ਕਿਸੇ ਹੋਰ ਗੰਭੀਰ ਘਟਨਾ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਸਮੇਂ ਸਿਰ ਮਿਲੀ ਸੂਚਨਾ ਕਾਰਨ ਪੁਲਿਸ ਨੇ ਵੱਡੀ ਅਣਹੋਣੀ ਨੂੰ ਟਾਲ ਲਿਆ।

ਲੁਧਿਆਣਾ ਨਾਲ ਸਬੰਧ, ਗਿਰੋਹੀ ਕੜੀਆਂ ਖੰਗਾਲ ਰਹੀ ਪੁਲਿਸ

ਫੜੇ ਗਏ ਦੋਵੇਂ ਆਰੋਪੀ ਲੁਧਿਆਣਾ ਜ਼ਿਲ੍ਹੇ ਦੇ ਵਸਨੀਕ ਦੱਸੇ ਜਾ ਰਹੇ ਹਨ। ਪੁਲਿਸ ਵੱਲੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਹ ਦੋਵੇਂ ਕਿਸੇ ਵੱਡੇ ਅਪਰਾਧਿਕ ਗਿਰੋਹ ਨਾਲ ਜੁੜੇ ਹੋਏ ਹਨ ਜਾਂ ਨਹੀਂ। ਮਾਮਲੇ ਦੀ ਜਾਂਚ ਜਾਰੀ ਹੈ।

ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਅੱਜ ਤੋਂ ਸ਼ੁਰੂ ਹੋਏ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੇ ਰਾਜ ਪੱਧਰੀ ਸਮਾਗਮ

ਚੰਡੀਗੜ੍ਹ :- ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਅੱਜ ਤੋਂ ਇਤਿਹਾਸਕ ਧਾਰਮਿਕ ਅਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਆਰੰਭ ਹੋ ਰਹੇ ਹਨ। ਇਹ ਸਮਾਗਮ ਸਿਰਫ਼ ਇੱਕ ਦਿਨ ਤੱਕ ਸੀਮਿਤ ਨਹੀਂ ਰਹਿਣਗੇ, ਸਗੋਂ ਪੂਰੇ ਸਾਲ ਚੱਲਣਗੇ, ਜਿਨ੍ਹਾਂ ਰਾਹੀਂ ਗੁਰੂ ਰਵਿਦਾਸ ਜੀ ਦੀ ਸਮਾਨਤਾ, ਭਾਈਚਾਰੇ ਅਤੇ ਮਨੁੱਖਤਾ ਦੀ ਭਲਾਈ ਵਾਲੀ ਸੋਚ ਨੂੰ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਅਖੰਡ ਪਾਠ ਸਾਹਿਬ ਨਾਲ ਹੋਵੇਗੀ ਸ਼ੁਰੂਆਤ
ਇਨ੍ਹਾਂ ਰਾਜ ਪੱਧਰੀ ਪ੍ਰਕਾਸ਼ ਪੁਰਬ ਸਮਾਗਮਾਂ ਦੀ ਸ਼ੁਰੂਆਤ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਦੇ ਆਰੰਭ ਨਾਲ ਕੀਤੀ ਜਾ ਰਹੀ ਹੈ। ਇਸ ਮੌਕੇ ਧਾਰਮਿਕ ਮਰਯਾਦਾ ਅਨੁਸਾਰ ਗੁਰਬਾਣੀ ਕੀਰਤਨ, ਅਰਦਾਸਾਂ ਅਤੇ ਹੋਰ ਆਤਮਕ ਕਾਰਜਕ੍ਰਮ ਕਰਵਾਏ ਜਾਣਗੇ, ਜਿਸ ਨਾਲ ਪੂਰਾ ਮਾਹੌਲ ਸ਼ਰਧਾ ਅਤੇ ਸਤਿਕਾਰ ਨਾਲ ਭਰ ਜਾਵੇਗਾ।

ਧਾਰਮਿਕ ਸਮਾਗਮਾਂ ਨਾਲ ਨਾਲ ਸਮਾਜਿਕ ਤੇ ਸੱਭਿਆਚਾਰਕ ਕਾਰਜਕ੍ਰਮ
ਪ੍ਰਕਾਸ਼ ਪੁਰਬ ਦੇ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੌਰਾਨ ਸਿਰਫ਼ ਧਾਰਮਿਕ ਨਹੀਂ, ਸਗੋਂ ਸਮਾਜਿਕ ਅਤੇ ਸੱਭਿਆਚਾਰਕ ਪੱਖਾਂ ਨੂੰ ਵੀ ਖ਼ਾਸ ਤੌਰ ‘ਤੇ ਉਭਾਰਿਆ ਜਾਵੇਗਾ। ਗੁਰੂ ਰਵਿਦਾਸ ਜੀ ਦੇ ਉਪਦੇਸ਼ਾਂ ‘ਤੇ ਆਧਾਰਿਤ ਵਿਚਾਰ ਗੋਸ਼ਠੀਆਂ, ਸੱਭਿਆਚਾਰਕ ਪ੍ਰੋਗਰਾਮ ਅਤੇ ਜਾਗਰੂਕਤਾ ਮੁਹਿੰਮਾਂ ਵੀ ਕਰਵਾਈਆਂ ਜਾਣਗੀਆਂ।

ਕੈਬਨਿਟ ਮੰਤਰੀਆਂ ਅਤੇ ਸੀਨੀਅਰ ਆਗੂਆਂ ਦੀ ਸ਼ਿਰਕਤ
ਰਾਜ ਪੱਧਰੀ ਸਮਾਗਮਾਂ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਲਾਲ ਚੰਦ ਕਟਾਰੂਚੱਕ, ਤਰੁਨਪ੍ਰੀਤ ਸਿੰਘ ਸੌਂਦ ਸਮੇਤ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਆਗੂ ਹਾਜ਼ਰੀ ਭਰਣਗੇ। ਇਸ ਦੌਰਾਨ ਸਰਕਾਰ ਵੱਲੋਂ ਗੁਰੂ ਰਵਿਦਾਸ ਜੀ ਦੇ ਜੀਵਨ ਦਰਸ਼ਨ ਅਤੇ ਉਨ੍ਹਾਂ ਦੀ ਸੋਚ ਨਾਲ ਸੰਬੰਧਿਤ ਵੱਖ-ਵੱਖ ਪਹਿਲਕਦਮੀਆਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।

ਨੌਜਵਾਨ ਪੀੜ੍ਹੀ ਨੂੰ ਜੋੜਨ ‘ਤੇ ਜ਼ੋਰ
ਪੰਜਾਬ ਸਰਕਾਰ ਵੱਲੋਂ ਇਹ ਪ੍ਰਕਾਸ਼ ਪੁਰਬ ਸਮਾਗਮ ਵਿਸ਼ਾਲ ਪੱਧਰ ‘ਤੇ ਮਨਾਉਣ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਗੁਰੂ ਰਵਿਦਾਸ ਜੀ ਦੇ ਦਰਸ਼ਨਕ ਵਿਚਾਰਾਂ ਨਾਲ ਜੋੜਨਾ ਹੈ। ਸਰਕਾਰ ਦਾ ਮੰਨਣਾ ਹੈ ਕਿ ਸਮਾਨਤਾ, ਸਾਂਝ ਅਤੇ ਮਨੁੱਖੀ ਮਰਿਆਦਾ ਦੇ ਸੰਦੇਸ਼ ਰਾਹੀਂ ਸਮਾਜ ਵਿੱਚ ਭਾਈਚਾਰਕ ਸਾਂਝ ਹੋਰ ਮਜ਼ਬੂਤ ਕੀਤੀ ਜਾ ਸਕਦੀ ਹੈ।

ਗੁਰੂ ਰਵਿਦਾਸ ਜੀ ਦਾ ਸੰਦੇਸ਼ ਅੱਜ ਵੀ ਉਤਨਾ ਹੀ ਪ੍ਰਾਸੰਗਿਕ
ਪ੍ਰਕਾਸ਼ ਪੁਰਬ ਦੇ ਇਨ੍ਹਾਂ ਸਮਾਗਮਾਂ ਰਾਹੀਂ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗੁਰੂ ਰਵਿਦਾਸ ਜੀ ਦੇ ਉਪਦੇਸ਼ ਅੱਜ ਦੇ ਸਮਾਜ ਲਈ ਵੀ ਉਤਨੇ ਹੀ ਅਹਿਮ ਹਨ, ਜਿੰਨੇ ਉਹ ਆਪਣੇ ਸਮੇਂ ਵਿੱਚ ਸਨ। ਸਮਾਨਤਾ ਅਤੇ ਮਨੁੱਖਤਾ ਦੀ ਇਹ ਲੌ ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਸਾਰੇ ਪੰਜਾਬ ਵਿੱਚ ਫੈਲਣ ਦੀ ਉਮੀਦ ਕੀਤੀ ਜਾ ਰਹੀ ਹੈ।