Home Blog Page 407

ਈਡੀ ਦੀ ਛਾਪੇਮਾਰੀ ’ਚ ਨਾਂ ਆਉਣ ਮਗਰੋਂ ਮੰਤਰੀ ਅਮਨ ਅਰੋੜਾ ਦਾ ਸਪੱਸ਼ਟੀਕਰਨ, ਕਿਹਾ- “ਮੇਰੀ ਜ਼ਿੰਦਗੀ ਪਾਰਦਰਸ਼ੀ ਤੇ ਇਮਾਨਦਾਰ ਰਹੀ”

ਮੋਹਾਲੀ :- ਮੋਹਾਲੀ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਬਿਲਡਰਾਂ ਅਤੇ ਰੀਅਲ ਅਸਟੇਟ ਨਾਲ ਜੁੜੇ ਟਿਕਾਣਿਆਂ ’ਤੇ ਕੀਤੀ ਗਈ ਛਾਪੇਮਾਰੀ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਹਲਚਲ ਤੇਜ਼ ਹੋ ਗਈ ਹੈ। ਜਾਂਚ ਏਜੰਸੀ ਵੱਲੋਂ ਵੱਖ-ਵੱਖ ਥਾਵਾਂ ’ਤੇ ਕੀਤੀ ਕਾਰਵਾਈ ਦੌਰਾਨ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਹੋਣ ਦੀ ਗੱਲ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਜਾਂਚ ਦੌਰਾਨ ਲਗਭਗ ਇੱਕ ਕਰੋੜ ਰੁਪਏ ਦੀ ਰਕਮ ਜ਼ਬਤ ਕੀਤੀ ਗਈ ਹੈ।

ਮੰਤਰੀ ਅਮਨ ਅਰੋੜਾ ਦਾ ਨਾਂ ਚਰਚਾ ’ਚ ਆਉਣ ਮਗਰੋਂ ਆਇਆ ਬਿਆਨ

ਈਡੀ ਦੀ ਜਾਂਚ ਨਾਲ ਜੁੜੀਆਂ ਖ਼ਬਰਾਂ ਵਿੱਚ ਮੰਤਰੀ ਅਮਨ ਅਰੋੜਾ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੇ ਖੁਦ ਸਪੱਸ਼ਟੀਕਰਨ ਦਿੱਤਾ ਹੈ। ਅਮਨ ਅਰੋੜਾ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਰਾਹੀਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਸ ਮਾਮਲੇ ਵਿੱਚ ਉਨ੍ਹਾਂ ਦਾ ਨਾਂ ਵੀ ਜੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੂਰਾ ਜਨਤਕ ਜੀਵਨ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਭਰਿਆ ਰਿਹਾ ਹੈ ਅਤੇ ਉਹ ਕਿਸੇ ਵੀ ਤਰ੍ਹਾਂ ਦੇ ਝੂਠੇ ਦੋਸ਼ਾਂ ਜਾਂ ਪ੍ਰਚਾਰ ਤੋਂ ਘਬਰਾਉਣ ਵਾਲੇ ਨਹੀਂ ਹਨ।

ਮੁੱਖ ਮੰਤਰੀ ਮਾਨ ਨੇ ਵੀ ਦਿੱਤਾ ਸੀ ਜਵਾਬ

ਇਸ ਮਾਮਲੇ ਨੂੰ ਲੈ ਕੇ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਪਣਾ ਪੱਖ ਰੱਖਿਆ ਸੀ। ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਛਾਪੇਮਾਰੀ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ। ਹੁਣ ਮੰਤਰੀ ਅਮਨ ਅਰੋੜਾ ਵੱਲੋਂ ਵੀ ਸਿੱਧੇ ਤੌਰ ’ਤੇ ਆਪਣਾ ਮਤਲਬ ਸਾਫ਼ ਕੀਤਾ ਗਿਆ ਹੈ, ਜਿਸ ਤੋਂ ਬਾਅਦ ਸਿਆਸੀ ਚਰਚਾਵਾਂ ਹੋਰ ਤੇਜ਼ ਹੋ ਗਈਆਂ ਹਨ।

ਖਰੜ ਦੀ ਸੁਸਾਇਟੀ ’ਚ ਛਾਪੇ ਦੌਰਾਨ ਮਚਿਆ ਹੜਕੰਪ

ਈਡੀ ਦੀ ਟੀਮ ਨੇ ਬੀਤੇ ਦਿਨੀਂ ਖਰੜ ਸਥਿਤ ਵੈਸਟਰਨ ਟਾਵਰਸ ਸੁਸਾਇਟੀ ਵਿੱਚ ਵੀ ਛਾਪੇਮਾਰੀ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਜਾਂਚ ਟੀਮ ਨੂੰ ਦੇਖ ਕੇ ਇੱਕ ਕਾਰੋਬਾਰੀ ਵੱਲੋਂ ਨੌਵੀਂ ਮੰਜ਼ਿਲ ਤੋਂ ਨਕਦੀ ਨਾਲ ਭਰੇ ਦੋ ਬੈਗ ਹੇਠਾਂ ਸੁੱਟ ਦਿੱਤੇ ਗਏ। ਬੈਗਾਂ ਵਿੱਚ 500-500 ਰੁਪਏ ਦੇ ਨੋਟਾਂ ਦੇ ਬੰਡਲ ਭਰੇ ਹੋਏ ਸਨ ਅਤੇ ਹੇਠਾਂ ਇੱਕ ਡਰਾਈਵਰ ਉਡੀਕ ਕਰ ਰਿਹਾ ਸੀ।

ਇੱਕ ਬੈਗ ਫਟਣ ਨਾਲ ਨੋਟ ਹਵਾ ਵਿੱਚ ਖਿਲਰੇ

ਮੌਕੇ ’ਤੇ ਇੱਕ ਬੈਗ ਹੇਠਾਂ ਡਿੱਗਦੇ ਹੀ ਫਟ ਗਿਆ, ਜਿਸ ਨਾਲ ਨੋਟ ਇਧਰ-ਉਧਰ ਫੈਲ ਗਏ। ਦੂਜਾ ਬੈਗ ਡਰਾਈਵਰ ਗੱਡੀ ਵਿੱਚ ਪਾ ਕੇ ਮੌਕੇ ਤੋਂ ਫਰਾਰ ਹੋ ਗਿਆ। ਈਡੀ ਦੀ ਟੀਮ ਨੇ ਉਸਦਾ ਪਿੱਛਾ ਵੀ ਕੀਤਾ ਪਰ ਉਹ ਕਾਬੂ ਨਹੀਂ ਆ ਸਕਿਆ। ਮੌਕੇ ਤੋਂ ਮਿਲੇ ਫਟੇ ਬੈਗ ਵਿੱਚੋਂ ਕਰੀਬ 21 ਲੱਖ ਰੁਪਏ ਦੀ ਨਕਦੀ ਬਰਾਮਦ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਮਮਤਾ ਬੈਨਰਜੀ ਦੇ ਅਸਤੀਫ਼ਾ ਨਾ ਦੇਣ ਮਗਰੋਂ ਬੰਗਾਲ ਵਿਧਾਨ ਸਭਾ ਭੰਗ, ਰਾਜਪਾਲ ਦਾ ਵੱਡਾ ਫ਼ੈਸਲਾ

ਖਰੜ ’ਚ ਈ.ਡੀ. ਦੀ ਕਾਰਵਾਈ ਜਾਰੀ, 24 ਘੰਟਿਆਂ ਬਾਅਦ ਵੀ ਨਿਤਿਨ ਗੋਹਲ ਦੇ ਫਲੈਟ ਅੰਦਰ ਮੌਜੂਦ ਟੀਮ

ਖਰੜ :- ਖਰੜ ਦੇ ਛੱਜੂ ਮਾਜਰਾ ਇਲਾਕੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਕਾਰਵਾਈ ਦੂਜੇ ਦਿਨ ਵੀ ਜਾਰੀ ਰਹੀ। ਨਿਤਿਨ ਗੋਹਲ ਦੇ ਫਲੈਟ ’ਤੇ ਕੀਤੀ ਗਈ ਛਾਪੇਮਾਰੀ ਨੂੰ 24 ਘੰਟਿਆਂ ਤੋਂ ਵੱਧ ਸਮਾਂ ਲੰਘ ਜਾਣ ਦੇ ਬਾਵਜੂਦ ਜਾਂਚ ਟੀਮ ਅਜੇ ਤੱਕ ਮੌਕੇ ’ਤੇ ਡਟੀ ਹੋਈ ਹੈ। ਹਾਊਸਿੰਗ ਸੁਸਾਇਟੀ ਦੇ ਆਲੇ-ਦੁਆਲੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਅਤੇ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ।

ਬੱਚਿਆਂ ਨੂੰ ਅਧਿਕਾਰੀ ਨੇ ਸਕੂਲ ਛੱਡਿਆ

ਸੂਤਰਾਂ ਅਨੁਸਾਰ ਕਾਰਵਾਈ ਦੌਰਾਨ ਨਿਤਿਨ ਗੋਹਲ ਦੇ ਪਰਿਵਾਰਕ ਮੈਂਬਰ ਵੀ ਫਲੈਟ ਅੰਦਰ ਮੌਜੂਦ ਰਹੇ। ਵੀਰਵਾਰ ਨੂੰ ਉਨ੍ਹਾਂ ਦੇ ਬੱਚਿਆਂ ਨੂੰ ਇੱਕ ਅਧਿਕਾਰੀ ਵੱਲੋਂ ਸਕੂਲ ਤੱਕ ਛੱਡ ਕੇ ਆਉਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਦੌਰਾਨ ਜਾਂਚ ਅਧਿਕਾਰੀ ਵਾਰੀ-ਵਾਰੀ ਛੋਟੀਆਂ ਬਰੇਕਾਂ ਲੈਂਦੇ ਰਹੇ, ਜਦਕਿ ਸੁਸਾਇਟੀ ਅੰਦਰ ਆਉਣ-ਜਾਣ ’ਤੇ ਨਿਗਰਾਨੀ ਵਧਾ ਦਿੱਤੀ ਗਈ।

ਜ਼ਮੀਨੀ ਘਪਲੇ ਅਤੇ ਧੋਖਾਧੜੀ ਦੇ ਦੋਸ਼ਾਂ ਤਹਿਤ ਜਾਂਚ

ਈ.ਡੀ. ਵੱਲੋਂ ਇਹ ਕਾਰਵਾਈ ਜ਼ਮੀਨ ਦੀ ਵਰਤੋਂ ਬਦਲਣ ਨਾਲ ਜੁੜੇ ਕਥਿਤ ਗ਼ੈਰਕਾਨੂੰਨੀ ਮਾਮਲਿਆਂ ਅਤੇ ਘਰ ਖਰੀਦਦਾਰਾਂ ਨਾਲ ਧੋਖਾਧੜੀ ਦੀ ਜਾਂਚ ਦੇ ਤਹਿਤ ਕੀਤੀ ਜਾ ਰਹੀ ਹੈ। ਜਾਂਚ ਏਜੰਸੀ ਨੇ ਪੰਜਾਬ ਦੇ ਦੋ ਵੱਡੇ ਰੀਅਲ ਅਸਟੇਟ ਗਰੁੱਪਾਂ ਨਾਲ ਸਬੰਧਤ ਕਈ ਟਿਕਾਣਿਆਂ ’ਤੇ ਤਲਾਸ਼ੀ ਮੁਹਿੰਮ ਚਲਾਈ ਹੈ।

ਛਾਪੇ ਦੌਰਾਨ ਨਕਦੀ ਦੇ ਬੈਗ ਸੁੱਟੇ ਜਾਣ ਨਾਲ ਮਚੀ ਚਰਚਾ

ਖਰੜ ਵਿੱਚ ਕਾਰਵਾਈ ਦੌਰਾਨ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇੱਕ ਫਲੈਟ ਵਿੱਚੋਂ ਕਥਿਤ ਤੌਰ ’ਤੇ ਨਕਦੀ ਨਾਲ ਭਰੇ ਦੋ ਬੈਗ ਬਾਹਰ ਸੁੱਟੇ ਜਾਣ ਦੀ ਗੱਲ ਸਾਹਮਣੇ ਆਈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਵੈਸਟਰਨ ਟਾਵਰਜ਼ ਦੀ ਨੌਵੀਂ ਮੰਜ਼ਿਲ ’ਤੇ ਸਥਿਤ ਫਲੈਟ ਨੰਬਰ 906 ਵਿੱਚ ਵਾਪਰੀ। ਇਸ ਮਾਮਲੇ ਤੋਂ ਬਾਅਦ ਜਾਂਚ ਏਜੰਸੀ ਨੇ ਸੁਰੱਖਿਆ ਅਤੇ ਜਾਂਚ ਦੋਵੇਂ ਹੋਰ ਸਖ਼ਤ ਕਰ ਦਿੱਤੀਆਂ।

ਮੋਹਾਲੀ ਤੇ ਚੰਡੀਗੜ੍ਹ ਵਿੱਚ ਵੀ ਕਈ ਥਾਵਾਂ ’ਤੇ ਛਾਪੇ

ਈ.ਡੀ. ਨਾਲ ਜੁੜੇ ਸੂਤਰਾਂ ਮੁਤਾਬਕ ਮੋਹਾਲੀ ਅਤੇ ਚੰਡੀਗੜ੍ਹ ਵਿੱਚ ਕੁੱਲ 12 ਟਿਕਾਣਿਆਂ ’ਤੇ ਇਕੱਠੇ ਛਾਪੇਮਾਰੀ ਕੀਤੀ ਗਈ। ਇਸ ਵਿੱਚ ਕਈ ਬਿਲਡਰਾਂ, ਹਾਊਸਿੰਗ ਪ੍ਰੋਜੈਕਟਾਂ ਅਤੇ ਨਿਤਿਨ ਗੋਹਲ ਨਾਲ ਜੁੜੀਆਂ ਥਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ। ਜਾਂਚ ਏਜੰਸੀ ਵੱਲੋਂ ਕੁਝ ਸਰਕਾਰੀ ਅਧਿਕਾਰੀਆਂ ਨਾਲ ਸੰਭਾਵਿਤ ਸਬੰਧਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਸੰਦੀਪ ਪਾਠਕ ਖਿਲਾਫ ਹਾਈ ਕੋਰਟ ’ਚ ਪਟੀਸ਼ਨ ਦਾਇਰ, ਅੱਜ ਹੋਵੇਗੀ ਅਹਿਮ ਸੁਣਵਾਈ

ਚੰਡੀਗੜ੍ਹ :- ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਆਪਣੇ ਖ਼ਿਲਾਫ਼ ਦਰਜ ਦੱਸੀਆਂ ਜਾ ਰਹੀਆਂ ਐਫਆਈਆਰਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਪਾਠਕ ਨੇ ਅਦਾਲਤ ਅੱਗੇ ਬੇਨਤੀ ਕੀਤੀ ਹੈ ਕਿ ਪੰਜਾਬ ਸਰਕਾਰ ਅਤੇ ਪੁਲਿਸ ਨੂੰ ਇਹ ਸਪੱਸ਼ਟ ਕਰਨ ਦੇ ਹੁਕਮ ਦਿੱਤੇ ਜਾਣ ਕਿ ਉਨ੍ਹਾਂ ਖ਼ਿਲਾਫ਼ ਕੇਸ ਕਿੱਥੇ ਦਰਜ ਕੀਤੇ ਗਏ ਹਨ ਅਤੇ ਉਹ ਕਿਹੜੀਆਂ ਧਾਰਾਵਾਂ ਤਹਿਤ ਦਰਜ ਹਨ।

ਗੈਰ-ਜ਼ਮਾਨਤੀ ਧਾਰਾਵਾਂ ਹੇਠ ਦੋ ਕੇਸ ਦਰਜ ਹੋਣ ਦੀ ਚਰਚਾ

ਪਟੀਸ਼ਨ ਵਿੱਚ ਸੰਦੀਪ ਪਾਠਕ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਇਹ ਗੱਲ ਚੱਲ ਰਹੀ ਹੈ ਕਿ ਪੰਜਾਬ ਪੁਲਿਸ ਨੇ ਉਨ੍ਹਾਂ ਵਿਰੁੱਧ ਦੋ ਮਾਮਲੇ ਦਰਜ ਕੀਤੇ ਹਨ, ਜਿਨ੍ਹਾਂ ਵਿੱਚ ਗੈਰ-ਜ਼ਮਾਨਤੀ ਧਾਰਾਵਾਂ ਲਗਾਈਆਂ ਗਈਆਂ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਨਾ ਤਾਂ ਪੰਜਾਬ ਸਰਕਾਰ ਅਤੇ ਨਾ ਹੀ ਪੁਲਿਸ ਵੱਲੋਂ ਉਨ੍ਹਾਂ ਨੂੰ ਇਸ ਸਬੰਧੀ ਕੋਈ ਅਧਿਕਾਰਿਕ ਜਾਣਕਾਰੀ ਦਿੱਤੀ ਗਈ ਹੈ।

ਮੀਡੀਆ ਰਾਹੀਂ ਮਿਲੀ ਐਫਆਈਆਰ ਦੀ ਜਾਣਕਾਰੀ

ਪਾਠਕ ਨੇ ਅਦਾਲਤ ਨੂੰ ਦੱਸਿਆ ਕਿ 2 ਮਈ ਨੂੰ ਅਚਾਨਕ ਮੀਡੀਆ ਵਿੱਚ ਖ਼ਬਰਾਂ ਚੱਲਣ ਲੱਗੀਆਂ ਕਿ ਉਨ੍ਹਾਂ ਵਿਰੁੱਧ ਦੋ ਐਫਆਈਆਰ ਦਰਜ ਹੋ ਚੁੱਕੀਆਂ ਹਨ। ਇਸ ਤੋਂ ਬਾਅਦ ਉਹ ਹੈਰਾਨ ਰਹਿ ਗਏ ਕਿਉਂਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਨੋਟਿਸ ਜਾਂ ਜਾਣਕਾਰੀ ਪ੍ਰਾਪਤ ਨਹੀਂ ਹੋਈ ਸੀ।

ਗ੍ਰਿਫ਼ਤਾਰੀ ਦੇ ਡਰ ਕਾਰਨ ਦਿੱਲੀ ਵਾਲੇ ਘਰ ਤੋਂ ਨਿਕਲੇ

ਪਟੀਸ਼ਨ ਵਿੱਚ ਇਹ ਵੀ ਦਰਜ ਕੀਤਾ ਗਿਆ ਕਿ ਜਦੋਂ ਉਨ੍ਹਾਂ ਨੂੰ ਮੀਡੀਆ ਰਾਹੀਂ ਕੇਸ ਦਰਜ ਹੋਣ ਦੀ ਖ਼ਬਰ ਮਿਲੀ, ਉਸ ਵੇਲੇ ਉਹ ਦਿੱਲੀ ਸਥਿਤ ਆਪਣੇ ਨਿਵਾਸ ’ਤੇ ਮੌਜੂਦ ਸਨ। ਉਨ੍ਹਾਂ ਨੂੰ ਡਰ ਸੀ ਕਿ ਪੰਜਾਬ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ, ਜਿਸ ਕਾਰਨ ਉਹ ਪਿਛਲੇ ਦਰਵਾਜ਼ੇ ਰਾਹੀਂ ਉੱਥੋਂ ਨਿਕਲ ਗਏ।

‘ਕੋਈ ਅਜਿਹਾ ਕੰਮ ਨਹੀਂ ਕੀਤਾ ਜਿਸ ਨਾਲ ਕੇਸ ਬਣੇ’

ਦੋ ਦਿਨਾਂ ਬਾਅਦ ਸਾਹਮਣੇ ਆਏ ਸੰਦੀਪ ਪਾਠਕ ਨੇ ਕਿਹਾ ਕਿ ਉਹ ਅਜੇ ਤੱਕ ਇਹ ਨਹੀਂ ਜਾਣਦੇ ਕਿ ਉਨ੍ਹਾਂ ਖ਼ਿਲਾਫ਼ ਮਾਮਲੇ ਕਿੱਥੇ ਦਰਜ ਕੀਤੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਵੱਲੋਂ ਕੋਈ ਅਜਿਹਾ ਕੰਮ ਨਹੀਂ ਕੀਤਾ ਗਿਆ ਜਿਸ ਦੇ ਆਧਾਰ ’ਤੇ ਉਨ੍ਹਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾਵੇ। ਹੁਣ ਇਸ ਮਾਮਲੇ ’ਤੇ ਹਾਈ ਕੋਰਟ ਵਿੱਚ ਅੱਜ ਹੋਣ ਵਾਲੀ ਸੁਣਵਾਈ ’ਤੇ ਸਾਰਿਆਂ ਦੀ ਨਜ਼ਰ ਟਿਕੀ ਹੋਈ ਹੈ।

ਸਤਿਗੁਰੂ ਉਦੈ ਸਿੰਘ ਜੀ ਨੇ ਰਾਜਪਾਲ ਕਟਾਰੀਆ ਨਾਲ ਕੀਤੀ ਮੁਲਾਕਾਤ, ਪੰਜਾਬ ਦੀ ਰੂਹਾਨੀ ਵਿਰਾਸਤ ਤੇ ਹੋਈ ਵਿਚਾਰ-ਚਰਚਾ

ਚੰਡੀਗੜ੍ਹ :- ਪੰਜਾਬ ਲੋਕ ਭਵਨ ਵਿੱਚ ਅੱਜ ਇੱਕ ਵਿਸ਼ੇਸ਼ ਅਤੇ ਆਤਮਿਕ ਮਾਹੌਲ ਵਾਲੀ ਮੁਲਾਕਾਤ ਦੌਰਾਨ ਸਤਿਗੁਰੂ ਉਦੈ ਸਿੰਘ ਜੀ ਨੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨਾਲ ਭੇਟ ਕੀਤੀ। ਇਸ ਦੌਰਾਨ ਦੋਵੇਂ ਸ਼ਖ਼ਸੀਅਤਾਂ ਵੱਲੋਂ ਪੰਜਾਬ ਦੀ ਧਾਰਮਿਕ, ਸੱਭਿਆਚਾਰਕ ਅਤੇ ਆਧਿਆਤਮਿਕ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਸਬੰਧੀ ਵਿਚਾਰ ਸਾਂਝੇ ਕੀਤੇ ਗਏ।

ਪੰਜਾਬ ਦੀਆਂ ਪਰੰਪਰਾਵਾਂ ਨੂੰ ਮਜ਼ਬੂਤ ਕਰਨ ’ਤੇ ਚਰਚਾ

ਮੁਲਾਕਾਤ ਦੌਰਾਨ ਸਾਦਗੀ ਭਰਿਆ ਜੀਵਨ, ਨਿਸ਼ਕਾਮ ਸੇਵਾ, ਭਾਈਚਾਰਕ ਸਾਂਝ ਅਤੇ ਆਧਿਆਤਮਿਕ ਸੋਚ ਵਰਗੇ ਮੁੱਲਾਂ ਨੂੰ ਸਮਾਜ ਲਈ ਬਹੁਤ ਮਹੱਤਵਪੂਰਨ ਕਰਾਰ ਦਿੱਤਾ ਗਿਆ। ਦੋਵੇਂ ਪੱਖਾਂ ਨੇ ਮੰਨਿਆ ਕਿ ਇਹ ਮੁੱਲ ਪੰਜਾਬ ਦੀ ਪਹਿਚਾਣ ਅਤੇ ਇਸਦੀ ਗੌਰਵਮਈ ਪਰੰਪਰਾ ਦਾ ਅਟੁੱਟ ਹਿੱਸਾ ਹਨ, ਜਿਨ੍ਹਾਂ ਨੂੰ ਮਜ਼ਬੂਤੀ ਨਾਲ ਅੱਗੇ ਲਿਜਾਣ ਦੀ ਲੋੜ ਹੈ।

ਰਾਜਪਾਲ ਅਤੇ ਲੇਡੀ ਗਵਰਨਰ ਦਾ ਕੀਤਾ ਸਨਮਾਨ

ਇਸ ਮੌਕੇ ਸਤਿਗੁਰੂ ਉਦੈ ਸਿੰਘ ਜੀ ਵੱਲੋਂ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਅਤੇ ਲੇਡੀ ਗਵਰਨਰ ਸ਼੍ਰੀਮਤੀ ਅਨੀਤਾ ਕਟਾਰੀਆ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਆਪਸੀ ਸਤਿਕਾਰ ਅਤੇ ਆਧਿਆਤਮਿਕ ਉਰਜਾ ਦੀ ਵਿਸ਼ੇਸ਼ ਛਾਪ ਵੇਖਣ ਨੂੰ ਮਿਲੀ।

ਸੀਨੀਅਰ ਅਧਿਕਾਰੀ ਵੀ ਰਹੇ ਮੌਜੂਦ

ਇਸ ਦੌਰਾਨ ਰਾਜਪਾਲ ਦੇ ਵਧੀਕ ਮੁੱਖ ਸਕੱਤਰ ਸ਼੍ਰੀ ਵਿਵੇਕ ਪ੍ਰਤਾਪ ਸਿੰਘ ਅਤੇ ਆਰਟੀਆਈ ਕਮਿਸ਼ਨਰ ਹਰਪ੍ਰੀਤ ਸੰਧੂ ਵੀ ਹਾਜ਼ਰ ਰਹੇ। ਸਮਾਗਮ ਨੂੰ ਪੰਜਾਬ ਦੀ ਰੂਹਾਨੀ ਅਤੇ ਸੱਭਿਆਚਾਰਕ ਧਰੋਹਰ ਨਾਲ ਜੁੜੇ ਵਿਚਾਰਾਂ ਦੇ ਅਦਾਨ-ਪ੍ਰਦਾਨ ਵਜੋਂ ਵੇਖਿਆ ਗਿਆ।

ਬੇਅਦਬੀ ਵਿਰੋਧੀ ਕਾਨੂੰਨ ਮਗਰੋਂ ‘ਸ਼ੁਕਰਾਨਾ ਯਾਤਰਾ’ ਬਠਿੰਡਾ ਪਹੁੰਚੀ

ਚੰਡੀਗੜ੍ਹ :- ਪੰਜਾਬ ਸਰਕਾਰ ਵੱਲੋਂ ਬੇਅਦਬੀ ਵਿਰੋਧੀ ਕਾਨੂੰਨ ਲਾਗੂ ਕਰਨ ਤੋਂ ਬਾਅਦ ਸ਼ੁਰੂ ਕੀਤੀ ਗਈ ‘ਸ਼ੁਕਰਾਨਾ ਯਾਤਰਾ’ ਦਾ ਅੱਜ ਤੀਜਾ ਦਿਨ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ 6 ਮਈ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਆਰੰਭ ਹੋਈ ਇਹ ਯਾਤਰਾ ਅੱਜ ਪਿੰਡ ਜੀਦਾ ਰਾਹੀਂ ਬਠਿੰਡਾ ਜ਼ਿਲ੍ਹੇ ਵਿੱਚ ਦਾਖਲ ਹੋਵੇਗੀ।

ਬਠਿੰਡਾ ਦੇ ਕਈ ਮੁੱਖ ਇਲਾਕਿਆਂ ਵਿੱਚੋਂ ਲੰਘੇਗੀ ਯਾਤਰਾ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਇਹ ਯਾਤਰਾ ਤਿੰਨ ਕੋਣੀ ਤੋਂ ਅੱਗੇ ਵਧਦਿਆਂ ਅਮਰੀਕ ਸਿੰਘ ਰੋਡ ਨੇੜੇ ਉਡਾਂਗ ਸਿਨੇਮਾ ਵਿਖੇ ਕੁਝ ਸਮੇਂ ਲਈ ਰੁਕੇਗੀ। ਇਸ ਤੋਂ ਬਾਅਦ ਗੋਲ ਡਿੱਗੀ, ਹਨੂੰਮਾਨ ਚੌਂਕ ਅਤੇ ਬੱਸ ਸਟੈਂਡ ਰਾਹੀਂ ਕੋਟਸ਼ਮੀਰ ਨੇੜੇ ਸੁਸ਼ਾਂਤ ਸਿਟੀ ਤੱਕ ਯਾਤਰਾ ਪਹੁੰਚੇਗੀ। ਅਗਲੇ ਪੜਾਅ ਵਿੱਚ ਭਾਗੀਵਾਂਦਰ ਤੋਂ ਹੁੰਦੀ ਹੋਈ ਯਾਤਰਾ ਤਲਵੰਡੀ ਸਾਬੋ ਸਥਿਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚੇਗੀ।

ਮੁੱਖ ਮੰਤਰੀ ਦੀ ਹਾਜ਼ਰੀ ਨੂੰ ਲੈ ਕੇ ਸੁਰੱਖਿਆ ਪ੍ਰਬੰਧ ਸਖ਼ਤ

ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਅਤੇ ਜ਼ਿਲ੍ਹਾ ਪੁਲਿਸ ਮੁਖੀ ਡਾ. ਜਯੋਤੀ ਯਾਦਵ ਬੈਂਸ ਵੱਲੋਂ ਯਾਤਰਾ ਦੇ ਰਸਤੇ ਅਤੇ ਇੰਤਜ਼ਾਮਾਂ ਦਾ ਜਾਇਜ਼ਾ ਲਿਆ ਗਿਆ। ਅਧਿਕਾਰੀਆਂ ਨੇ ਜੀਦਾ, ਗੋਨਿਆਣਾ ਅਤੇ ਬਠਿੰਡਾ ਦੇ ਵੱਖ-ਵੱਖ ਇਲਾਕਿਆਂ ਵਿੱਚ ਸੁਰੱਖਿਆ, ਟ੍ਰੈਫਿਕ ਅਤੇ ਹੋਰ ਪ੍ਰਬੰਧਾਂ ਦੀ ਜਾਂਚ ਕੀਤੀ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਸਵੇਰੇ 10 ਵਜੇ ਅਗਲੇ ਪੜਾਅ ਲਈ ਰਵਾਨਾ ਹੋਵੇਗੀ ਯਾਤਰਾ

ਪ੍ਰਸ਼ਾਸਨ ਮੁਤਾਬਕ 8 ਮਈ ਨੂੰ ‘ਸ਼ੁਕਰਾਨਾ ਯਾਤਰਾ’ ਸਵੇਰੇ ਕਰੀਬ 10 ਵਜੇ ਤਿੰਨ ਕੋਣੀ ਬਠਿੰਡਾ ਤੋਂ ਆਪਣੇ ਅਗਲੇ ਪੜਾਅ ਲਈ ਰਵਾਨਾ ਹੋਵੇਗੀ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਯਾਤਰਾ ਵਿੱਚ ਸ਼ਮੂਲੀਅਤ ਕਰਨਗੇ। ਸਰਕਾਰ ਇਸ ਯਾਤਰਾ ਨੂੰ ਬੇਅਦਬੀ ਵਿਰੋਧੀ ਕਾਨੂੰਨ ਪ੍ਰਤੀ ਲੋਕਾਂ ਦੇ ਸਹਿਯੋਗ ਅਤੇ ਧਾਰਮਿਕ ਸਤਿਕਾਰ ਨਾਲ ਜੋੜ ਕੇ ਵੇਖ ਰਹੀ ਹੈ।

ਬੇਅਦਬੀ ਕਾਨੂੰਨ ਮਾਮਲੇ ’ਚ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣਗੇ ਕੁਲਤਾਰ ਸੰਧਵਾਂ

ਚੰਡੀਗੜ੍ਹ :- ਪੰਜਾਬ ਦੀ ਸਿਆਸਤ ਅਤੇ ਪੰਥਕ ਹਲਕਿਆਂ ਵਿੱਚ ਚਰਚਾ ਦਾ ਕੇਂਦਰ ਬਣੇ ਬੇਅਦਬੀ ਵਿਰੋਧੀ ਕਾਨੂੰਨ ਮਾਮਲੇ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪਹੁੰਚਣਗੇ। ਉੱਥੇ ਉਹ ਜਥੇਦਾਰ ਕੁਲਦੀਪ ਸਿੰਘ ਗੜਗੱਜ ਅੱਗੇ ਆਪਣਾ ਪੱਖ ਰੱਖਦਿਆਂ ਸਪੱਸ਼ਟੀਕਰਨ ਪੇਸ਼ ਕਰਨਗੇ।

‘ਆਪ’ ਸਰਕਾਰ ਦੇ ਨਵੇਂ ਕਾਨੂੰਨ ’ਤੇ ਪੰਥਕ ਹਲਕਿਆਂ ਵਿੱਚ ਚਰਚਾ

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਬੇਅਦਬੀ ਦੇ ਮਾਮਲਿਆਂ ਨੂੰ ਰੋਕਣ ਲਈ ਤਿਆਰ ਕੀਤੇ ਗਏ ਨਵੇਂ ਕਾਨੂੰਨ ਤੋਂ ਬਾਅਦ ਇਹ ਮਸਲਾ ਗਰਮਾਇਆ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਕਾਨੂੰਨ ਦੀ ਤਿਆਰੀ ਅਤੇ ਉਸਦੀ ਪ੍ਰਕਿਰਿਆ ਸਬੰਧੀ ਗੰਭੀਰ ਸਵਾਲ ਖੜ੍ਹੇ ਕੀਤੇ ਗਏ ਸਨ। ਇਸ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਤਲਬ ਕੀਤਾ ਗਿਆ ਸੀ।

ਧਾਰਮਿਕ ਮਸਲਿਆਂ ’ਚ ਪੰਥ ਦੀ ਰਾਏ ਲੈਣੀ ਲਾਜ਼ਮੀ : ਜਥੇਦਾਰ

ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਾਫ਼ ਕੀਤਾ ਸੀ ਕਿ ਬੇਅਦਬੀ ਨਾਲ ਜੁੜਿਆ ਮਾਮਲਾ ਸਿੱਖ ਭਾਵਨਾਵਾਂ ਅਤੇ ਧਾਰਮਿਕ ਮਰਯਾਦਾ ਨਾਲ ਸਿੱਧੇ ਤੌਰ ’ਤੇ ਸੰਬੰਧਿਤ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸੰਵੇਦਨਸ਼ੀਲ ਵਿਸ਼ੇ ’ਤੇ ਕੋਈ ਵੀ ਕਾਨੂੰਨੀ ਕਦਮ ਚੁੱਕਣ ਤੋਂ ਪਹਿਲਾਂ ਪੰਥਕ ਜਥੇਬੰਦੀਆਂ, ਵਿਦਵਾਨਾਂ ਅਤੇ ਸਮੂਹਿਕ ਸਿੱਖ ਰਾਏ ਨੂੰ ਨਾਲ ਲੈਣਾ ਜ਼ਰੂਰੀ ਬਣਦਾ ਹੈ।

ਸ੍ਰੀ ਅਕਾਲ ਤਖ਼ਤ ਦੀ ਅਹਿਮੀਅਤ ਨਜ਼ਰਅੰਦਾਜ਼ ਨਾ ਕਰਨ ਦੀ ਨਸੀਹਤ

ਜਥੇਦਾਰ ਨੇ ਇਹ ਵੀ ਕਿਹਾ ਕਿ ਸਿੱਖ ਕੌਮ ਨਾਲ ਜੁੜੇ ਧਾਰਮਿਕ ਅਤੇ ਮਰਯਾਦਕ ਮਾਮਲਿਆਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਿਤੀ ਸਰਵੋਚ ਮੰਨੀ ਜਾਂਦੀ ਹੈ। ਅਜਿਹੇ ਮਸਲਿਆਂ ’ਚ ਉਸਦੀ ਭੂਮਿਕਾ ਨੂੰ ਅਣਡਿੱਠਾ ਕਰਨਾ ਠੀਕ ਪਰੰਪਰਾ ਨਹੀਂ ਮੰਨੀ ਜਾ ਸਕਦੀ। ਹੁਣ ਸਾਰਿਆਂ ਦੀ ਨਜ਼ਰ ਅੱਜ ਹੋਣ ਵਾਲੀ ਇਸ ਅਹਿਮ ਪੇਸ਼ੀ ’ਤੇ ਟਿਕੀ ਹੋਈ ਹੈ।

ਪੰਜਾਬ ’ਚ ਤਿੰਨ ਦਿਨ ਮੌਸਮ ਰਹੇਗਾ ਖੁਸ਼ਕ, 11 ਮਈ ਤੋਂ ਮੁੜ ਬਦਲੇਗਾ ਮਿਜ਼ਾਜ

ਚੰਡੀਗੜ੍ਹ :- ਪੰਜਾਬ ਵਿੱਚ ਲਗਾਤਾਰ ਬਦਲਦੇ ਮੌਸਮ ਦਰਮਿਆਨ ਹੁਣ ਆਉਣ ਵਾਲੇ ਤਿੰਨ ਦਿਨ ਲੋਕਾਂ ਨੂੰ ਰਾਹਤ ਮਿਲਣ ਦੀ ਸੰਭਾਵਨਾ ਹੈ। ਮੌਸਮ ਕੇਂਦਰ ਵੱਲੋਂ ਜਾਰੀ ਤਾਜ਼ਾ ਅਨੁਮਾਨ ਅਨੁਸਾਰ ਸ਼ੁੱਕਰਵਾਰ ਤੋਂ ਸੂਬੇ ਭਰ ਵਿੱਚ ਮੌਸਮ ਜ਼ਿਆਦਾਤਰ ਸੁੱਕਾ ਰਹੇਗਾ ਅਤੇ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਤੁਰੰਤ ਚੇਤਾਵਨੀ ਜਾਰੀ ਨਹੀਂ ਕੀਤੀ ਗਈ। ਵੀਰਵਾਰ ਦੌਰਾਨ ਕਈ ਜ਼ਿਲ੍ਹਿਆਂ ਵਿੱਚ ਤਿੱਖੀ ਧੁੱਪ ਨਜ਼ਰ ਆਈ, ਜਦਕਿ ਕੁਝ ਥਾਵਾਂ ’ਤੇ ਧੂੜ ਨਾਲ ਭਰੀਆਂ ਤੇਜ਼ ਹਵਾਵਾਂ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ।

11 ਮਈ ਤੋਂ ਮੁੜ ਸਰਗਰਮ ਹੋਵੇਗਾ ਮੌਸਮੀ ਸਿਸਟਮ

ਮੌਸਮ ਵਿਭਾਗ ਮੁਤਾਬਕ 11 ਮਈ ਤੋਂ ਇੱਕ ਵਾਰ ਫਿਰ ਹਵਾਵਾਂ ਦਾ ਦਬਾਅ ਬਦਲਣ ਕਾਰਨ ਮੌਸਮ ਕਰਵਟ ਲੈ ਸਕਦਾ ਹੈ। 11 ਤੋਂ 13 ਮਈ ਤੱਕ ਪੰਜਾਬ ਦੇ ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ, ਗਰਜ-ਚਮਕ ਅਤੇ ਧੂੜ ਭਰੇ ਤੂਫ਼ਾਨ ਆਉਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਮਿਆਦ ਲਈ ਯੈਲੋ ਅਲਰਟ ਜਾਰੀ ਕਰਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ। ਅਨੁਮਾਨ ਹੈ ਕਿ ਹਵਾਵਾਂ ਦੀ ਰਫ਼ਤਾਰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ।

ਪੱਛਮੀ ਗੜਬੜ ਕਮਜ਼ੋਰ ਪੈਣ ਨਾਲ ਮਿਲੀ ਰਾਹਤ

ਪਿਛਲੇ ਕੁਝ ਦਿਨਾਂ ਤੋਂ ਹਿਮਾਚਲ ਅਤੇ ਨੇੜਲੇ ਖੇਤਰਾਂ ਵਿੱਚ ਸਰਗਰਮ ਰਹੀ ਪੱਛਮੀ ਗੜਬੜ ਹੁਣ ਕਮਜ਼ੋਰ ਹੋ ਚੁੱਕੀ ਹੈ। ਇਸ ਕਾਰਨ 7 ਤੋਂ 9 ਮਈ ਤੱਕ ਮੀਂਹ, ਗੜੇਮਾਰੀ ਅਤੇ ਤੂਫ਼ਾਨੀ ਮੌਸਮ ਤੋਂ ਕੁਝ ਹੱਦ ਤੱਕ ਰਾਹਤ ਮਿਲਣ ਦੀ ਉਮੀਦ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਦਿਨ ਦੇ ਸਮੇਂ ਗਰਮੀ ਵਿੱਚ ਵਾਧਾ ਵੀ ਦਰਜ ਕੀਤਾ ਜਾ ਸਕਦਾ ਹੈ।

ਫਰੀਦਕੋਟ ਸਭ ਤੋਂ ਗਰਮ, ਬਠਿੰਡਾ ਵੀ ਤਾਪ ਵਿੱਚ ਅੱਗੇ

ਵੀਰਵਾਰ ਨੂੰ ਸੂਬੇ ਦੇ ਕਈ ਇਲਾਕਿਆਂ ਵਿੱਚ ਤਾਪਮਾਨ ਚੜ੍ਹਦਾ ਨਜ਼ਰ ਆਇਆ। ਸਭ ਤੋਂ ਵੱਧ ਗਰਮੀ ਫਰੀਦਕੋਟ ਵਿੱਚ ਦਰਜ ਕੀਤੀ ਗਈ, ਜਿੱਥੇ ਪਾਰਾ 39.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਇਸ ਤੋਂ ਬਾਅਦ ਬਠਿੰਡਾ ਵਿੱਚ 39.1 ਡਿਗਰੀ ਸੈਲਸੀਅਸ ਤਾਪਮਾਨ ਰਿਹਾ। ਫਾਜ਼ਿਲਕਾ ਵਿੱਚ 36.6 ਡਿਗਰੀ, ਫਿਰੋਜ਼ਪੁਰ ਵਿੱਚ 35.1 ਡਿਗਰੀ ਅਤੇ ਅੰਮ੍ਰਿਤਸਰ ਵਿੱਚ 34.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਠਾਨਕੋਟ ਦਾ ਤਾਪਮਾਨ 34 ਡਿਗਰੀ, ਰੂਪਨਗਰ ਦਾ 33.6 ਡਿਗਰੀ ਅਤੇ ਲੁਧਿਆਣਾ ਦਾ 31.8 ਡਿਗਰੀ ਸੈਲਸੀਅਸ ਰਿਹਾ।

ਫ਼ਰੀਦਕੋਟ ‘ਚ ਨਕਲੀ ਖਾਦ-ਕੀਟਨਾਸ਼ਕਾਂ ਦਾ ਵੱਡਾ ਭੰਡਾਫੋੜ, ਰਿਹਾਇਸ਼ੀ ਮਕਾਨ ‘ਚ ਚੱਲ ਰਹੀ ਸੀ ਗੈਰ-ਕਾਨੂੰਨੀ ਫੈਕਟਰੀ; ਮਾਲਕ ਖ਼ਿਲਾਫ਼ ਕੇਸ ਦਰਜ

ਫਰੀਦਕੋਟ :- ਪੰਜਾਬ ਵਿੱਚ ਨਕਲੀ ਖੇਤੀ ਸਮੱਗਰੀ ਵੇਚਣ ਵਾਲਿਆਂ ਖ਼ਿਲਾਫ਼ ਚਲ ਰਹੀ ਮੁਹਿੰਮ ਤਹਿਤ ਫ਼ਰੀਦਕੋਟ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਨੇ ਸਥਾਨਕ ਪੁਲਿਸ ਦੇ ਸਹਿਯੋਗ ਨਾਲ ਨਰਾਇਣ ਨਗਰ ਸਥਿਤ ਇੱਕ ਰਿਹਾਇਸ਼ੀ ਮਕਾਨ ‘ਤੇ ਛਾਪਾ ਮਾਰ ਕੇ ਗੈਰ-ਕਾਨੂੰਨੀ ਤਰੀਕੇ ਨਾਲ ਚੱਲ ਰਹੀ ਖਾਦ ਅਤੇ ਕੀਟਨਾਸ਼ਕ ਪੈਕਿੰਗ ਯੂਨਿਟ ਦਾ ਪਰਦਾਫਾਸ਼ ਕੀਤਾ। ਮਾਮਲੇ ਸਬੰਧੀ ਮਕਾਨ ਮਾਲਕ ਰਾਜਿੰਦਰ ਸੇਠੀ ਖ਼ਿਲਾਫ਼ ਸਿਟੀ ਥਾਣਾ ਫ਼ਰੀਦਕੋਟ ਵਿੱਚ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ।

ਮਿਆਦ ਪੁੱਗੇ ਖਾਦ ਤੇ ਕੀਟਨਾਸ਼ਕਾਂ ਦਾ ਵੱਡਾ ਜਖੀਰਾ ਬਰਾਮਦ
ਜਾਂਚ ਦੌਰਾਨ ਟੀਮ ਨੂੰ ਮੌਕੇ ਤੋਂ ਵੱਡੀ ਮਾਤਰਾ ਵਿੱਚ ਸ਼ੱਕੀ ਅਤੇ ਮਿਆਦ ਪੁੱਗ ਚੁੱਕੀ ਖਾਦ ਅਤੇ ਕੀਟਨਾਸ਼ਕ ਸਮੱਗਰੀ ਮਿਲੀ। ਵਿਭਾਗ ਵੱਲੋਂ ਲੈਬ ਟੈਸਟ ਲਈ 18 ਨਮੂਨੇ ਇਕੱਠੇ ਕੀਤੇ ਗਏ ਹਨ। ਇਸ ਤੋਂ ਇਲਾਵਾ ਦੋ ਬੈਚ ਮਿਆਦ ਪੁੱਗੀ ਖਾਦ ਅਤੇ ਅੱਠ ਮਿਆਦ ਪੁੱਗੇ ਕੀਟਨਾਸ਼ਕ ਵੀ ਜ਼ਬਤ ਕੀਤੇ ਗਏ। ਅਧਿਕਾਰੀਆਂ ਅਨੁਸਾਰ ਇਹ ਸਮੱਗਰੀ ਕਿਸਾਨਾਂ ਲਈ ਨੁਕਸਾਨਦਾਇਕ ਸਾਬਤ ਹੋ ਸਕਦੀ ਸੀ।

ਬਿਨਾਂ ਲਾਇਸੈਂਸ ਘਰ ਵਿੱਚ ਚੱਲ ਰਿਹਾ ਸੀ ਪੈਕਿੰਗ ਕੰਮ
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਦੋਸ਼ੀ ਆਪਣੀ ਰਿਹਾਇਸ਼ ਵਿੱਚ ਹੀ ਗੈਰ-ਕਾਨੂੰਨੀ ਪੈਕਿੰਗ ਯੂਨਿਟ ਚਲਾ ਰਿਹਾ ਸੀ। ਛਾਪੇ ਦੌਰਾਨ ਖੁੱਲ੍ਹੀਆਂ ਅਤੇ ਬਿਨਾਂ ਨਿਸ਼ਾਨ ਵਾਲੀਆਂ ਬੋਰੀਆਂ ਦੇ ਨਾਲ ਸਿਲਾਈ ਅਤੇ ਸੀਲਿੰਗ ਮਸ਼ੀਨਾਂ ਵੀ ਬਰਾਮਦ ਹੋਈਆਂ, ਜਿਨ੍ਹਾਂ ਦੀ ਵਰਤੋਂ ਨਕਲੀ ਸਮੱਗਰੀ ਨੂੰ ਦੁਬਾਰਾ ਪੈਕ ਕਰਨ ਲਈ ਕੀਤੀ ਜਾਂਦੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਦਾ ਖਾਦ ਲਾਇਸੈਂਸ ਵੀ ਮਿਆਦ ਪੁੱਗ ਚੁੱਕਾ ਸੀ, ਫਿਰ ਵੀ ਉਹ ਧੜੱਲੇ ਨਾਲ ਕਾਰੋਬਾਰ ਕਰ ਰਿਹਾ ਸੀ।

ਹਿਮਾਚਲ ਨਾਲ ਜੁੜੀਆਂ ਸਪਲਾਈ ਲਿੰਕਾਂ ਦੀ ਵੀ ਹੋਵੇਗੀ ਜਾਂਚ
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਸਮੱਗਰੀ ਹਿਮਾਚਲ ਪ੍ਰਦੇਸ਼ ਦੀ ਇੱਕ ਫਰਮ ਤੋਂ ਲਿਆਂਦੀ ਜਾਂਦੀ ਸੀ। ਸਰਕਾਰ ਹੁਣ ਪੂਰੀ ਸਪਲਾਈ ਚੇਨ ਦੀ ਜਾਂਚ ਕਰੇਗੀ ਤਾਂ ਜੋ ਇਸ ਰੈਕੇਟ ਨਾਲ ਜੁੜੇ ਹੋਰ ਲੋਕਾਂ ਨੂੰ ਵੀ ਕਾਨੂੰਨ ਦੇ ਘੇਰੇ ਵਿੱਚ ਲਿਆਂਦਾ ਜਾ ਸਕੇ।

ਕਿਸਾਨਾਂ ਨਾਲ ਧੋਖਾਧੜੀ ਕਰਨ ਵਾਲਿਆਂ ਨੂੰ ਨਹੀਂ ਮਿਲੇਗੀ ਕੋਈ ਰਾਹਤ : ਖੁੱਡੀਆਂ
ਮੰਤਰੀ ਖੁੱਡੀਆਂ ਨੇ ਕਿਹਾ ਕਿ ਨਕਲੀ ਅਤੇ ਮਿਆਦ ਪੁੱਗ ਚੁੱਕੇ ਖੇਤੀ ਉਤਪਾਦ ਵੇਚਣਾ ਕਿਸਾਨਾਂ ਨਾਲ ਵੱਡੀ ਧੋਖਾਧੜੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫਸਲ ਅਤੇ ਆਰਥਿਕਤਾ ਨਾਲ ਖੇਡਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰੱਖੇਗੀ। ਨਾਲ ਹੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਥਾਂ ਸ਼ੱਕੀ ਖਾਦ ਜਾਂ ਕੀਟਨਾਸ਼ਕ ਵੇਚੇ ਜਾਣ ਦੀ ਜਾਣਕਾਰੀ ਮਿਲੇ ਤਾਂ ਤੁਰੰਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ।

ਬੰਗਲਾ ਸਾਹਿਬ ਤੋਂ ਸੰਸਦ ਵੱਲ ਕੂਚ ਕਰਦੇ ਸਿੱਖ ਪ੍ਰਦਰਸ਼ਨਕਾਰੀ ਦਿੱਲੀ ਪੁਲਿਸ ਵੱਲੋਂ ਹਿਰਾਸਤ ’ਚ, ‘ਸਿੱਖ ਕੈਦੀਆਂ ਦੀ ਰਿਹਾਈ’ ਦੀ ਗੂੰਜ

ਨਵੀਂ ਦਿੱਲੀ :- ਦਿੱਲੀ ਵਿੱਚ ਅੱਜ ਉਸ ਵੇਲੇ ਤਣਾਅਪੂਰਨ ਮਾਹੌਲ ਬਣ ਗਿਆ, ਜਦੋਂ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸੰਸਦ ਵੱਲ ਪੈਦਲ ਮਾਰਚ ਕਰ ਰਹੇ ਸਿੱਖ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਰਸਤੇ ਵਿੱਚ ਹੀ ਹਿਰਾਸਤ ਵਿੱਚ ਲੈ ਲਿਆ। ਜਾਣਕਾਰੀ ਮੁਤਾਬਕ ਸਿਰਸਾ, ਹਰਿਆਣਾ ਅਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਆਏ ਕਰੀਬ 100 ਸਿੱਖ ਪ੍ਰਦਰਸ਼ਨਕਾਰੀ ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਇਕੱਠੇ ਹੋਏ ਸਨ। ਇਸ ਤੋਂ ਬਾਅਦ ਉਹ ਆਪਣੇ ਗਲੇ ਵਿੱਚ ਬੇੜੀਆਂ ਪਾ ਕੇ ਸੰਸਦ ਵੱਲ ਸ਼ਾਂਤੀਪੂਰਨ ਮਾਰਚ ਲਈ ਨਿਕਲੇ।

ਮਾਰਚ ਸ਼ੁਰੂ ਹੁੰਦੇ ਹੀ ਪੁਲਿਸ ਨੇ ਕੀਤੀ ਕਾਰਵਾਈ

ਜਿਵੇਂ ਹੀ ਪ੍ਰਦਰਸ਼ਨਕਾਰੀ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲੇ ਅਤੇ ਸੜਕ ’ਤੇ ਅੱਗੇ ਵਧੇ, ਦਿੱਲੀ ਪੁਲਿਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਨੂੰ ਰੋਕ ਲਿਆ। ਇਸ ਦੌਰਾਨ ਪੁਲਿਸ ਨੇ 100 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਕੇ ਵੱਖ-ਵੱਖ ਵੈਨਾਂ ਰਾਹੀਂ ਲਿਜਾਇਆ। ਘਟਨਾ ਤੋਂ ਬਾਅਦ ਇਲਾਕੇ ਵਿੱਚ ਕੁਝ ਸਮੇਂ ਲਈ ਗਹਿਮਾ-ਗਹਿਮੀ ਦਾ ਮਾਹੌਲ ਬਣਿਆ ਰਿਹਾ।

“ਅਸੀਂ ਅਜੇ ਵੀ ਬੇੜੀਆਂ ’ਚ ਬੰਦ ਹਾਂ” ਦੇ ਲੱਗੇ ਨਾਅਰੇ

ਪ੍ਰਦਰਸ਼ਨਕਾਰੀਆਂ ਨੇ ਹਿਰਾਸਤ ਦੌਰਾਨ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। “ਸਿੱਖ ਕੈਦੀਆਂ ਨੂੰ ਰਿਹਾਅ ਕਰੋ” ਅਤੇ “ਅਸੀਂ ਅੱਜ ਵੀ ਬੇੜੀਆਂ ਵਿੱਚ ਬੰਦ ਹਾਂ” ਵਰਗੇ ਨਾਅਰੇ ਲਗਾ ਕੇ ਉਨ੍ਹਾਂ ਨੇ ਆਪਣਾ ਰੋਸ ਜ਼ਾਹਰ ਕੀਤਾ। ਇਕ ਪ੍ਰਦਰਸ਼ਨਕਾਰੀ ਨੇ ਦੱਸਿਆ ਕਿ ਉਹ ਪੂਰੀ ਤਰ੍ਹਾਂ ਸ਼ਾਂਤੀਪੂਰਨ ਢੰਗ ਨਾਲ ਸੰਸਦ ਵੱਲ ਜਾ ਰਹੇ ਸਨ, ਪਰ ਪੁਲਿਸ ਨੇ ਰਸਤੇ ਵਿੱਚ ਹੀ ਉਨ੍ਹਾਂ ਨੂੰ ਰੋਕ ਕੇ ਹਿਰਾਸਤ ਵਿੱਚ ਲੈ ਲਿਆ।

ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ਦੀ ਮੰਗ

ਰੋਸ ਪ੍ਰਦਰਸ਼ਨ ਦਾ ਮੁੱਖ ਕੇਂਦਰ ਉਹ ਸਿੱਖ ਕੈਦੀ ਸਨ, ਜਿਨ੍ਹਾਂ ਬਾਰੇ ਪ੍ਰਦਰਸ਼ਨਕਾਰੀਆਂ ਦਾ ਦਾਅਵਾ ਹੈ ਕਿ ਉਹ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ, ਫਿਰ ਵੀ ਅਜੇ ਤੱਕ ਜੇਲ੍ਹਾਂ ਵਿੱਚ ਬੰਦ ਹਨ। ਉਨ੍ਹਾਂ ਕਿਹਾ ਕਿ ਸੰਵਿਧਾਨਕ ਅਤੇ ਕਾਨੂੰਨੀ ਹੱਕਾਂ ਦੇ ਬਾਵਜੂਦ ਸਰਕਾਰ ਉਨ੍ਹਾਂ ਦੀ ਰਿਹਾਈ ਨਹੀਂ ਕਰ ਰਹੀ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਸਾਰੇ ਸਿੱਖ ਕੈਦੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਇਸ ਮਾਮਲੇ ’ਤੇ ਕੇਂਦਰ ਸਰਕਾਰ ਸਪੱਸ਼ਟ ਰਵੱਈਆ ਅਪਣਾਏ।