Home Blog Page 399

ਅੱਜ ਆਵੇਗਾ ਪੰਜਾਬ ਬੋਰਡ ਦਸਵੀਂ ਦਾ ਨਤੀਜਾ, ਦੁਪਹਿਰ 12:30 ਵਜੇ ਖ਼ਤਮ ਹੋਵੇਗੀ ਵਿਦਿਆਰਥੀਆਂ ਦੀ ਉਡੀਕ

ਚੰਡੀਗੜ੍ਹ :- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੇ ਨਤੀਜੇ ਅੱਜ ਦੁਪਹਿਰ 12:30 ਵਜੇ ਘੋਸ਼ਿਤ ਕੀਤੇ ਜਾਣਗੇ। ਬੋਰਡ ਦੇ ਚੇਅਰਮੈਨ ਵੱਲੋਂ ਨਤੀਜਿਆਂ ਦਾ ਅਧਿਕਾਰਤ ਐਲਾਨ ਕੀਤਾ ਜਾਵੇਗਾ, ਜਿਸ ਤੋਂ ਬਾਅਦ ਵਿਦਿਆਰਥੀ ਆਪਣੇ ਨਤੀਜੇ ਆਨਲਾਈਨ ਵੇਖ ਸਕਣਗੇ। ਨਤੀਜਿਆਂ ਨੂੰ ਲੈ ਕੇ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਕਾਫ਼ੀ ਉਤਸ਼ਾਹ ਅਤੇ ਉਤਸੁਕਤਾ ਵੇਖੀ ਜਾ ਰਹੀ ਹੈ।

ਰੋਲ ਨੰਬਰ ਜਾਂ ਨਾਮ ਨਾਲ ਵੇਖਿਆ ਜਾ ਸਕੇਗਾ ਨਤੀਜਾ
ਪ੍ਰੀਖਿਆ ਵਿੱਚ ਸ਼ਾਮਲ ਹੋਏ ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਆਪਣਾ ਰੋਲ ਨੰਬਰ ਜਾਂ ਨਾਮ ਦਰਜ ਕਰਕੇ ਨਤੀਜਾ ਚੈੱਕ ਕਰ ਸਕਣਗੇ। ਨਤੀਜਾ ਜਾਰੀ ਹੋਣ ਤੋਂ ਬਾਅਦ ਵੈੱਬਸਾਈਟ ‘ਤੇ ਸਿੱਧਾ ਲਿੰਕ ਵੀ ਉਪਲਬਧ ਕਰਵਾਇਆ ਜਾਵੇਗਾ, ਤਾਂ ਜੋ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ।

ਸਮੱਸਿਆ ਆਉਣ ‘ਤੇ ਹੈਲਪਲਾਈਨ ਦੀ ਸਹੂਲਤ
ਬੋਰਡ ਵੱਲੋਂ ਵਿਦਿਆਰਥੀਆਂ ਦੀ ਸਹਾਇਤਾ ਲਈ ਹੈਲਪਲਾਈਨ ਸੇਵਾ ਵੀ ਸ਼ੁਰੂ ਕੀਤੀ ਗਈ ਹੈ। ਜੇਕਰ ਕਿਸੇ ਵਿਦਿਆਰਥੀ ਨੂੰ ਨਤੀਜਾ ਦੇਖਣ ਦੌਰਾਨ ਤਕਨੀਕੀ ਜਾਂ ਹੋਰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਹੈਲਪਲਾਈਨ ਨੰਬਰ 9549161161 ‘ਤੇ ਸੰਪਰਕ ਕਰ ਸਕਦੇ ਹਨ।

2.84 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਦਿੱਤੀ ਸੀ ਪ੍ਰੀਖਿਆ
ਇਸ ਵਾਰ ਪੰਜਾਬ ਭਰ ਵਿੱਚ ਲਗਭਗ 2 ਲੱਖ 84 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਦਸਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ। ਇਹ ਪ੍ਰੀਖਿਆਵਾਂ 1 ਮਾਰਚ ਤੋਂ 1 ਅਪ੍ਰੈਲ ਤੱਕ ਵੱਖ-ਵੱਖ ਪ੍ਰੀਖਿਆ ਕੇਂਦਰਾਂ ‘ਤੇ ਕਰਵਾਈਆਂ ਗਈਆਂ ਸਨ। ਪ੍ਰੀਖਿਆਵਾਂ ਖ਼ਤਮ ਹੋਣ ਤੋਂ ਬਾਅਦ ਤੋਂ ਹੀ ਵਿਦਿਆਰਥੀ ਆਪਣੇ ਨਤੀਜਿਆਂ ਦੀ ਉਡੀਕ ਕਰ ਰਹੇ ਸਨ।

ਇਸ ਤਰ੍ਹਾਂ ਚੈੱਕ ਕੀਤਾ ਜਾ ਸਕੇਗਾ ਨਤੀਜਾ
ਵਿਦਿਆਰਥੀਆਂ ਨੂੰ ਸਭ ਤੋਂ ਪਹਿਲਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਣਾ ਹੋਵੇਗਾ। ਉੱਥੇ “ਰਿਜ਼ਲਟ” ਵਾਲੇ ਲਿੰਕ ‘ਤੇ ਕਲਿੱਕ ਕਰਨ ਤੋਂ ਬਾਅਦ ਦਸਵੀਂ ਜਮਾਤ ਦਾ ਨਤੀਜਾ 2026 ਚੁਣਨਾ ਹੋਵੇਗਾ। ਇਸ ਤੋਂ ਬਾਅਦ ਆਪਣਾ ਰੋਲ ਨੰਬਰ ਜਾਂ ਨਾਮ ਦਰਜ ਕਰਕੇ ਸਬਮਿਟ ਕਰਨ ‘ਤੇ ਨਤੀਜਾ ਸਕ੍ਰੀਨ ‘ਤੇ ਆ ਜਾਵੇਗਾ। ਵਿਦਿਆਰਥੀ ਇਸ ਦੀ ਕਾਪੀ ਡਾਊਨਲੋਡ ਜਾਂ ਪ੍ਰਿੰਟ ਵੀ ਕਰ ਸਕਣਗੇ।

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਵਾਸੀ ਪੰਜਾਬੀਆਂ ਤੱਕ ਪਹੁੰਚੇਗੀ ਕਾਂਗਰਸ, ਗੁਰਜੀਤ ਔਜਲਾ ਦਾ ਆਸਟ੍ਰੇਲੀਆ ਦੌਰਾ 12 ਮਈ ਤੋਂ

ਚੰਡੀਗੜ੍ਹ :- ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਸਿਆਸੀ ਪਾਰਟੀਆਂ ਵੱਲੋਂ ਪ੍ਰਵਾਸੀ ਪੰਜਾਬੀਆਂ ਨਾਲ ਸਿੱਧਾ ਸੰਪਰਕ ਵਧਾਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਚੋਣਾਂ ਦੌਰਾਨ ਆਰਥਿਕ ਸਹਾਇਤਾ, ਸੋਸ਼ਲ ਮੀਡੀਆ ਮੁਹਿੰਮਾਂ ਅਤੇ ਆਪਣੇ ਪਿੰਡਾਂ ਵਿੱਚ ਪਰਿਵਾਰਕ ਸੰਪਰਕਾਂ ਰਾਹੀਂ ਵੱਡਾ ਪ੍ਰਭਾਵ ਪਾਂਦੇ ਹਨ। ਇਸੇ ਨੂੰ ਦੇਖਦਿਆਂ ਵੱਖ-ਵੱਖ ਪਾਰਟੀਆਂ ਦੇ ਆਗੂ ਵਿਦੇਸ਼ ਦੌਰੇ ਕਰਕੇ ਪ੍ਰਵਾਸੀ ਭਾਈਚਾਰੇ ਨਾਲ ਰਾਬਤਾ ਕਾਇਮ ਕਰਨ ਵਿੱਚ ਜੁਟੇ ਹੋਏ ਹਨ।

12 ਮਈ ਤੋਂ ਆਸਟ੍ਰੇਲੀਆ ਦੌਰੇ ‘ਤੇ ਜਾਣਗੇ ਗੁਰਜੀਤ ਔਜਲਾ
ਕਾਂਗਰਸ ਪਾਰਟੀ ਵੱਲੋਂ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ 12 ਮਈ ਤੋਂ ਆਸਟ੍ਰੇਲੀਆ ਦੌਰੇ ‘ਤੇ ਜਾ ਰਹੇ ਹਨ। ਆਪਣੇ ਦੌਰੇ ਦੌਰਾਨ ਉਹ ਪਰਥ, ਐਡੀਲੇਡ, ਮੈਲਬੌਰਨ, ਸਿਡਨੀ ਅਤੇ ਬ੍ਰਿਸਬੇਨ ਸਮੇਤ ਕਈ ਸ਼ਹਿਰਾਂ ਵਿੱਚ ਪਾਰਟੀ ਆਗੂਆਂ, ਵਰਕਰਾਂ ਅਤੇ ਪ੍ਰਵਾਸੀ ਪੰਜਾਬੀਆਂ ਨਾਲ ਮੁਲਾਕਾਤਾਂ ਕਰਨਗੇ। ਇਸ ਦੌਰੇ ਦਾ ਮੁੱਖ ਉਦੇਸ਼ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਹੱਕ ਵਿੱਚ ਮਾਹੌਲ ਤਿਆਰ ਕਰਨਾ ਦੱਸਿਆ ਜਾ ਰਿਹਾ ਹੈ।

ਬ੍ਰਿਸਬੇਨ ‘ਚ ਹੋਵੇਗਾ ਵਿਸ਼ੇਸ਼ ਰੂਬਰੂ ਸਮਾਗਮ
ਪੰਜਾਬੀ ਕਲਚਰਲ ਐਸੋਸੀਏਸ਼ਨ ਆਫ ਕੁਈਨਜ਼ਲੈਂਡ ਅਤੇ ਪੰਜਾਬੀ ਕੌਂਸਲ ਆਫ ਕੁਈਨਜ਼ਲੈਂਡ ਨਾਲ ਜੁੜੇ ਨੁਮਾਇੰਦਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਜੀਤ ਸਿੰਘ ਔਜਲਾ 22 ਅਤੇ 23 ਮਈ ਨੂੰ ਬ੍ਰਿਸਬੇਨ ਵਿੱਚ ਪ੍ਰਵਾਸੀ ਪੰਜਾਬੀ ਭਾਈਚਾਰੇ ਨਾਲ ਵਿਸ਼ੇਸ਼ ਰੂਬਰੂ ਸਮਾਗਮਾਂ ਵਿੱਚ ਹਾਜ਼ਰੀ ਲੈਣਗੇ। ਇਸ ਦੌਰਾਨ ਉਹ ਪੰਜਾਬ ਅਤੇ ਦੇਸ਼ ਨਾਲ ਜੁੜੇ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਮਸਲਿਆਂ ‘ਤੇ ਖੁੱਲ੍ਹ ਕੇ ਗੱਲਬਾਤ ਕਰਨਗੇ।

ਪ੍ਰਵਾਸੀ ਪੰਜਾਬੀਆਂ ਤੋਂ ਮੰਗਿਆ ਜਾਵੇਗਾ ਸਹਿਯੋਗ
ਦੌਰੇ ਦੌਰਾਨ ਗੁਰਜੀਤ ਔਜਲਾ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਬਾਰੇ ਵੀ ਸੁਝਾਅ ਲੈਣਗੇ। ਨਾਲ ਹੀ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ 2027 ਦੀਆਂ ਚੋਣਾਂ ਲਈ ਰਣਨੀਤੀ ਬਾਰੇ ਵੀ ਵਿਚਾਰ ਸਾਂਝੇ ਕੀਤੇ ਜਾਣਗੇ। ਕਾਂਗਰਸ ਆਗੂ ਪ੍ਰਵਾਸੀ ਭਾਈਚਾਰੇ ਨੂੰ ਪੰਜਾਬ ਵਿੱਚ ਮੁੜ ਕਾਂਗਰਸ ਸਰਕਾਰ ਬਣਾਉਣ ਲਈ ਸਹਿਯੋਗ ਦੇਣ ਦੀ ਅਪੀਲ ਵੀ ਕਰਨਗੇ।

ਦੌਰੇ ਨੂੰ ਲੈ ਕੇ ਕਾਂਗਰਸੀ ਵਰਕਰਾਂ ਵਿੱਚ ਉਤਸ਼ਾਹ
ਆਸਟ੍ਰੇਲੀਆ ਵਿੱਚ ਰਹਿੰਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਇਸ ਦੌਰੇ ਨੂੰ ਸਫਲ ਬਣਾਉਣ ਲਈ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜਾਣਕਾਰੀ ਮੁਤਾਬਕ ਗੁਰਜੀਤ ਸਿੰਘ ਔਜਲਾ ਦੇ ਦੌਰੇ ਨੂੰ ਲੈ ਕੇ ਪ੍ਰਵਾਸੀ ਕਾਂਗਰਸੀ ਹਲਕਿਆਂ ਵਿੱਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।

ਚੰਡੀਗੜ੍ਹ – ਟ੍ਰਿਬਿਊਨ ਫਲਾਈਓਵਰ ਮੁੜ ਵਿਵਾਦਾਂ ‘ਚ, ਰੁੱਖਾਂ ਦੀ ਕਟਾਈ ਤੇ ਮਾਸਟਰ ਪਲਾਨ ਉਲੰਘਣਾ ਦੇ ਦੋਸ਼ਾਂ ਨਾਲ ਪ੍ਰੋਜੈਕਟ ਘਿਰਿਆ

ਚੰਡੀਗੜ੍ਹ :- ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਟ੍ਰਿਬਿਊਨ ਚੌਕ ‘ਤੇ ਬਣਾਏ ਜਾਣ ਵਾਲੇ ਫਲਾਈਓਵਰ ਪ੍ਰੋਜੈਕਟ ਨੂੰ ਲੈ ਕੇ ਵਿਵਾਦ ਇੱਕ ਵਾਰ ਫਿਰ ਗਹਿਰਾ ਗਿਆ ਹੈ। ਲਗਭਗ 247 ਕਰੋੜ ਰੁਪਏ ਦੀ ਲਾਗਤ ਵਾਲੀ ਇਸ ਯੋਜਨਾ ਨੂੰ ਅੰਤਿਮ ਮਨਜ਼ੂਰੀ ਦੇਣ ਦੀਆਂ ਤਿਆਰੀਆਂ ਜਾਰੀ ਹਨ, ਪਰ ਇਸ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਪਟੀਸ਼ਨਾਂ ਰਾਹੀਂ ਪ੍ਰੋਜੈਕਟ ‘ਤੇ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਗਏ ਹਨ।

ਰੁੱਖਾਂ ਦੀ ਕਟਾਈ ਅਤੇ ਵਿਰਾਸਤ ਨੂੰ ਨੁਕਸਾਨ ਦੇ ਦੋਸ਼
ਪਟੀਸ਼ਨਾਂ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਫਲਾਈਓਵਰ ਦੇ ਨਿਰਮਾਣ ਕਾਰਨ ਵੱਡੇ ਪੱਧਰ ‘ਤੇ ਪੁਰਾਣੇ ਰੁੱਖ ਕੱਟੇ ਜਾਣਗੇ, ਜਿਨ੍ਹਾਂ ਵਿੱਚ ਵਿਰਾਸਤੀ ਦਰਜਾ ਰੱਖਣ ਵਾਲੇ ਅੰਬਾਂ ਦੇ ਬਾਗ ਵੀ ਸ਼ਾਮਲ ਹਨ। ਜਾਣਕਾਰੀ ਮੁਤਾਬਕ ਲਗਭਗ 700 ਰੁੱਖ ਇਸ ਪ੍ਰੋਜੈਕਟ ਦੀ ਭੇਟ ਚੜ੍ਹ ਸਕਦੇ ਹਨ। ਸ਼ਹਿਰ ਦੇ ਮਾਹਿਰ ਆਰਕੀਟੈਕਟਾਂ ਅਤੇ ਸਾਬਕਾ ਚੀਫ਼ ਆਰਕੀਟੈਕਟ ਸੁਮਿਤ ਕੌਰ ਨੇ ਇਸ ਯੋਜਨਾ ਨੂੰ “ਤੰਗ ਸੋਚ ਵਾਲਾ ਪ੍ਰੋਜੈਕਟ” ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਚੰਡੀਗੜ੍ਹ ਦੀ ਖੂਬਸੂਰਤੀ ਅਤੇ ਕੁਦਰਤੀ ਵਾਤਾਵਰਣ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚੇਗਾ।

‘ਓਵਰਲੂਪ’ ਦੇ ਰੂਪ ‘ਚ ਪੇਸ਼ ਕੀਤਾ ਗਿਆ ਨਵਾਂ ਬਦਲ
ਵਿਰੋਧ ਦੇ ਮਾਹੌਲ ਵਿਚਾਲੇ ਯੂਆਰਏਪੀ ਨਾਲ ਜੁੜੇ ਆਰਕੀਟੈਕਟ ਪਰਲ ਆਹਲੂਵਾਲੀਆ ਅਤੇ ਆਸ਼ਰੇ ਆਹੂਜਾ ਵੱਲੋਂ “ਓਵਰਲੂਪ” ਨਾਮਕ ਇੱਕ ਵਿਕਲਪਕ ਯੋਜਨਾ ਪੇਸ਼ ਕੀਤੀ ਗਈ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਮੌਜੂਦਾ ਚੌਕ ਦੇ ਉੱਪਰ ਐਲੀਵੇਟਿਡ ਰੋਟਰੀ ਬਣਾਕੇ ਟ੍ਰੈਫਿਕ ਨੂੰ ਬਿਨਾਂ ਵੱਡੇ ਵਾਤਾਵਰਣਕ ਨੁਕਸਾਨ ਦੇ ਸੁਚਾਰੂ ਕੀਤਾ ਜਾ ਸਕਦਾ ਹੈ। ਉਨ੍ਹਾਂ ਮੁਤਾਬਕ ਇਸ ਮਾਡਲ ਨਾਲ ਟ੍ਰੈਫਿਕ ਸਮਰੱਥਾ ਵਿੱਚ ਕਰੀਬ 50 ਫ਼ੀਸਦੀ ਵਾਧਾ ਹੋ ਸਕਦਾ ਹੈ ਅਤੇ ਸਿਰਫ਼ 65 ਰੁੱਖ ਹੀ ਪ੍ਰਭਾਵਿਤ ਹੋਣਗੇ।

ਪ੍ਰਸ਼ਾਸਨ ਨੇ ਦੱਸਿਆ ਟ੍ਰੈਫਿਕ ਲਈ ਲਾਜ਼ਮੀ
ਦੂਜੇ ਪਾਸੇ ਚੰਡੀਗੜ੍ਹ ਪ੍ਰਸ਼ਾਸਨ ਨੇ ਫਲਾਈਓਵਰ ਪ੍ਰੋਜੈਕਟ ਦਾ ਬਚਾਅ ਕਰਦਿਆਂ ਕਿਹਾ ਹੈ ਕਿ ਟ੍ਰਿਬਿਊਨ ਚੌਕ ‘ਤੇ ਹਰ ਰੋਜ਼ ਲਗਭਗ ਡੇਢ ਲੱਖ ਵਾਹਨ ਲੰਘਦੇ ਹਨ, ਜਿਸ ਕਾਰਨ ਇੱਥੇ ਲਗਾਤਾਰ ਟ੍ਰੈਫਿਕ ਜਾਮ ਦੀ ਸਮੱਸਿਆ ਬਣੀ ਰਹਿੰਦੀ ਹੈ। ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਸ ਸਮੱਸਿਆ ਦਾ ਪੱਕਾ ਹੱਲ ਫਲਾਈਓਵਰ ਹੀ ਹੈ।

ਅਦਾਲਤੀ ਕਾਰਵਾਈ ਕਾਰਨ ਪ੍ਰੋਜੈਕਟ ‘ਤੇ ਅਣਸ਼ਚਿਤਤਾ
ਪ੍ਰੋਜੈਕਟ ਲਈ ਸਿੰਗਲਾ ਕੰਸਟ੍ਰਕਸ਼ਨ ਲਿਮਟਿਡ ਨੂੰ ਸਭ ਤੋਂ ਘੱਟ ਬੋਲੀਦਾਤਾ ਵਜੋਂ ਚੁਣਿਆ ਗਿਆ ਹੈ, ਪਰ ਹਾਈ ਕੋਰਟ ਵਿੱਚ ਚੱਲ ਰਹੀ ਸੁਣਵਾਈ ਅਤੇ ਵਾਤਾਵਰਣ ਪ੍ਰੇਮੀਆਂ ਦੇ ਵਿਰੋਧ ਕਾਰਨ ਇਸ ਯੋਜਨਾ ਦਾ ਭਵਿੱਖ ਅਜੇ ਅਨਿਸ਼ਚਿਤ  ਬਣਿਆ ਹੋਇਆ ਹੈ।

ਦੂਜੇ ਵਿਆਹ ਨੂੰ ਲੈ ਕੇ ਖੂਨੀ ਟਕਰਾਅ, ਸੇਵਾਮੁਕਤ ਫ਼ੌਜੀ ਨੇ ਪੁੱਤ ਨੂੰ ਗੋਲੀਆਂ ਮਾਰ ਕੀਤੀ ਹੱਤਿਆ; ਫਿਰ ਖੁਦ ਵੀ ਨਿਗਲਿਆ ਜ਼ਹਿਰ

ਲੁਧਿਆਣਾ :- ਲੁਧਿਆਣਾ ਦੇ ਨਿਊ ਅਗਰ ਨਗਰ ਇਲਾਕੇ ਵਿੱਚ ਦੇਰ ਰਾਤ ਇਕ ਪਰਿਵਾਰਕ ਝਗੜੇ ਨੇ ਉਸ ਵੇਲੇ ਭਿਆਨਕ ਰੂਪ ਧਾਰ ਲਿਆ ਜਦੋਂ ਇਕ ਸੇਵਾਮੁਕਤ ਫ਼ੌਜੀ ਨੇ ਆਪਣੇ ਇਕਲੌਤੇ ਪੁੱਤਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਕੁਝ ਮਿੰਟਾਂ ਬਾਅਦ ਖੁਦ ਵੀ ਜ਼ਹਿਰੀਲੀ ਗੋਲੀਆਂ ਨਿਗਲ ਕੇ ਜੀਵਨ ਲੀਲਾ ਸਮਾਪਤ ਕਰ ਲਈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਅਤੇ ਸੋਗ ਦਾ ਮਾਹੌਲ ਬਣ ਗਿਆ।

ਦੂਜੇ ਵਿਆਹ ਨੂੰ ਲੈ ਕੇ ਚੱਲ ਰਿਹਾ ਸੀ ਘਰੇਲੂ ਕਲੇਸ਼
ਮ੍ਰਿਤਕਾਂ ਦੀ ਪਛਾਣ ਸੇਵਾਮੁਕਤ ਫ਼ੌਜੀ ਸੁਰਿੰਦਰ ਸਿੰਘ ਅਤੇ ਉਸ ਦੇ ਪੁੱਤਰ ਗੁਰਸ਼ਰਨ ਸਿੰਘ ਉਰਫ਼ ਗਿੰਨੀ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਸੁਰਿੰਦਰ ਸਿੰਘ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਦੂਜਾ ਵਿਆਹ ਕਰਵਾਉਣਾ ਚਾਹੁੰਦਾ ਸੀ, ਪਰ ਉਸ ਦਾ ਪੁੱਤਰ ਇਸ ਗੱਲ ਦਾ ਲਗਾਤਾਰ ਵਿਰੋਧ ਕਰ ਰਿਹਾ ਸੀ। ਦੋਵਾਂ ਵਿਚਕਾਰ ਪਿਛਲੇ ਤਿੰਨ ਸਾਲਾਂ ਤੋਂ ਇਸੇ ਮਾਮਲੇ ਨੂੰ ਲੈ ਕੇ ਤਣਾਅ ਬਣਿਆ ਹੋਇਆ ਸੀ।

ਗਲੀ ਵਿੱਚ ਦੌੜਾ ਕੇ ਮਾਰੀਆਂ ਗੋਲੀਆਂ
ਐਤਵਾਰ ਰਾਤ ਘਰ ਵਿੱਚ ਹੋਈ ਤਕਰਾਰ ਨੇ ਅਚਾਨਕ ਹਿੰਸਕ ਰੂਪ ਧਾਰ ਲਿਆ। ਦੱਸਿਆ ਜਾ ਰਿਹਾ ਹੈ ਕਿ ਗੁੱਸੇ ਵਿੱਚ ਆਏ ਸੁਰਿੰਦਰ ਸਿੰਘ ਨੇ ਆਪਣੀ ਲਾਇਸੰਸੀ 12 ਬੋਰ ਦੋਨਾਲੀ ਬੰਦੂਕ ਚੁੱਕ ਲਈ ਅਤੇ ਗਲੀ ਵਿੱਚ ਦੌੜਾ ਕੇ ਆਪਣੇ ਪੁੱਤਰ ‘ਤੇ ਗੋਲੀਆਂ ਚਲਾ ਦਿੱਤੀਆਂ। ਗੰਭੀਰ ਸੱਟਾਂ ਕਾਰਨ ਗੁਰਸ਼ਰਨ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।

ਪੁੱਤ ਦੀ ਮੌਤ ਤੋਂ ਬਾਅਦ ਪਿਤਾ ਨੇ ਵੀ ਕੀਤੀ ਖੁਦਕੁਸ਼ੀ
ਪੁੱਤਰ ਦੀ ਹੱਤਿਆ ਕਰਨ ਤੋਂ ਕੁਝ ਹੀ ਮਿੰਟਾਂ ਬਾਅਦ ਸੁਰਿੰਦਰ ਸਿੰਘ ਘਰ ਅੰਦਰ ਗਿਆ ਅਤੇ ਸਲਫ਼ਾਸ ਦੀਆਂ ਗੋਲੀਆਂ ਨਿਗਲ ਲਈਆਂ। ਗੁਆਂਢੀਆਂ ਨੇ ਦੋਵਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਤੋਂ ਬਾਅਦ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।

ਪੁਲਿਸ ਨੇ ਜਾਂਚ ਕੀਤੀ ਸ਼ੁਰੂ
ਮ੍ਰਿਤਕ ਗੁਰਸ਼ਰਨ ਪੇਸ਼ੇ ਤੋਂ ਡਰਾਈਵਰ ਸੀ, ਜਦਕਿ ਉਸ ਦੀਆਂ ਦੋ ਭੈਣਾਂ ਵਿਦੇਸ਼ਾਂ ਵਿੱਚ ਰਹਿ ਰਹੀਆਂ ਹਨ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਵਾਰਦਾਤ ਵਿੱਚ ਵਰਤੀ ਗਈ ਬੰਦੂਕ ਕਬਜ਼ੇ ਵਿੱਚ ਲੈ ਲਈ ਹੈ। ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਕਿਡਨੀ ਸਟੋਨ ਤੇ ਸ਼ੂਗਰ ਨਾਲ ਜੂਝ ਰਹੀ ਸੁਨੀਤਾ ਲਈ ਮਸੀਹਾ ਬਣੀ ਮੁੱਖ ਮੰਤਰੀ ਸਿਹਤ ਯੋਜਨਾ, ਬਿਨਾਂ ਖਰਚੇ ਕਰਵਾਇਆ ਮੁਫ਼ਤ ਇਲਾਜ!

ਪਟਿਆਲਾ :- ਪਟਿਆਲਾ ਦੀ ਰਹਿਣ ਵਾਲੀ 46 ਸਾਲਾ ਸੁਨੀਤਾ ਰਾਣੀ ਲਈ ਹਰ ਸਵੇਰ ਇੱਕ ਨਵੀਂ ਪਰੇਸ਼ਾਨੀ ਲੈ ਕੇ ਆਉਂਦੀ ਸੀ। ਕਮਰ ਦੇ ਹੇਠਲੇ ਹਿੱਸੇ ਵਿੱਚ ਰਹਿਣ ਵਾਲਾ ਤੇਜ਼ ਦਰਦ ਹੌਲੀ-ਹੌਲੀ ਸਰੀਰ ਦੇ ਇੱਕ ਪਾਸੇ ਤੱਕ ਫੈਲ ਜਾਂਦਾ ਸੀ। ਪੈਰਾਂ ਵਿੱਚ ਸੋਜ ਵਧਦੀ ਜਾ ਰਹੀ ਸੀ ਅਤੇ ਘਰ ਦੇ ਆਮ ਕੰਮ ਕਰਨਾ ਵੀ ਔਖਾ ਹੋ ਗਿਆ ਸੀ। ਰਸੋਈ ਤੱਕ ਜਾਣ ਦੌਰਾਨ ਵੀ ਉਹਨਾਂ ਨੂੰ ਕਈ ਵਾਰ ਰੁਕ ਕੇ ਕੰਧ ਦਾ ਸਹਾਰਾ ਲੈਣਾ ਪੈਂਦਾ ਸੀ। ਦਰਦ ਦੇ ਬਾਵਜੂਦ ਉਹ ਲੰਬੇ ਸਮੇਂ ਤੱਕ ਚੁੱਪਚਾਪ ਸਭ ਕੁਝ ਸਹਿੰਦੇ ਰਹੇ।

ਸਿਹਤ ਯੋਜਨਾ ਨੇ ਮੁਸ਼ਕਲ ਵੇਲੇ ਦਿੱਤਾ ਸਹਾਰਾ
ਜਦੋਂ ਦਰਦ ਅਤੇ ਸੋਜ ਹੱਦ ਤੋਂ ਵੱਧ ਗਈ ਤਾਂ ਪਰਿਵਾਰ ਨੇ ਸੁਨੀਤਾ ਨੂੰ ਡਾਕਟਰੀ ਜਾਂਚ ਕਰਵਾਉਣ ਲਈ ਕਿਹਾ। ਇਸ ਦੌਰਾਨ ਉਨ੍ਹਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਬਾਰੇ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਆਪਣੇ ਪਰਿਵਾਰ ਸਮੇਤ ਰਜਿਸਟ੍ਰੇਸ਼ਨ ਕਰਵਾਇਆ ਅਤੇ ਸਿਹਤ ਕਾਰਡ ਬਣਵਾਇਆ। ਇਲਾਜ ਲਈ ਉਨ੍ਹਾਂ ਨੂੰ ਮਾਤਾ ਕੌਸ਼ੱਲਿਆ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਜਾਂਚ ਦੌਰਾਨ ਪਤਾ ਲੱਗਿਆ ਕਿ ਯੂਰੇਟਰ ਵਿੱਚ ਕਿਡਨੀ ਸਟੋਨ ਫਸਿਆ ਹੋਇਆ ਹੈ।

ਸ਼ੂਗਰ ਅਤੇ ਸੋਜ ਕਾਰਨ ਤੁਰੰਤ ਸਰਜਰੀ ਨਹੀਂ ਹੋ ਸਕੀ
ਡਾਕਟਰਾਂ ਮੁਤਾਬਕ ਸੁਨੀਤਾ ਦਾ ਸ਼ੂਗਰ ਪੱਧਰ ਕਾਫ਼ੀ ਵੱਧ ਸੀ ਅਤੇ ਸਰੀਰ ਵਿੱਚ ਗੰਭੀਰ ਸੋਜ ਮੌਜੂਦ ਸੀ, ਜਿਸ ਕਾਰਨ ਤੁਰੰਤ ਆਪਰੇਸ਼ਨ ਕਰਨਾ ਖ਼ਤਰਨਾਕ ਹੋ ਸਕਦਾ ਸੀ। ਇਸ ਲਈ ਪਹਿਲਾਂ ਉਨ੍ਹਾਂ ਦਾ ਸ਼ੂਗਰ ਅਤੇ ਸੋਜ ਕਾਬੂ ਕਰਨ ਲਈ ਇਲਾਜ ਸ਼ੁਰੂ ਕੀਤਾ ਗਿਆ। ਸੁਨੀਤਾ ਨੇ ਦੱਸਿਆ ਕਿ ਹੁਣ ਉਹ ਨਿਯਮਿਤ ਤੌਰ ‘ਤੇ ਹਸਪਤਾਲ ਵਿੱਚ ਜਾਂਚ ਲਈ ਜਾ ਰਹੇ ਹਨ ਅਤੇ ਡਾਕਟਰ ਲਗਾਤਾਰ ਉਨ੍ਹਾਂ ਦੀ ਸਿਹਤ ‘ਤੇ ਨਿਗਰਾਨੀ ਰੱਖ ਰਹੇ ਹਨ।

ਕੈਸ਼ਲੈੱਸ ਇਲਾਜ ਨਾਲ ਪਰਿਵਾਰ ਨੂੰ ਮਿਲੀ ਵੱਡੀ ਰਾਹਤ
ਸੁਨੀਤਾ ਰਾਣੀ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਉਨ੍ਹਾਂ ਦਾ ਪੂਰਾ ਇਲਾਜ ਬਿਨਾਂ ਕਿਸੇ ਆਰਥਿਕ ਬੋਝ ਦੇ ਹੋ ਰਿਹਾ ਹੈ। ਉਨ੍ਹਾਂ ਮੁਤਾਬਕ ਦਵਾਈਆਂ ਤੋਂ ਲੈ ਕੇ ਆਉਣ ਵਾਲੀ ਸਰਜਰੀ ਤੱਕ ਉਨ੍ਹਾਂ ਨੂੰ ਕੋਈ ਖਰਚਾ ਨਹੀਂ ਕਰਨਾ ਪਵੇਗਾ, ਜੋ ਉਨ੍ਹਾਂ ਦੇ ਪਰਿਵਾਰ ਲਈ ਵੱਡੀ ਰਾਹਤ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਸੋਜ ਪਹਿਲਾਂ ਨਾਲੋਂ ਕਾਫ਼ੀ ਘਟ ਗਈ ਹੈ ਅਤੇ ਸ਼ੂਗਰ ਨੂੰ ਵੀ ਕਾਬੂ ਕਰਨ ਲਈ ਦਵਾਈਆਂ ਬਦਲ ਦਿੱਤੀਆਂ ਗਈਆਂ ਹਨ।

ਕਿਡਨੀ ਸਟੋਨ ਦੇ ਮਾਮਲੇ ਵੱਧਣ ‘ਤੇ ਡਾਕਟਰਾਂ ਦੀ ਚਿੰਤਾ
ਚਿਕਿਤਸਾ ਮਾਹਿਰਾਂ ਦਾ ਕਹਿਣਾ ਹੈ ਕਿ ਸ਼ੂਗਰ, ਪਾਣੀ ਘੱਟ ਪੀਣਾ ਅਤੇ ਗਲਤ ਖਾਣ-ਪੀਣ ਦੀਆਂ ਆਦਤਾਂ ਕਾਰਨ ਕਿਡਨੀ ਸਟੋਨ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਡਾਕਟਰਾਂ ਨੇ ਚੇਤਾਵਨੀ ਦਿੱਤੀ ਕਿ ਜੇ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਸਮੱਸਿਆ ਗੰਭੀਰ ਇਨਫੈਕਸ਼ਨ ਅਤੇ ਹੋਰ ਜਟਿਲ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ।

‘ਹੁਣ ਡਰ ਨਹੀਂ, ਠੀਕ ਹੋਣ ਦੀ ਉਮੀਦ ਹੈ’
ਸੁਨੀਤਾ ਰਾਣੀ ਨੇ ਭਾਵੁਕ ਹੋ ਕੇ ਕਿਹਾ ਕਿ ਸਿਹਤ ਕਾਰਡ ਅਤੇ ਸਰਕਾਰੀ ਯੋਜਨਾ ਕਾਰਨ ਉਨ੍ਹਾਂ ਨੂੰ ਸਮੇਂ ਸਿਰ ਇਲਾਜ ਮਿਲਿਆ ਅਤੇ ਹੁਣ ਉਨ੍ਹਾਂ ਦੇ ਮਨ ਵਿੱਚ ਡਰ ਦੀ ਥਾਂ ਠੀਕ ਹੋਣ ਦੀ ਉਮੀਦ ਨੇ ਲੈ ਲਈ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਯੋਜਨਾਵਾਂ ਆਮ ਪਰਿਵਾਰਾਂ ਲਈ ਵੱਡਾ ਸਹਾਰਾ ਬਣ ਰਹੀਆਂ ਹਨ, ਕਿਉਂਕਿ ਇਸ ਨਾਲ ਲੋਕ ਬਿਨਾਂ ਖਰਚਿਆਂ ਦੀ ਚਿੰਤਾ ਕੀਤੇ ਇਲਾਜ ਕਰਵਾ ਸਕਦੇ ਹਨ।

ਸੰਦੀਪ ਪਾਠਕ ਦੀ ਪਟੀਸ਼ਨ ਤੇ ਅੱਜ ਹਾਈ ਕੋਰਟ ‘ਚ ਸੁਣਵਾਈ

ਚੰਡੀਗੜ੍ਹ :- ਰਾਜ ਸਭਾ ਮੈਂਬਰ ਸੰਦੀਪ ਪਾਠਕ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ‘ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਣ ਜਾ ਰਹੀ ਹੈ। ਇਸ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਅਦਾਲਤ ਅੱਗੇ ਆਪਣਾ ਪੱਖ ਰੱਖਣ ਦੀ ਸੰਭਾਵਨਾ ਹੈ। ਅਦਾਲਤ ਇਹ ਜਾਣਨਾ ਚਾਹੁੰਦੀ ਹੈ ਕਿ ਪਾਠਕ ਖ਼ਿਲਾਫ਼ ਕੋਈ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ ਜਾਂ ਨਹੀਂ।

ਪਹਿਲਾਂ ਕਾਰਵਾਈ ‘ਤੇ ਲੱਗੀ ਸੀ ਅਸਥਾਈ ਰੋਕ
ਇਸ ਤੋਂ ਪਹਿਲਾਂ ਹੋਈ ਸੁਣਵਾਈ ਦੌਰਾਨ ਹਾਈ ਕੋਰਟ ਨੇ ਸੰਦੀਪ ਪਾਠਕ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਸਖ਼ਤ ਜਾਂ ਸਜ਼ਾਯੋਗ ਕਾਰਵਾਈ ਕਰਨ ‘ਤੇ ਅਗਲੀ ਤਾਰੀਖ ਤੱਕ ਰੋਕ ਲਗਾ ਦਿੱਤੀ ਸੀ। ਅਦਾਲਤ ਨੇ ਸਰਕਾਰ ਨੂੰ ਇਸ ਮਾਮਲੇ ਬਾਰੇ ਸਪੱਸ਼ਟ ਜਾਣਕਾਰੀ ਪੇਸ਼ ਕਰਨ ਲਈ ਵੀ ਕਿਹਾ ਸੀ।

ਮਾਮਲਿਆਂ ਦੀ ਜਾਣਕਾਰੀ ਮੰਗ ਰਹੇ ਹਨ ਪਾਠਕ
ਸੰਦੀਪ ਪਾਠਕ ਨੇ ਆਪਣੀ ਪਟੀਸ਼ਨ ਵਿੱਚ ਮੰਗ ਕੀਤੀ ਹੈ ਕਿ ਜੇਕਰ ਉਨ੍ਹਾਂ ਵਿਰੁੱਧ ਕੋਈ ਕੇਸ ਦਰਜ ਕੀਤਾ ਗਿਆ ਹੈ ਤਾਂ ਉਸ ਦੀਆਂ ਕਾਪੀਆਂ ਉਨ੍ਹਾਂ ਨੂੰ ਦਿੱਤੀਆਂ ਜਾਣ। ਉਨ੍ਹਾਂ ਨੇ ਇਹ ਵੀ ਬੇਨਤੀ ਕੀਤੀ ਕਿ ਅਦਾਲਤ ਨੂੰ ਦੱਸਿਆ ਜਾਵੇ ਕਿ ਇਹ ਮਾਮਲੇ ਕਿਹੜੇ ਥਾਣਿਆਂ ਵਿੱਚ ਦਰਜ ਹੋਏ ਹਨ ਅਤੇ ਉਨ੍ਹਾਂ ਵਿੱਚ ਕਾਨੂੰਨ ਦੀਆਂ ਕਿਹੜੀਆਂ ਧਾਰਾਵਾਂ ਲਗਾਈਆਂ ਗਈਆਂ ਹਨ।

ਅੱਜ ਦੀ ਕਾਰਵਾਈ ‘ਤੇ ਟਿਕੀਆਂ ਰਹਿਣਗੀਆਂ ਨਜ਼ਰਾਂ
ਇਸ ਮਾਮਲੇ ਨੂੰ ਰਾਜਨੀਤਿਕ ਤੌਰ ‘ਤੇ ਵੀ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਅੱਜ ਹੋਣ ਵਾਲੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਦੇ ਜਵਾਬ ਅਤੇ ਅਦਾਲਤ ਦੇ ਰੁਖ ਤੇ ਸਭ ਦੀ ਨਜ਼ਰ ਟਿਕੀ ਰਹੇਗੀ।

ਅਜਨਾਲਾ ਮਾਮਲੇ ‘ਚ ਅੱਜ ਅਦਾਲਤ ‘ਚ ਪੇਸ਼ ਹੋਣਗੇ ਅੰਮ੍ਰਿਤਪਾਲ ਸਿੰਘ, ਪੰਜਾਬ ਸਰਕਾਰ ਵੀ ਦਾਖ਼ਲ ਕਰੇਗੀ ਜਵਾਬ

ਖਡੂਰ ਸਾਹਿਬ :- ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਅੱਜ ਅੰਮ੍ਰਿਤਸਰ ਦੀ ਅਦਾਲਤ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਣ ਜਾ ਰਹੀ ਹੈ। ਇਸ ਵੇਲੇ ਉਹ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਇਹ ਸੁਣਵਾਈ ਅਜਨਾਲਾ ਥਾਣੇ ਦੇ ਬਾਹਰ ਹੋਏ ਹੰਗਾਮੇ ਅਤੇ ਪ੍ਰਦਰਸ਼ਨ ਨਾਲ ਜੁੜੇ ਚਰਚਿਤ ਮਾਮਲੇ ਵਿੱਚ ਕੀਤੀ ਜਾ ਰਹੀ ਹੈ।

ਅੰਮ੍ਰਿਤਪਾਲ ਨੇ ਮੰਗੀ ਮਾਮਲੇ ਤੋਂ ਰਾਹਤ
ਪਿਛਲੀ ਅਦਾਲਤੀ ਕਾਰਵਾਈ ਦੌਰਾਨ ਅੰਮ੍ਰਿਤਪਾਲ ਸਿੰਘ ਵੱਲੋਂ ਇਕ ਨਵੀਂ ਅਰਜ਼ੀ ਦਾਇਰ ਕੀਤੀ ਗਈ ਸੀ, ਜਿਸ ਵਿੱਚ ਉਨ੍ਹਾਂ ਨੇ ਆਪਣੇ ਖ਼ਿਲਾਫ਼ ਦਰਜ ਮਾਮਲੇ ਨੂੰ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕੇਸ ਵਿੱਚ ਉਨ੍ਹਾਂ ਵਿਰੁੱਧ ਕੋਈ ਪੱਕੇ ਸਬੂਤ ਮੌਜੂਦ ਨਹੀਂ ਹਨ ਅਤੇ ਉਨ੍ਹਾਂ ਨੂੰ ਸਿਆਸੀ ਰੰਜਿਸ਼ ਤਹਿਤ ਨਿਸ਼ਾਨਾ ਬਣਾਇਆ ਗਿਆ ਹੈ।

ਅੱਜ ਪੰਜਾਬ ਸਰਕਾਰ ਪੇਸ਼ ਕਰ ਸਕਦੀ ਹੈ ਆਪਣਾ ਪੱਖ
ਇਸ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਵੀ ਅੱਜ ਅਦਾਲਤ ਅੱਗੇ ਆਪਣਾ ਜਵਾਬ ਦਾਇਰ ਕੀਤੇ ਜਾਣ ਦੀ ਸੰਭਾਵਨਾ ਹੈ। ਸਰਕਾਰ ਵੱਲੋਂ ਅਜਨਾਲਾ ਘਟਨਾ ਨਾਲ ਜੁੜੇ ਸਬੂਤ ਅਤੇ ਜਾਂਚ ਦੀ ਸਥਿਤੀ ਬਾਰੇ ਅਦਾਲਤ ਨੂੰ ਜਾਣਕਾਰੀ ਦਿੱਤੀ ਜਾ ਸਕਦੀ ਹੈ। ਇਸ ਕਾਰਨ ਅੱਜ ਦੀ ਸੁਣਵਾਈ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।

ਫਰਵਰੀ 2023 ਦੀ ਘਟਨਾ ਨਾਲ ਜੁੜਿਆ ਹੈ ਮਾਮਲਾ
ਇਹ ਪੂਰਾ ਮਾਮਲਾ ਫਰਵਰੀ 2023 ਵਿੱਚ ਅਜਨਾਲਾ ਪੁਲਿਸ ਥਾਣੇ ਦੇ ਬਾਹਰ ਹੋਏ ਵੱਡੇ ਪ੍ਰਦਰਸ਼ਨ ਨਾਲ ਸੰਬੰਧਤ ਹੈ। ਉਸ ਵੇਲੇ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੇ ਥਾਣੇ ਦੇ ਬਾਹਰ ਇਕੱਠ ਕਰਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਸੀ। ਦੋਸ਼ ਲੱਗੇ ਸਨ ਕਿ ਪ੍ਰਦਰਸ਼ਨ ਦੌਰਾਨ ਪੁਲਿਸ ਬੈਰੀਕੇਡ ਤੋੜੇ ਗਏ ਅਤੇ ਕੁਝ ਲੋਕਾਂ ਵੱਲੋਂ ਹਥਿਆਰ ਵੀ ਲਹਿਰਾਏ ਗਏ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਕਈ ਧਾਰਾਵਾਂ ਹੇਠ ਮਾਮਲੇ ਦਰਜ ਕੀਤੇ ਸਨ।

ਕਾਠਮੰਡੂ ਹਵਾਈ ਅੱਡੇ ‘ਤੇ ਵੱਡਾ ਹਾਦਸਾ ਟਲਿਆ, ਤੁਰਕੀ ਜਹਾਜ਼ ਦੇ ਟਾਇਰ ਨੂੰ ਲੱਗੀ ਅੱਗ; 289 ਯਾਤਰੀ ਸੁਰੱਖਿਅਤ ਬਚੇ

ਈਰਾਨ ਤੇ ਵਪਾਰਕ ਤਣਾਅ ਵਿਚਕਾਰ ਟਰੰਪ ਦਾ ਚੀਨ ਦੌਰਾ, ਸ਼ੀ ਜਿਨਪਿੰਗ ਨਾਲ ਕਰਨਗੇ ਅਹਿਮ ਮੁੱਦਿਆਂ ਤੇ ਚਰਚਾ!

ਅਮਰੀਕਾ :- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਹਫ਼ਤੇ ਤਿੰਨ ਦਿਨਾਂ ਸਰਕਾਰੀ ਦੌਰੇ ‘ਤੇ ਚੀਨ ਜਾਣਗੇ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸੱਦੇ ‘ਤੇ ਹੋ ਰਹੇ ਇਸ ਦੌਰੇ ਨੂੰ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿਚਕਾਰ ਇੱਕ ਮਹੱਤਵਪੂਰਨ ਕੂਟਨੀਤਿਕ ਮੁਲਾਕਾਤ ਮੰਨਿਆ ਜਾ ਰਿਹਾ ਹੈ। ਚੀਨ ਨੇ ਅਧਿਕਾਰਿਕ ਤੌਰ ‘ਤੇ ਪੁਸ਼ਟੀ ਕੀਤੀ ਹੈ ਕਿ ਟਰੰਪ 13 ਤੋਂ 15 ਮਈ ਤੱਕ ਚੀਨ ਵਿੱਚ ਰਹਿਣਗੇ।

ਪੱਛਮੀ ਏਸ਼ੀਆ ਦਾ ਤਣਾਅ ਰਹੇਗਾ ਮੁੱਖ ਮੁੱਦਾ
ਇਸ ਮੁਲਾਕਾਤ ਦੌਰਾਨ ਪੱਛਮੀ ਏਸ਼ੀਆ ਵਿੱਚ ਵਧ ਰਹੇ ਤਣਾਅ, ਖ਼ਾਸ ਕਰਕੇ ਈਰਾਨ ਨਾਲ ਜੁੜੇ ਮਾਮਲਿਆਂ ‘ਤੇ ਵਿਸਥਾਰ ਨਾਲ ਚਰਚਾ ਹੋਣ ਦੀ ਸੰਭਾਵਨਾ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ ਟਰੰਪ ਅਤੇ ਸ਼ੀ ਜਿਨਪਿੰਗ ਵਿਚਕਾਰ ਪਿਛਲੇ ਕੁਝ ਹਫ਼ਤਿਆਂ ਦੌਰਾਨ ਈਰਾਨ ਅਤੇ ਰੂਸ ਸਬੰਧੀ ਕਈ ਵਾਰ ਗੱਲਬਾਤ ਹੋ ਚੁੱਕੀ ਹੈ। ਵਾਸ਼ਿੰਗਟਨ ਚੀਨ ਦੇ ਤਹਿਰਾਨ ਅਤੇ ਮਾਸਕੋ ਨਾਲ ਆਰਥਿਕ ਅਤੇ ਰਣਨੀਤਿਕ ਸੰਬੰਧਾਂ ‘ਤੇ ਨਜ਼ਰ ਰੱਖ ਰਿਹਾ ਹੈ।

ਵਪਾਰ ਅਤੇ ਨਿਵੇਸ਼ ‘ਤੇ ਵੀ ਹੋਵੇਗੀ ਅਹਿਮ ਚਰਚਾ
ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਤਣਾਅ ਘਟਾਉਣ ਅਤੇ ਨਵੇਂ ਸਹਿਯੋਗ ਦੇ ਮੌਕੇ ਲੱਭਣ ਲਈ ਵੀ ਇਹ ਦੌਰਾ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਖੇਤੀਬਾੜੀ, ਹਵਾਈ ਖੇਤਰ, ਊਰਜਾ ਅਤੇ ਨਿਵੇਸ਼ ਨਾਲ ਜੁੜੇ ਕਈ ਪ੍ਰਸਤਾਵਾਂ ‘ਤੇ ਗੱਲਬਾਤ ਹੋ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਹ ਮੁਲਾਕਾਤ ਭਵਿੱਖ ਦੇ ਵੱਡੇ ਆਰਥਿਕ ਸਮਝੌਤਿਆਂ ਦੀ ਬੁਨਿਆਦ ਤਿਆਰ ਕਰ ਸਕਦੀ ਹੈ।

ਤਾਇਵਾਨ ਮਾਮਲਾ ਵੀ ਰਹੇਗਾ ਚਰਚਾ ਦਾ ਹਿੱਸਾ
ਤਾਇਵਾਨ ਨਾਲ ਜੁੜਿਆ ਮੁੱਦਾ ਵੀ ਟਰੰਪ ਅਤੇ ਸ਼ੀ ਜਿਨਪਿੰਗ ਦੀ ਗੱਲਬਾਤ ਵਿੱਚ ਸ਼ਾਮਲ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਅਮਰੀਕੀ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਵਾਸ਼ਿੰਗਟਨ ਦੀ ਲੰਬੇ ਸਮੇਂ ਤੋਂ ਚੱਲ ਰਹੀ ਨੀਤੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਉਨ੍ਹਾਂ ਮੁਤਾਬਕ ਤਾਇਵਾਨ ਹਮੇਸ਼ਾਂ ਦੋਵੇਂ ਨੇਤਾਵਾਂ ਦੀਆਂ ਮੁਲਾਕਾਤਾਂ ਦਾ ਹਿੱਸਾ ਰਹਿੰਦਾ ਹੈ, ਪਰ ਇਸ ਵਾਰ ਕਿਸੇ ਵੱਡੇ ਐਲਾਨ ਦੀ ਉਮੀਦ ਨਹੀਂ ਹੈ।

ਈਰਾਨ ‘ਤੇ ਪਾਬੰਦੀਆਂ ਤੋਂ ਬਾਅਦ ਵਧਿਆ ਤਣਾਅ
ਟਰੰਪ ਦਾ ਇਹ ਦੌਰਾ ਉਸ ਵੇਲੇ ਹੋ ਰਿਹਾ ਹੈ ਜਦੋਂ ਅਮਰੀਕਾ ਨੇ ਹਾਲ ਹੀ ਵਿੱਚ ਈਰਾਨ ਦੇ ਊਰਜਾ ਅਤੇ ਬੈਂਕਿੰਗ ਖੇਤਰ ‘ਤੇ ਨਵੀਆਂ ਪਾਬੰਦੀਆਂ ਲਗਾਈਆਂ ਹਨ। ਇਸ ਕਾਰਨ ਉਹਨਾਂ ਦੇਸ਼ਾਂ ਨਾਲ ਵੀ ਤਣਾਅ ਵਧਿਆ ਹੈ ਜੋ ਈਰਾਨ ਨਾਲ ਵਪਾਰਕ ਸੰਬੰਧ ਬਣਾਈ ਰੱਖੇ ਹੋਏ ਹਨ, ਜਿਨ੍ਹਾਂ ਵਿੱਚ ਚੀਨ ਵੀ ਸ਼ਾਮਲ ਹੈ।

ਭਵਿੱਖ ‘ਚ ਸ਼ੀ ਜਿਨਪਿੰਗ ਦੇ ਅਮਰੀਕਾ ਦੌਰੇ ਦੇ ਸੰਕੇਤ
ਸੂਤਰਾਂ ਮੁਤਾਬਕ ਦੋਵਾਂ ਸਰਕਾਰਾਂ ਉੱਚ ਪੱਧਰੀ ਕੂਟਨੀਤਿਕ ਸੰਪਰਕ ਜਾਰੀ ਰੱਖਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸੇ ਤਹਿਤ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਉਨ੍ਹਾਂ ਦੀ ਪਤਨੀ ਵੱਲੋਂ ਇਸ ਸਾਲ ਦੇ ਅੰਤ ਤੱਕ ਅਮਰੀਕਾ ਦੌਰਾ ਕਰਨ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।

ਦੁਨੀਆ ਭਰ ਦੀਆਂ ਨਜ਼ਰਾਂ ਇਸ ਮੁਲਾਕਾਤ ‘ਤੇ ਟਿਕੀਆਂ
ਅੰਤਰਰਾਸ਼ਟਰੀ ਬਾਜ਼ਾਰਾਂ ਅਤੇ ਵਿਸ਼ਵ ਰਾਜਨੀਤਿਕ ਮਾਹਿਰਾਂ ਦੀ ਨਜ਼ਰ ਇਸ ਸਿਖਰ ਮੁਲਾਕਾਤ ‘ਤੇ ਟਿਕੀ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਬੈਠਕ ਭਵਿੱਖ ਦੇ ਅਮਰੀਕਾ-ਚੀਨ ਸੰਬੰਧਾਂ ਅਤੇ ਵਿਸ਼ਵ ਪੱਧਰੀ ਸਥਿਰਤਾ ਲਈ ਕਾਫ਼ੀ ਅਹਿਮ ਸਾਬਤ ਹੋ ਸਕਦੀ ਹੈ।

ਕੀ ਦੇਸ਼ ‘ਚ ਮੁੜ ਲੱਗਣ ਵਾਲਾ ਹੈ ਲਾਕਡਾਊਨ? ਮੋਦੀ ਦੇ ਬਿਆਨ ਤੋਂ ਬਾਅਦ ਚਰਚਾਵਾਂ ਤੇਜ਼

ਨਵੀਂ ਦਿੱਲੀ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕਾਂ ਨੂੰ ਕੋਰੋਨਾ ਸਮੇਂ ਵਾਲੀਆਂ ਕੁਝ ਆਦਤਾਂ ਮੁੜ ਅਪਣਾਉਣ ਦੀ ਅਪੀਲ ਕਰਨ ਤੋਂ ਬਾਅਦ ਦੇਸ਼ ਭਰ ‘ਚ ਲਾਕਡਾਊਨ ਨੂੰ ਲੈ ਕੇ ਨਵੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਹੈਦਰਾਬਾਦ ਵਿੱਚ ਐਤਵਾਰ ਨੂੰ ਦਿੱਤੇ ਸੰਬੋਧਨ ਦੌਰਾਨ ਉਨ੍ਹਾਂ ਨੇ ਘਰੋਂ ਕੰਮ ਕਰਨ, ਆਨਲਾਈਨ ਮੀਟਿੰਗਾਂ ਕਰਨ, ਕਾਰ ਸਾਂਝੀ ਕਰਕੇ ਯਾਤਰਾ ਕਰਨ ਅਤੇ ਗੈਰ-ਜ਼ਰੂਰੀ ਸਫ਼ਰ ਘਟਾਉਣ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਅਟਕਲਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਕੀ ਦੇਸ਼ ਵਿੱਚ ਮੁੜ ਪਾਬੰਦੀਆਂ ਲੱਗ ਸਕਦੀਆਂ ਹਨ।

ਪੈਟਰੋਲ-ਡੀਜ਼ਲ ਬਚਾਉਣ ਦੀ ਕੀਤੀ ਅਪੀਲ
ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਖਪਤ ਘਟਾਉਣ ਲਈ ਵੀ ਕਿਹਾ। ਉਨ੍ਹਾਂ ਨੇ ਜਿੱਥੇ ਸੰਭਵ ਹੋਵੇ ਮੈਟਰੋ ਅਤੇ ਜਨਤਕ ਆਵਾਜਾਈ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਨਿੱਜੀ ਵਾਹਨ ਵਰਤਣਾ ਲਾਜ਼ਮੀ ਹੋਵੇ ਤਾਂ ਕਾਰ ਸਾਂਝੀ ਕਰਕੇ ਸਫ਼ਰ ਕੀਤਾ ਜਾਵੇ। ਇਸਦੇ ਨਾਲ ਹੀ ਉਨ੍ਹਾਂ ਨੇ ਦਫ਼ਤਰਾਂ ਅਤੇ ਸੰਸਥਾਵਾਂ ਨੂੰ ਵੀ ਸੰਭਵ ਹੋਣ ‘ਤੇ ਮੁੜ ਘਰੋਂ ਕੰਮ ਅਤੇ ਆਨਲਾਈਨ ਕਾਨਫ਼ਰੰਸਾਂ ਨੂੰ ਤਰਜੀਹ ਦੇਣ ਦੀ ਸਲਾਹ ਦਿੱਤੀ।

ਵਿਦੇਸ਼ ਯਾਤਰਾਵਾਂ ਅਤੇ ਸ਼ਾਨੋ-ਸ਼ੌਕਤ ‘ਤੇ ਵੀ ਦਿੱਤਾ ਸੰਦੇਸ਼
ਮੋਦੀ ਨੇ ਲੋਕਾਂ ਨੂੰ ਗੈਰ-ਜ਼ਰੂਰੀ ਵਿਦੇਸ਼ ਦੌਰੇ, ਵਿਦੇਸ਼ਾਂ ਵਿੱਚ ਹੋਣ ਵਾਲੀਆਂ ਮਹਿੰਗੀਆਂ ਸ਼ਾਦੀਆਂ ਅਤੇ ਆਲਿਸ਼ਾਨ ਛੁੱਟੀਆਂ ਤੋਂ ਬਚਣ ਲਈ ਕਿਹਾ। ਉਨ੍ਹਾਂ ਨੇ ਦੇਸ਼ ਅੰਦਰ ਸੈਰ-ਸਪਾਟੇ ਅਤੇ ਸਥਾਨਕ ਪੱਧਰ ‘ਤੇ ਸਮਾਗਮ ਕਰਨ ਨੂੰ ਉਤਸ਼ਾਹਿਤ ਕੀਤਾ ਤਾਂ ਜੋ ਵਿਦੇਸ਼ੀ ਮੁਦਰਾ ਭੰਡਾਰ ‘ਤੇ ਦਬਾਅ ਘਟਾਇਆ ਜਾ ਸਕੇ। ਇਸਦੇ ਨਾਲ ਹੀ ਲੋਕਾਂ ਨੂੰ ਇੱਕ ਸਾਲ ਲਈ ਗੈਰ-ਜ਼ਰੂਰੀ ਸੋਨੇ ਦੀ ਖਰੀਦ ਘਟਾਉਣ ਅਤੇ ਦੇਸ਼ ਵਿੱਚ ਬਣੇ ਸਮਾਨ ਨੂੰ ਤਰਜੀਹ ਦੇਣ ਦੀ ਵੀ ਅਪੀਲ ਕੀਤੀ ਗਈ।

ਲਾਕਡਾਊਨ ਬਾਰੇ ਸਰਕਾਰ ਵੱਲੋਂ ਕੋਈ ਸੰਕੇਤ ਨਹੀਂ
ਭਾਵੇਂ ਪ੍ਰਧਾਨ ਮੰਤਰੀ ਦੇ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲਾਕਡਾਊਨ ਨੂੰ ਲੈ ਕੇ ਕਾਫ਼ੀ ਚਰਚਾ ਹੋ ਰਹੀ ਹੈ, ਪਰ ਸਰਕਾਰ ਵੱਲੋਂ ਇਸ ਤਰ੍ਹਾਂ ਦੀ ਕੋਈ ਘੋਸ਼ਣਾ ਨਹੀਂ ਕੀਤੀ ਗਈ। ਕਿਸੇ ਵੀ ਸਰਕਾਰੀ ਅਧਿਕਾਰੀ ਨੇ ਨਵੀਆਂ ਪਾਬੰਦੀਆਂ ਜਾਂ ਲਾਕਡਾਊਨ ਬਾਰੇ ਕੋਈ ਇਸ਼ਾਰਾ ਨਹੀਂ ਦਿੱਤਾ। ਮੋਦੀ ਦਾ ਇਹ ਸੰਦੇਸ਼ ਕੇਵਲ ਲੋਕਾਂ ਨੂੰ ਮੌਜੂਦਾ ਅੰਤਰਰਾਸ਼ਟਰੀ ਹਾਲਾਤਾਂ ਅਤੇ ਪੱਛਮੀ ਏਸ਼ੀਆ ‘ਚ ਵਧ ਰਹੇ ਤਣਾਅ ਦੇ ਮੱਦੇਨਜ਼ਰ ਸਾਵਧਾਨੀ ਅਤੇ ਸਾਧਨਾਂ ਦੀ ਬਚਤ ਲਈ ਕੀਤੀ ਗਈ, ਇਕ ਸਵੈਇੱਛਿਕ ਅਪੀਲ ਮੰਨੀ ਜਾ ਰਹੀ ਹੈ।