Home Blog Page 649

ਪੰਜਾਬ ਦੇ ਸ਼ਹਿਰੀ ਯੂਐਲਬੀਜ਼ ਵਿੱਚ ਪ੍ਰਸ਼ਾਸਨਿਕ ਤੇ ਵਿੱਤੀ ਸੁਧਾਰ, 900 ਲੰਬਿਤ ਮਤੇ ਕਲੀਅਰ

ਚੰਡੀਗੜ੍ਹ, 4 ਫਰਵਰੀ: ਪੰਜਾਬ ਦੇ ਸਥਾਨਕ ਸਰਕਾਰਾਂ, ਉਦਯੋਗ ਤੇ ਵਣਜ, ਬਿਜਲੀ ਅਤੇ ਨਿਵੇਸ਼ ਪ੍ਰੋਤਸਾਹਨ ਬਾਰੇ ਕੈਬਨਿਟ ਮੰਤਰੀ ਸ. ਸੰਜੀਵ ਅਰੋੜਾ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਸ਼ਹਿਰੀ ਸਥਾਨਕ ਸੰਸਥਾਵਾਂ (ਯੂਐਲਬੀਜ਼) ਵਿੱਚ ਪ੍ਰਸ਼ਾਸਨਿਕ, ਵਿੱਤੀ ਅਤੇ ਢਾਂਚਾਗਤ ਸੁਧਾਰ ਕਰਕੇ ਵਿਕਾਸ ਕਾਰਜਾਂ ਨੂੰ ਸਮਾਂਬੱਧ, ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਬਣਾਇਆ ਗਿਆ ਹੈ। ਲੰਬਿਤ ਮਤਿਆਂ ਕਾਰਨ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਰੋਜ਼ਾਨਾ ਨਿਗਰਾਨੀ, ਪ੍ਰਣਾਲੀਗਤ ਪੁਨਰਗਠਨ ਅਤੇ ਸਖ਼ਤ ਸਮਾਂ-ਸੀਮਾਵਾਂ ਤਹਿਤ ਕੰਮ ਕੀਤਾ ਜਾ ਰਿਹਾ ਹੈ, ਜਿਸ ਨਾਲ ਪਿਛਲੇ ਤਿੰਨ ਹਫਤਿਆਂ ਵਿੱਚ 1100 ਵਿੱਚੋਂ 900 ਲੰਬਿਤ ਮਤੇ ਕਲੀਅਰ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਸੁਧਾਰਾਂ ਨੂੰ ਸੰਸਥਾਗਤ ਬਣਾਉਣ ਲਈ 1 ਫਰਵਰੀ 2026 ਤੋਂ ਈ-ਨਿਗਮ ਸਾਫਟਵੇਅਰ ਲਾਗੂ ਕੀਤਾ ਗਿਆ ਹੈ, ਜਿਸ ਨਾਲ ਯੂਐਲਬੀਜ਼ ਦੇ ਮਤਿਆਂ ਦੀ ਆਨਲਾਈਨ ਪ੍ਰਕਿਰਿਆ ਸੰਭਵ ਹੋਈ ਹੈ। ਇਸਦੇ ਨਾਲ ਹੀ ਵਿੱਤੀ ਸ਼ਕਤੀਆਂ ਵਿੱਚ ਵਾਧਾ ਕਰਦੇ ਹੋਏ ਸੁਪਰਿੰਟੈਂਡਿੰਗ ਇੰਜੀਨੀਅਰਾਂ ਨੂੰ 2 ਕਰੋੜ ਰੁਪਏ ਅਤੇ ਮੁੱਖ ਇੰਜੀਨੀਅਰਾਂ ਨੂੰ 10 ਕਰੋੜ ਰੁਪਏ ਤੱਕ ਦੇ ਪ੍ਰੋਜੈਕਟ ਮਨਜ਼ੂਰ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਮੁੱਖ ਦਫਤਰ ਪੱਧਰ ’ਤੇ ਦੋ ਮੁੱਖ ਇੰਜੀਨੀਅਰ ਕਮੇਟੀਆਂ ਦਾ ਗਠਨ ਕਰਕੇ ਜ਼ੀਰੋ ਪੈਂਡੈਂਸੀ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

ਸ. ਅਰੋੜਾ ਨੇ ਅੱਗੇ ਕਿਹਾ ਕਿ ਇੰਜੀਨੀਅਰਿੰਗ ਕਾਡਰ ਨੂੰ ਛੇ ਖੇਤਰਾਂ ਵਿੱਚ ਤਰਕਸੰਗਤ ਤੌਰ ’ਤੇ ਪੁਨਰਗਠਿਤ ਕੀਤਾ ਗਿਆ ਹੈ, ਜਿਸ ਨਾਲ ਖੇਤਰੀ ਨਿਗਰਾਨੀ ਅਤੇ ਤਾਲਮੇਲ ਮਜ਼ਬੂਤ ਹੋਇਆ ਹੈ। ਨਾਲ ਹੀ ਰੇਟ ਕੰਟਰੈਕਟ ਰਾਹੀਂ ਸੀਵਰ ਲਾਈਨਾਂ ਦੀ ਮਿਸ਼ਨ-ਮੋਡ ਸਫ਼ਾਈ, ਅਮਰੂਤ 2.0 ਅਤੇ ਐਸਬੀਐਮ (ਸ਼ਹਿਰੀ) 2.0 ਤਹਿਤ ਜਲ ਸਪਲਾਈ ਅਤੇ ਸੀਵਰੇਜ ਢਾਂਚੇ ਦੇ ਵੱਡੇ ਪ੍ਰੋਜੈਕਟ ਲਾਗੂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਕਦਮ ਪੰਜਾਬ ਵਿੱਚ ਸ਼ਹਿਰੀ ਸ਼ਾਸਨ ਨੂੰ ਤੇਜ਼, ਪਾਰਦਰਸ਼ੀ ਅਤੇ ਨਾਗਰਿਕ ਕੇਂਦਰਿਤ ਬਣਾਉਣ ਵੱਲ ਇੱਕ ਵੱਡਾ ਕਦਮ ਹਨ।

ਸੰਗਰੂਰ – ਹਸਨਪੁਰ ਪਿੰਡ ’ਚ ਥਾਰ-ਮੋਟਰਸਾਈਕਲ ਟੱਕਰ, ਦਾਦੇ ਦੀ ਮੌਤ, ਪੋਤਾ ਗੰਭੀਰ ਜ਼ਖ਼ਮੀ!

ਸੰਗਰੂਰ :- ਸੰਗਰੂਰ ਜ਼ਿਲ੍ਹੇ ਦੇ ਧੂਰੀ ਵਿਧਾਨਸਭਾ ਹਲਕੇ ਅਧੀਨ ਆਉਂਦੇ ਪਿੰਡ ਹਸਨਪੁਰ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ਨੇ ਪੂਰੇ ਇਲਾਕੇ ਨੂੰ ਸਹਿਮਾ ਕੇ ਰੱਖ ਦਿੱਤਾ। ਤੇਜ਼ ਰਫ਼ਤਾਰ ਨਾਲ ਆ ਰਹੀ ਥਾਰ ਗੱਡੀ ਅਤੇ ਮੋਟਰਸਾਈਕਲ ਦਰਮਿਆਨ ਹੋਈ ਭਿਆਨਕ ਟੱਕਰ ਕਾਰਨ ਮੋਟਰਸਾਈਕਲ ’ਤੇ ਸਵਾਰ ਇਕ ਬਜ਼ੁਰਗ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਪੋਤਾ ਗੰਭੀਰ ਜ਼ਖ਼ਮੀ ਹੋ ਗਿਆ।

ਦਾਦਾ–ਪੋਤਾ ਸਨ ਮੋਟਰਸਾਈਕਲ ’ਤੇ ਸਵਾਰ

ਮਿਲੀ ਜਾਣਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਏ ਦੋਵੇਂ ਵਿਅਕਤੀ ਦਾਦਾ ਤੇ ਪੋਤਾ ਸਨ, ਜੋ ਮੋਟਰਸਾਈਕਲ ’ਤੇ ਸਫ਼ਰ ਕਰ ਰਹੇ ਸਨ। ਟੱਕਰ ਇੰਨੀ ਜ਼ੋਰਦਾਰ ਸੀ ਕਿ ਬਜ਼ੁਰਗ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ, ਜਦਕਿ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖ਼ਮੀ ਬੱਚੇ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਜਾਰੀ ਹੈ।

ਸੀਸੀਟੀਵੀ ’ਚ ਦਿਖੀ ਹਾਦਸੇ ਦੀ ਪੂਰੀ ਤਸਵੀਰ

ਹਾਦਸੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਟੱਕਰ ਦੇ ਦ੍ਰਿਸ਼ ਸਾਫ਼ ਨਜ਼ਰ ਆ ਰਹੇ ਹਨ। ਫੁਟੇਜ ਮੁਤਾਬਕ ਥਾਰ ਗੱਡੀ ਪਿੰਡ ਦੀ ਫਿਰਨੀ ਵੱਲੋਂ ਕਾਫ਼ੀ ਤੇਜ਼ ਰਫ਼ਤਾਰ ਨਾਲ ਆ ਰਹੀ ਸੀ, ਜਦਕਿ ਦੂਜੇ ਪਾਸੇ ਮੋਟਰਸਾਈਕਲ ਸਵਾਰ ਵੀ ਬਿਨਾਂ ਰੁਕੇ ਜਾਂ ਸੜਕ ਵੱਲ ਧਿਆਨ ਦਿੱਤੇ ਅਚਾਨਕ ਮੈਨ ਰੋਡ ’ਤੇ ਆ ਗਏ। ਦੋਹਾਂ ਵੱਲੋਂ ਹੋਈ ਲਾਪਰਵਾਹੀ ਨੇ ਇਸ ਹਾਦਸੇ ਨੂੰ ਅਟਲ ਬਣਾ ਦਿੱਤਾ।

ਪਿੰਡ ਵਾਸੀਆਂ ਨੇ ਸੰਭਾਲੀ ਸਥਿਤੀ

ਹਾਦਸੇ ਤੋਂ ਬਾਅਦ ਮੌਕੇ ’ਤੇ ਪਿੰਡ ਦੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਇਨਸਾਨੀਅਤ ਦਿਖਾਉਂਦਿਆਂ ਜ਼ਖ਼ਮੀ ਬੱਚੇ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ।

ਪੁਲਿਸ ਵੱਲੋਂ ਕੇਸ ਦਰਜ, ਜਾਂਚ ਜਾਰੀ

ਕਾਬਿਲੇਗੌਰ ਹੈ ਕਿ ਇਹ ਹਾਦਸਾ 2 ਫਰਵਰੀ ਨੂੰ ਵਾਪਰਿਆ ਸੀ। ਧੂਰੀ ਪੁਲਿਸ ਨੇ ਥਾਰ ਸਵਾਰ ਦੋ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

ਪੁਲਿਸ ਹੌਲਦਾਰ ਗ੍ਰਿਫ਼ਤਾਰ, ਪਾਸਟਰ ਬਜਿੰਦਰ ਸਿੰਘ ਨਾਲ ਜੁੜਿਆ ਮਾਮਲਾ!

ਮਾਨਸਾ :- ਮਾਨਸਾ ਜੇਲ ਵਿੱਚ ਬੰਦ ਜਬਰ-ਜਨਾਹ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਪਾਸਟਰ ਬਜਿੰਦਰ ਸਿੰਘ ਕੋਲੋਂ ਜੇਲ੍ਹ ਅੰਦਰ ਮੋਬਾਈਲ ਫ਼ੋਨ ਮਿਲਣ ਦੇ ਮਾਮਲੇ ਨੇ ਜੇਲ੍ਹ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਮਾਮਲੇ ਵਿੱਚ ਹੁਣ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਜੇਲ੍ਹ ਕਰਮਚਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਤਲਾਸ਼ੀ ਦੌਰਾਨ ਬੈਰਕ ਤੋਂ ਹੋਈ ਸੀ ਬਰਾਮਦਗੀ

ਪੁਲਿਸ ਸੂਤਰਾਂ ਅਨੁਸਾਰ ਲਗਭਗ ਸੱਤ ਮਹੀਨੇ ਪਹਿਲਾਂ ਜੇਲ੍ਹ ਅੰਦਰ ਰੁਟੀਨ ਤਲਾਸ਼ੀ ਦੌਰਾਨ ਪਾਸਟਰ ਬਜਿੰਦਰ ਸਿੰਘ ਦੀ ਬੈਰਕ ਵਿੱਚੋਂ ਇੱਕ ਮੋਬਾਈਲ ਫ਼ੋਨ ਬਰਾਮਦ ਕੀਤਾ ਗਿਆ ਸੀ। ਇਸ ਦੇ ਨਾਲ ਹੀ 2500 ਰੁਪਏ ਨਕਦ ਵੀ ਮਿਲੇ ਸਨ, ਜਿਸ ਤੋਂ ਬਾਅਦ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਜਾਂਚ ਸ਼ੁਰੂ ਕੀਤੀ ਗਈ ਸੀ।

ਜਾਂਚ ‘ਚ ਜੇਲ੍ਹ ਹੌਲਦਾਰ ਦੀ ਭੂਮਿਕਾ ਆਈ ਸਾਹਮਣੇ

ਮਾਨਸਾ ਪੁਲਿਸ ਵੱਲੋਂ ਕੀਤੀ ਗਈ ਅੰਦਰੂਨੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜੇਲ੍ਹ ਵਿੱਚ ਤਾਇਨਾਤ ਹੌਲਦਾਰ ਨਿਰਪਾਲ ਸਿੰਘ ਨੇ ਕੈਦੀ ਪਾਸਟਰ ਤੱਕ ਮੋਬਾਈਲ ਫ਼ੋਨ ਅਤੇ ਨਕਦੀ ਪਹੁੰਚਾਉਣ ਵਿੱਚ ਸਹਾਇਤਾ ਕੀਤੀ ਸੀ। ਸਬੂਤਾਂ ਦੇ ਆਧਾਰ ‘ਤੇ ਮਾਨਸਾ ਸਦਰ ਪੁਲਿਸ ਨੇ ਨਿਰਪਾਲ ਸਿੰਘ ਨੂੰ ਮੁਲਜ਼ਮ ਬਣਾਉਂਦੇ ਹੋਏ ਗ੍ਰਿਫ਼ਤਾਰ ਕਰ ਲਿਆ ਹੈ।

ਜੇਲ੍ਹ ਪ੍ਰਸ਼ਾਸਨ ਦੀ ਨਿਗਰਾਨੀ ‘ਤੇ ਉੱਠੇ ਸਵਾਲ

ਜੇਲ੍ਹ ਅੰਦਰ ਉੱਚ ਸੁਰੱਖਿਆ ਵਾਲੇ ਕੈਦੀ ਕੋਲੋਂ ਮੋਬਾਈਲ ਫ਼ੋਨ ਮਿਲਣਾ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਘਟਨਾ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਜੇਲ੍ਹਾਂ ਵਿੱਚ ਅੰਦਰੂਨੀ ਸਾਂਝ ਬਿਨਾਂ ਅਜਿਹਾ ਸਮਾਨ ਅੰਦਰ ਪਹੁੰਚਣਾ ਸੰਭਵ ਨਹੀਂ।

2018 ਦੇ ਕੇਸ ਵਿੱਚ ਮਿਲੀ ਸੀ ਉਮਰ ਕੈਦ

ਗੌਰਤਲਬ ਹੈ ਕਿ ਜਲੰਧਰ ਸਥਿਤ ‘ਦਿ ਚਰਚ ਆਫ਼ ਗਲੋਰੀ ਐਂਡ ਵਿਜ਼ਡਮ’ ਦੇ ਸੰਸਥਾਪਕ ਪਾਸਟਰ ਬਜਿੰਦਰ ਸਿੰਘ ਖ਼ਿਲਾਫ਼ ਸਾਲ 2018 ਵਿੱਚ ਜ਼ੀਰਕਪੁਰ ਦੀ ਇੱਕ ਪੀੜਤਾ ਦੀ ਸ਼ਿਕਾਇਤ ‘ਤੇ ਜਬਰ-ਜਨਾਹ ਦਾ ਕੇਸ ਦਰਜ ਹੋਇਆ ਸੀ। ਇਸ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ 28 ਮਾਰਚ ਨੂੰ ਪਾਸਟਰ ਬਜਿੰਦਰ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ, ਜਦਕਿ ਹੋਰ ਪੰਜ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ ਸੀ।

ਐਸ.ਜੀ.ਪੀ.ਸੀ. ਪ੍ਰਧਾਨ ਧਾਮੀ ਨੇ ਘਰ ਪਹੁੰਚ ਕੇ ਮਜੀਠੀਆ ਨਾਲ ਕੀਤੀ ਮੁਲਾਕਾਤ

ਅੰਮ੍ਰਿਤਸਰ :- ਬਿਕਰਮ ਸਿੰਘ ਮਜੀਠੀਆ ਦੀ ਰਿਹਾਈ ਤੋਂ ਬਾਅਦ ਪੰਥਕ ਅਤੇ ਸਿਆਸੀ ਮੋਰਚੇ ’ਤੇ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਇਸੀ ਕੜੀ ਹੇਠ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਮਜੀਠੀਆ ਦੀ ਰਿਹਾਇਸ਼ ’ਤੇ ਪਹੁੰਚ ਕੇ ਮੁਲਾਕਾਤ ਕੀਤੀ ਗਈ, ਜਿਸਨੂੰ ਸਧਾਰਣ ਸੌਜਣੀ ਫੇਰੀ ਤੋਂ ਕਿਤੇ ਵੱਧ ਅਹਿਮ ਮੰਨਿਆ ਜਾ ਰਿਹਾ ਹੈ।

ਰਿਹਾਈ ਤੋਂ ਬਾਅਦ ਵਧ ਰਹੀ ਆਵਾਜਾਈ

ਜੇਲ੍ਹ ਤੋਂ ਬਾਹਰ ਆਉਣ ਮਗਰੋਂ ਮਜੀਠੀਆ ਨਾਲ ਮਿਲਣ ਆ ਰਹੀਆਂ ਪ੍ਰਮੁੱਖ ਸ਼ਖਸੀਅਤਾਂ ਦੀ ਲੜੀ ਲਗਾਤਾਰ ਲੰਮੀ ਹੋ ਰਹੀ ਹੈ। ਐਸ.ਜੀ.ਪੀ.ਸੀ. ਪ੍ਰਧਾਨ ਦੀ ਇਹ ਫੇਰੀ ਇਸ ਲੜੀ ਵਿੱਚ ਇੱਕ ਵੱਡਾ ਜੋੜ ਮੰਨੀ ਜਾ ਰਹੀ ਹੈ, ਜੋ ਪੰਥਕ ਅਤੇ ਅਕਾਲੀ ਸਿਆਸਤ ਦੇ ਸੰਦਰਭ ’ਚ ਸੰਕੇਤਕ ਅਹਿਮੀਅਤ ਰੱਖਦੀ ਹੈ।

ਹਾਲ-ਚਾਲ ਤੋਂ ਅੱਗੇ ਦੀ ਗੱਲਬਾਤ

ਮੁਲਾਕਾਤ ਦੌਰਾਨ ਐਡਵੋਕੇਟ ਧਾਮੀ ਨੇ ਮਜੀਠੀਆ ਦੀ ਸਿਹਤ ਅਤੇ ਨਿੱਜੀ ਹਾਲਾਤ ਬਾਰੇ ਜਾਣਕਾਰੀ ਲਈ। ਇਸ ਮੌਕੇ ਮਜੀਠੀਆ ਪਰਿਵਾਰ ਦੇ ਮੈਂਬਰਾਂ ਨਾਲ ਵੀ ਗੱਲਬਾਤ ਹੋਈ ਅਤੇ ਰਿਹਾਈ ’ਤੇ ਸੰਤੋਖ ਜਤਾਇਆ ਗਿਆ। ਸੂਤਰਾਂ ਮੁਤਾਬਕ, ਗੱਲਬਾਤ ਦਾ ਮਾਹੌਲ ਸਧਾਰਣ ਤੋਂ ਕਿਤੇ ਵੱਧ ਗੰਭੀਰ ਰਿਹਾ।

ਪੰਥਕ ਪਿਛੋਕੜ ਨੇ ਵਧਾਈ ਅਹਿਮੀਅਤ

ਸਿਆਸੀ ਜਾਣਕਾਰਾਂ ਦਾ ਮੰਨਣਾ ਹੈ ਕਿ ਮਜੀਠੀਆ ਦੀ ਪੰਥਕ ਮੁੱਦਿਆਂ ’ਚ ਲਗਾਤਾਰ ਭੂਮਿਕਾ ਅਤੇ ਅਕਾਲੀ ਦਲ ਅੰਦਰ ਉਨ੍ਹਾਂ ਦਾ ਰੁਤਬਾ ਇਸ ਮੁਲਾਕਾਤ ਨੂੰ ਵੱਖਰਾ ਭਾਰ ਦਿੰਦਾ ਹੈ। ਇਸੀ ਕਾਰਨ ਐਸ.ਜੀ.ਪੀ.ਸੀ. ਪ੍ਰਧਾਨ ਦੀ ਹਾਜ਼ਰੀ ਨੂੰ ਸਿਰਫ਼ ਨਿੱਜੀ ਮੁਲਾਕਾਤ ਨਹੀਂ, ਬਲਕਿ ਪੰਥਕ ਸੰਕੇਤ ਵਜੋਂ ਵੀ ਦੇਖਿਆ ਜਾ ਰਿਹਾ ਹੈ।

ਸਿਆਸੀ ਚਰਚਾ ਨੂੰ ਮਿਲੀ ਨਵੀਂ ਰਫ਼ਤਾਰ

ਇਸ ਫੇਰੀ ਤੋਂ ਬਾਅਦ ਸਿਆਸੀ ਹਲਕਿਆਂ ’ਚ ਚਰਚਾ ਤੇਜ਼ ਹੋ ਗਈ ਹੈ। ਕਈਆਂ ਵੱਲੋਂ ਇਸਨੂੰ ਅਕਾਲੀ ਦਲ ਦੀ ਅੰਦਰੂਨੀ ਗਤੀਵਿਧੀਆਂ ਅਤੇ ਆਉਣ ਵਾਲੀ ਸਿਆਸੀ ਦਿਸ਼ਾ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ, ਹਾਲਾਂਕਿ ਇਸ ਬਾਰੇ ਕੋਈ ਅਧਿਕਾਰਿਕ ਬਿਆਨ ਸਾਹਮਣੇ ਨਹੀਂ ਆਇਆ।

ਸੀਨੀਅਰ ਅਧਿਕਾਰੀਆਂ ਨੂੰ ਅਦਾਲਤਾਂ ’ਚ ਘਸੀਟਣਾ ਮਨਜ਼ੂਰ ਨਹੀਂ, ਹਾਈ ਕੋਰਟ ਵੱਲੋਂ CP ਲੁਧਿਆਣਾ ਨੂੰ ਸਮਨ ਕਰਨ ਦੇ ਹੁਕਮ ’ਤੇ ਰੋਕ

ਲੁਧਿਆਣਾ :- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਐਨਡੀਪੀਐਸ ਮਾਮਲੇ ਵਿੱਚ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਡਿਫੈਂਸ ਗਵਾਹ ਵਜੋਂ ਤਲਬ ਕਰਨ ਦੇ ਰੁਝਾਨ ’ਤੇ ਸਖ਼ਤ ਐਤਰਾਜ਼ ਜਤਾਉਂਦਿਆਂ ਜਲੰਧਰ ਦੀ ਟਰਾਇਲ ਅਦਾਲਤ ਵੱਲੋਂ ਲੁਧਿਆਣਾ ਦੇ ਕਮਿਸ਼ਨਰ ਆਫ਼ ਪੁਲਿਸ ਸਵਪਨ ਸ਼ਰਮਾ ਨੂੰ ਜਾਰੀ ਕੀਤੇ ਗਏ ਸੰਮਨ ਹੁਕਮ ’ਤੇ ਤੁਰੰਤ ਸਟੇਅ ਲਗਾ ਦਿੱਤਾ ਹੈ। ਇਹ ਮਾਮਲਾ ਮਾਨਯੋਗ ਜਸਟਿਸ ਜਸਜੀਤ ਸਿੰਘ ਬੇਦੀ ਦੀ ਬੈਂਚ ਵੱਲੋਂ ਸੁਣਿਆ ਗਿਆ।

ਟਰਾਇਲ ਲਟਕਾਉਣ ਦੀ ਕੋਸ਼ਿਸ਼ ਕਰਾਰ

ਹਾਈ ਕੋਰਟ ਨੇ ਆਪਣੇ ਅਭੀਪ੍ਰਾਯ ’ਚ ਕਿਹਾ ਕਿ ਬਿਨਾਂ ਵਾਜ਼ਬ ਕਾਰਨ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਅਦਾਲਤ ਵਿੱਚ ਬੁਲਾਉਣਾ ਨਿਆਂਕ ਪ੍ਰਕਿਰਿਆ ਦੀ ਗਲਤ ਵਰਤੋਂ ਹੈ। ਖ਼ਾਸ ਕਰਕੇ ਐਨਡੀਪੀਐਸ ਵਰਗੇ ਸਮੇਂ-ਬੱਧ ਟਰਾਇਲਾਂ ਵਿੱਚ ਅਜਿਹੀ ਕਾਰਵਾਈ ਨਾਂ ਕਬੂਲਯੋਗ ਹੈ ਅਤੇ ਨਾਂ ਹੀ ਕਾਨੂੰਨੀ ਮਰਯਾਦਾਵਾਂ ਦੇ ਅਨੁਕੂਲ।

ਖੁੱਲ੍ਹੀ ਅਦਾਲਤ ’ਚ ਤਿੱਖੀ ਟਿੱਪਣੀ

ਸੁਣਵਾਈ ਦੌਰਾਨ ਬੈਂਚ ਨੇ ਖੁੱਲ੍ਹੀ ਅਦਾਲਤ ਵਿੱਚ ਸਵਾਲ ਉਠਾਉਂਦਿਆਂ ਕਿਹਾ ਕਿ ਲੁਧਿਆਣਾ ਦੇ ਕਮਿਸ਼ਨਰ ਆਫ਼ ਪੁਲਿਸ ਨੂੰ ਅਦਾਲਤ ਵਿੱਚ ਹਾਜ਼ਰ ਕਰਨ ਦੀ ਅਸਲ ਲੋੜ ਕੀ ਹੈ। ਅਦਾਲਤ ਨੇ ਟਿੱਪਣੀ ਕੀਤੀ ਕਿ ਸਿਰਫ਼ CCTV ਫੁੱਟੇਜ ਹਾਸਲ ਕਰਨ ਵਰਗੇ ਮਸਲੇ ਲਈ ਇਸ ਪੱਧਰ ਦੇ ਅਧਿਕਾਰੀ ਨੂੰ ਸਮਨ ਕਰਨਾ ਤਰਕਸੰਗਤ ਨਹੀਂ ਲੱਗਦਾ।

ਜ਼ਮਾਨਤੀ ਵਾਰੰਟਾਂ ’ਤੇ ਵੀ ਨਾਰਾਜ਼ਗੀ

ਹਾਈ ਕੋਰਟ ਨੇ ਇਸ ਗੱਲ ’ਤੇ ਵੀ ਗੰਭੀਰ ਚਿੰਤਾ ਜਤਾਈ ਕਿ ਟਰਾਇਲ ਅਦਾਲਤ ਵੱਲੋਂ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਲਈ ਜ਼ਮਾਨਤੀ ਵਾਰੰਟ ਤੱਕ ਜਾਰੀ ਕਰ ਦਿੱਤੇ ਗਏ। ਬੈਂਚ ਨੇ ਕਿਹਾ ਕਿ ਜਿਹੜੇ ਅਧਿਕਾਰੀ ਨਾ ਤਾਂ ਜਾਂਚ ਟੀਮ ਦਾ ਹਿੱਸਾ ਹਨ ਅਤੇ ਨਾ ਹੀ ਗਵਾਹਾਂ ਦੀ ਸੂਚੀ ਵਿੱਚ ਸ਼ਾਮਲ ਹਨ, ਉਨ੍ਹਾਂ ਨੂੰ ਸਿਰਫ਼ ਟਰਾਇਲ ਵਿੱਚ ਦੇਰੀ ਪੈਦਾ ਕਰਨ ਜਾਂ ਚਰਚਾ ਦਾ ਕੇਂਦਰ ਬਣਾਉਣ ਲਈ ਨਹੀਂ ਬੁਲਾਇਆ ਜਾ ਸਕਦਾ।

ਵੀਡੀਓ ਕਾਨਫਰੰਸਿੰਗ ਦੀ ਬੇਨਤੀ ਅਣਡਿੱਠੀ

ਅਦਾਲਤ ਨੇ ਇਹ ਵੀ ਦਰਸਾਇਆ ਕਿ CP ਲੁਧਿਆਣਾ ਵੱਲੋਂ ਕਾਨੂੰਨ-ਵਿਵਸਥਾ ਨਾਲ ਜੁੜੀਆਂ ਅਹਿਮ ਜ਼ਿੰਮੇਵਾਰੀਆਂ ਦੇ ਮੱਦੇਨਜ਼ਰ ਵੀਡੀਓ ਕਾਨਫਰੰਸਿੰਗ ਰਾਹੀਂ ਹਾਜ਼ਰੀ ਦੀ ਮੰਗ ਕੀਤੀ ਗਈ ਸੀ। ਹਾਈ ਕੋਰਟ ਦੇ ਅਨੁਸਾਰ, ਟਰਾਇਲ ਅਦਾਲਤ ਨੂੰ ਇਸ ਬੇਨਤੀ ’ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਸੀ, ਪਰ ਇਸਦੀ ਥਾਂ ਨਿੱਜੀ ਹਾਜ਼ਰੀ ’ਤੇ ਜ਼ੋਰ ਦਿੱਤਾ ਗਿਆ, ਜੋ ਨਿਆਂਕ ਸਮਝ ਨਾਲ ਮੇਲ ਨਹੀਂ ਖਾਂਦਾ।

ਮੀਡੀਆ ਰਿਪੋਰਟਿੰਗ ’ਤੇ ਵੀ ਟਿੱਪਣੀ

ਹਾਈ ਕੋਰਟ ਨੇ ਸੰਮਨ ਦੇ ਹੁਕਮ ਤੋਂ ਬਾਅਦ ਹੋਈ ਮੀਡੀਆ ਕਵਰੇਜ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਧੂਰੀ ਜਾਣਕਾਰੀ ਅਤੇ ਅਟਕਲਾਂ ’ਤੇ ਆਧਾਰਿਤ ਰਿਪੋਰਟਾਂ ਰਾਹੀਂ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ, ਜੋ ਮੀਡੀਆ ਦੀ ਜ਼ਿੰਮੇਵਾਰੀ ਅਤੇ ਲੋਕ ਭਰੋਸੇ ਲਈ ਠੀਕ ਨਹੀਂ।

ਐਨਡੀਪੀਐਸ ਕੇਸ ਦੀ ਪਿਛੋਕੜ

ਅਦਾਲਤ ਨੇ ਦਰਸਾਇਆ ਕਿ ਮੌਜੂਦਾ ਐਨਡੀਪੀਐਸ ਮਾਮਲਾ ਇਕ ਵੱਡੀ ਅਤੇ ਸੁਚੱਜੀ ਐਂਟੀ-ਡਰੱਗ ਕਾਰਵਾਈ ਨਾਲ ਸਬੰਧਿਤ ਹੈ। ਮਾਰਚ 2024 ਵਿੱਚ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਲੰਬੇ ਸਮੇਂ ਤੱਕ ਚਲਾਈ ਗਈ ਜਾਂਚ ਤੋਂ ਬਾਅਦ ਇੱਕ ਅੰਤਰਰਾਸ਼ਟਰੀ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਸੀ।

ਵੱਡੀਆਂ ਗ੍ਰਿਫ਼ਤਾਰੀਆਂ ਤੇ ਭਾਰੀ ਬਰਾਮਦਗੀ

ਉਕਤ ਕਾਰਵਾਈ ਦੌਰਾਨ 9 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ, 22 ਕਿਲੋਗ੍ਰਾਮ ਅਫ਼ੀਮ ਬਰਾਮਦ ਹੋਈ ਅਤੇ ਨਸ਼ੇ ਦੀ ਕਮਾਈ ਨਾਲ ਜੁੜੇ ਲਗਭਗ 9 ਕਰੋੜ ਰੁਪਏ ਦੇ ਲੈਣ-ਦੇਣ ਵਾਲੇ 30 ਬੈਂਕ ਖਾਤੇ ਫ੍ਰੀਜ਼ ਕੀਤੇ ਗਏ। ਜਾਂਚ ਦੌਰਾਨ ਝਾਰਖੰਡ ਤੋਂ ਅਫ਼ੀਮ ਉਗਾਉਣ ਵਾਲੇ ਅਭੀ ਰਾਮ ਦੀ ਗ੍ਰਿਫ਼ਤਾਰੀ ਹੋਈ ਅਤੇ ਹਵਾਲਾ ਨੈੱਟਵਰਕ ਤੇ ਕੁਰਿਅਰ ਚੇਨ ਦੀ ਭੂਮਿਕਾ ਵੀ ਸਾਹਮਣੇ ਆਈ।

ਕਸਟਮਜ਼ ਅਧਿਕਾਰੀਆਂ ਨਾਲ ਜੁੜੇ ਤੱਥ ਵੀ ਬੇਨਕਾਬ

ਇਸ ਮਾਮਲੇ ਵਿੱਚ ਛੇ ਕਸਟਮਜ਼ ਅਧਿਕਾਰੀਆਂ ਨਾਲ ਸਬੰਧਤ ਗੰਭੀਰ ਤੱਥ ਵੀ ਸਾਹਮਣੇ ਆਏ, ਜਿਸ ਵਿੱਚ ਦਿੱਲੀ ਤੋਂ ਚਾਰ ਕਸਟਮਜ਼ ਕਰਮਚਾਰੀਆਂ ਦੀ ਗ੍ਰਿਫ਼ਤਾਰੀ ਸ਼ਾਮਲ ਹੈ।

ਹਾਈ ਕੋਰਟ ਦਾ ਸਪਸ਼ਟ ਸੁਨੇਹਾ

ਇਨ੍ਹਾਂ ਸਾਰੇ ਤੱਥਾਂ ਨੂੰ ਧਿਆਨ ਵਿੱਚ ਰੱਖਦਿਆਂ ਹਾਈ ਕੋਰਟ ਨੇ ਕਿਹਾ ਕਿ ਐਸੇ ਮਾਮਲੇ ਵਿੱਚ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਸਮਨ ਕਰਨ ਦਾ ਕੋਈ ਵਾਜ਼ਬ ਆਧਾਰ ਨਹੀਂ ਬਣਦਾ। ਅਦਾਲਤ ਨੇ ਜਲੰਧਰ ਟਰਾਇਲ ਕੋਰਟ ਦੇ ਸੰਮਨ ਹੁਕਮ ’ਤੇ ਰੋਕ ਲਗਾਉਂਦਿਆਂ CP ਲੁਧਿਆਣਾ ਨੂੰ ਤੁਰੰਤ ਰਾਹਤ ਦਿੱਤੀ ਅਤੇ ਸਾਫ਼ ਕੀਤਾ ਕਿ ਨਿਆਂਕ ਪ੍ਰਕਿਰਿਆ ਨੂੰ ਨਾ ਤਾਂ ਅਧਿਕਾਰੀਆਂ ਨੂੰ ਪਰੇਸ਼ਾਨ ਕਰਨ ਲਈ ਵਰਤਿਆ ਜਾ ਸਕਦਾ ਹੈ ਅਤੇ ਨਾ ਹੀ ਪ੍ਰਭਾਵਸ਼ਾਲੀ ਐਂਟੀ-ਡਰੱਗ ਕਾਰਵਾਈਆਂ ਨੂੰ ਕਮਜ਼ੋਰ ਕਰਨ ਲਈ।

ਜੰਮੂ-ਕਸ਼ਮੀਰ – ਉਧੱਮਪੁਰ ਪੁਰ ’ਚ ਸੁਰੱਖਿਆ ਬਲਾਂ ਦੀ ਵੱਡੀ ਕਾਰਵਾਈ, ਜੈਸ਼-ਏ-ਮੁਹੰਮਦ ਦੇ ਦੋ ਅੱਤਵਾਦੀ ਢੇਰ

ਜੰਮੂ-ਕਸ਼ਮੀਰ :- ਜੰਮੂ-ਕਸ਼ਮੀਰ ਦੇ ਉਧੱਮਪੁਰ ਜ਼ਿਲ੍ਹੇ ਤੋਂ ਸੁਰੱਖਿਆ ਏਜੰਸੀਆਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸੁਰੱਖਿਆ ਬਲਾਂ ਨੇ ਅੱਤਵਾਦ ਵਿਰੁੱਧ ਚਲਾਏ ਗਏ ਇਕ ਅਹਿਮ ਆਪਰੇਸ਼ਨ ਦੌਰਾਨ ਜੈਸ਼-ਏ-ਮੁਹੰਮਦ ਨਾਲ ਜੁੜੇ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਇਹ ਕਾਰਵਾਈ ਰਾਮਨਗਰ ਤਹਿਸੀਲ ਦੇ ਬਸੰਤਗੜ੍ਹ ਖੇਤਰ ਵਿੱਚ ਸਥਿਤ ਇੱਕ ਕੁਦਰਤੀ ਗੁਫਾ ਵਿੱਚ ਕੀਤੀ ਗਈ।

ਤਿੰਨ ਏਜੰਸੀਆਂ ਦੀ ਸਾਂਝੀ ਮੁਹਿੰਮ

ਇਸ ਕਾਰਵਾਈ ਨੂੰ ‘ਆਪਰੇਸ਼ਨ ਕਿਆ’ ਦਾ ਨਾਮ ਦਿੱਤਾ ਗਿਆ ਸੀ, ਜਿਸਨੂੰ ਭਾਰਤੀ ਫੌਜ ਦੀ ਵ੍ਹਾਈਟ ਨਾਈਟ ਕੋਰਪਸ, ਸੀ.ਆਰ.ਪੀ.ਐੱਫ. ਅਤੇ ਜੰਮੂ-ਕਸ਼ਮੀਰ ਪੁਲਸ ਨੇ ਮਿਲ ਕੇ ਅੰਜਾਮ ਦਿੱਤਾ। ਖੁਫੀਆ ਜਾਣਕਾਰੀ ਦੇ ਆਧਾਰ ’ਤੇ ਇਲਾਕੇ ਵਿੱਚ ਵੱਡੇ ਪੱਧਰ ’ਤੇ ਘੇਰਾਬੰਦੀ ਕੀਤੀ ਗਈ ਸੀ।

ਹਨੇਰੇ ’ਚ ਭੱਜਣ ਦੀ ਕੋਸ਼ਿਸ਼ ਨਾਕਾਮ

ਸੂਤਰਾਂ ਮੁਤਾਬਕ ਅੱਤਵਾਦੀ ਮੰਗਲਵਾਰ ਦੁਪਹਿਰ ਤੋਂ ਜਾਫਰ ਜੰਗਲੀ ਖੇਤਰ ਦੀ ਇੱਕ ਗੁਫਾ ਵਿੱਚ ਲੁਕੇ ਹੋਏ ਸਨ। ਸ਼ਾਮ ਹੋਣ ’ਤੇ ਉਨ੍ਹਾਂ ਨੇ ਹਨੇਰੇ ਦੀ ਆੜ ਲੈ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਸੁਰੱਖਿਆ ਬਲਾਂ ਨੇ ਘੇਰਾ ਹੋਰ ਕੱਸ ਲਿਆ ਅਤੇ ਮੁੱਠਭੇੜ ਦੌਰਾਨ ਦੋਵੇਂ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ।

ਡਰੋਨ ਅਤੇ ਡੌਗ ਸਕੁਐਡ ਨਾਲ ਨਿਗਰਾਨੀ

ਅੱਤਵਾਦੀਆਂ ਦੀ ਸਹੀ ਸਥਿਤੀ ਦਾ ਪਤਾ ਲਗਾਉਣ ਲਈ ਡਰੋਨਾਂ, ਡੌਗ ਸਕੁਐਡ ਅਤੇ ਖਾਸ ਤਰ੍ਹਾਂ ਦੀ ਤਿਆਰ ਪੈਰਾਟਰੂਪਰ ਟੀਮਾਂ ਦੀ ਮਦਦ ਲਈ ਗਈ। ਇਲਾਕੇ ਦੇ ਸਾਰੇ ਆਉਣ-ਜਾਣ ਵਾਲੇ ਰਸਤੇ ਸੀਲ ਕਰ ਦਿੱਤੇ ਗਏ ਸਨ ਤਾਂ ਜੋ ਕੋਈ ਵੀ ਸ਼ੱਕੀ ਵਿਅਕਤੀ ਫਰਾਰ ਨਾ ਹੋ ਸਕੇ।

ਗੁਫਾ ਦੀ ਤਲਾਸ਼ੀ ਜਾਰੀ

ਦੋਵਾਂ ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਸੁਰੱਖਿਆ ਬਲਾਂ ਵੱਲੋਂ ਗੁਫਾ ਅਤੇ ਆਲੇ-ਦੁਆਲੇ ਦੇ ਖੇਤਰ ਦੀ ਬਰੀਕੀ ਨਾਲ ਤਲਾਸ਼ੀ ਲੈਈ ਜਾ ਰਹੀ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਲਾਕੇ ਵਿੱਚ ਕੋਈ ਹੋਰ ਖਤਰਾ ਮੌਜੂਦ ਨਾ ਰਹੇ।

ਜੰਮੂ ਖੇਤਰ ਵਿੱਚ ਕਾਰਵਾਈਆਂ ਤੇਜ਼

ਗੌਰਤਲਬ ਹੈ ਕਿ ਜੰਮੂ ਖੇਤਰ ਵਿੱਚ ਅੱਤਵਾਦੀ ਗਤੀਵਿਧੀਆਂ ਦੇ ਖ਼ਿਲਾਫ਼ ਸੁਰੱਖਿਆ ਬਲਾਂ ਨੇ ਆਪਣੀ ਰਣਨੀਤੀ ਹੋਰ ਤੇਜ਼ ਕਰ ਦਿੱਤੀ ਹੈ। ਕਿਸ਼ਤਵਾੜ ਦੇ ਜੰਗਲਾਤੀ ਇਲਾਕਿਆਂ ਵਿੱਚ ਪਿਛਲੇ ਤਿੰਨ ਹਫ਼ਤਿਆਂ ਤੋਂ ‘ਆਪਰੇਸ਼ਨ ਤਰਾਸ਼ੀ-1’ ਚੱਲ ਰਿਹਾ ਹੈ, ਜਿੱਥੇ ਹੋਰ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਪਿਛਲੀ ਕਾਰਵਾਈ ਵੀ ਰਹੀ ਅਹਿਮ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 23 ਜਨਵਰੀ ਨੂੰ ਕਠੂਆ ਜ਼ਿਲ੍ਹੇ ਵਿੱਚ ਜੈਸ਼-ਏ-ਮੁਹੰਮਦ ਦੇ ਇੱਕ ਸੀਨੀਅਰ ਕਮਾਂਡਰ ਉਸਮਾਨ ਨੂੰ ਵੀ ਸੁਰੱਖਿਆ ਬਲਾਂ ਵੱਲੋਂ ਮਾਰਿਆ ਜਾ ਚੁੱਕਾ ਹੈ।

ਵੱਡੀ ਖਬਰ – ਭਲਕੇ ਸ਼੍ਰੋਮਣੀ ਅਕਾਲੀ ਦਲ ਦੀ ਅਹਿਮ ਮੀਟਿੰਗ!

ਚੰਡੀਗੜ੍ਹ :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੀ ਕੋਰ ਕਮੇਟੀ ਦੀ ਇਕ ਅਹਿਮ ਮੀਟਿੰਗ ਸੱਦੀ ਗਈ ਹੈ। ਇਹ ਬੈਠਕ ਭਲਕੇ 5 ਫਰਵਰੀ ਨੂੰ ਸਵੇਰੇ 11 ਵਜੇ ਚੰਡੀਗੜ੍ਹ ਸਥਿਤ ਅਕਾਲੀ ਦਲ ਦੇ ਮੁੱਖ ਦਫ਼ਤਰ ਵਿਖੇ ਹੋਵੇਗੀ।

ਪਾਰਟੀ ਬੁਲਾਰੇ ਵੱਲੋਂ ਮੀਟਿੰਗ ਦੀ ਪੁਸ਼ਟੀ

ਮੀਟਿੰਗ ਸਬੰਧੀ ਜਾਣਕਾਰੀ ਪਾਰਟੀ ਦੇ ਸੀਨੀਅਰ ਆਗੂ ਅਤੇ ਮੁੱਖ ਬੁਲਾਰੇ ਦਲਜੀਤ ਸਿੰਘ ਚੀਮਾ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੋਰ ਕਮੇਟੀ ਦੇ ਸਾਰੇ ਪ੍ਰਮੁੱਖ ਆਗੂਆਂ ਨੂੰ ਇਸ ਬੈਠਕ ਲਈ ਸੂਚਿਤ ਕਰ ਦਿੱਤਾ ਗਿਆ ਹੈ।

ਮਜੀਠੀਆ ਦੀ ਜ਼ਮਾਨਤ ਤੋਂ ਬਾਅਦ ਪਹਿਲੀ ਬੈਠਕ

ਗੌਰਤਲਬ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਇਹ ਪਹਿਲੀ ਕੋਰ ਕਮੇਟੀ ਮੀਟਿੰਗ ਹੈ। ਪਾਰਟੀ ਸੂਤਰਾਂ ਮੁਤਾਬਕ, ਬਿਕਰਮ ਮਜੀਠੀਆ ਵੀ ਇਸ ਮਹੱਤਵਪੂਰਨ ਬੈਠਕ ਵਿੱਚ ਹਾਜ਼ਰ ਹੋ ਸਕਦੇ ਹਨ।

ਪੰਜਾਬ ਦੀ ਸਿਆਸੀ ਸਥਿਤੀ ’ਤੇ ਚਰਚਾ ਦੇ ਆਸਾਰ

ਮੀਟਿੰਗ ਦੌਰਾਨ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ, ਸਰਕਾਰ ਦੀ ਕਾਰਗੁਜ਼ਾਰੀ ਅਤੇ ਆਉਣ ਵਾਲੇ ਸਮੇਂ ਲਈ ਪਾਰਟੀ ਦੀ ਰਣਨੀਤੀ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਹੋਣ ਦੀ ਸੰਭਾਵਨਾ ਹੈ।

ਅਗਲੀ ਰਣਨੀਤੀ ਤੈਅ ਕਰਨ ’ਤੇ ਨਜ਼ਰ

ਕੋਰ ਕਮੇਟੀ ਦੀ ਇਹ ਬੈਠਕ ਪਾਰਟੀ ਦੀਆਂ ਆਉਣ ਵਾਲੀਆਂ ਸਰਗਰਮੀਆਂ, ਸੰਗਠਨਕ ਮਜ਼ਬੂਤੀ ਅਤੇ ਸਿਆਸੀ ਦਿਸ਼ਾ ਤੈਅ ਕਰਨ ਦੇ ਮੱਦੇਨਜ਼ਰ ਖਾਸ ਅਹਿਮੀਅਤ ਰੱਖਦੀ ਮੰਨੀ ਜਾ ਰਹੀ ਹੈ।

ਜਾਣੋ ਕਿਹੜੀਆਂ ਸ਼ਰਤਾਂ ਤੇ ਮਿਲੀ ਬਿਕਰਮ ਮਜੀਠੀਆ ਨੂੰ ਜ਼ਮਾਨਤ!

ਚੰਡੀਗੜ੍ਹ :- ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਨਾਮਜ਼ਦ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਜ਼ਮਾਨਤ ਬਾਂਡ ਪੇਸ਼ ਕਰਨ ਸਬੰਧੀ ਦਾਇਰ ਅਰਜ਼ੀ ’ਤੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਨੇ ਸੁਣਵਾਈ ਕੀਤੀ। ਸੁਣਵਾਈ ਦੌਰਾਨ ਅਦਾਲਤ ਵੱਲੋਂ ਜ਼ਮਾਨਤ ਬਾਂਡ ਸਵੀਕਾਰ ਕਰਦੇ ਹੋਏ ਉਸਦੀ ਤਸਦੀਕ ਵੀ ਕੀਤੀ ਗਈ।

2 ਲੱਖ ਰੁਪਏ ਦਾ ਮੁਚੱਲਕਾ ਅਦਾਲਤ ’ਚ ਪੇਸ਼

ਜ਼ਿਲ੍ਹਾ ਅਦਾਲਤ ਵਿੱਚ ਮਜੀਠੀਆ ਵੱਲੋਂ 2 ਲੱਖ ਰੁਪਏ ਦਾ ਜ਼ਮਾਨਤੀ ਮੁਚੱਲਕਾ ਭਰਿਆ ਗਿਆ, ਜੋ ਕਿ ਬਲਜੀਤ ਸਿੰਘ, ਵਾਸੀ ਪਿੰਡ ਦੈੜੀ (ਮੋਹਾਲੀ) ਵੱਲੋਂ ਪੇਸ਼ ਕੀਤਾ ਗਿਆ। ਮੁਚੱਲਕੇ ਦੀ ਤਸਦੀਕ ਹਰਵਿੰਦਰ ਸਿੰਘ ਕਾਲਾ ਨੰਬਰਦਾਰ ਵੱਲੋਂ ਕੀਤੀ ਗਈ।

ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਕਾਰਵਾਈ

ਅਦਾਲਤ ਨੇ ਆਪਣੇ ਹੁਕਮਾਂ ਵਿੱਚ ਦਰਜ ਕੀਤਾ ਕਿ ਇਹ ਕਾਰਵਾਈ ਸੁਪਰੀਮ ਕੋਰਟ ਵੱਲੋਂ 2 ਫਰਵਰੀ 2026 ਨੂੰ ਜਾਰੀ ਹੁਕਮਾਂ ਦੇ ਅਧੀਨ ਕੀਤੀ ਗਈ ਹੈ। ਉਕਤ ਹੁਕਮਾਂ ਅਨੁਸਾਰ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦੀ ਸਹੂਲਤ ਦਿੱਤੀ ਗਈ ਸੀ ਅਤੇ ਇਸਦੇ ਨਾਲ ਕੁਝ ਨਿਯਮ ਤੇ ਸ਼ਰਤਾਂ ਲਾਗੂ ਕਰਨ ਦੀ ਹਦਾਇਤ ਵੀ ਦਿੱਤੀ ਗਈ ਸੀ।

ਬਚਾਅ ਪੱਖ ਦੀ ਦਲੀਲ

ਬਚਾਅ ਪੱਖ ਦੇ ਵਕੀਲਾਂ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਮਜੀਠੀਆ ਪਹਿਲਾਂ ਵਾਲੇ ਮਾਮਲੇ ਵਿੱਚ ਰਿਹਾਅ ਹੋਣ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਸ਼ਰਤ ਦੀ ਉਲੰਘਣਾ ਵਿੱਚ ਦੋਸ਼ੀ ਨਹੀਂ ਪਾਏ ਗਏ। ਉਨ੍ਹਾਂ ਕਿਹਾ ਕਿ ਨਾ ਤਾਂ ਹਾਈਕੋਰਟ ਵੱਲੋਂ ਲਗਾਈਆਂ ਗਈਆਂ ਸ਼ਰਤਾਂ ਦੀ ਉਲੰਘਣਾ ਹੋਈ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਅਨੁਚਿਤ ਵਰਤਾਓ ਸਾਹਮਣੇ ਆਇਆ ਹੈ।

ਬੋਲਣ ਦੀ ਆਜ਼ਾਦੀ ’ਤੇ ਵੀ ਜ਼ੋਰ

ਮੀਡੀਆ ਜਾਂ ਸੋਸ਼ਲ ਮੀਡੀਆ ’ਤੇ ਬਿਆਨਬਾਜ਼ੀ ਨਾਲ ਜੁੜੀ ਸ਼ਰਤ ਬਾਰੇ ਵਕੀਲਾਂ ਨੇ ਕਿਹਾ ਕਿ ਸੰਵਿਧਾਨ ਦੀ ਧਾਰਾ 19 ਹਰ ਨਾਗਰਿਕ ਨੂੰ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦਿੰਦੀ ਹੈ, ਜਿਸ ’ਤੇ ਰੋਕ ਕੇਵਲ ਧਾਰਾ 19(2) ਦੇ ਦਾਇਰੇ ਵਿੱਚ ਹੀ ਲੱਗ ਸਕਦੀ ਹੈ।

ਪਾਸਪੋਰਟ ਪਹਿਲਾਂ ਹੀ ਅਦਾਲਤ ਕੋਲ ਜਮ੍ਹਾਂ

ਪਾਸਪੋਰਟ ਸਬੰਧੀ ਸ਼ਰਤਾਂ ’ਤੇ ਬਚਾਅ ਪੱਖ ਨੇ ਅਦਾਲਤ ਨੂੰ ਦੱਸਿਆ ਕਿ ਮਜੀਠੀਆ ਦਾ ਪਾਸਪੋਰਟ ਪਹਿਲਾਂ ਹੀ ਪੁਰਾਣੇ ਕੇਸ ਦੇ ਸਿਲਸਿਲੇ ’ਚ ਅਦਾਲਤ ਕੋਲ ਜਮ੍ਹਾਂ ਹੈ।

ਅਦਾਲਤ ਵੱਲੋਂ ਜ਼ਮਾਨਤ ਦੀ ਮਨਜ਼ੂਰੀ

ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਹੇਠ ਲਿਖੀਆਂ ਸ਼ਰਤਾਂ ਦੇ ਅਧੀਨ ਜ਼ਮਾਨਤ ’ਤੇ ਰਿਹਾਅ ਕੀਤਾ ਜਾਂਦਾ ਹੈ।

ਅਦਾਲਤ ਵੱਲੋਂ ਲਗਾਈਆਂ ਗਈਆਂ ਮੁੱਖ ਸ਼ਰਤਾਂ

  • ਮਜੀਠੀਆ ਆਪਣਾ ਪਾਸਪੋਰਟ ਸਬੰਧਿਤ ਜਾਂਚ ਏਜੰਸੀ ਜਾਂ ਅਦਾਲਤ ਕੋਲ ਜਮ੍ਹਾਂ ਕਰਵਾਉਣਗੇ ਅਤੇ ਬਿਨਾਂ ਅਦਾਲਤੀ ਇਜਾਜ਼ਤ ਦੇ ਵਿਦੇਸ਼ ਯਾਤਰਾ ਨਹੀਂ ਕਰਨਗੇ।

  • ਕੇਸ ਨਾਲ ਸਬੰਧਿਤ ਸਬੂਤਾਂ ਨਾਲ ਛੇੜਛਾੜ ਨਹੀਂ ਕੀਤੀ ਜਾਵੇਗੀ ਅਤੇ ਕਿਸੇ ਵੀ ਗਵਾਹ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਹੋਵੇਗੀ।

  • ਅਦਾਲਤ ਵੱਲੋਂ ਨਿਰਧਾਰਤ ਮਿਤੀਆਂ ’ਤੇ ਹਾਜ਼ਰੀ ਯਕੀਨੀ ਬਣਾਈ ਜਾਵੇਗੀ, ਜਦੋਂ ਤੱਕ ਨਿੱਜੀ ਹਾਜ਼ਰੀ ਤੋਂ ਛੂਟ ਨਾ ਮਿਲੇ।

  • ਉਨ੍ਹਾਂ ’ਤੇ ਲੱਗੇ ਦੋਸ਼ਾਂ ਨਾਲ ਸਬੰਧਿਤ ਕਿਸਮ ਦਾ ਕੋਈ ਹੋਰ ਅਪਰਾਧ ਨਹੀਂ ਕੀਤਾ ਜਾਵੇਗਾ।

ਰਾਹੁਲ ਗਾਂਧੀ ਦੇ ਦੋਸ਼ਾਂ ‘ਤੇ ਰਵਨੀਤ ਸਿੰਘ ਬਿੱਟੂ ਦਾ ਪਲਟਵਾਰ, ਕਿਹਾ– ਦੇਸ਼ ਵਿਰੋਧੀਆਂ ਨਾਲ ਕੋਈ ਨਾਤਾ ਨਹੀਂ

ਨਵੀਂ ਦਿੱਲੀ :- ਅੱਜ ਸੰਸਦ ਭਵਨ ਦੇ ਮੁੱਖ ਦਰਵਾਜ਼ੇ ‘ਤੇ ਉਸ ਸਮੇਂ ਸਿਆਸੀ ਮਾਹੌਲ ਗਰਮ ਹੋ ਗਿਆ, ਜਦੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਤਖ਼ਤੀਆਂ ਫੜ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਚਾਨਕ ਆਮਨੇ-ਸਾਮਨੇ ਆ ਗਏ, ਜਿਸ ਨਾਲ ਮਾਹੌਲ ਹੋਰ ਤਣਾਅਪੂਰਨ ਹੋ ਗਿਆ।

ਜ਼ੁਬਾਨੀ ਤਕਰਾਰ ਨੇ ਖਿੱਚਿਆ ਧਿਆਨ

ਵਿਰੋਧ ਪ੍ਰਦਰਸ਼ਨ ਦੌਰਾਨ ਰਾਹੁਲ ਗਾਂਧੀ ਨੇ ਕਾਂਗਰਸ ਸੰਸਦ ਮੈਂਬਰਾਂ ਦੀ ਮੌਜੂਦਗੀ ਅਤੇ ਰੁਖ ਦੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲ ਇਸ਼ਾਰਾ ਕਰਦਿਆਂ ਤਿੱਖੀ ਟਿੱਪਣੀ ਕੀਤੀ, ਜਿਸ ਨਾਲ ਦੋਹਾਂ ਧਿਰਾਂ ਵਿਚਕਾਰ ਬਹਿਸ ਦੀ ਸਥਿਤੀ ਬਣ ਗਈ। ਰਾਹੁਲ ਗਾਂਧੀ ਵੱਲੋਂ ਕੀਤੀ ਗਈ ਟਿੱਪਣੀ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਚਰਚਾ ਤੇਜ਼ ਹੋ ਗਈ।

ਹੱਥ ਮਿਲਾਉਣ ਦੀ ਕੋਸ਼ਿਸ਼, ਪਰ ਇਨਕਾਰ

ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਰਾਹੁਲ ਗਾਂਧੀ ਬਿੱਟੂ ਵੱਲ ਹੱਥ ਵਧਾਉਂਦੇ ਹਨ, ਪਰ ਕੇਂਦਰੀ ਮੰਤਰੀ ਵੱਲੋਂ ਇਸਨੂੰ ਸਵੀਕਾਰ ਨਹੀਂ ਕੀਤਾ ਜਾਂਦਾ। ਇਸ ਦੌਰਾਨ ਬਿੱਟੂ ਨੇ ਰਾਹੁਲ ਗਾਂਧੀ ਦੀ ਟਿੱਪਣੀ ਦਾ ਤੁਰੰਤ ਜਵਾਬ ਦਿੰਦਿਆਂ ਕਿਹਾ ਕਿ ਉਹਨਾਂ ਦਾ “ਦੇਸ਼ ਵਿਰੋਧੀ ਤਾਕਤਾਂ” ਨਾਲ ਕੋਈ ਸਬੰਧ ਨਹੀਂ ਹੈ।

ਪੁਰਾਣੀ ਤਕਰਾਰ ਫਿਰ ਆਈ ਸਾਹਮਣੇ

ਇਹ ਪਹਿਲੀ ਵਾਰ ਨਹੀਂ ਹੈ ਕਿ ਦੋਹਾਂ ਨੇਤਾਵਾਂ ਵਿਚਕਾਰ ਅਜਿਹੀ ਬਿਆਨਬਾਜ਼ੀ ਹੋਈ ਹੋਵੇ। ਸਤੰਬਰ 2024 ਵਿੱਚ ਵੀ ਦੋਹਾਂ ਦੇ ਬਿਆਨਾਂ ਨੇ ਸਿਆਸੀ ਤਾਪਮਾਨ ਚੜ੍ਹਾ ਦਿੱਤਾ ਸੀ। ਉਸ ਸਮੇਂ ਰਵਨੀਤ ਸਿੰਘ ਬਿੱਟੂ ਨੇ ਰਾਹੁਲ ਗਾਂਧੀ ‘ਤੇ ਸਿੱਖ ਭਾਈਚਾਰੇ ਨੂੰ ਵੰਡਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਏ ਸਨ।

ਅਮਰੀਕਾ ਵਾਲੇ ਬਿਆਨ ‘ਤੇ ਹੋਈ ਸੀ ਤਿੱਖੀ ਪ੍ਰਤੀਕਿਰਿਆ

ਬਿੱਟੂ ਨੇ ਰਾਹੁਲ ਗਾਂਧੀ ਵੱਲੋਂ ਅਮਰੀਕਾ ਦੌਰੇ ਦੌਰਾਨ ਸਿੱਖਾਂ ਬਾਰੇ ਦਿੱਤੇ ਬਿਆਨਾਂ ‘ਤੇ ਸਖ਼ਤ ਰੁਖ ਅਪਣਾਉਂਦਿਆਂ ਕਿਹਾ ਸੀ ਕਿ ਸਿੱਖ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਬੱਝੇ ਨਹੀਂ ਹਨ। ਉਨ੍ਹਾਂ ਇਸਨੂੰ ਸਮਾਜਿਕ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ ਸੀ, ਜਿਸ ਤੋਂ ਬਾਅਦ ਸਿਆਸੀ ਵਿਵਾਦ ਹੋਰ ਭੜਕ ਗਿਆ ਸੀ।

ਸੰਸਦ ਬਾਹਰ ਸਿਆਸੀ ਬਿਆਨਬਾਜ਼ੀ ਨੇ ਵਧਾਈ ਗਰਮੀ

ਅੱਜ ਦੇ ਘਟਨਾਕ੍ਰਮ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸੰਸਦ ਦੇ ਅੰਦਰ ਹੀ ਨਹੀਂ, ਬਾਹਰ ਵੀ ਸਿਆਸੀ ਟਕਰਾਅ ਆਪਣੀ ਚਰਮ ਸੀਮਾ ‘ਤੇ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਮਾਮਲਾ ਹੋਰ ਸਿਆਸੀ ਰੂਪ ਧਾਰ ਸਕਦਾ ਹੈ।

ਕੈਲੀਫੋਰਨੀਆ ‘ਚ ਹਥਿਆਰਾਂ ਦੀ ਤਸਕਰੀ ਦਾ ਪਰਦਾਫਾਸ਼, ਪੰਜਾਬੀ ਨੌਜਵਾਨ ਫੈਡਰਲ ਹਿਰਾਸਤ ‘ਚ

ਅਮਰੀਕਾ :- ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਕਾਨੂੰਨ ਪ੍ਰਬੰਧਨ ਏਜੰਸੀਆਂ ਨੇ ਹਥਿਆਰਾਂ ਦੀ ਗੈਰ-ਕਾਨੂੰਨੀ ਤਸਕਰੀ ਨਾਲ ਜੁੜੇ ਮਾਮਲੇ ‘ਚ ਇੱਕ ਪੰਜਾਬੀ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਵੱਡਾ ਖੁਲਾਸਾ ਕੀਤਾ ਹੈ। ਪੁਲਿਸ ਨੇ 27 ਸਾਲਾ ਜਸ਼ਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰੀ ‘ਚ ਲਿਆ ਹੈ, ਜਿਸ ਉੱਤੇ ਖ਼ਤਰਨਾਕ ਹਥਿਆਰਾਂ ਦੀ ਖਰੀਦ-ਫਰੋਖ਼ਤ ਕਰਨ ਦੇ ਗੰਭੀਰ ਦੋਸ਼ ਹਨ।

ਘਰੋਂ ਮਿਲੇ ਹਥਿਆਰ ਅਤੇ ਵਿਸਫੋਟਕ ਸਮੱਗਰੀ

ਜਾਂਚ ਦੌਰਾਨ ਜਦੋਂ ਪੁਲਿਸ ਨੇ ਜਸ਼ਨਪ੍ਰੀਤ ਸਿੰਘ ਦੇ ਨਿਵਾਸ ਸਥਾਨ ਦੀ ਤਲਾਸ਼ੀ ਲਈ ਤਾਂ ਉੱਥੋਂ ਕਈ ਕਿਸਮਾਂ ਦੇ ਘਾਤਕ ਹਥਿਆਰਾਂ ਨਾਲ ਨਾਲ ਸ਼ੱਕੀ ਵਿਸਫੋਟਕ ਪਦਾਰਥ ਵੀ ਬਰਾਮਦ ਹੋਏ। ਹਾਲਾਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਬੰਬ ਨਿਰੋਧਕ ਦਸਤਿਆਂ ਨੂੰ ਮੌਕੇ ‘ਤੇ ਬੁਲਾਇਆ ਗਿਆ, ਜਿਨ੍ਹਾਂ ਵੱਲੋਂ ਸਾਰੀ ਸਮੱਗਰੀ ਨੂੰ ਸੁਰੱਖਿਅਤ ਢੰਗ ਨਾਲ ਨਸ਼ਟ ਕੀਤਾ ਗਿਆ।

ਮੋਟਰਸਾਈਕਲ ਕਲੱਬ ਰਾਹੀਂ ਗੈਂਗ ਨਾਲ ਸੰਬੰਧ

ਤਫਤੀਸ਼ ਏਜੰਸੀਆਂ ਮੁਤਾਬਕ ਜਸ਼ਨਪ੍ਰੀਤ ਸਿੰਘ ਸਟਾਕਟਨ ਇਲਾਕੇ ‘ਚ ਸਰਗਰਮ ਇੱਕ ਮੋਟਰਸਾਈਕਲ ਕਲੱਬ ਦਾ ਮੁੱਖ ਚਿਹਰਾ ਸੀ। ਇਹ ਕਲੱਬ ਅਮਰੀਕਾ ਦੀ ਬਦਨਾਮ ਹੇਲਸ ਏਂਜੇਲਸ ਗੈਂਗ ਨਾਲ ਜੁੜਿਆ ਹੋਇਆ ਮੰਨਿਆ ਜਾਂਦਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਸੰਬੰਧਾਂ ਰਾਹੀਂ ਹੀ ਹਥਿਆਰਾਂ ਦੀ ਤਸਕਰੀ ਦਾ ਜਾਲ ਫੈਲਾਇਆ ਗਿਆ।

ਅੰਡਰਕਵਰ ਕਾਰਵਾਈ ‘ਚ ਫਸਿਆ

ਜਾਂਚ ਦੌਰਾਨ ਖੁਲਾਸਾ ਹੋਇਆ ਹੈ ਕਿ ਦੋਸ਼ੀ ਨੇ ਇੱਕ ਅੰਡਰਕਵਰ ਪੁਲਿਸ ਅਧਿਕਾਰੀ ਨੂੰ ਕਈ ਖ਼ਤਰਨਾਕ ਹਥਿਆਰ ਵੇਚਣ ਦੀ ਕੋਸ਼ਿਸ਼ ਕੀਤੀ ਸੀ। ਇਸ ਸੌਦੇ ਤੋਂ ਬਾਅਦ ਹੀ ਪੁਲਿਸ ਨੇ ਉਸ ਉੱਤੇ ਨਿਗਰਾਨੀ ਵਧਾਈ ਅਤੇ ਪੱਕੇ ਸਬੂਤ ਇਕੱਠੇ ਕੀਤੇ।

ਕੋਰਟ ‘ਚ ਗੈਰਹਾਜ਼ਰੀ ਤੋਂ ਬਾਅਦ ਵਾਰੰਟ

ਸ਼ੁਰੂਆਤੀ ਤੌਰ ‘ਤੇ ਜਸ਼ਨਪ੍ਰੀਤ ਖ਼ਿਲਾਫ਼ ਸੂਬਾ ਪੱਧਰ ‘ਤੇ ਕੇਸ ਦਰਜ ਕੀਤਾ ਗਿਆ ਸੀ, ਪਰ ਕੋਰਟ ਵਿੱਚ ਪੇਸ਼ ਨਾ ਹੋਣ ਕਾਰਨ ਉਸ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤਾ ਗਿਆ। ਬਾਅਦ ਵਿੱਚ ਪਤਾ ਲੱਗਿਆ ਕਿ ਉਹ ਭਾਰਤ ਜਾਣ ਦੀ ਤਿਆਰੀ ਕਰ ਚੁੱਕਾ ਸੀ ਅਤੇ ਹਵਾਈ ਟਿਕਟ ਵੀ ਬੁੱਕ ਕਰਵਾ ਲਈ ਸੀ।

ਭਾਰਤ ਭੱਜਣ ਤੋਂ ਪਹਿਲਾਂ ਗ੍ਰਿਫ਼ਤਾਰੀ

ਅਮਰੀਕੀ ਏਜੰਸੀਆਂ ਨੇ ਸਮੇਂ ਸਿਰ ਕਾਰਵਾਈ ਕਰਦਿਆਂ ਉਸ ਨੂੰ ਦੇਸ਼ ਛੱਡਣ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ। ਇਸ ਸਮੇਂ ਉਹ ਫੈਡਰਲ ਹਿਰਾਸਤ ਵਿੱਚ ਹੈ ਅਤੇ ਮਾਮਲੇ ਦੀ ਜਾਂਚ FBI, ATF ਅਤੇ ਹੋਰ ਕੇਂਦਰੀ ਏਜੰਸੀਆਂ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ ਹੈ।

11 ਮਈ 2026 ਨੂੰ ਹੋਵੇਗੀ ਅਗਲੀ ਸੁਣਵਾਈ

ਅਦਾਲਤੀ ਸੂਤਰਾਂ ਅਨੁਸਾਰ ਜਸ਼ਨਪ੍ਰੀਤ ਸਿੰਘ ਖ਼ਿਲਾਫ਼ ਦਰਜ ਮਾਮਲੇ ਦੀ ਅਗਲੀ ਸੁਣਵਾਈ 11 ਮਈ 2026 ਨੂੰ ਨਿਰਧਾਰਤ ਕੀਤੀ ਗਈ ਹੈ। ਅਮਰੀਕੀ ਅਧਿਕਾਰੀ ਇਸ ਮਾਮਲੇ ਨੂੰ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਨਾਲ ਜੋੜ ਕੇ ਦੇਖ ਰਹੇ ਹਨ।