Home Blog Page 400

ਪੰਜਾਬ ‘ਚ ਮੌਸਮ ਬਦਲਿਆ, ਤੇਜ਼ ਹਵਾਵਾਂ ਤੇ ਮੀਂਹ ਦੀ ਚੇਤਾਵਨੀ; ਗਰਮੀ ਤੋਂ ਮਿਲੇਗੀ ਰਾਹਤ

ਚੰਡੀਗੜ੍ਹ :- ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਨੇ ਅਚਾਨਕ ਰੁੱਖ ਬਦਲ ਲਿਆ। ਕਈ ਇਲਾਕਿਆਂ ਵਿੱਚ ਧੂੜ ਭਰੀਆਂ ਤੇਜ਼ ਹਵਾਵਾਂ ਚੱਲਣ ਕਾਰਨ ਲੋਕਾਂ ਨੂੰ ਤਪਦੀ ਗਰਮੀ ਤੋਂ ਕੁਝ ਰਾਹਤ ਮਹਿਸੂਸ ਹੋਈ। ਆਸਮਾਨ ‘ਚ ਬੱਦਲ ਛਾਏ ਰਹੇ, ਜਦਕਿ ਕੁਝ ਥਾਵਾਂ ‘ਤੇ ਹਲਕੀ ਬੂੰਦਾਬਾਂਦੀ ਨੇ ਮੌਸਮ ਸੁਹਾਵਣਾ ਕਰ ਦਿੱਤਾ। ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਤੱਕ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ, ਗਰਜ ਅਤੇ ਬਿਜਲੀ ਚਮਕਣ ਦੀ ਸੰਭਾਵਨਾ ਜਤਾਈ ਹੈ।

ਕਈ ਜ਼ਿਲ੍ਹਿਆਂ ਲਈ ਸੰਤਰੀ ਚੇਤਾਵਨੀ ਜਾਰੀ
ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਜਾਰੀ ਤਾਜ਼ਾ ਅਨੁਮਾਨ ਮੁਤਾਬਕ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਮੋਹਾਲੀ ਸਮੇਤ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਹਵਾਵਾਂ ਦੀ ਰਫ਼ਤਾਰ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਸ ਦੇ ਨਾਲ ਗਰਜ-ਚਮਕ ਅਤੇ ਬਿਜਲੀ ਡਿੱਗਣ ਦੀ ਵੀ ਚੇਤਾਵਨੀ ਦਿੱਤੀ ਗਈ ਹੈ।

ਦੱਖਣ-ਪੱਛਮੀ ਪੰਜਾਬ ਵੀ ਰਹੇਗਾ ਪ੍ਰਭਾਵਿਤ
ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਬਠਿੰਡਾ ਅਤੇ ਸੰਗਰੂਰ ਵਰਗੇ ਇਲਾਕਿਆਂ ਵਿੱਚ ਵੀ ਮੌਸਮ ਦਾ ਅਸਰ ਵੇਖਣ ਨੂੰ ਮਿਲੇਗਾ। ਇਨ੍ਹਾਂ ਜ਼ਿਲ੍ਹਿਆਂ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਅਤੇ ਹਲਕੇ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਨੇ ਕਿਸਾਨਾਂ ਅਤੇ ਯਾਤਰੀਆਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।

ਪੱਛਮੀ ਗੜਬੜੀ ਕਾਰਨ ਬਣੇ ਬਦਲੇ ਹਾਲਾਤ
ਮੌਸਮ ਮਾਹਿਰਾਂ ਮੁਤਾਬਕ ਉੱਤਰੀ ਭਾਰਤ ‘ਚ ਸਰਗਰਮ ਹੋਈ ਨਵੀਂ ਪੱਛਮੀ ਗੜਬੜੀ ਕਾਰਨ ਪੰਜਾਬ ਦੇ ਮੌਸਮ ਵਿੱਚ ਇਹ ਤਬਦੀਲੀ ਆਈ ਹੈ। ਇਸ ਦੇ ਪ੍ਰਭਾਵ ਹੇਠ ਸੂਬੇ ਦੇ ਕਈ ਹਿੱਸਿਆਂ ਵਿੱਚ ਬੱਦਲਵਾਈ, ਤੇਜ਼ ਹਵਾਵਾਂ ਅਤੇ ਛਿੱਟੇ ਪੈਣ ਦੀਆਂ ਘਟਨਾਵਾਂ ਵਧੀਆਂ ਹਨ। ਮੌਸਮ ਵਿਗਿਆਨ ਕੇਂਦਰ ਦੇ ਅਧਿਕਾਰੀਆਂ ਅਨੁਸਾਰ 14 ਮਈ ਤੱਕ ਇਹ ਸਿਲਸਿਲਾ ਜਾਰੀ ਰਹਿ ਸਕਦਾ ਹੈ।

ਗਰਮੀ ਤੋਂ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ
ਪਿਛਲੇ ਕਈ ਦਿਨਾਂ ਤੋਂ ਪੈ ਰਹੀ ਤਿੱਖੀ ਗਰਮੀ ਅਤੇ ਲੂ ਕਾਰਨ ਲੋਕ ਪਰੇਸ਼ਾਨ ਸਨ, ਪਰ ਮੌਸਮ ਦੇ ਇਸ ਬਦਲਾਅ ਨਾਲ ਤਾਪਮਾਨ ਵਿੱਚ ਕਮੀ ਆਉਣ ਦੀ ਸੰਭਾਵਨਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ‘ਚ ਮੌਸਮ ਕੁਝ ਹੱਦ ਤੱਕ ਸੁਹਾਵਣਾ ਰਹਿ ਸਕਦਾ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੇਗੀ।

ਟਰੰਪ ਨੇ ਈਰਾਨ ਦੀਆਂ ਸ਼ਰਤਾਂ ਠੁਕਰਾਈਆਂ, ਦੁਨੀਆ ‘ਚ ਮੁੜ ਜੰਗ ਦਾ ਖ਼ਤਰਾ; ਤੇਲ ਦੀਆਂ ਕੀਮਤਾਂ ਚੜ੍ਹੀਆਂ

ਅਮਰੀਕਾ :- ਅਮਰੀਕਾ ਅਤੇ ਈਰਾਨ ਵਿਚਕਾਰ ਚੱਲ ਰਹੇ ਤਣਾਅ ਨੂੰ ਸ਼ਾਂਤ ਕਰਨ ਲਈ ਪਿਛਲੇ ਕਈ ਹਫ਼ਤਿਆਂ ਤੋਂ ਜਾਰੀ ਗੁਪਤ ਕੂਟਨੀਤਿਕ ਕੋਸ਼ਿਸ਼ਾਂ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ, ਜਦੋਂ ਤਹਿਰਾਨ ਨੇ ਵਾਸ਼ਿੰਗਟਨ ਵੱਲੋਂ ਭੇਜੇ ਗਏ ਪ੍ਰਸਤਾਵ ‘ਤੇ ਸਖ਼ਤ ਰੁਖ ਅਪਣਾਇਆ। ਈਰਾਨ ਨੇ ਆਪਣੇ ਜਵਾਬ ‘ਚ ਸਾਫ਼ ਕਰ ਦਿੱਤਾ ਕਿ ਜੰਗ ਜਾਂ ਟਕਰਾਅ ਕਿਸੇ ਇੱਕ ਖੇਤਰ ਤੱਕ ਸੀਮਿਤ ਨਹੀਂ ਰਹਿ ਸਕਦਾ ਅਤੇ ਹਰ ਮੋਰਚੇ ‘ਤੇ ਪੂਰੀ ਤਰ੍ਹਾਂ ਖ਼ਤਮ ਹੋਣਾ ਲਾਜ਼ਮੀ ਹੈ। ਤਹਿਰਾਨ ਨੇ ਖ਼ਾਸ ਤੌਰ ‘ਤੇ ਲੇਬਨਾਨ ਦੀ ਸਥਿਤੀ ਅਤੇ ਹੋਰਮੁਜ਼ ਜਲਡੰਡੀ ਰਾਹੀਂ ਜਹਾਜ਼ਾਂ ਦੀ ਆਵਾਜਾਈ ਦੀ ਸੁਰੱਖਿਆ ਨੂੰ ਮੁੱਖ ਮੁੱਦਾ ਬਣਾਇਆ।

ਟਰੰਪ ਦਾ ਤਿੱਖਾ ਜਵਾਬ, ਸਮਝੌਤੇ ਤੋਂ ਕੀਤਾ ਇਨਕਾਰ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਜਵਾਬ ਨੂੰ ਸਿੱਧੇ ਤੌਰ ‘ਤੇ ਰੱਦ ਕਰਦਿਆਂ ਕਿਹਾ ਕਿ ਇਹ ਪ੍ਰਸਤਾਵ ਕਿਸੇ ਵੀ ਹਾਲਤ ‘ਚ ਕਬੂਲਯੋਗ ਨਹੀਂ। ਆਪਣੇ ਸੋਸ਼ਲ ਮੀਡੀਆ ਮੰਚ ‘ਤੇ ਟਰੰਪ ਨੇ ਲਿਖਿਆ ਕਿ ਤਹਿਰਾਨ ਦੀਆਂ ਸ਼ਰਤਾਂ ਬੇਹੱਦ ਅਣਉਚਿਤ ਹਨ ਅਤੇ ਅਮਰੀਕਾ ਉਨ੍ਹਾਂ ਨੂੰ ਮਨਜ਼ੂਰ ਨਹੀਂ ਕਰ ਸਕਦਾ। ਇਸ ਬਿਆਨ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਮੁੜ ਤਣਾਅ ਵਧ ਗਿਆ ਹੈ।

ਤੇਲ ਬਾਜ਼ਾਰ ‘ਚ ਹੜਕੰਪ, ਕੀਮਤਾਂ ‘ਚ ਤੇਜ਼ ਉਛਾਲ
ਦੋਵਾਂ ਪੱਖਾਂ ਵਿਚਕਾਰ ਗੱਲਬਾਤ ਅਸਫਲ ਰਹਿਣ ਦਾ ਸਿੱਧਾ ਅਸਰ ਵਿਸ਼ਵ ਬਾਜ਼ਾਰਾਂ ‘ਤੇ ਵੀ ਵੇਖਣ ਨੂੰ ਮਿਲਿਆ। ਐਤਵਾਰ ਨੂੰ ਕੱਚੇ ਤੇਲ ਦੀ ਕੀਮਤ ਵਿੱਚ ਲਗਭਗ 3 ਡਾਲਰ ਪ੍ਰਤੀ ਬੈਰਲ ਦਾ ਵਾਧਾ ਦਰਜ ਕੀਤਾ ਗਿਆ। ਹੋਰਮੁਜ਼ ਜਲਡੰਡੀ ਰਾਹੀਂ ਜਹਾਜ਼ਾਂ ਦੀ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਦੁਨੀਆ ਭਰ ਦੀ ਊਰਜਾ ਸਪਲਾਈ ‘ਤੇ ਦਬਾਅ ਬਣਿਆ ਹੋਇਆ ਹੈ। ਮਾਹਿਰਾਂ ਮੁਤਾਬਕ ਜੇਕਰ ਹਾਲਾਤ ਜਲਦੀ ਕਾਬੂ ‘ਚ ਨਾ ਆਏ ਤਾਂ ਆਉਣ ਵਾਲੇ ਦਿਨਾਂ ‘ਚ ਤੇਲ ਦੀਆਂ ਕੀਮਤਾਂ ਹੋਰ ਵੱਧ ਸਕਦੀਆਂ ਹਨ।

ਈਰਾਨ ਨੇ ਮੰਗਿਆ ਜੰਗੀ ਨੁਕਸਾਨ ਦਾ ਹਰਜਾਨਾ
ਤਹਿਰਾਨ ਨੇ ਆਪਣੇ ਜਵਾਬ ‘ਚ ਟਕਰਾਅ ਦੌਰਾਨ ਹੋਏ ਨੁਕਸਾਨ ਲਈ ਅਮਰੀਕਾ ਤੋਂ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ। ਨਾਲ ਹੀ ਈਰਾਨ ਨੇ ਹੋਰਮੁਜ਼ ਜਲਡੰਡੀ ‘ਤੇ ਆਪਣਾ ਹੱਕ ਦੁਹਰਾਉਂਦਿਆਂ ਕਿਹਾ ਕਿ ਅਮਰੀਕੀ ਜਲ ਸੈਨਾ ਦੀ ਨਾਕਾਬੰਦੀ ਹਟਾਈ ਜਾਵੇ। ਇਸ ਤੋਂ ਇਲਾਵਾ ਈਰਾਨ ਨੇ ਆਰਥਿਕ ਪਾਬੰਦੀਆਂ ਖ਼ਤਮ ਕਰਨ, ਈਰਾਨੀ ਤੇਲ ਦੀ ਵਿਕਰੀ ‘ਤੇ ਲੱਗੀ ਰੋਕ ਹਟਾਉਣ ਅਤੇ ਭਵਿੱਖ ‘ਚ ਹਮਲੇ ਨਾ ਕਰਨ ਦੀ ਗਾਰੰਟੀ ਦੀ ਵੀ ਮੰਗ ਰੱਖੀ ਹੈ।

ਪ੍ਰਮਾਣੂ ਮੁੱਦੇ ‘ਤੇ ਵੀ ਬਣਿਆ ਅੜਿੱਕਾ
ਦੂਜੇ ਪਾਸੇ ਅਮਰੀਕਾ ਨੇ ਪਹਿਲਾਂ ਪੂਰੀ ਤਰ੍ਹਾਂ ਹਿੰਸਾ ਰੋਕਣ ਦੀ ਸ਼ਰਤ ਰੱਖੀ ਹੈ। ਵਾਸ਼ਿੰਗਟਨ ਦਾ ਕਹਿਣਾ ਹੈ ਕਿ ਜਦੋਂ ਤੱਕ ਖੇਤਰ ‘ਚ ਸਥਿਤੀ ਆਮ ਨਹੀਂ ਹੁੰਦੀ, ਉਦੋਂ ਤੱਕ ਪ੍ਰਮਾਣੂ ਕਾਰਜਕ੍ਰਮ ਵਰਗੇ ਸੰਵੇਦਨਸ਼ੀਲ ਮੁੱਦਿਆਂ ‘ਤੇ ਗੱਲਬਾਤ ਸੰਭਵ ਨਹੀਂ। ਸੂਤਰਾਂ ਮੁਤਾਬਕ ਈਰਾਨ ਨੇ ਆਪਣੇ ਯੂਰੇਨੀਅਮ ਭੰਡਾਰ ਦਾ ਕੁਝ ਹਿੱਸਾ ਘਟਾਉਣ ਅਤੇ ਬਾਕੀ ਸਟਾਕ ਨੂੰ ਕਿਸੇ ਤੀਜੇ ਦੇਸ਼ ਨੂੰ ਭੇਜਣ ਦੀ ਪੇਸ਼ਕਸ਼ ਕੀਤੀ ਹੈ।

ਕਤਰ ਦਾ ਗੈਸ ਜਹਾਜ਼ ਸੁਰੱਖਿਅਤ ਪਾਕਿਸਤਾਨ ਪਹੁੰਚਿਆ
ਇਸ ਦੌਰਾਨ ਖੇਤਰ ‘ਚ ਇੱਕ ਅਹਿਮ ਘਟਨਾ ਵੀ ਸਾਹਮਣੇ ਆਈ। ਕਤਰ ਐਨਰਜੀ ਦਾ ਐਲਐਨਜੀ ਜਹਾਜ਼ ਸੁਰੱਖਿਅਤ ਢੰਗ ਨਾਲ ਹੋਰਮੁਜ਼ ਜਲਡੰਡੀ ਪਾਰ ਕਰਕੇ ਪਾਕਿਸਤਾਨ ਦੇ ਪੋਰਟ ਕਾਸਿਮ ਬੰਦਰਗਾਹ ‘ਤੇ ਪਹੁੰਚ ਗਿਆ। ਫਰਵਰੀ ਦੇ ਅੰਤ ‘ਚ ਟਕਰਾਅ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲਾ ਵੱਡਾ ਗੈਸ ਜਹਾਜ਼ ਸੀ ਜੋ ਇਸ ਰਸਤੇ ਰਾਹੀਂ ਲੰਘਿਆ। ਜਾਣਕਾਰੀ ਮੁਤਾਬਕ ਈਰਾਨ ਨੇ ਪਾਕਿਸਤਾਨ ਅਤੇ ਕਤਰ ਨਾਲ ਭਰੋਸਾ ਬਣਾਉਣ ਦੇ ਉਦੇਸ਼ ਨਾਲ ਇਸ ਜਹਾਜ਼ ਨੂੰ ਲੰਘਣ ਦੀ ਮਨਜ਼ੂਰੀ ਦਿੱਤੀ।

ਵਿਚੋਲੇ ਵਜੋਂ ਸਾਹਮਣੇ ਆਇਆ ਪਾਕਿਸਤਾਨ
ਪਾਕਿਸਤਾਨ ਇਸ ਪੂਰੇ ਮਾਮਲੇ ‘ਚ ਦੋਵਾਂ ਦੇਸ਼ਾਂ ਵਿਚਕਾਰ ਸੰਪਰਕ ਸਾਧਨ ਦੀ ਭੂਮਿਕਾ ਨਿਭਾ ਰਿਹਾ ਹੈ। ਪਾਕਿਸਤਾਨੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਤਹਿਰਾਨ ਦਾ ਜਵਾਬ ਅਮਰੀਕਾ ਤੱਕ ਪਹੁੰਚਾਉਣ ‘ਚ ਇਸਲਾਮਾਬਾਦ ਨੇ ਮਦਦ ਕੀਤੀ। ਭਾਵੇਂ 8 ਅਪ੍ਰੈਲ ਤੋਂ ਜੰਗਬੰਦੀ ਲਾਗੂ ਹੈ, ਪਰ ਖੇਤਰ ‘ਚ ਅਜੇ ਵੀ ਅਸਥਿਰਤਾ ਅਤੇ ਟਕਰਾਅ ਦਾ ਖ਼ਤਰਾ ਕਾਇਮ ਹੈ।

ਸਕੂਲੀ ਸਿੱਖਿਆ ਵਿੱਚ ਪੰਜਾਬ ਨੇ ਕੇਰਲ ਨੂੰ ਛੱਡਿਆ ਪਿੱਛੇ, NITI Aayog ਰਿਪੋਰਟ 2026 ਵਿੱਚ ਸਰਕਾਰੀ ਸਕੂਲਾਂ ਦੀ ਵੱਡੀ ਉਪਲਬਧੀ

ਚੰਡੀਗੜ੍ਹ, 10 ਮਈ 2026: ਪੰਜਾਬ ਨੇ ਸਿੱਖਿਆ ਖੇਤਰ ਵਿੱਚ ਵੱਡੀ ਉਪਲਬਧੀ ਹਾਸਲ ਕਰਦਿਆਂ ਦੇਸ਼ ਦੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਸੂਬਿਆਂ ਵਿੱਚ ਆਪਣੀ ਮਜ਼ਬੂਤ ਪਛਾਣ ਬਣਾਈ ਹੈ। NITI Aayog ਦੀ Education Quality Report 2026 ਵਿੱਚ ਪੰਜਾਬ ਨੂੰ ਸਕੂਲੀ ਸਿੱਖਿਆ ਦੇ ਕਈ ਮਹੱਤਵਪੂਰਨ ਮਾਪਦੰਡਾਂ ‘ਤੇ ਕੇਰਲ ਤੋਂ ਅੱਗੇ ਦਰਸਾਇਆ ਗਿਆ ਹੈ। ਲੰਬੇ ਸਮੇਂ ਤੋਂ ਭਾਰਤ ਵਿੱਚ ਸਿੱਖਿਆ ਦਾ ਮਾਡਲ ਮੰਨੇ ਜਾਂਦੇ ਕੇਰਲ ਨੂੰ ਪਿੱਛੇ ਛੱਡਣਾ ਪੰਜਾਬ ਦੇ ਸਰਕਾਰੀ ਸਕੂਲਾਂ ਲਈ ਇਤਿਹਾਸਕ ਮੋੜ ਮੰਨਿਆ ਜਾ ਰਿਹਾ ਹੈ।

ਪੰਜਾਬ ਦੇ ਸਿੱਖਿਆ ਮੰਤਰੀ Harjot Singh Bains ਨੇ ਇਸ ਉਪਲਬਧੀ ਨੂੰ ਸੂਬੇ ਦੇ ਸਿੱਖਿਆ ਖੇਤਰ ਵਿੱਚ “ਨਵੇਂ ਯੁੱਗ ਦੀ ਸ਼ੁਰੂਆਤ” ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਕਿਸੇ ਇੱਕ ਦਿਨ ਦਾ ਨਤੀਜਾ ਨਹੀਂ, ਸਗੋਂ ਅਧਿਆਪਕਾਂ, ਵਿਦਿਆਰਥੀਆਂ, ਮਾਪਿਆਂ ਅਤੇ ਸਰਕਾਰ ਦੀ ਲਗਾਤਾਰ ਮਿਹਨਤ ਦਾ ਪਰਿਣਾਮ ਹੈ।

ਰਿਪੋਰਟ ਮੁਤਾਬਕ, ਪੰਜਾਬ ਦੇ ਤੀਜੀ ਜਮਾਤ ਦੇ ਵਿਦਿਆਰਥੀਆਂ ਨੇ ਭਾਸ਼ਾ ਵਿਸ਼ੇ ਵਿੱਚ 82 ਫੀਸਦੀ ਅਤੇ ਗਣਿਤ ਵਿੱਚ 78 ਫੀਸਦੀ ਦੱਖਲਤਾ ਦਰਜ ਕੀਤੀ ਹੈ। ਇਸਦੇ ਮੁਕਾਬਲੇ ਕੇਰਲ ਦਾ ਪ੍ਰਦਰਸ਼ਨ ਕ੍ਰਮਵਾਰ 75 ਫੀਸਦੀ ਅਤੇ 70 ਫੀਸਦੀ ਰਿਹਾ। ਇਸ ਤੋਂ ਇਲਾਵਾ ਨੌਵੀਂ ਜਮਾਤ ਦੇ ਗਣਿਤ ਵਿਸ਼ੇ ਵਿੱਚ ਪੰਜਾਬ ਨੇ 52 ਫੀਸਦੀ ਸਕੋਰ ਹਾਸਲ ਕੀਤਾ, ਜਦਕਿ ਕੇਰਲ 45 ਫੀਸਦੀ ‘ਤੇ ਰਿਹਾ।

ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਨਤੀਜੇ ਕੋਵਿਡ ਮਹਾਮਾਰੀ ਤੋਂ ਬਾਅਦ ਸ਼ੁਰੂ ਕੀਤੀਆਂ ਗਈਆਂ ਸੁਧਾਰ ਯੋਜਨਾਵਾਂ ਦਾ ਅਸਰ ਹਨ। ਉਨ੍ਹਾਂ ਦੱਸਿਆ ਕਿ Mission Samarth ਅਤੇ Schools of Eminence ਵਰਗੇ ਪ੍ਰੋਗਰਾਮਾਂ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਅਤੇ ਸਿੱਖਣ ਦੇ ਮਾਹੌਲ ਵਿੱਚ ਵੱਡਾ ਬਦਲਾਅ

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਢਾਂਚਾ ਤੇਜ਼ੀ ਨਾਲ ਬਦਲਿਆ ਹੈ। ਉਨ੍ਹਾਂ ਦੱਸਿਆ ਕਿ NITI Aayog ਦੀ ਰਿਪੋਰਟ ਅਨੁਸਾਰ ਸੂਬੇ ਦੇ 99.9 ਫੀਸਦੀ ਸਰਕਾਰੀ ਸਕੂਲਾਂ ਵਿੱਚ ਹੁਣ ਬਿਜਲੀ ਦੀ ਸਹੂਲਤ ਮੌਜੂਦ ਹੈ, ਜਦਕਿ 99 ਫੀਸਦੀ ਸਕੂਲਾਂ ਵਿੱਚ ਕੰਪਿਊਟਰ ਚੱਲ ਰਹੇ ਹਨ।

ਉਨ੍ਹਾਂ ਕਿਹਾ ਕਿ 80 ਫੀਸਦੀ ਤੋਂ ਵੱਧ ਸਕੂਲਾਂ ਵਿੱਚ ਸਮਾਰਟ ਕਲਾਸਰੂਮ ਬਣਾਏ ਗਏ ਹਨ, ਜਿਸ ਨਾਲ ਡਿਜ਼ੀਟਲ ਅਤੇ ਇੰਟਰਐਕਟਿਵ ਸਿੱਖਿਆ ਨੂੰ ਵੱਡਾ ਪ੍ਰੋਤਸਾਹਨ ਮਿਲਿਆ ਹੈ। ਇਸ ਕਾਰਨ ਪਿੰਡਾਂ ਦੇ ਵਿਦਿਆਰਥੀਆਂ ਨੂੰ ਵੀ ਆਧੁਨਿਕ ਸਿੱਖਿਆ ਦੀਆਂ ਸਹੂਲਤਾਂ ਮਿਲ ਰਹੀਆਂ ਹਨ।

ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਕਿ ਪੰਜਾਬ ਵਿੱਚ ਸਕੂਲ ਛੱਡਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੱਡੀ ਕਮੀ ਆਈ ਹੈ। ਹੁਣ 90 ਫੀਸਦੀ ਤੋਂ ਵੱਧ ਵਿਦਿਆਰਥੀ ਦਸਵੀਂ ਤੋਂ ਬਾਅਦ ਗਿਆਰਵੀਂ ਵਿੱਚ ਦਾਖ਼ਲਾ ਲੈ ਰਹੇ ਹਨ। ਸਿੱਖਿਆ ਵਿਭਾਗ ਦੇ ਅਨੁਸਾਰ ਇਸ ਨਾਲ ਇਹ ਸਾਬਤ ਹੁੰਦਾ ਹੈ ਕਿ ਲੋਕਾਂ ਦਾ ਸਰਕਾਰੀ ਸਕੂਲਾਂ ‘ਤੇ ਭਰੋਸਾ ਲਗਾਤਾਰ ਵਧ ਰਿਹਾ ਹੈ।

ਸਿੱਖਿਆ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਵਿਦਿਆਰਥੀ-ਅਧਿਆਪਕ ਅਨੁਪਾਤ ਵੀ ਸੁਧਰ ਕੇ 22:1 ਹੋ ਗਿਆ ਹੈ, ਜਿਸਨੂੰ ਆਦਰਸ਼ ਮੰਨਿਆ ਜਾਂਦਾ ਹੈ। ਇਸ ਨਾਲ ਅਧਿਆਪਕਾਂ ਨੂੰ ਹਰ ਵਿਦਿਆਰਥੀ ‘ਤੇ ਵੱਖਰੇ ਤੌਰ ‘ਤੇ ਧਿਆਨ ਦੇਣ ਦਾ ਮੌਕਾ ਮਿਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਰਿਪੋਰਟ ਵਿੱਚ ਪੰਜਾਬ ਦੀ ਇਸ ਗੱਲ ਲਈ ਵੀ ਪ੍ਰਸ਼ੰਸਾ ਕੀਤੀ ਗਈ ਹੈ ਕਿ ਸੂਬੇ ਨੇ ਪਿੰਡ ਅਤੇ ਸ਼ਹਿਰ ਦੀ ਸਿੱਖਿਆ ਵਿਚਕਾਰਲੇ ਫਰਕ ਨੂੰ ਘਟਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਹੁਣ ਪਿੰਡਾਂ ਦੇ ਵਿਦਿਆਰਥੀਆਂ ਨੂੰ ਵੀ ਉਹ ਸਹੂਲਤਾਂ ਮਿਲ ਰਹੀਆਂ ਹਨ, ਜੋ ਪਹਿਲਾਂ ਕੇਵਲ ਸ਼ਹਿਰੀ ਨਿੱਜੀ ਸਕੂਲਾਂ ਤੱਕ ਸੀਮਿਤ ਸਨ।

ਉਨ੍ਹਾਂ ਇਹ ਵੀ ਦੱਸਿਆ ਕਿ ਲੜਕੀਆਂ ਦੀ ਸਿੱਖਿਆ ਅਤੇ ਬਰਾਬਰ ਮੌਕਿਆਂ ‘ਤੇ ਖ਼ਾਸ ਧਿਆਨ ਦਿੱਤਾ ਗਿਆ ਹੈ, ਜਿਸ ਨਾਲ ਸਿੱਖਿਆ ਪ੍ਰਣਾਲੀ ਹੋਰ ਸਮਾਵੇਸ਼ੀ ਬਣੀ ਹੈ।

ਫਿਨਲੈਂਡ-ਸਿੰਗਾਪੁਰ ਟ੍ਰੇਨਿੰਗ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਸਫਲਤਾ ਨਾਲ ਵਧਿਆ ਭਰੋਸਾ

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਦੀਆਂ ਅਧਿਆਪਕ ਟ੍ਰੇਨਿੰਗ ਯੋਜਨਾਵਾਂ ਦਾ ਪ੍ਰਭਾਵ ਹੁਣ ਸਕੂਲਾਂ ਵਿੱਚ ਸਪਸ਼ਟ ਤੌਰ ‘ਤੇ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਅਧਿਆਪਕਾਂ ਨੂੰ ਫਿਨਲੈਂਡ ਅਤੇ ਸਿੰਗਾਪੁਰ ਵਰਗੇ ਦੇਸ਼ਾਂ ਵਿੱਚ ਆਧੁਨਿਕ ਸਿੱਖਣ ਤਰੀਕਿਆਂ ਦੀ ਟ੍ਰੇਨਿੰਗ ਦਿੱਤੀ ਗਈ।

ਉਨ੍ਹਾਂ ਦੇ ਅਨੁਸਾਰ, ਇਨ੍ਹਾਂ ਟ੍ਰੇਨਿੰਗ ਪ੍ਰੋਗਰਾਮਾਂ ਨਾਲ ਅਧਿਆਪਕਾਂ ਨੂੰ ਬੱਚਿਆਂ ਨੂੰ ਰੱਟ ਲਗਵਾਉਣ ਦੀ ਬਜਾਏ ਸਮਝ ਵਿਕਸਤ ਕਰਨ, ਇੰਟਰਐਕਟਿਵ ਢੰਗ ਨਾਲ ਪੜ੍ਹਾਉਣ ਅਤੇ ਨਵੀਆਂ ਤਕਨੀਕਾਂ ਦੀ ਵਰਤੋਂ ਕਰਨ ਵਿੱਚ ਮਦਦ ਮਿਲੀ ਹੈ।

ਸਿੱਖਿਆ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ 13,000 ਅਧਿਆਪਕਾਂ ਅਤੇ ਸਟਾਫ਼ ਦੀ ਭਰਤੀ ਵੀ ਕੀਤੀ ਹੈ। ਇਸ ਤੋਂ ਇਲਾਵਾ ਕਰੀਬ 3 ਲੱਖ ਵਿਦਿਆਰਥੀਆਂ ਲਈ English Edge Programme ਸ਼ੁਰੂ ਕੀਤਾ ਗਿਆ ਹੈ, ਤਾਂ ਜੋ ਉਨ੍ਹਾਂ ਦੀ ਅੰਗਰੇਜ਼ੀ ਅਤੇ ਸੰਚਾਰ ਯੋਗਤਾ ਨੂੰ ਮਜ਼ਬੂਤ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਸੂਬੇ ਵਿੱਚ 118 Schools of Eminence ਸਥਾਪਿਤ ਕੀਤੇ ਗਏ ਹਨ, ਜਿੱਥੇ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ, ਕਰੀਅਰ ਮਾਰਗਦਰਸ਼ਨ ਅਤੇ ਸਕਿਲ-ਅਧਾਰਿਤ ਸਿੱਖਣ ਦੀ ਸਹੂਲਤ ਦਿੱਤੀ ਜਾ ਰਹੀ ਹੈ।

NITI Aayog ਦੀ ਰਿਪੋਰਟ ਵਿੱਚ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਵਧਦੀ ਸਫਲਤਾ ਦਾ ਵੀ ਜ਼ਿਕਰ ਕੀਤਾ ਗਿਆ। ਮੰਤਰੀ ਨੇ ਦੱਸਿਆ ਕਿ ਹੁਣ ਤੱਕ 786 ਸਰਕਾਰੀ ਸਕੂਲ ਵਿਦਿਆਰਥੀਆਂ ਨੇ JEE Main ਅਤੇ 1,284 ਵਿਦਿਆਰਥੀਆਂ ਨੇ NEET ਪ੍ਰੀਖਿਆ ਪਾਸ ਕੀਤੀ ਹੈ।

ਉਨ੍ਹਾਂ ਕਿਹਾ ਕਿ ਇਹ ਸਾਬਤ ਕਰਦਾ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੁਣ ਸਿਰਫ਼ ਨਿੱਜੀ ਸਕੂਲਾਂ ਦੀ ਬਰਾਬਰੀ ਹੀ ਨਹੀਂ ਕਰ ਰਹੇ, ਸਗੋਂ ਕਈ ਖੇਤਰਾਂ ਵਿੱਚ ਉਨ੍ਹਾਂ ਤੋਂ ਅੱਗੇ ਨਿਕਲ ਰਹੇ ਹਨ।

ਅੰਤ ਵਿੱਚ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਹੀ ਨੀਤੀ, ਮਜ਼ਬੂਤ ਇਰਾਦੇ ਅਤੇ ਲਗਾਤਾਰ ਮਿਹਨਤ ਨਾਲ ਸਿੱਖਿਆ ਖੇਤਰ ਵਿੱਚ ਵੱਡਾ ਬਦਲਾਅ ਸੰਭਵ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰੀ ਸਕੂਲ ਵੀ ਦੇਸ਼ ਦੇ ਸਭ ਤੋਂ ਵਧੀਆ ਨਤੀਜੇ ਦੇ ਸਕਦੇ ਹਨ।

ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਮਗਰੋਂ ਪੰਜਾਬ ਭਰ ’ਚ ਭੜਕੀ ‘ਆਪ’, ਭਾਜਪਾ ਖ਼ਿਲਾਫ਼ ਸੜਕਾਂ ’ਤੇ ਉਤਰੇ ਵਰਕਰ, ਈਡੀ ਕਾਰਵਾਈ ਖ਼ਿਲਾਫ਼ ਸੂਬੇ ਭਰ ਵਿੱਚ ਰੋਸ ਪ੍ਰਦਰਸ਼ਨ

ਕੇਂਦਰ ਖ਼ਿਲਾਫ਼ ‘ਆਪ’ ਦਾ ਵੱਡਾ ਸ਼ਕਤੀ ਪ੍ਰਦਰਸ਼ਨ

ਚੰਡੀਗੜ੍ਹ :- ਪੰਜਾਬ ਦੀ ਸਿਆਸਤ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਾਪਮਾਨ ਅਚਾਨਕ ਚੜ੍ਹ ਗਿਆ ਹੈ। ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਈਡੀ ਵੱਲੋਂ ਕੀਤੀ ਗ੍ਰਿਫ਼ਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਖ਼ਿਲਾਫ਼ ਖੁੱਲ੍ਹਾ ਮੋਰਚਾ ਖੋਲ੍ਹ ਦਿੱਤਾ ਹੈ। ਐਤਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ‘ਆਪ’ ਦੇ ਵਿਧਾਇਕਾਂ, ਮੰਤਰੀਆਂ ਅਤੇ ਵਰਕਰਾਂ ਨੇ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕਰਦਿਆਂ ਭਾਜਪਾ ਸਰਕਾਰ ਦੇ ਪੁਤਲੇ ਸਾੜੇ ਅਤੇ ਕੇਂਦਰੀ ਜਾਂਚ ਏਜੰਸੀਆਂ ਦੀ ਕਾਰਵਾਈ ਨੂੰ ਰਾਜਨੀਤਿਕ ਬਦਲਾਖੋਰੀ ਕਰਾਰ ਦਿੱਤਾ।

ਜਲੰਧਰ ’ਚ ਭਾਜਪਾ ’ਤੇ ਤਿੱਖੇ ਹਮਲੇ

ਜਲੰਧਰ ਦੇ ਸ਼ਾਸਤਰੀ ਮਾਰਕੀਟ ਚੌਕ ਵਿੱਚ ਹੋਏ ਪ੍ਰਦਰਸ਼ਨ ਦੌਰਾਨ ‘ਆਪ’ ਆਗੂਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਨਕੋਦਰ ਤੋਂ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਦੋਸ਼ ਲਾਇਆ ਕਿ ਭਾਜਪਾ ਕੇਂਦਰੀ ਏਜੰਸੀਆਂ ਨੂੰ ਹਥਿਆਰ ਵਜੋਂ ਵਰਤ ਕੇ ਵਿਰੋਧੀ ਧਿਰ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਖ਼ਿਲਾਫ਼ ਵੀ ਇਨ੍ਹਾਂ ਹੀ ਤਰੀਕਿਆਂ ਨਾਲ ਕਾਰਵਾਈ ਕੀਤੀ ਗਈ, ਪਰ ਦੋਸ਼ ਸਾਬਤ ਨਹੀਂ ਹੋਏ। ਮਾਨ ਨੇ ਤੰਜ ਕੱਸਦਿਆਂ ਪੁੱਛਿਆ ਕਿ ਜਿਹੜੇ ਨੇਤਾ ਭਾਜਪਾ ਵਿੱਚ ਸ਼ਾਮਲ ਹੋ ਜਾਂਦੇ ਹਨ, ਕੀ ਉਹ ਇੱਕਦਮ ਇਮਾਨਦਾਰ ਹੋ ਜਾਂਦੇ ਹਨ? ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਵੀ ਕੇਂਦਰ ’ਤੇ ਪੰਜਾਬ ਦੇ ਵਿਕਾਸ ਨੂੰ ਰੋਕਣ ਅਤੇ ਆਰ.ਡੀ.ਐਫ. ਫੰਡ ਜਾਰੀ ਨਾ ਕਰਨ ਦੇ ਦੋਸ਼ ਲਗਾਏ।

ਬਰਨਾਲਾ ’ਚ ਮੀਤ ਹੇਅਰ ਦੀ ਅਗਵਾਈ ਹੇਠ ਪ੍ਰਦਰਸ਼ਨ

ਬਰਨਾਲਾ ਦੇ ਕਚਹਿਰੀ ਚੌਕ ਵਿੱਚ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵਿਧਾਇਕ ਲਾਭ ਸਿੰਘ ਉਗੋਕੇ, ਕੁਲਵੰਤ ਸਿੰਘ ਪੰਡੋਰੀ ਅਤੇ ਹੋਰ ਆਗੂ ਵੀ ਮੌਜੂਦ ਰਹੇ। ਮੀਤ ਹੇਅਰ ਨੇ ਕਿਹਾ ਕਿ ਭਾਜਪਾ ਲੋਕਤੰਤਰਿਕ ਪ੍ਰਣਾਲੀ ਨੂੰ ਕਮਜ਼ੋਰ ਕਰਕੇ ਚੋਣੀ ਫ਼ਾਇਦਾ ਲੈਣਾ ਚਾਹੁੰਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਹਿਲਾਂ ਵੀ ਈਡੀ ਅਤੇ ਹੋਰ ਏਜੰਸੀਆਂ ਦਾ ਡਰ ਦਿਖਾ ਕੇ ‘ਆਪ’ ਦੇ ਕਈ ਰਾਜ ਸਭਾ ਮੈਂਬਰਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਇਆ ਗਿਆ ਸੀ, ਪਰ ਪੰਜਾਬ ਦੇ ਵਿਧਾਇਕ ਅਤੇ ਮੰਤਰੀ ਕਿਸੇ ਵੀ ਦਬਾਅ ਅੱਗੇ ਝੁਕਣ ਵਾਲੇ ਨਹੀਂ।

ਮੋਗਾ ’ਚ ਵੀ ਗੂੰਜੇ ਕੇਂਦਰ ਵਿਰੋਧੀ ਨਾਅਰੇ

ਮੋਗਾ ਜ਼ਿਲ੍ਹੇ ਵਿੱਚ ਚਾਰਾਂ ਵਿਧਾਨ ਸਭਾ ਹਲਕਿਆਂ ਦੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜ਼ਿਲ੍ਹਾ ਪੱਧਰੀ ਰੋਸ ਮਾਰਚ ਕੱਢਿਆ ਗਿਆ। ਵਿਧਾਇਕ ਲਾਡੀ ਢੋਸ ਅਤੇ ਡਾ. ਅਮਨਦੀਪ ਕੌਰ ਅਰੋੜਾ ਨੇ ਭਾਜਪਾ ’ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਸਾਜ਼ਿਸ਼ਾਂ ਰਾਹੀਂ ‘ਆਪ’ ਦੇ ਵੱਡੇ ਆਗੂਆਂ ਨੂੰ ਦਬਾਅ ਹੇਠ ਲਿਆਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਕਿਸੇ ਵੀ ਧਮਕੀ ਤੋਂ ਡਰਨ ਵਾਲੇ ਨਹੀਂ ਹਨ ਅਤੇ ਜੇਕਰ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਾ ਰੁਕੀਆਂ ਤਾਂ ਲੋਕ ਸੜਕਾਂ ’ਤੇ ਹੋਰ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।

‘ਆਪ’ ਨੇ ਦਿੱਤੀ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ

ਪੰਜਾਬ ਭਰ ਵਿੱਚ ਹੋਏ ਇਨ੍ਹਾਂ ਪ੍ਰਦਰਸ਼ਨਾਂ ਰਾਹੀਂ ਆਮ ਆਦਮੀ ਪਾਰਟੀ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਦੇ ਮੁੱਦੇ ’ਤੇ ਪਿੱਛੇ ਹਟਣ ਵਾਲੀ ਨਹੀਂ। ਪਾਰਟੀ ਆਗੂਆਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਵਿਰੋਧੀ ਧਿਰ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੀ ਨੀਤੀ ਜਾਰੀ ਰਹੀ ਤਾਂ ਆਉਣ ਵਾਲੇ ਦਿਨਾਂ ਵਿੱਚ ਅੰਦੋਲਨ ਨੂੰ ਹੋਰ ਵੱਡੇ ਪੱਧਰ ’ਤੇ ਲਿਆਂਦਾ ਜਾਵੇਗਾ।

ਫਤਿਹਗੜ੍ਹ ਸਾਹਿਬ ’ਚ ਨਸ਼ੇ ਨਾਲ 21 ਸਾਲਾ ਗੁਰਸਿੱਖ ਨੌਜਵਾਨ ਦੀ ਮੌਤ!

ਫਤਿਹਗੜ੍ਹ ਸਾਹਿਬ :- ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ ਅਧੀਨ ਪੈਂਦੇ ਪਿੰਡ ਮਾਜਰੀ ਕਿਸਨੇ ਵਾਲੀ ਵਿੱਚ ਨਸ਼ਿਆਂ ਦੇ ਕਹਿਰ ਨੇ ਇੱਕ ਹੋਰ ਪਰਿਵਾਰ ਨੂੰ ਗਮ ਵਿੱਚ ਡੁੱਬੋ ਦਿੱਤਾ। ਪਿੰਡ ਦੇ 21 ਸਾਲਾ ਨੌਜਵਾਨ ਪਵਨਦੀਪ ਸਿੰਘ ਦੀ ਸੰਦੇਹਾਸਪਦ ਹਾਲਾਤਾਂ ਵਿੱਚ ਮੌਤ ਹੋ ਗਈ, ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਨੌਜਵਾਨ ਦੀ ਲਾਸ਼ ਮੰਡੀ ਗੋਬਿੰਦਗੜ੍ਹ ਦੇ ਇੱਕ ਪਾਰਕ ਵਿੱਚੋਂ ਮਿਲਣ ਨਾਲ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ।

ਨਸ਼ਾ ਛਡਾਊ ਕੇਂਦਰ ਤੋਂ ਵਾਪਸ ਆਇਆ ਸੀ ਨੌਜਵਾਨ

ਮ੍ਰਿਤਕ ਦੇ ਪਿਤਾ ਨਿਰਭੈ ਸਿੰਘ ਨੇ ਦੱਸਿਆ ਕਿ ਪਵਨਦੀਪ ਪਿਛਲੇ ਕਾਫੀ ਸਮੇਂ ਤੋਂ ਨਸ਼ੇ ਦੀ ਲਤ ਨਾਲ ਜੂਝ ਰਿਹਾ ਸੀ। ਪਰਿਵਾਰ ਨੇ ਉਸ ਨੂੰ ਸਹੀ ਰਾਹ ’ਤੇ ਲਿਆਉਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਅਤੇ ਨਸ਼ਾ ਛਡਾਊ ਕੇਂਦਰ ਵਿੱਚ ਵੀ ਦਾਖ਼ਲ ਕਰਵਾਇਆ ਸੀ। ਕੁਝ ਦਿਨ ਪਹਿਲਾਂ ਹੀ ਉਹ ਇਲਾਜ ਮਗਰੋਂ ਘਰ ਪਰਤਿਆ ਸੀ, ਜਿਸ ਕਾਰਨ ਪਰਿਵਾਰ ਨੂੰ ਉਮੀਦ ਸੀ ਕਿ ਉਹ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੇਗਾ। ਪਰ ਇਹ ਉਮੀਦ ਜ਼ਿਆਦਾ ਦੇਰ ਤੱਕ ਕਾਇਮ ਨਾ ਰਹੀ।

ਲਾਸ਼ ਕੋਲੋਂ ਮਿਲੀ ਸਰਿੰਜ

ਪਰਿਵਾਰ ਦਾ ਦੋਸ਼ ਹੈ ਕਿ ਪਵਨਦੀਪ ਦੀ ਮੌਤ ਨਸ਼ੇ ਦਾ ਟੀਕਾ ਲਗਾਉਣ ਕਾਰਨ ਹੋਈ ਹੈ। ਪਿਤਾ ਮੁਤਾਬਕ ਜਿੱਥੇ ਲਾਸ਼ ਮਿਲੀ, ਉੱਥੇ ਨੇੜੇ ਹੀ ਇਕ ਵਰਤੀ ਹੋਈ ਸਰਿੰਜ ਵੀ ਪਈ ਹੋਈ ਸੀ। ਇਸ ਘਟਨਾ ਨੇ ਇੱਕ ਵਾਰ ਫਿਰ ਇਲਾਕੇ ਵਿੱਚ ਨਸ਼ਿਆਂ ਦੇ ਫੈਲਦੇ ਜਾਲ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

ਪੋਸਟਮਾਰਟਮ ਰਿਪੋਰਟ ਮਗਰੋਂ ਹੋਵੇਗੀ ਅਸਲ ਕਾਰਨ ਦੀ ਪੁਸ਼ਟੀ

ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਅਮਲੋਹ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੌਤ ਦੇ ਅਸਲ ਕਾਰਨਾਂ ਬਾਰੇ ਸਪੱਸ਼ਟ ਜਾਣਕਾਰੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਾਹਮਣੇ ਆ ਸਕੇਗੀ। ਇਸ ਦਰਦਨਾਕ ਘਟਨਾ ਨਾਲ ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਗਹਿਰਾ ਦੁੱਖ ਪਾਇਆ ਜਾ ਰਿਹਾ ਹੈ।

ਕੈਨੇਡਾ ਦੇ ਸਰੀ-ਡੈਲਟਾ ਬਾਰਡਰ ਤੇ ਭਿਆਨਕ ਹਾਦਸਾ, ਟ੍ਰੈਫਿਕ ਸਿਗਨਲ ਤੇ ਜਾ ਲਟਕਿਆ ਮੋਟਰਸਾਈਕਲ!

ਕੈਨੇਡਾ :- ਕੈਨੇਡਾ ਦੇ ਸਰੀ ਅਤੇ ਡੈਲਟਾ ਇਲਾਕਿਆਂ ਦੀ ਸਰਹੱਦ ਨੇੜੇ ਸ਼ਨੀਵਾਰ ਦੁਪਹਿਰ ਇੱਕ ਅਜਿਹਾ ਸੜਕ ਹਾਦਸਾ ਵਾਪਰਿਆ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਸਕਾਟ ਰੋਡ ਅਤੇ 72ਵੀਂ ਐਵੇਨਿਊ ਦੇ ਰੁਸ਼ਭਰੇ ਚੌਂਕ ਵਿੱਚ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਤੋਂ ਬਾਅਦ ਮੋਟਰਸਾਈਕਲ ਹਵਾ ਵਿੱਚ ਉੱਡ ਕੇ ਟ੍ਰੈਫਿਕ ਸਿਗਨਲ ਦੇ ਖੰਭੇ ਨਾਲ ਜਾ ਫਸਿਆ। ਇਹ ਨਜ਼ਾਰਾ ਦੇਖਣ ਲਈ ਮੌਕੇ ’ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ।

ਪਹਿਲੀ ਵਾਰ ਜੰਗ ਖਤਮ ਕਰਨ ਲਈ ਰਾਜ਼ੀ ਹੋਏ ਪੁਤਿਨ, ਜ਼ੇਲੇਂਸਕੀ ਨਾਲ ਮੁਲਾਕਾਤ ਦੇ ਦਿੱਤੇ ਸੰਕੇਤ

ਰੂਸ :- ਰੂਸ-ਯੂਕ੍ਰੇਨ ਜੰਗ ਦੇ ਲਗਾਤਾਰ ਖਿੱਚਦੇ ਜਾਣ ਦਰਮਿਆਨ ਇੱਕ ਅਹਿਮ ਕੂਟਨੀਤਕ ਬਦਲਾਅ ਸਾਹਮਣੇ ਆਇਆ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪਹਿਲੀ ਵਾਰ ਜਨਤਕ ਤੌਰ ’ਤੇ ਇਹ ਸੰਕੇਤ ਦਿੱਤਾ ਹੈ ਕਿ ਉਹ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਕਿਸੇ ਤੀਜੇ ਦੇਸ਼ ਵਿੱਚ ਮੁਲਾਕਾਤ ਕਰਨ ਲਈ ਤਿਆਰ ਹਨ। ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਬੈਠਕ ਸਿਰਫ਼ ਅੰਤਿਮ ਸ਼ਾਂਤੀ ਸਮਝੌਤੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਹੋਵੇਗੀ, ਨਾ ਕਿ ਮੁੱਢਲੀਆਂ ਗੱਲਬਾਤਾਂ ਲਈ।

ਹਿਮਾਚਲ ਬੋਰਡ ਦਾ ਦਸਵੀਂ ਦਾ ਨਤੀਜਾ ਐਲਾਨਿਆ, 83.87 ਫੀਸਦੀ ਵਿਦਿਆਰਥੀ ਪਾਸ

ਹਿਮਾਚਲ ਪ੍ਰਦੇਸ਼ :- ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ, ਜਿਸ ਨਾਲ ਹਜ਼ਾਰਾਂ ਵਿਦਿਆਰਥੀਆਂ ਦੀ ਉਡੀਕ ਖਤਮ ਹੋ ਗਈ ਹੈ। ਇਸ ਵਾਰ ਕੁੱਲ 83.87 ਫੀਸਦੀ ਵਿਦਿਆਰਥੀ ਪ੍ਰੀਖਿਆ ਵਿੱਚ ਸਫਲ ਰਹੇ ਹਨ। ਕਾਂਗੜਾ ਜ਼ਿਲ੍ਹੇ ਦੇ ਏਵੀਐਮ ਸੀਨੀਅਰ ਸੈਕੰਡਰੀ ਸਕੂਲ, ਪਹਾੜਾ ਦੇ ਵਿਦਿਆਰਥੀ ਅਨਮੋਲ ਨੇ 699 ਅੰਕ ਹਾਸਲ ਕਰਕੇ ਸੂਬੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।

ਦੂਜੇ ਅਤੇ ਤੀਜੇ ਸਥਾਨ ਲਈ ਵਿਦਿਆਰਥੀਆਂ ਵਿੱਚ ਸਖ਼ਤ ਮੁਕਾਬਲਾ

ਨਤੀਜਿਆਂ ਵਿੱਚ ਦੂਜੇ ਸਥਾਨ ’ਤੇ ਤਿੰਨ ਵਿਦਿਆਰਥੀਆਂ ਨੇ ਸਾਂਝੇ ਤੌਰ ’ਤੇ ਆਪਣੀ ਜਗ੍ਹਾ ਬਣਾਈ। ਅਭਿਨਵ ਮਹਿਤਾ, ਪੂਰਨਿਮਾ ਸ਼ਰਮਾ ਅਤੇ ਰੂਹਾਨੀ ਧੀਮਾਨ ਨੇ 698 ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉੱਥੇ ਹੀ ਤੀਜੇ ਸਥਾਨ ’ਤੇ ਅਸ਼ਵਿਕਾ ਸ਼ਰਮਾ ਅਤੇ ਅਲੀਸ਼ਾ ਠਾਕੁਰ ਰਹੀਆਂ, ਜਿਨ੍ਹਾਂ ਨੇ 697 ਅੰਕ ਲੈ ਕੇ ਸੂਬੇ ਦੀ ਮੈਰਿਟ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾਇਆ।

ਵੈੱਬਸਾਈਟ ਅਤੇ ਡਿਜੀਲਾਕਰ ’ਤੇ ਉਪਲਬਧ ਹੋਏ ਨਤੀਜੇ

ਬੋਰਡ ਨੇ ਵਿਦਿਆਰਥੀਆਂ ਲਈ ਨਤੀਜੇ ਆਨਲਾਈਨ ਉਪਲਬਧ ਕਰਵਾ ਦਿੱਤੇ ਹਨ। ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਆਪਣਾ ਰੋਲ ਨੰਬਰ ਦਰਜ ਕਰਕੇ ਨਤੀਜਾ ਦੇਖ ਸਕਦੇ ਹਨ। ਇਸ ਤੋਂ ਇਲਾਵਾ ਡਿਜੀਲਾਕਰ ਅਤੇ ਉਮੰਗ ਐਪ ਰਾਹੀਂ ਵੀ ਡਿਜੀਟਲ ਮਾਰਕਸ਼ੀਟਾਂ ਡਾਊਨਲੋਡ ਕਰਨ ਦੀ ਸਹੂਲਤ ਦਿੱਤੀ ਗਈ ਹੈ। ਬੋਰਡ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਡਿਜੀਟਲ ਮਾਰਕਸ਼ੀਟਾਂ ਪੂਰੀ ਤਰ੍ਹਾਂ ਵੈਧ ਮੰਨੀਆਂ ਜਾਣਗੀਆਂ।

ਪਿਛਲੇ ਸਾਲਾਂ ਨਾਲੋਂ ਨਤੀਜਿਆਂ ਵਿੱਚ ਹੋਇਆ ਸੁਧਾਰ

ਇਸ ਵਾਰ ਦਾ ਨਤੀਜਾ ਪਿਛਲੇ ਸਾਲਾਂ ਨਾਲੋਂ ਬਿਹਤਰ ਰਿਹਾ ਹੈ। ਸਾਲ 2025 ਵਿੱਚ ਪਾਸ ਪ੍ਰਤੀਸ਼ਤਤਾ 79.8 ਫੀਸਦੀ ਰਹੀ ਸੀ, ਜਦਕਿ 2024 ਵਿੱਚ ਇਹ 74.61 ਫੀਸਦੀ ਦਰਜ ਕੀਤੀ ਗਈ ਸੀ। ਬੋਰਡ ਅਧਿਕਾਰੀਆਂ ਦਾ ਮੰਨਣਾ ਹੈ ਕਿ ਵਿਦਿਆਰਥੀਆਂ ਦੀ ਤਿਆਰੀ ਅਤੇ ਪ੍ਰੀਖਿਆ ਪ੍ਰਬੰਧਾਂ ਵਿੱਚ ਕੀਤੇ ਸੁਧਾਰਾਂ ਕਾਰਨ ਨਤੀਜਿਆਂ ਵਿੱਚ ਇਹ ਵਾਧਾ ਦਰਜ ਕੀਤਾ ਗਿਆ ਹੈ।

ਬੰਗਲੁਰੂ ’ਚ ਧਿਆਨ ਮੰਦਰ ਦਾ ਉਦਘਾਟਨ, ਪ੍ਰਧਾਨ ਮੰਤਰੀ ਮੋਦੀ ਨੇ ਸੇਵਾ ਅਤੇ ਆਧਿਆਤਮਿਕਤਾ ਦਾ ਦਿੱਤਾ ਸੰਦੇਸ਼

ਨਵੀਂ ਦਿੱਲੀ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਬੰਗਲੁਰੂ ਸਥਿਤ ਆਰਟ ਆਫ਼ ਲਿਵਿੰਗ ਇੰਟਰਨੈਸ਼ਨਲ ਸੈਂਟਰ ਵਿਖੇ ਨਵੇਂ ਤਿਆਰ ਕੀਤੇ ਧਿਆਨ ਮੰਦਰ ਦਾ ਉਦਘਾਟਨ ਕੀਤਾ। ਇਸ ਮੌਕੇ ਉਹ ਸੰਸਥਾ ਦੇ 45ਵੇਂ ਸਥਾਪਨਾ ਦਿਵਸ ਅਤੇ ਆਧਿਆਤਮਿਕ ਗੁਰੂ ਸ੍ਰੀ ਸ੍ਰੀ ਰਵੀ ਸ਼ੰਕਰ ਦੇ 70ਵੇਂ ਜਨਮ ਦਿਨ ਸਮਾਗਮ ਵਿੱਚ ਵੀ ਸ਼ਾਮਲ ਹੋਏ। ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂ, ਸੇਵਾਦਾਰ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਰਹੀਆਂ।

“ਸਪੱਸ਼ਟ ਸੰਕਲਪ ਨਾਲ ਹੀ ਮਿਲਦੀ ਹੈ ਸਫਲਤਾ”

ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਧਿਆਨ ਮੰਦਰ ਸਿਰਫ਼ ਇਕ ਇਮਾਰਤ ਨਹੀਂ, ਸਗੋਂ ਆਤਮਿਕ ਸ਼ਾਂਤੀ ਅਤੇ ਮਨੁੱਖੀ ਏਕਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਜਦੋਂ ਨਿਸ਼ਚੇ ਅਤੇ ਉਦੇਸ਼ ਸਾਫ਼ ਹੋਣ ਤਾਂ ਹਰ ਯਤਨ ਕਾਮਯਾਬੀ ਵੱਲ ਲੈ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਆਰਟ ਆਫ਼ ਲਿਵਿੰਗ ਵੱਲੋਂ 45 ਸਾਲ ਪਹਿਲਾਂ ਬੀਜਿਆ ਗਿਆ ਸੰਕਲਪ ਅੱਜ ਵਿਸ਼ਵ ਪੱਧਰ ’ਤੇ ਲੱਖਾਂ ਲੋਕਾਂ ਦੇ ਜੀਵਨ ਨੂੰ ਛੂਹ ਰਿਹਾ ਹੈ।

ਸੇਵਾ ਨੂੰ ਦੱਸਿਆ ਸਮਾਜ ਦੀ ਅਸਲੀ ਤਾਕਤ

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਸੇਵਾ ਭਾਵਨਾ ਨੂੰ ਭਾਰਤੀ ਸਮਾਜ ਦੀ ਸਭ ਤੋਂ ਵੱਡੀ ਪਹਿਚਾਣ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਨਿਸ਼ਕਾਮ ਸੇਵਾ ਹੀ ਮਨੁੱਖਤਾ ਦਾ ਸੱਚਾ ਧਰਮ ਹੈ ਅਤੇ ਇਹੀ ਸੰਸਕਾਰ ਭਾਰਤ ਨੂੰ ਵਿਲੱਖਣ ਬਣਾਉਂਦੇ ਹਨ। ਉਨ੍ਹਾਂ ਦੇ ਅਨੁਸਾਰ ਜਦੋਂ ਸਮਾਜ ਇਕੱਠਾ ਹੋ ਕੇ ਕੰਮ ਕਰਦਾ ਹੈ ਤਾਂ ਵੱਡੀਆਂ ਤੋਂ ਵੱਡੀਆਂ ਚੁਣੌਤੀਆਂ ਦਾ ਹੱਲ ਵੀ ਸੰਭਵ ਹੋ ਜਾਂਦਾ ਹੈ।

ਸਮਾਜਿਕ ਬਦਲਾਅ ਲਈ ਜਾਗਰੂਕਤਾ ਜ਼ਰੂਰੀ: ਮੋਦੀ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਿਸੇ ਵੀ ਵੱਡੇ ਮਿਸ਼ਨ ਦੀ ਸਫਲਤਾ ਲਈ ਲੋਕਾਂ ਦੀ ਭਾਗੀਦਾਰੀ ਬਹੁਤ ਮਹੱਤਵਪੂਰਨ ਹੁੰਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਾਗਰੂਕ ਅਤੇ ਸਰਗਰਮ ਸਮਾਜ ਦੇਸ਼ ਦੀ ਤਰੱਕੀ ਦੀ ਮਜ਼ਬੂਤ ਨੀਂਹ ਹੁੰਦਾ ਹੈ। ਉਨ੍ਹਾਂ ਨੇ ਆਰਟ ਆਫ਼ ਲਿਵਿੰਗ ਦੀਆਂ ਸੇਵਾ ਗਤੀਵਿਧੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸੰਸਥਾ ਨੇ ਆਧਿਆਤਮਿਕਤਾ ਦੇ ਨਾਲ-ਨਾਲ ਸਮਾਜਿਕ ਸੁਧਾਰਾਂ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ ਹੈ।

ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ’ਤੇ ਲੁਧਿਆਣਾ ’ਚ ਸਿਆਸੀ ਤਣਾਅ, ‘ਆਪ’-ਭਾਜਪਾ ਵਰਕਰ ਆਮਨੇ-ਸਾਮਨੇ

ਲੁਧਿਆਣਾ :- ਪੰਜਾਬ ਦੀ ਸਿਆਸਤ ਵਿੱਚ ਐਤਵਾਰ ਨੂੰ ਉਸ ਵੇਲੇ ਤਣਾਅ ਵਧ ਗਿਆ ਜਦੋਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਈਡੀ ਵੱਲੋਂ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਸੜਕਾਂ ’ਤੇ ਉਤਰ ਆਏ। ਲੁਧਿਆਣਾ ਦੇ ਗਿੱਲ ਰੋਡ ਸਥਿਤ ਦਾਣਾ ਮੰਡੀ ਇਲਾਕੇ ਵਿੱਚ ਹੋਏ ਪ੍ਰਦਰਸ਼ਨ ਦੌਰਾਨ ‘ਆਪ’ ਅਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵਿਚਾਲੇ ਤਿੱਖੀ ਨਾਅਰੇਬਾਜ਼ੀ ਅਤੇ ਧੱਕਾਮੁੱਕੀ ਵੀ ਹੋਈ।

ਪੁਤਲੇ ਫੂਕ ਕੇ ਕੇਂਦਰ ਖ਼ਿਲਾਫ਼ ਕੀਤਾ ਰੋਸ ਪ੍ਰਗਟ

ਪ੍ਰਦਰਸ਼ਨ ਦੌਰਾਨ ‘ਆਪ’ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁਤਲੇ ਸਾੜ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮਹਿਲਾ ਵਰਕਰਾਂ ਨੇ ਵੀ ਵੱਡੀ ਗਿਣਤੀ ਵਿੱਚ ਹਿੱਸਾ ਲੈਂਦਿਆਂ ਈਡੀ ਦੀ ਕਾਰਵਾਈ ਨੂੰ ਰਾਜਨੀਤਿਕ ਬਦਲਾਖੋਰੀ ਕਰਾਰ ਦਿੱਤਾ।

ਭਾਜਪਾ ਦਫ਼ਤਰ ਵੱਲ ਵਧੇ ‘ਆਪ’ ਵਰਕਰ

ਮੌਕੇ ’ਤੇ ਤਣਾਅ ਉਸ ਵੇਲੇ ਹੋਰ ਵਧ ਗਿਆ ਜਦੋਂ ‘ਆਪ’ ਵਰਕਰ ਭਾਜਪਾ ਦਫ਼ਤਰ ਵੱਲ ਮਾਰਚ ਕਰਦੇ ਹੋਏ ਘਿਰਾਓ ਕਰਨ ਪਹੁੰਚੇ। ਇਸ ਦੌਰਾਨ ਭਾਜਪਾ ਆਗੂਆਂ ਨੇ ਵੀ ਦਫ਼ਤਰ ਦੇ ਬਾਹਰ ਇਕੱਠੇ ਹੋ ਕੇ ਵਿਰੋਧੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ, ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਅਤੇ ਪ੍ਰਵੀਨ ਬਾਂਸਲ ਸਮੇਤ ਕਈ ਆਗੂ ਮੌਕੇ ’ਤੇ ਮੌਜੂਦ ਰਹੇ।

ਈਡੀ ਦੀ ਕਾਰਵਾਈ ਨੂੰ ਦੱਸਿਆ ਲੋਕਤੰਤਰ ’ਤੇ ਹਮਲਾ

‘ਆਪ’ ਦੇ ਸ਼ਹਿਰੀ ਪ੍ਰਧਾਨ ਅਤੇ ਯੋਜਨਾ ਤੇ ਵਿੱਤ ਕਮੇਟੀ ਦੇ ਚੇਅਰਮੈਨ ਜਤਿੰਦਰ ਖੰਗੂੜਾ ਨੇ ਕੇਂਦਰੀ ਜਾਂਚ ਏਜੰਸੀਆਂ ਦੀ ਕਾਰਵਾਈ ਦੀ ਨਿੰਦਾ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਲਈ ਈਡੀ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਗੈਰ-ਕਾਨੂੰਨੀ ਹੈ ਅਤੇ ਇਹ ਲੋਕਤੰਤਰਿਕ ਪ੍ਰਣਾਲੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ।

ਪੁਲਿਸ ਨੇ ਸੰਭਾਲਿਆ ਮੋਰਚਾ

ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਪੰਜਾਬ ਪੁਲਿਸ ਵੱਲੋਂ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ। ਪੁਲਿਸ ਨੇ ਦੋਵਾਂ ਧਿਰਾਂ ਨੂੰ ਆਮਨੇ-ਸਾਮਨੇ ਆਉਣ ਤੋਂ ਰੋਕਿਆ ਅਤੇ ਹਾਲਾਤਾਂ ਨੂੰ ਕਾਬੂ ਵਿੱਚ ਰੱਖਣ ਲਈ ਇਲਾਕੇ ਵਿੱਚ ਸੁਰੱਖਿਆ ਵਧਾਈ ਗਈ। ‘ਆਪ’ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਵਿਰੋਧੀ ਧਿਰ ਖ਼ਿਲਾਫ਼ ਇਹ ਕਾਰਵਾਈਆਂ ਨਾ ਰੁਕੀਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।