Home Blog Page 191

ਭਾਰਤ ਵਿੱਚ ਡੇਂਗੂ ਤੋਂ ਬਚਾਅ ਲਈ ਪਹਿਲੇ ਟੀਕੇ ਨੂੰ ਮਿਲੀ ਮਨਜ਼ੂਰੀ

DCGI ਨੇ ‘ਕੁਡੇਂਗਾ’ ਟੀਕੇ ਦੀ ਮਾਰਕੀਟਿੰਗ ਨੂੰ ਦਿੱਤੀ ਹਰੀ ਝੰਡੀ

ਨਵੀਂ ਦਿੱਲੀ :- ਭਾਰਤ ਵਿੱਚ ਡੇਂਗੂ ਦੀ ਰੋਕਥਾਮ ਦੇ ਖੇਤਰ ਵਿੱਚ ਇੱਕ ਅਹਿਮ ਕਦਮ ਚੁੱਕਦਿਆਂ ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ (DCGI) ਨੇ ‘ਕੁਡੇਂਗਾ’ ਨਾਂ ਦੇ ਡੇਂਗੂ ਰੋਕਥਾਮ ਟੀਕੇ ਦੀ ਮਾਰਕੀਟਿੰਗ ਲਈ ਮਨਜ਼ੂਰੀ ਦੇ ਦਿੱਤੀ ਹੈ। ਇਹ ਟੀਕਾ ਜਾਪਾਨ ਦੀ ਬਾਇਓਫਾਰਮਾਸਿਊਟੀਕਲ ਕੰਪਨੀ ਟੇਕੇਡਾ ਦੀ ਭਾਰਤੀ ਇਕਾਈ ਵੱਲੋਂ ਉਪਲਬਧ ਕਰਵਾਇਆ ਜਾਵੇਗਾ।

ਦੇਸ਼ ਦਾ ਪਹਿਲਾ ਮਨਜ਼ੂਰਸ਼ੁਦਾ ਡੇਂਗੂ ਰੋਕਥਾਮ ਟੀਕਾ

ਕੰਪਨੀ ਅਨੁਸਾਰ, ‘ਕੁਡੇਂਗਾ’ ਭਾਰਤ ਵਿੱਚ ਡੇਂਗੂ ਦੀ ਰੋਕਥਾਮ ਲਈ ਮਨਜ਼ੂਰੀ ਪ੍ਰਾਪਤ ਕਰਨ ਵਾਲਾ ਪਹਿਲਾ ਟੀਕਾ ਬਣ ਗਿਆ ਹੈ। ਇਸ ਦੀ ਵਰਤੋਂ 4 ਤੋਂ 60 ਸਾਲ ਦੀ ਉਮਰ ਦੇ ਲੋਕਾਂ ਵਿੱਚ ਡੇਂਗੂ ਤੋਂ ਸੁਰੱਖਿਆ ਲਈ ਕੀਤੀ ਜਾ ਸਕੇਗੀ।

ਟੀਕਾ ਲਗਵਾਉਣ ਤੋਂ ਪਹਿਲਾਂ ਕਿਸੇ ਜਾਂਚ ਦੀ ਲੋੜ ਨਹੀਂ

ਕੰਪਨੀ ਨੇ ਦੱਸਿਆ ਕਿ ਇਹ ਟੀਕਾ ਉਨ੍ਹਾਂ ਲੋਕਾਂ ਨੂੰ ਵੀ ਲਗਾਇਆ ਜਾ ਸਕਦਾ ਹੈ ਜਿਨ੍ਹਾਂ ਨੂੰ ਪਹਿਲਾਂ ਕਦੇ ਡੇਂਗੂ ਨਹੀਂ ਹੋਇਆ। ਇਸ ਲਈ ਟੀਕਾਕਰਨ ਤੋਂ ਪਹਿਲਾਂ ਕਿਸੇ ਵਿਸ਼ੇਸ਼ ਜਾਂਚ ਜਾਂ ਟੈਸਟ ਦੀ ਲੋੜ ਨਹੀਂ ਪਵੇਗੀ, ਜਿਸ ਨਾਲ ਇਸ ਦੀ ਵਰਤੋਂ ਹੋਰ ਆਸਾਨ ਬਣੇਗੀ।

43 ਦੇਸ਼ਾਂ ਵਿੱਚ ਮਿਲ ਚੁੱਕੀ ਹੈ ਮਨਜ਼ੂਰੀ

ਟੇਕੇਡਾ ਦੇ ਅੰਤਰਰਾਸ਼ਟਰੀ ਬਾਜ਼ਾਰਾਂ ਦੇ ਮੁਖੀ ਮਹਿੰਦਰ ਨਾਇਕ ਨੇ ਕਿਹਾ ਕਿ 2022 ਵਿੱਚ ਸ਼ੁਰੂ ਹੋਣ ਤੋਂ ਬਾਅਦ ‘ਕੁਡੇਂਗਾ’ ਨੂੰ ਦੁਨੀਆ ਦੇ 43 ਦੇਸ਼ਾਂ ਵਿੱਚ ਮਨਜ਼ੂਰੀ ਮਿਲ ਚੁੱਕੀ ਹੈ। ਹੁਣ ਤੱਕ ਇਸ ਟੀਕੇ ਦੀਆਂ 3 ਕਰੋੜ 20 ਲੱਖ ਤੋਂ ਵੱਧ ਖੁਰਾਕਾਂ ਵੰਡੀਆਂ ਜਾ ਚੁੱਕੀਆਂ ਹਨ।

ਡੇਂਗੂ ਨਾਲ ਨਜਿੱਠਣ ਵਿੱਚ ਮਿਲੇਗੀ ਮਦਦ

ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ ਵਿੱਚ ਇਸ ਟੀਕੇ ਨੂੰ ਮਨਜ਼ੂਰੀ ਮਿਲਣ ਨਾਲ ਡੇਂਗੂ ਦੀ ਰੋਕਥਾਮ ਲਈ ਚੱਲ ਰਹੀਆਂ ਕੋਸ਼ਿਸ਼ਾਂ ਨੂੰ ਹੋਰ ਮਜ਼ਬੂਤੀ ਮਿਲੇਗੀ। ਖ਼ਾਸ ਕਰਕੇ ਡੇਂਗੂ ਪ੍ਰਭਾਵਿਤ ਇਲਾਕਿਆਂ ਵਿੱਚ ਇਹ ਟੀਕਾ ਬਿਮਾਰੀ ਦੇ ਖ਼ਤਰੇ ਨੂੰ ਘਟਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ।

ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਹੰਗਾਮਾ, ਸਰਕਾਰ ਨੇ 7 ਅਹਿਮ ਬਿੱਲ ਪੇਸ਼ ਕਰਨ ਦੀ ਬਣਾਈ ਯੋਜਨਾ

ਨਵੀਂ ਦਿੱਲੀ :- ਸੰਸਦ ਦਾ ਮਾਨਸੂਨ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋ ਗਿਆ, ਪਰ ਪਹਿਲੇ ਹੀ ਦਿਨ ਦੋਵੇਂ ਸਦਨਾਂ ਵਿੱਚ ਭਾਰੀ ਹੰਗਾਮਾ ਹੋਣ ਕਾਰਨ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਮੁਲਤਵੀ ਕਰਨੀ ਪਈ। ਵਿਰੋਧੀ ਧਿਰ ਨੇ ਅਯੁੱਧਿਆ ਰਾਮ ਮੰਦਰ ਚੜ੍ਹਾਵਾ ਮਾਮਲੇ, ਨੀਟ ਪੇਪਰ ਲੀਕ, ਈਥਾਨੌਲ ਮਿਸ਼ਰਣ ਨੀਤੀ ਅਤੇ ਮਨੀਪੁਰ ਦੇ ਹਾਲਾਤਾਂ ਸਮੇਤ ਕਈ ਮੁੱਦਿਆਂ ‘ਤੇ ਚਰਚਾ ਦੀ ਮੰਗ ਕੀਤੀ, ਜਦਕਿ ਸਰਕਾਰ ਨੇ ਸਦਨ ਦੀ ਕਾਰਵਾਈ ਸੁਚਾਰੂ ਢੰਗ ਨਾਲ ਚਲਾਉਣ ਲਈ ਸਾਰੇ ਦਲਾਂ ਤੋਂ ਸਹਿਯੋਗ ਦੀ ਅਪੀਲ ਕੀਤੀ।

ਸਰਕਾਰ ਨੇ ਸੱਤ ਬਿੱਲਾਂ ਦਾ ਰੱਖਿਆ ਏਜੰਡਾ

ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਨੇ ਜਾਣਕਾਰੀ ਦਿੱਤੀ ਕਿ ਮਾਨਸੂਨ ਸੈਸ਼ਨ ਦੌਰਾਨ ਸਰਕਾਰ ਸੱਤ ਮਹੱਤਵਪੂਰਨ ਬਿੱਲ ਪੇਸ਼ ਕਰਨ ਦੀ ਤਿਆਰੀ ਵਿੱਚ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬਿੱਲਾਂ ‘ਤੇ ਸਾਰਥਕ ਚਰਚਾ ਅਤੇ ਸਹਿਯੋਗ ਨਾਲ ਸੰਸਦ ਦੀ ਕਾਰਵਾਈ ਨੂੰ ਅੱਗੇ ਵਧਾਇਆ ਜਾਵੇ।

ਲੋਕ ਸਭਾ ਵਿੱਚ ਕਈ ਸੰਸਦ ਮੈਂਬਰਾਂ ਦੀਆਂ ਸੀਟਾਂ ਬਦਲੀਆਂ

ਇਸ ਵਾਰ ਲੋਕ ਸਭਾ ਵਿੱਚ ਸੰਸਦ ਮੈਂਬਰਾਂ ਦੇ ਬੈਠਣ ਦੇ ਪ੍ਰਬੰਧ ਵਿੱਚ ਵੀ ਤਬਦੀਲੀਆਂ ਕੀਤੀਆਂ ਗਈਆਂ ਹਨ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕੁੱਲ 39 ਸੰਸਦ ਮੈਂਬਰਾਂ ਨੂੰ ਨਵੀਆਂ ਸੀਟਾਂ ਅਲਾਟ ਕੀਤੀਆਂ ਹਨ। ਇਨ੍ਹਾਂ ਵਿੱਚ ਤ੍ਰਿਣਮੂਲ ਕਾਂਗਰਸ ਤੋਂ ਵੱਖ ਹੋਏ 20 ਸੰਸਦ ਮੈਂਬਰ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਅਭਿਸ਼ੇਕ ਬੈਨਰਜੀ, ਪੀ.ਵੀ. ਮਿਧੁਨ ਰੈੱਡੀ ਅਤੇ ਹਰਸਿਮਰਤ ਕੌਰ ਬਾਦਲ ਸਮੇਤ ਕੁਝ ਹੋਰ ਸੰਸਦ ਮੈਂਬਰਾਂ ਦੇ ਬੈਠਣ ਦੇ ਸਥਾਨ ਵੀ ਬਦਲੇ ਗਏ ਹਨ।

ਸ਼ਿਵ ਸੈਨਾ ਦੇ ਰਲੇਵੇਂ ਨੂੰ ਵੀ ਮਿਲੀ ਮਨਜ਼ੂਰੀ

ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਲੋਕ ਸਭਾ ਸਪੀਕਰ ਨੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਵਿੱਚ ਸ਼ਾਮਲ ਹੋਏ ਛੇ ਸੰਸਦ ਮੈਂਬਰਾਂ ਦੇ ਰਲੇਵੇਂ ਨੂੰ ਵੀ ਮਨਜ਼ੂਰੀ ਦਿੱਤੀ। ਇਸ ਤੋਂ ਇਲਾਵਾ, ਤ੍ਰਿਣਮੂਲ ਕਾਂਗਰਸ ਛੱਡ ਕੇ ‘ਨੈਸ਼ਨਲ ਸਿਟੀਜ਼ਨਜ਼ ਪਾਰਟੀ ਆਫ਼ ਇੰਡੀਆ’ ਵਿੱਚ ਸ਼ਾਮਲ ਹੋਏ 20 ਸੰਸਦ ਮੈਂਬਰਾਂ ਲਈ ਵੱਖਰੇ ਬੈਠਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ।

ਮਾਨਸੂਨ ਸੈਸ਼ਨ ਵਿੱਚ ਪੇਸ਼ ਹੋ ਸਕਦੇ ਹਨ ਇਹ ਅਹਿਮ ਬਿੱਲ

ਸਰਕਾਰ ਵੱਲੋਂ ਇਸ ਸੈਸ਼ਨ ਦੌਰਾਨ ਜਿਨ੍ਹਾਂ ਮੁੱਖ ਬਿੱਲਾਂ ਨੂੰ ਪੇਸ਼ ਕਰਨ ਦੀ ਯੋਜਨਾ ਹੈ, ਉਨ੍ਹਾਂ ਵਿੱਚ ਸ਼ਾਮਲ ਹਨ:

  • ਆਮਦਨ ਕਰ (ਸੋਧ) ਬਿੱਲ, 2026
  • ਸੁਪਰੀਮ ਕੋਰਟ (ਜੱਜਾਂ ਦੀ ਗਿਣਤੀ) ਸੋਧ ਬਿੱਲ, 2026
  • ਜਨਮ ਅਤੇ ਮੌਤ ਰਜਿਸਟ੍ਰੇਸ਼ਨ (ਸੋਧ) ਬਿੱਲ, 2026
  • ਰਾਸ਼ਟਰੀ ਸਨਮਾਨ ਦੇ ਅਪਮਾਨ ਦੀ ਰੋਕਥਾਮ (ਸੋਧ) ਬਿੱਲ, 2026
  • ਐਮਐਸਐਮਈ ਵਿਕਾਸ (ਸੋਧ) ਬਿੱਲ, 2026

ਇਸ ਤੋਂ ਇਲਾਵਾ ਸਰਕਾਰ ਦੋ ਪਹਿਲਾਂ ਤੋਂ ਲੰਬਿਤ ਬਿੱਲਾਂ ‘ਤੇ ਵੀ ਅੱਗੇ ਕਾਰਵਾਈ ਕਰ ਸਕਦੀ ਹੈ। ਇਨ੍ਹਾਂ ਵਿੱਚ ਵਿਦੇਸ਼ੀ ਯੋਗਦਾਨ (ਨਿਯਮ) ਸੋਧ ਬਿੱਲ, 2026 ਅਤੇ ਵਿਕਸਤ ਭਾਰਤ ਸਿੱਖਿਆ ਅਧਿਸ਼ਠਾਨ ਬਿੱਲ, 2025 ਸ਼ਾਮਲ ਹਨ।

ਸੰਸਦ ਵਿੱਚ ਐਨਡੀਏ ਦੀ ਮੌਜੂਦਾ ਤਾਕਤ

ਮੌਜੂਦਾ ਸਮੇਂ ਲੋਕ ਸਭਾ ਵਿੱਚ ਐਨਡੀਏ ਕੋਲ 319 ਸੰਸਦ ਮੈਂਬਰ ਹਨ। ਤਿੰਨ ਸੀਟਾਂ ਖਾਲੀ ਹੋਣ ਕਾਰਨ ਦੋ-ਤਿਹਾਈ ਬਹੁਮਤ ਦਾ ਅੰਕੜਾ 360 ਬਣਦਾ ਹੈ। ਇਸ ਹਿਸਾਬ ਨਾਲ ਐਨਡੀਏ ਦੋ-ਤਿਹਾਈ ਬਹੁਮਤ ਤੋਂ 41 ਵੋਟਾਂ ਪਿੱਛੇ ਹੈ।

ਪ੍ਰੀਖਿਆ ਸੁਧਾਰਾਂ ਦੇ ਮੁੱਦੇ ‘ਤੇ ਕੇਂਦਰ ਨੇ CJP ਨਾਲ ਕੀਤੀ ਪਹਿਲੀ ਅਧਿਕਾਰਤ ਗੱਲਬਾਤ ਦੀ ਸ਼ੁਰੂਆਤ, ਅੱਜ ਕੇਂਦਰੀ ਮੰਤਰੀ ਜੇ.ਪੀ. ਨੱਢਾ ਨਾਲ ਮਿਲੇਗਾ CJP ਦਾ ਦੋ ਮੈਂਬਰੀ ਵਫ਼ਦ

ਨਵੀਂ ਦਿੱਲੀ :- ਪ੍ਰੀਖਿਆ ਪ੍ਰਣਾਲੀ ਵਿੱਚ ਸੁਧਾਰਾਂ ਦੀ ਮੰਗ ਨੂੰ ਲੈ ਕੇ ਚੱਲ ਰਹੇ ਅੰਦੋਲਨ ਦਰਮਿਆਨ ਕੇਂਦਰ ਸਰਕਾਰ ਨੇ ਸੋਮਵਾਰ ਨੂੰ ‘ਕਾਕਰੋਚ ਜਨਤਾ ਪਾਰਟੀ’ (CJP) ਨਾਲ ਪਹਿਲੀ ਵਾਰ ਅਧਿਕਾਰਤ ਪੱਧਰ ‘ਤੇ ਗੱਲਬਾਤ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਪਾਰਟੀ ਦਾ ਦੋ ਮੈਂਬਰੀ ਵਫ਼ਦ ਅੱਜ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਨਾਲ ਮੁਲਾਕਾਤ ਕਰੇਗਾ।

ਸੌਰਵ ਦਾਸ ਅਤੇ ਆਸ਼ੂਤੋਸ਼ ਰੰਕਾ ਕਰਨਗੇ ਪਾਰਟੀ ਦੀ ਨੁਮਾਇੰਦਗੀ

CJP ਵੱਲੋਂ ਦੱਸਿਆ ਗਿਆ ਹੈ ਕਿ ਮੁੱਖ ਬੁਲਾਰੇ ਸੌਰਵ ਦਾਸ ਅਤੇ ਰਾਸ਼ਟਰੀ ਬੁਲਾਰੇ ਆਸ਼ੂਤੋਸ਼ ਰੰਕਾ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਵਿੱਚ ਪਾਰਟੀ ਦੀ ਨੁਮਾਇੰਦਗੀ ਕਰਨਗੇ। ਅੰਦੋਲਨ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਸਰਕਾਰ ਅਤੇ ਪ੍ਰਦਰਸ਼ਨਕਾਰੀਆਂ ਦੇ ਆਗੂ ਆਹਮੋ-ਸਾਹਮਣੇ ਬੈਠ ਕੇ ਗੱਲਬਾਤ ਕਰਨਗੇ।

ਦਿੱਲੀ ਪੁਲਿਸ ਰਾਹੀਂ ਬਣਿਆ ਸਰਕਾਰ ਨਾਲ ਸੰਪਰਕ

ਸੂਤਰਾਂ ਅਨੁਸਾਰ ਸਭ ਤੋਂ ਪਹਿਲਾਂ ਨਵੀਂ ਦਿੱਲੀ ਦੇ ਡਿਪਟੀ ਪੁਲਿਸ ਕਮਿਸ਼ਨਰ ਸਚਿਨ ਸ਼ਰਮਾ ਰਾਹੀਂ CJP ਨਾਲ ਸੰਪਰਕ ਕੀਤਾ ਗਿਆ। ਸ਼ੁਰੂਆਤ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਪੱਧਰ ‘ਤੇ ਗੱਲਬਾਤ ਦਾ ਸੁਝਾਅ ਦਿੱਤਾ ਗਿਆ, ਜਿਸ ਤੋਂ ਬਾਅਦ ਸੀਨੀਅਰ ਸਰਕਾਰੀ ਅਧਿਕਾਰੀ ਨਾਲ ਮੀਟਿੰਗ ਦੀ ਪੇਸ਼ਕਸ਼ ਵੀ ਕੀਤੀ ਗਈ।

CJP ਨੇ ਕੇਂਦਰੀ ਮੰਤਰੀ ਨਾਲ ਸਿੱਧੀ ਗੱਲਬਾਤ ‘ਤੇ ਦਿੱਤਾ ਜ਼ੋਰ

ਪਾਰਟੀ ਆਗੂਆਂ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਉੱਚ ਪੱਧਰੀ ਕੇਂਦਰੀ ਨੁਮਾਇੰਦੇ ਨਾਲ ਹੀ ਗੱਲਬਾਤ ਕਰਨਾ ਚਾਹੁੰਦੇ ਹਨ। CJP ਨੇ ਉਨ੍ਹਾਂ ਕੇਂਦਰੀ ਮੰਤਰੀਆਂ ਦੇ ਨਾਮ ਵੀ ਸਰਕਾਰ ਨੂੰ ਭੇਜੇ ਜਿਨ੍ਹਾਂ ਨਾਲ ਉਹ ਚਰਚਾ ਕਰਨਾ ਚਾਹੁੰਦੇ ਸਨ। ਇਸ ਤੋਂ ਬਾਅਦ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਨਾਲ ਮੀਟਿੰਗ ਤੈਅ ਕੀਤੀ ਗਈ।

ਅੰਦੋਲਨ ਦੀਆਂ ਮੰਗਾਂ ‘ਤੇ ਰਹੇਗਾ ਪਾਰਟੀ ਦਾ ਜ਼ੋਰ

ਸੌਰਵ ਦਾਸ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਸੰਪਰਕ ਕੀਤੇ ਜਾਣ ਤੋਂ ਬਾਅਦ ਉਹ ਅਤੇ ਆਸ਼ੂਤੋਸ਼ ਰੰਕਾ ਮੀਟਿੰਗ ਲਈ ਰਵਾਨਾ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪਾਰਟੀ ਆਪਣੀਆਂ ਸਾਰੀਆਂ ਮੰਗਾਂ ਪਹਿਲਾਂ ਵਾਂਗ ਹੀ ਕਾਇਮ ਰੱਖੇਗੀ ਅਤੇ ਨੌਜਵਾਨਾਂ ਦੀ ਵੱਡੀ ਸ਼ਮੂਲੀਅਤ ਇਹ ਦਰਸਾਉਂਦੀ ਹੈ ਕਿ ਪ੍ਰੀਖਿਆ ਸੁਧਾਰਾਂ ਦੀ ਮੰਗ ਨੂੰ ਲੋਕਾਂ ਦਾ ਵਿਆਪਕ ਸਮਰਥਨ ਮਿਲ ਰਿਹਾ ਹੈ।

ਮੀਟਿੰਗ ਦੇ ਨਤੀਜੇ ‘ਤੇ ਟਿਕੀਆਂ ਸਭ ਦੀਆਂ ਨਜ਼ਰਾਂ

ਕੇਂਦਰ ਸਰਕਾਰ ਅਤੇ CJP ਵਿਚਾਲੇ ਹੋਣ ਵਾਲੀ ਇਹ ਮੀਟਿੰਗ ਅੱਗੇ ਦੀ ਗੱਲਬਾਤ ਦਾ ਰਾਹ ਖੋਲ੍ਹ ਸਕਦੀ ਹੈ। ਹੁਣ ਸਭ ਦੀ ਨਜ਼ਰ ਇਸ ਗੱਲ ‘ਤੇ ਟਿਕੀ ਹੋਈ ਹੈ ਕਿ ਕੀ ਇਸ ਚਰਚਾ ਰਾਹੀਂ ਕਿਸੇ ਸਹਿਮਤੀ ਵੱਲ ਕਦਮ ਵਧਦੇ ਹਨ ਜਾਂ ਅੰਦੋਲਨ ਅਗਲੇ ਪੜਾਅ ਵਿੱਚ ਦਾਖ਼ਲ ਹੁੰਦਾ ਹੈ।

ਆਸਟ੍ਰੇਲੀਆ ‘ਚ ਪੰਜਾਬੀ ਗਾਇਕ ਕਰਨਦੀਪ ਨੂੰ ਪਿਆ ਦਿਲ ਦਾ ਦੌਰਾ, ਵੀਡੀਓ ਰਾਹੀਂ ਸੁਣਾਇਆ ਜ਼ਿੰਦਗੀ ਦਾ ਸਭ ਤੋਂ ਔਖਾ ਤਜਰਬਾ

ਚੰਡੀਗੜ੍ਹ :- ਆਸਟ੍ਰੇਲੀਆ ਵਿੱਚ ਰਹਿ ਰਹੇ ਪੰਜਾਬ ਦੇ ਰੂਪਨਗਰ (ਰੋਪੜ) ਨਾਲ ਸਬੰਧਤ ਪੰਜਾਬੀ ਗਾਇਕ, ਅਦਾਕਾਰ, ਮਾਡਲ ਅਤੇ ਫਿਟਨੈੱਸ ਇੰਫਲੂਐਂਸਰ ਕਰਨਦੀਪ ਨੇ ਖੁਲਾਸਾ ਕੀਤਾ ਹੈ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਇਸ ਘਟਨਾ ਨੂੰ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਅਤੇ ਝੰਝੋੜ ਦੇਣ ਵਾਲਾ ਤਜਰਬਾ ਦੱਸਿਆ ਹੈ। ਕਰੀਬ 32 ਸਾਲਾ ਕਰਨਦੀਪ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਜਾਰੀ ਕਰਕੇ ਕਿਹਾ ਕਿ ਉਹ ਮੌਤ ਦੇ ਬਹੁਤ ਨੇੜੇ ਪਹੁੰਚ ਗਏ ਸਨ, ਪਰ ਸਮੇਂ ਸਿਰ ਮਿਲੀ ਮਦਦ ਕਾਰਨ ਉਨ੍ਹਾਂ ਦੀ ਜਾਨ ਬਚ ਗਈ।

ਦੋਸਤਾਂ ਦੀ ਸਮੇਂ ਸਿਰ ਮਦਦ ਨਾਲ ਬਚੀ ਜਾਨ

ਵੀਡੀਓ ਵਿੱਚ ਕਰਨਦੀਪ ਨੇ ਦੱਸਿਆ ਕਿ 19 ਮਈ ਦਾ ਦਿਨ ਉਨ੍ਹਾਂ ਦੀ ਜ਼ਿੰਦਗੀ ਦਾ ਆਖ਼ਰੀ ਦਿਨ ਵੀ ਹੋ ਸਕਦਾ ਸੀ। ਉਨ੍ਹਾਂ ਮੁਤਾਬਕ, ਜਦੋਂ ਉਨ੍ਹਾਂ ਦੀ ਤਬੀਅਤ ਅਚਾਨਕ ਵਿਗੜੀ ਤਾਂ ਮੌਕੇ ‘ਤੇ ਮੌਜੂਦ ਚਾਰ ਦੋਸਤਾਂ ਨੇ ਤੁਰੰਤ ਮਦਦ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਸਮੇਂ ਸਿਰ ਇਲਾਜ ਮਿਲ ਸਕਿਆ। ਉਨ੍ਹਾਂ ਕਿਹਾ ਕਿ ਜੇਕਰ ਦੋਸਤ ਨਾਲ ਨਾ ਹੁੰਦੇ ਤਾਂ ਸ਼ਾਇਦ ਅੱਜ ਉਹ ਜ਼ਿੰਦਾ ਨਾ ਹੁੰਦੇ।

ਫਿਟਨੈੱਸ ਹੋਣ ਦੇ ਬਾਵਜੂਦ ਆ ਸਕਦੀ ਹੈ ਸਿਹਤ ਸੰਬੰਧੀ ਗੰਭੀਰ ਸਮੱਸਿਆ

ਕਰਨਦੀਪ ਨੇ ਕਿਹਾ ਕਿ ਉਹ ਨਿਯਮਿਤ ਕਸਰਤ ਕਰਦੇ ਹਨ, ਸੰਤੁਲਿਤ ਖੁਰਾਕ ਲੈਂਦੇ ਹਨ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਂਦੇ ਰਹੇ ਹਨ। ਇਸ ਦੇ ਬਾਵਜੂਦ ਦਿਲ ਦਾ ਦੌਰਾ ਪੈਣਾ ਉਨ੍ਹਾਂ ਲਈ ਬਹੁਤ ਹੈਰਾਨ ਕਰਨ ਵਾਲੀ ਗੱਲ ਸੀ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸਿਰਫ਼ ਫਿਟ ਦਿਖਾਈ ਦੇਣਾ ਹੀ ਚੰਗੀ ਸਿਹਤ ਦੀ ਗਾਰੰਟੀ ਨਹੀਂ ਹੁੰਦਾ।

ਨਿਯਮਿਤ ਸਿਹਤ ਜਾਂਚ ਕਰਵਾਉਣ ਦੀ ਕੀਤੀ ਅਪੀਲ

ਉਨ੍ਹਾਂ ਕਿਹਾ ਕਿ ਭਾਵੇਂ ਕੋਈ ਹਰ ਰੋਜ਼ ਜਿਮ ਜਾਂਦਾ ਹੋਵੇ ਜਾਂ ਸਿਹਤਮੰਦ ਖੁਰਾਕ ਲੈਂਦਾ ਹੋਵੇ, ਫਿਰ ਵੀ ਸਮੇਂ-ਸਮੇਂ ‘ਤੇ ਡਾਕਟਰੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ। ਕਰਨਦੀਪ ਨੇ ਕਿਹਾ ਕਿ ਦਿਲ ਦਾ ਦੌਰਾ, ਦਿਮਾਗੀ ਦੌਰਾ ਜਾਂ ਹੋਰ ਗੰਭੀਰ ਬਿਮਾਰੀਆਂ ਕਿਸੇ ਵੀ ਉਮਰ ਵਿੱਚ ਅਤੇ ਕਿਸੇ ਵੀ ਵਿਅਕਤੀ ਨੂੰ ਹੋ ਸਕਦੀਆਂ ਹਨ, ਇਸ ਲਈ ਲਾਪਰਵਾਹੀ ਨਹੀਂ ਕਰਨੀ ਚਾਹੀਦੀ।

ਪਰਿਵਾਰ ਨਾਲ ਸਮਾਂ ਬਿਤਾਉਣ ਦਾ ਦਿੱਤਾ ਸੁਨੇਹਾ

ਆਪਣੇ ਤਜਰਬੇ ਨੂੰ ਸਾਂਝਾ ਕਰਦਿਆਂ ਕਰਨਦੀਪ ਨੇ ਕਿਹਾ ਕਿ ਜਾਨਲੇਵਾ ਹਾਲਾਤਾਂ ਵਿੱਚ ਪੈਸਾ, ਸ਼ੋਹਰਤ ਅਤੇ ਹੋਰ ਭੌਤਿਕ ਚੀਜ਼ਾਂ ਦੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ। ਉਨ੍ਹਾਂ ਲੋਕਾਂ ਨੂੰ ਆਪਣੇ ਮਾਪਿਆਂ, ਭੈਣ-ਭਰਾਵਾਂ ਅਤੇ ਪਰਿਵਾਰ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਇਹ ਘਟਨਾ ਉਨ੍ਹਾਂ ਲਈ ਨਵੀਂ ਜ਼ਿੰਦਗੀ ਵਾਂਗ ਹੈ ਅਤੇ ਹੁਣ ਉਹ ਲੋਕਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਕੰਮ ਕਰਨਗੇ।

ਭਾਰਤ ‘ਚ ਪਲਾਸਟਿਕ ਕਰੰਸੀ ਦੀ ਤਿਆਰੀ ਤੇਜ਼, ਆਰਬੀਆਈ ਨੇ ਨਵੇਂ ਨੋਟਾਂ ਲਈ ਸ਼ੁਰੂ ਕੀਤੀ ਪ੍ਰਕਿਰਿਆ

ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇਸ਼ ਦੀ ਕਰੰਸੀ ਪ੍ਰਣਾਲੀ ਨੂੰ ਹੋਰ ਸੁਰੱਖਿਅਤ ਅਤੇ ਆਧੁਨਿਕ ਬਣਾਉਣ ਲਈ ਪੌਲੀਮਰ (ਪਲਾਸਟਿਕ) ਬੈਂਕ ਨੋਟ ਜਾਰੀ ਕਰਨ ਦੀ ਦਿਸ਼ਾ ਵਿੱਚ ਅੱਗੇ ਵੱਧ ਰਿਹਾ ਹੈ। ਇਸ ਸਬੰਧੀ ਆਰਬੀਆਈ ਦੀ ਕਰੰਸੀ ਛਪਾਈ ਇਕਾਈ ਨੇ ਵਿਸ਼ੇਸ਼ ਪੌਲੀਮਰ ਸਬਸਟ੍ਰੇਟ ਦੀ ਸਪਲਾਈ ਲਈ ਅੰਤਰਰਾਸ਼ਟਰੀ ਕੰਪਨੀਆਂ ਤੋਂ ਐਕਸਪ੍ਰੈਸ਼ਨ ਆਫ਼ ਇੰਟਰੈਸਟ (EOI) ਮੰਗੇ ਹਨ। ਇਸ ਕਦਮ ਨੂੰ ਭਾਰਤੀ ਕਰੰਸੀ ਵਿੱਚ ਵੱਡੇ ਬਦਲਾਅ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ।

ਕੀ ਹਨ ਪੌਲੀਮਰ ਨੋਟ?

ਪੌਲੀਮਰ ਨੋਟ ਖ਼ਾਸ ਤਰ੍ਹਾਂ ਦੀ ਪਲਾਸਟਿਕ ਸ਼ੀਟ ਤੋਂ ਤਿਆਰ ਕੀਤੇ ਜਾਂਦੇ ਹਨ। ਇਹ ਰਵਾਇਤੀ ਕਾਗਜ਼ੀ ਨੋਟਾਂ ਨਾਲੋਂ ਕਾਫ਼ੀ ਵੱਧ ਮਜ਼ਬੂਤ ਹੁੰਦੇ ਹਨ ਅਤੇ ਲੰਬੇ ਸਮੇਂ ਤੱਕ ਵਰਤੋਂਯੋਗ ਰਹਿੰਦੇ ਹਨ। ਆਸਟ੍ਰੇਲੀਆ, ਕੈਨੇਡਾ, ਬ੍ਰਿਟੇਨ, ਨਿਊਜ਼ੀਲੈਂਡ ਅਤੇ ਸਿੰਗਾਪੁਰ ਵਰਗੇ ਕਈ ਦੇਸ਼ ਪਹਿਲਾਂ ਹੀ ਇਸ ਤਕਨਾਲੋਜੀ ਵਾਲੇ ਨੋਟਾਂ ਦੀ ਵਰਤੋਂ ਕਰ ਰਹੇ ਹਨ।

ਲੰਬੀ ਉਮਰ ਅਤੇ ਵਧੀਆ ਸੁਰੱਖਿਆ ਸਭ ਤੋਂ ਵੱਡੀ ਖ਼ਾਸੀਅਤ

ਮਾਹਿਰਾਂ ਅਨੁਸਾਰ ਪੌਲੀਮਰ ਨੋਟ ਆਮ ਕਾਗਜ਼ੀ ਨੋਟਾਂ ਨਾਲੋਂ ਢਾਈ ਤੋਂ ਚਾਰ ਗੁਣਾ ਵੱਧ ਸਮੇਂ ਤੱਕ ਚੱਲ ਸਕਦੇ ਹਨ। ਇਹ ਪਾਣੀ, ਨਮੀ, ਧੂੜ ਅਤੇ ਗੰਦਗੀ ਨਾਲ ਘੱਟ ਪ੍ਰਭਾਵਿਤ ਹੁੰਦੇ ਹਨ, ਜਿਸ ਕਾਰਨ ਇਨ੍ਹਾਂ ਦੀ ਗੁਣਵੱਤਾ ਲੰਬੇ ਸਮੇਂ ਤੱਕ ਬਰਕਰਾਰ ਰਹਿੰਦੀ ਹੈ।

ਇਸ ਤੋਂ ਇਲਾਵਾ ਪੌਲੀਮਰ ਨੋਟਾਂ ਵਿੱਚ ਆਧੁਨਿਕ ਸੁਰੱਖਿਆ ਫੀਚਰ ਸ਼ਾਮਲ ਕੀਤੇ ਜਾ ਸਕਦੇ ਹਨ, ਜਿਸ ਨਾਲ ਨਕਲੀ ਨੋਟ ਤਿਆਰ ਕਰਨਾ ਕਾਫ਼ੀ ਮੁਸ਼ਕਲ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਕਈ ਦੇਸ਼ਾਂ ਨੇ ਹੌਲੀ-ਹੌਲੀ ਕਾਗਜ਼ੀ ਨੋਟਾਂ ਦੀ ਥਾਂ ਪੌਲੀਮਰ ਨੋਟਾਂ ਨੂੰ ਅਪਣਾਇਆ ਹੈ।

ਆਰਬੀਆਈ ਦੀ ਯੋਜਨਾ ਅਜੇ ਸ਼ੁਰੂਆਤੀ ਪੜਾਅ ਵਿੱਚ

ਫਿਲਹਾਲ ਆਰਬੀਆਈ ਵੱਲੋਂ ਪੌਲੀਮਰ ਸਬਸਟ੍ਰੇਟ ਦੀ ਸਪਲਾਈ ਲਈ ਯੋਗ ਕੰਪਨੀਆਂ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਇਸ ਲਈ ਉਹੀ ਕੰਪਨੀਆਂ ਯੋਗ ਮੰਨੀਆਂ ਜਾਣਗੀਆਂ ਜਿਨ੍ਹਾਂ ਕੋਲ ਕਿਸੇ ਕੇਂਦਰੀ ਬੈਂਕ ਲਈ ਪੌਲੀਮਰ ਨੋਟ ਤਿਆਰ ਕਰਨ ਦਾ ਤਜਰਬਾ ਹੋਵੇ ਅਤੇ ਜੋ ਅੰਤਰਰਾਸ਼ਟਰੀ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਦੀਆਂ ਹੋਣ।

ਹਾਲੇ ਤੱਕ ਆਰਬੀਆਈ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਸਭ ਤੋਂ ਪਹਿਲਾਂ ਕਿਹੜੇ ਮੁੱਲ ਦੇ ਨੋਟ ਪੌਲੀਮਰ ਵਿੱਚ ਜਾਰੀ ਕੀਤੇ ਜਾਣਗੇ ਜਾਂ ਇਹ ਨਵੇਂ ਨੋਟ ਕਦੋਂ ਤੱਕ ਲੋਕਾਂ ਲਈ ਉਪਲਬਧ ਹੋਣਗੇ।

ਮੌਜੂਦਾ ਨੋਟ ਤੁਰੰਤ ਬੰਦ ਨਹੀਂ ਹੋਣਗੇ

ਪੌਲੀਮਰ ਨੋਟਾਂ ਦੀ ਯੋਜਨਾ ਦਾ ਇਹ ਅਰਥ ਨਹੀਂ ਕਿ ਮੌਜੂਦਾ ਕਾਗਜ਼ੀ ਨੋਟ ਤੁਰੰਤ ਬੰਦ ਕਰ ਦਿੱਤੇ ਜਾਣਗੇ। ਆਰਬੀਆਈ ਵੱਲੋਂ ਇਸ ਸਬੰਧੀ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। ਸੰਭਾਵਨਾ ਹੈ ਕਿ ਸ਼ੁਰੂਆਤੀ ਪੜਾਅ ਵਿੱਚ ਨਵੇਂ ਨੋਟ ਸੀਮਤ ਗਿਣਤੀ ਵਿੱਚ ਜਾਰੀ ਕੀਤੇ ਜਾਣ ਅਤੇ ਕੁਝ ਸਮੇਂ ਤੱਕ ਕਾਗਜ਼ੀ ਅਤੇ ਪੌਲੀਮਰ ਦੋਵੇਂ ਕਿਸਮਾਂ ਦੇ ਨੋਟ ਇਕੱਠੇ ਚਲਣ।

2013 ਵਿੱਚ ਵੀ ਕੀਤਾ ਗਿਆ ਸੀ ਪ੍ਰਯੋਗ

ਭਾਰਤ ਵਿੱਚ ਪੌਲੀਮਰ ਨੋਟਾਂ ਨੂੰ ਲੈ ਕੇ ਪਹਿਲੀ ਕੋਸ਼ਿਸ਼ ਸਾਲ 2013 ਵਿੱਚ ਕੀਤੀ ਗਈ ਸੀ, ਜਦੋਂ ₹10 ਦੇ ਪੌਲੀਮਰ ਨੋਟਾਂ ਦਾ ਸੀਮਤ ਪੱਧਰ ‘ਤੇ ਪ੍ਰਯੋਗ ਕੀਤਾ ਗਿਆ ਸੀ। ਹਾਲਾਂਕਿ ਉਹ ਯੋਜਨਾ ਅੱਗੇ ਨਹੀਂ ਵਧ ਸਕੀ। ਹੁਣ ਆਰਬੀਆਈ ਇੱਕ ਵਾਰ ਫਿਰ ਇਸ ਤਕਨਾਲੋਜੀ ਨੂੰ ਅਪਣਾਉਣ ਵੱਲ ਕਦਮ ਵਧਾ ਰਿਹਾ ਹੈ। ਜੇਕਰ ਇਹ ਯੋਜਨਾ ਸਫਲ ਰਹਿੰਦੀ ਹੈ ਤਾਂ ਭਾਰਤੀ ਕਰੰਸੀ ਪਹਿਲਾਂ ਨਾਲੋਂ ਵਧੇਰੇ ਟਿਕਾਊ, ਸੁਰੱਖਿਅਤ ਅਤੇ ਆਧੁਨਿਕ ਰੂਪ ਵਿੱਚ ਲੋਕਾਂ ਸਾਹਮਣੇ ਆ ਸਕਦੀ ਹੈ।

ਕੰਪਿਊਟਰ ਆਪਰੇਟਰਾਂ ਦੀ ਸਰਕਾਰ ਨੂੰ ਚਿਤਾਵਨੀ, ਮੰਗਾਂ ਨਾ ਮੰਨੀਆਂ ਤਾਂ 22 ਜੁਲਾਈ ਤੋਂ ਸੰਘਰਸ਼ ਹੋਵੇਗਾ ਤੇਜ਼

ਬਠਿੰਡਾ ਜ਼ੋਨ ਦੀ ਮੀਟਿੰਗ ‘ਚ ਅਗਲੀ ਰਣਨੀਤੀ ਤੈਅ, ਪਟਿਆਲਾ ਹੈੱਡ ਆਫਿਸ ਅੱਗੇ ਸੂਬਾ ਪੱਧਰੀ ਧਰਨੇ ਦਾ ਐਲਾਨ

ਬਠਿੰਡਾ: ਪਾਵਰਕਾਮ ਦੇ ਪੱਛਮੀ ਜ਼ੋਨ ਨਾਲ ਸਬੰਧਤ ਕੰਪਿਊਟਰ ਆਪਰੇਟਰਾਂ ਦੀ ਇੱਕ ਅਹਿਮ ਮੀਟਿੰਗ ਸਥਾਨਕ ਹਲਕਾ ਦਫ਼ਤਰ ਵਿਖੇ ਸਰਕਲ ਪ੍ਰਧਾਨ ਵਰਿੰਦਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਬਠਿੰਡਾ ਜ਼ੋਨ ਅਧੀਨ ਆਉਂਦੇ ਵੱਖ-ਵੱਖ ਸਰਕਲ ਦਫ਼ਤਰਾਂ ਦੇ ਕੰਪਿਊਟਰ ਆਪਰੇਟਰਾਂ ਨੇ ਹਿੱਸਾ ਲੈ ਕੇ ਆਪਣੀਆਂ ਮੰਗਾਂ ਅਤੇ ਅਗਲੇ ਸੰਘਰਸ਼ ਦੀ ਰੂਪ-ਰੇਖਾ ‘ਤੇ ਵਿਚਾਰ ਕੀਤਾ।

ਮਰਜ ਪਾਲਿਸੀ ਤੋਂ ਬਾਹਰ ਰੱਖਣ ‘ਤੇ ਰੋਸ

ਮੀਟਿੰਗ ਦੌਰਾਨ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਪ੍ਰਬੰਧਨ ਵੱਲੋਂ ਆਊਟਸੋਰਸ ਮੁਲਾਜ਼ਮਾਂ ਨੂੰ ਸਿੱਧੇ ਵਿਭਾਗ ਵਿੱਚ ਸ਼ਾਮਲ ਕਰਨ ਲਈ ਤਿਆਰ ਕੀਤੀ ਜਾ ਰਹੀ ਨੀਤੀ ਜਾਂ ਆਰਡੀਨੈਂਸ ਵਿੱਚ ਕੰਪਿਊਟਰ ਆਪਰੇਟਰਾਂ ਨੂੰ ਸ਼ਾਮਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਨਾਰਾਜ਼ਗੀ ਹੈ।

ਨੋਟੀਫਿਕੇਸ਼ਨ ਨਾ ਆਇਆ ਤਾਂ ਸੰਘਰਸ਼ ਹੋਵੇਗਾ ਹੋਰ ਤਿੱਖਾ

ਜਥੇਬੰਦੀ ਨੇ ਇੱਕਸੁਰ ਹੋ ਕੇ ਚਿਤਾਵਨੀ ਦਿੱਤੀ ਕਿ ਜੇਕਰ ਪਾਵਰਕਾਮ ਜਾਂ ਟਰਾਂਸਕੋ ਪ੍ਰਬੰਧਨ ਵੱਲੋਂ ਕੰਪਿਊਟਰ ਆਪਰੇਟਰਾਂ ਨੂੰ ਨੀਤੀ ਵਿੱਚ ਸ਼ਾਮਲ ਕਰਨ ਸਬੰਧੀ ਤੁਰੰਤ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਗਿਆ ਤਾਂ ਸੂਬਾ ਪੱਧਰ ‘ਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

22 ਜੁਲਾਈ ਨੂੰ ਪਟਿਆਲਾ ‘ਚ ਸੂਬਾ ਪੱਧਰੀ ਧਰਨਾ

ਜਥੇਬੰਦੀ ਨੇ ਐਲਾਨ ਕੀਤਾ ਕਿ 22 ਜੁਲਾਈ ਨੂੰ ਪਟਿਆਲਾ ਸਥਿਤ ਹੈੱਡ ਆਫਿਸ ਅੱਗੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਜੇਕਰ ਇਸ ਤੋਂ ਬਾਅਦ ਵੀ ਮੰਗਾਂ ਦਾ ਹੱਲ ਨਾ ਹੋਇਆ ਤਾਂ ਕੰਪਿਊਟਰ ਆਪਰੇਟਰ ਕੰਮ ਬੰਦ ਕਰਨ ਵਰਗੇ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਣਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਬੰਧਨ ਦੀ ਹੋਵੇਗੀ।

ਕਈ ਜ਼ਿਲ੍ਹਿਆਂ ਦੇ ਮੁਲਾਜ਼ਮਾਂ ਨੇ ਕੀਤੀ ਸ਼ਮੂਲੀਅਤ

ਮੀਟਿੰਗ ਵਿੱਚ ਫਰੀਦਕੋਟ, ਫਿਰੋਜ਼ਪੁਰ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਦਫ਼ਤਰਾਂ ਤੋਂ ਵੀ ਵੱਡੀ ਗਿਣਤੀ ਵਿੱਚ ਕੰਪਿਊਟਰ ਆਪਰੇਟਰ ਸ਼ਾਮਲ ਹੋਏ। ਇਸ ਮੌਕੇ ਭੁਪਿੰਦਰ ਸਿੰਘ (ਬਾਦਲ), ਦੀਪਕ ਕੁਮਾਰ, ਰਾਜੀਵ ਕੁਮਾਰ (ਮਲੋਟ), ਨਿਤਿਨ (ਅਬੋਹਰ), ਮਨਜੀਤ ਸਿੰਘ, ਰਾਜੇਸ਼ ਕੁਮਾਰ (ਜਲਾਲਾਬਾਦ), ਪ੍ਰਭਜੋਤ ਕੌਰ (ਫਿਰੋਜ਼ਪੁਰ) ਅਤੇ ਨਿਸ਼ੀ ਰਾਣੀ (ਸ੍ਰੀ ਮੁਕਤਸਰ ਸਾਹਿਬ) ਨੇ ਸੰਬੋਧਨ ਕਰਦਿਆਂ ਜਥੇਬੰਦੀ ਦੀ ਏਕਤਾ ਅਤੇ ਹੱਕਾਂ ਦੀ ਲੜਾਈ ਨੂੰ ਅੱਗੇ ਵਧਾਉਣ ਦਾ ਸੱਦਾ ਦਿੱਤਾ। ਮੀਟਿੰਗ ਵਿੱਚ ਹੋਰ ਵੀ ਵੱਡੀ ਗਿਣਤੀ ਵਿੱਚ ਮੈਂਬਰ ਮੌਜੂਦ ਰਹੇ।

‘ਕਾਕਰੋਚ ਜਨਤਾ ਪਾਰਟੀ’ ਦੇ ‘ਚਲੋ ਸੰਸਦ’ ਮਾਰਚ ਤੋਂ ਪਹਿਲਾਂ ਦਿੱਲੀ ਮੈਟਰੋ ਦੇ ਕਈ ਸਟੇਸ਼ਨਾਂ ਦੇ ਗੇਟ ਬੰਦ

ਨਵੀਂ ਦਿੱਲੀ: ‘ਕਾਕਰੋਚ ਜਨਤਾ ਪਾਰਟੀ’ (ਸੀਜੇਪੀ) ਵੱਲੋਂ ਦਿੱਤੇ ਗਏ ‘ਚਲੋ ਸੰਸਦ’ ਸੱਦੇ ਨੂੰ ਧਿਆਨ ਵਿੱਚ ਰੱਖਦਿਆਂ ਸੋਮਵਾਰ ਸਵੇਰੇ ਦਿੱਲੀ ਮੈਟਰੋ ਦੇ ਕਈ ਸਟੇਸ਼ਨਾਂ ‘ਤੇ ਸੁਰੱਖਿਆ ਦੇ ਮੱਦੇਨਜ਼ਰ ਗੇਟ ਅਸਥਾਈ ਤੌਰ ‘ਤੇ ਬੰਦ ਕਰ ਦਿੱਤੇ ਗਏ। ਇਸ ਦੌਰਾਨ ਹਜ਼ਾਰਾਂ ਸਮਰਥਕ ਜੰਤਰ-ਮੰਤਰ ਵਿਖੇ ਇਕੱਠੇ ਹੋਣੇ ਸ਼ੁਰੂ ਹੋ ਗਏ।

ਪੰਜ ਮੈਟਰੋ ਸਟੇਸ਼ਨਾਂ ‘ਤੇ ਐਂਟਰੀ ਅਤੇ ਐਗਜ਼ਿਟ ਰੋਕੀ ਗਈ

ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐਮਆਰਸੀ) ਅਨੁਸਾਰ ਜਨਪਥ, ਰਾਜੀਵ ਚੌਕ, ਪਟੇਲ ਚੌਕ, ਸੈਂਟਰਲ ਸਕੱਤਰੇਤ ਅਤੇ ਸੇਵਾ ਤੀਰਥ ਮੈਟਰੋ ਸਟੇਸ਼ਨਾਂ ਦੇ ਦਾਖਲਾ ਅਤੇ ਨਿਕਾਸ ਗੇਟ ਅਗਲੇ ਹੁਕਮਾਂ ਤੱਕ ਬੰਦ ਰੱਖੇ ਗਏ। ਇਹ ਫੈਸਲਾ ਸੰਸਦ ਮਾਰਚ ਨੂੰ ਧਿਆਨ ਵਿੱਚ ਰੱਖਦਿਆਂ ਸੁਰੱਖਿਆ ਕਾਰਨਾਂ ਕਰਕੇ ਲਿਆ ਗਿਆ।

ਸੀਜੇਪੀ ਨੇ ਮੈਟਰੋ ਸਟੇਸ਼ਨ ਬੰਦ ਕਰਨ ਦਾ ਲਾਇਆ ਦੋਸ਼

ਡੀਐਮਆਰਸੀ ਦੀ ਅਧਿਕਾਰਤ ਜਾਣਕਾਰੀ ਤੋਂ ਪਹਿਲਾਂ ਹੀ ਕਾਕਰੋਚ ਜਨਤਾ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਪ੍ਰਦਰਸ਼ਨਕਾਰੀਆਂ ਨੂੰ ਜੰਤਰ-ਮੰਤਰ ਪਹੁੰਚਣ ਤੋਂ ਰੋਕਣ ਲਈ ਕਈ ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਗਏ ਹਨ।

ਰਾਜੀਵ ਚੌਕ ਅਤੇ ਸੈਂਟਰਲ ਸਕੱਤਰੇਤ ਦੀਆਂ ਸੇਵਾਵਾਂ ਮੁੜ ਸ਼ੁਰੂ

ਬਾਅਦ ਵਿੱਚ ਡੀਐਮਆਰਸੀ ਨੇ ਜਾਣਕਾਰੀ ਦਿੱਤੀ ਕਿ ਰਾਜੀਵ ਚੌਕ ਅਤੇ ਸੈਂਟਰਲ ਸਕੱਤਰੇਤ ਮੈਟਰੋ ਸਟੇਸ਼ਨਾਂ ਦੇ ਗੇਟ ਅਤੇ ਇੰਟਰਚੇਂਜ ਸਹੂਲਤਾਂ ਮੁੜ ਖੋਲ੍ਹ ਦਿੱਤੀਆਂ ਗਈਆਂ ਹਨ, ਜਿਸ ਨਾਲ ਮੈਟਰੋ ਸੇਵਾਵਾਂ ਹੌਲੀ-ਹੌਲੀ ਆਮ ਹੋਣ ਲੱਗੀਆਂ।

ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ

ਸੀਜੇਪੀ ਵੱਲੋਂ ਇਹ ਪ੍ਰਦਰਸ਼ਨ ਨੀਟ-ਯੂਜੀ ਪੇਪਰ ਲੀਕ, ਸੀਬੀਐਸਈ 12ਵੀਂ ਪ੍ਰੀਖਿਆ ਸਮੇਤ ਹੋਰ ਪ੍ਰੀਖਿਆਵਾਂ ਵਿੱਚ ਕਥਿਤ ਬੇਨਿਯਮੀਆਂ ਦੇ ਵਿਰੋਧ ਵਿੱਚ ਕੀਤਾ ਜਾ ਰਿਹਾ ਹੈ। ਪਾਰਟੀ ਦੀ ਮੰਗ ਹੈ ਕਿ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਅਤੇ ਪ੍ਰੀਖਿਆ ਪ੍ਰਣਾਲੀ ਵਿੱਚ ਜਵਾਬਦੇਹੀ ਤੈਅ ਕੀਤੀ ਜਾਵੇ।

ਸੋਨਮ ਵਾਂਗਚੁਕ ਨੇ ਵੀ ਦਿੱਤਾ ਸਮਰਥਨ

ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੇ ਵੀ ਇਸ ਮਾਰਚ ਨੂੰ ਸਮਰਥਨ ਦਿੱਤਾ ਹੈ। ਉਹ ਪਿਛਲੇ ਕਈ ਦਿਨਾਂ ਤੋਂ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ‘ਤੇ ਹਨ ਅਤੇ ਸਿਹਤ ਵਿਗੜਨ ਕਾਰਨ ਇਸ ਵੇਲੇ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵਿੱਚ ਦਾਖ਼ਲ ਹਨ। ਦਿੱਲੀ ਹਾਈ ਕੋਰਟ ਨੇ ਉਨ੍ਹਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਲੋੜ ਪੈਣ ‘ਤੇ ਪ੍ਰਸ਼ਾਸਨ ਨੂੰ ਦਖ਼ਲ ਦੇਣ ਦੀ ਇਜਾਜ਼ਤ ਦਿੱਤੀ ਸੀ।

ਅੱਜ ਤੋਂ ਸ਼ੁਰੂ ਹੋਇਆ ਸੰਸਦ ਦਾ ਮਾਨਸੂਨ ਸੈਸ਼ਨ

ਇਸੇ ਦੌਰਾਨ ਸੰਸਦ ਦਾ ਮਾਨਸੂਨ ਸੈਸ਼ਨ ਵੀ ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ, ਜੋ 13 ਅਗਸਤ ਤੱਕ ਚੱਲੇਗਾ। ਚਾਰ ਹਫ਼ਤਿਆਂ ਦੇ ਇਸ ਸੈਸ਼ਨ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਦੀਆਂ ਕੁੱਲ 19 ਬੈਠਕਾਂ ਹੋਣਗੀਆਂ।

ਸੰਸਦ ਸੈਸ਼ਨ ਦੇ ਪਹਿਲੇ ਦਿਨ ਦਿੱਲੀ ‘ਚ ਹੰਗਾਮਾ, ‘ਕਾਕਰੋਚ ਜਨਤਾ ਪਾਰਟੀ’ ਦੇ ਸੰਸਦ ਮਾਰਚ ਦੌਰਾਨ ਪੁਲਿਸ ਨਾਲ ਝੜਪਾਂ ਮੋਬਾਈਲ ਇੰਟਰਨੈਟ ਸੇਵਾਵਾਂ ਬੰਦ, ਲਾਠੀਚਾਰਜ

ਨਵੀਂ ਦਿੱਲੀ :- ਸੰਸਦ ਦੇ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਨਾਲ ਹੀ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਮਾਹੌਲ ਤਣਾਅਪੂਰਨ ਬਣ ਗਿਆ। ‘ਕਾਕਰੋਚ ਜਨਤਾ ਪਾਰਟੀ’ (ਸੀਜੇਪੀ) ਵੱਲੋਂ ਦਿੱਤੇ ਗਏ ‘ਸੰਸਦ ਚਲੋ’ ਸੱਦੇ ਦੇ ਮੱਦੇਨਜ਼ਰ ਕੇਂਦਰੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ। ਸੰਭਾਵਿਤ ਅਣਸੁਖਾਵੀਂ ਸਥਿਤੀ ਨੂੰ ਦੇਖਦਿਆਂ ਕੁਝ ਖੇਤਰਾਂ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ ਵੀ ਅਸਥਾਈ ਤੌਰ ‘ਤੇ ਬੰਦ ਕਰ ਦਿੱਤੀਆਂ ਗਈਆਂ।

ਜੰਤਰ-ਮੰਤਰ ਵੱਲ ਮਾਰਚ ਦੌਰਾਨ ਨਾਅਰੇਬਾਜ਼ੀ, ਪੁਲਿਸ ਨੇ ਰੋਕਿਆ ਰਸਤਾ

ਸੀਜੇਪੀ ਦੇ ਸੱਦੇ ‘ਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ, ਨੌਜਵਾਨ ਅਤੇ ਸਮਰਥਕ ਜੰਤਰ-ਮੰਤਰ ਵੱਲ ਰਵਾਨਾ ਹੋਏ। ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਿਵੇਂ ਹੀ ਭੀੜ ਅੱਗੇ ਵਧੀ, ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਦੋਵਾਂ ਧਿਰਾਂ ਵਿਚਕਾਰ ਧੱਕਾ-ਮੁੱਕੀ ਅਤੇ ਝੜਪਾਂ ਹੋਈਆਂ।

ਮੰਡੀ ਹਾਊਸ ਤੋਂ ਜੰਤਰ-ਮੰਤਰ ਤੱਕ ਲਾਠੀਚਾਰਜ

ਜਾਣਕਾਰੀ ਅਨੁਸਾਰ, ਮੰਡੀ ਹਾਊਸ ਮੈਟਰੋ ਸਟੇਸ਼ਨ ਤੋਂ ਜੰਤਰ-ਮੰਤਰ ਵੱਲ ਵਧ ਰਹੇ ਸੈਂਕੜੇ ਪ੍ਰਦਰਸ਼ਨਕਾਰੀਆਂ ਨੂੰ ਤਿਤਰ-ਬਿਤਰ ਕਰਨ ਲਈ ਦਿੱਲੀ ਪੁਲਿਸ ਨੇ ਲਾਠੀਚਾਰਜ ਕੀਤਾ। ਪ੍ਰਦਰਸ਼ਨ ਵਿੱਚ ਸ਼ਾਮਲ ਲੋਕਾਂ ਵਿੱਚ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਨਾਲ ਵੱਡੀ ਗਿਣਤੀ ਵਿੱਚ ਮਹਿਲਾਵਾਂ ਵੀ ਮੌਜੂਦ ਸਨ।

ਪੁਲਿਸ ਵੱਲੋਂ ਹਾਲੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ

ਘਟਨਾ ਤੋਂ ਬਾਅਦ ਪੁਲਿਸ ਵੱਲੋਂ ਤਾਕਤ ਦੀ ਵਰਤੋਂ ਜਾਂ ਕਿਸੇ ਨੂੰ ਹਿਰਾਸਤ ਵਿੱਚ ਲਏ ਜਾਣ ਸਬੰਧੀ ਕੋਈ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ। ਹਾਲਾਂਕਿ ਸੁਰੱਖਿਆ ਏਜੰਸੀਆਂ ਵੱਲੋਂ ਸੰਵੇਦਨਸ਼ੀਲ ਇਲਾਕਿਆਂ ਵਿੱਚ ਨਿਗਰਾਨੀ ਵਧਾ ਦਿੱਤੀ ਗਈ ਹੈ ਅਤੇ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।

ਸੰਸਦ ਸੈਸ਼ਨ ਦੇ ਮੱਦੇਨਜ਼ਰ ਸੁਰੱਖਿਆ ਹੋਈ ਹੋਰ ਸਖ਼ਤ

ਸੰਸਦ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਹੀ ਦਿਨ ਹੋਏ ਇਸ ਪ੍ਰਦਰਸ਼ਨ ਨੂੰ ਦੇਖਦੇ ਹੋਏ ਦਿੱਲੀ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਾਨੂੰਨ-ਵਿਵਸਥਾ ਨੂੰ ਹਰ ਹਾਲਤ ਵਿੱਚ ਬਣਾਈ ਰੱਖਣ ਲਈ ਲੋੜੀਂਦੇ ਸਾਰੇ ਕਦਮ ਚੁੱਕੇ ਜਾ ਰਹੇ ਹਨ।

ਪੰਜਾਬ ਚੋਣਾਂ ਲਈ ਕਾਂਗਰਸ ਦੀ ਤਿਆਰੀ ਤੇਜ਼, ‘ਏਕਤਾ ਬੱਸ ਯਾਤਰਾ’ ਰਾਹੀਂ ਵਰਕਰਾਂ ਨੂੰ ਦੇਵੇਗੀ ਇਕਜੁੱਟਤਾ ਦਾ ਸੰਦੇਸ਼

ਮੁੱਖ ਸਿਰਲੇਖ:

ਪੰਜਾਬ ਚੋਣਾਂ ਲਈ ਕਾਂਗਰਸ ਦੀ ਤਿਆਰੀ ਤੇਜ਼, ‘ਏਕਤਾ ਬੱਸ ਯਾਤਰਾ’ ਰਾਹੀਂ ਵਰਕਰਾਂ ਨੂੰ ਦੇਵੇਗੀ ਇਕਜੁੱਟਤਾ ਦਾ ਸੰਦੇਸ਼

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਕਾਂਗਰਸ ਨੇ ਸੂਬੇ ਵਿੱਚ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰਨ ਦੀ ਤਿਆਰੀ ਕਰ ਲਈ ਹੈ। ਪਾਰਟੀ ਵੱਲੋਂ ‘ਏਕਤਾ ਬੱਸ ਯਾਤਰਾ’ ਸ਼ੁਰੂ ਕਰਨ ਦੀ ਯੋਜਨਾ ਬਣਾਈ ਗਈ ਹੈ, ਜਿਸ ਦਾ ਮਕਸਦ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਇੱਕ ਮੰਚ ‘ਤੇ ਲਿਆ ਕੇ ਵਰਕਰਾਂ ਅਤੇ ਲੋਕਾਂ ਤੱਕ ਇਕਜੁੱਟਤਾ ਦਾ ਸੰਦੇਸ਼ ਪਹੁੰਚਾਉਣਾ ਹੈ।

ਕਰਨਾਟਕ ਮਾਡਲ ‘ਤੇ ਹੋਵੇਗੀ ਮੁਹਿੰਮ

ਪਾਰਟੀ ਸੂਤਰਾਂ ਮੁਤਾਬਕ ਕਾਂਗਰਸ ਹਾਈਕਮਾਨ ਨੇ ਪੰਜਾਬ ਵਿੱਚ ਵੀ ਉਹੀ ਰਣਨੀਤੀ ਅਪਣਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ਨੂੰ ਪਹਿਲਾਂ ਕਰਨਾਟਕ ਵਿੱਚ ਅਜ਼ਮਾਇਆ ਗਿਆ ਸੀ। ਇਸ ਲਈ ਇੱਕ ਵਿਸ਼ੇਸ਼ ਬੱਸ ਤਿਆਰ ਕੀਤੀ ਜਾ ਰਹੀ ਹੈ, ਜੋ ਸੂਬੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰੇਗੀ।

ਸੀਨੀਅਰ ਆਗੂ ਇਕੱਠੇ ਕਰਨਗੇ ਪ੍ਰਚਾਰ

ਪਾਰਟੀ ਦੀ ਯੋਜਨਾ ਅਨੁਸਾਰ ਇਸ ਯਾਤਰਾ ਵਿੱਚ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਇੱਕੋ ਬੱਸ ਵਿੱਚ ਸਫ਼ਰ ਕਰਨਗੇ। ਇਸ ਦਾ ਮੁੱਖ ਉਦੇਸ਼ ਪਾਰਟੀ ਅੰਦਰ ਏਕਤਾ ਦਾ ਸੰਦੇਸ਼ ਦੇਣਾ ਅਤੇ ਜ਼ਮੀਨੀ ਪੱਧਰ ‘ਤੇ ਵਰਕਰਾਂ ਦਾ ਮਨੋਬਲ ਵਧਾਉਣਾ ਹੈ। ਇਸ ਦੇ ਨਾਲ ਹੀ ਚੋਣੀ ਤਿਆਰੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਨੂੰ ਵੱਖ-ਵੱਖ ਜ਼ੋਨਾਂ ਵਿੱਚ ਵੰਡ ਕੇ ਵੱਡੀਆਂ ਜਨ ਸਭਾਵਾਂ ਕਰਨ ਦੀ ਵੀ ਯੋਜਨਾ ਹੈ।

ਹਾਈਕਮਾਨ ਨੇ ਚੋਣੀ ਰਣਨੀਤੀ ‘ਤੇ ਵਧਾਇਆ ਫ਼ੋਕਸ

ਪੰਜਾਬ ਕਾਂਗਰਸ ਵਿੱਚ ਚੱਲ ਰਹੇ ਅੰਦਰੂਨੀ ਮਤਭੇਦਾਂ ਦੇ ਬਾਵਜੂਦ ਹਾਈਕਮਾਨ ਨੇ ਚੋਣੀ ਰਣਨੀਤੀ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਪਾਰਟੀ ਲੀਡਰਸ਼ਿਪ ਨੂੰ ਸਪੱਸ਼ਟ ਸੰਦੇਸ਼ ਦਿੱਤਾ ਗਿਆ ਹੈ ਕਿ ਹੁਣ ਜ਼ਮੀਨੀ ਪੱਧਰ ‘ਤੇ ਸਰਗਰਮ ਹੋ ਕੇ ਲੋਕਾਂ ਵਿਚਕਾਰ ਜਾਣ ਦਾ ਸਮਾਂ ਹੈ। ਹਾਲਾਂਕਿ ਸੂਬਾ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਸਥਿਤੀ ਅਜੇ ਵੀ ਸਪੱਸ਼ਟ ਨਹੀਂ ਹੋ ਸਕੀ।

ਚਾਰ ਕਮੇਟੀਆਂ ਨੂੰ ਸੌਂਪੀ ਗਈ ਜ਼ਿੰਮੇਵਾਰੀ

ਪੰਜਾਬ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਕਾਂਗਰਸ ਹਾਈਕਮਾਨ ਪਹਿਲਾਂ ਹੀ ਚਾਰ ਵੱਖ-ਵੱਖ ਕਮੇਟੀਆਂ ਦਾ ਗਠਨ ਕਰ ਚੁੱਕੀ ਹੈ। ਇਨ੍ਹਾਂ ਕਮੇਟੀਆਂ ਦੀ ਮੀਟਿੰਗ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਦੀ ਅਗਵਾਈ ਹੇਠ ਦਿੱਲੀ ਵਿੱਚ ਹੋਵੇਗੀ। ਮੀਟਿੰਗ ਦੌਰਾਨ ਚੋਣੀ ਰਣਨੀਤੀ, ਸੰਗਠਨ ਦੀ ਮਜ਼ਬੂਤੀ ਅਤੇ ਜਨ ਸੰਪਰਕ ਮੁਹਿੰਮ ਸਬੰਧੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

ਅੰਦਰੂਨੀ ਮਤਭੇਦ ਘਟਣ ਦੇ ਸੰਕੇਤ

ਪਾਰਟੀ ਅੰਦਰ ਪਿਛਲੇ ਕੁਝ ਸਮੇਂ ਤੋਂ ਚੱਲ ਰਹੀ ਨਾਰਾਜ਼ਗੀ ਹੁਣ ਘਟਦੀ ਨਜ਼ਰ ਆ ਰਹੀ ਹੈ। ਹਾਈਕਮਾਨ ਵੱਲੋਂ ਕੀਤੀਆਂ ਗਈਆਂ ਮੀਟਿੰਗਾਂ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਧੜੇ ਵੱਲੋਂ ਵੀ ਸਹਿਯੋਗ ਦੇ ਸੰਕੇਤ ਮਿਲੇ ਹਨ। ਚੰਨੀ ਖੁਦ ਕਹਿ ਚੁੱਕੇ ਹਨ ਕਿ ਉਹ ਪਾਰਟੀ ਹਾਈਕਮਾਨ ਦੇ ਹਰ ਫ਼ੈਸਲੇ ਦੀ ਪਾਲਣਾ ਕਰਨਗੇ।

ਦਿੱਲੀ ਵਿੱਚ ਸਰਗਰਮ ਰਹਿਣਗੇ ਕਾਂਗਰਸੀ ਸੰਸਦ ਮੈਂਬਰ

ਸੰਸਦ ਦੇ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਨਾਲ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰ ਵੀ ਦਿੱਲੀ ਵਿੱਚ ਸਰਗਰਮ ਰਹਿਣਗੇ। ਇਨ੍ਹਾਂ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ, ਗੁਰਜੀਤ ਸਿੰਘ ਔਜਲਾ, ਅਮਰ ਸਿੰਘ ਅਤੇ ਡਾ. ਧਰਮਵੀਰ ਗਾਂਧੀ ਸ਼ਾਮਲ ਹਨ। ਪਾਰਟੀ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਚੋਣੀ ਮੁਹਿੰਮ ਨੂੰ ਹੋਰ ਰਫ਼ਤਾਰ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਦਿੱਲੀ ਕੂਚ ਅੱਜ, ਪੰਜਾਬ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਹੋਣਗੇ ਰਵਾਨਾ

ਚੰਡੀਗੜ੍ਹ :- ਭਾਰਤ-ਅਮਰੀਕਾ ਵਿਚਾਲੇ ਪ੍ਰਸਤਾਵਿਤ ਵਪਾਰ ਸਮਝੌਤੇ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਨੇ 21 ਜੁਲਾਈ ਨੂੰ ਦਿੱਲੀ ਦੇ ਕਿਸਾਨ ਘਾਟ ਵਿਖੇ ਹੋਣ ਵਾਲੀ ਰੈਲੀ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਹਨ। ਇਸ ਰੈਲੀ ਵਿੱਚ ਸ਼ਮੂਲੀਅਤ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਿਸਾਨ, ਖੇਤ ਮਜ਼ਦੂਰ ਅਤੇ ਨੌਜਵਾਨ ਅੱਜ ਦਿੱਲੀ ਵੱਲ ਰਵਾਨਾ ਹੋਣਗੇ।

ਕਿਸਾਨਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਸੂਬੇ ਭਰ ਦੇ ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਨੂੰ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਈ ਇਲਾਕਿਆਂ ਤੋਂ ਬੱਸਾਂ ਅਤੇ ਵਾਹਨਾਂ ਦੇ ਕਾਫ਼ਲੇ ਦਿੱਲੀ ਲਈ ਰਵਾਨਾ ਹੋਣਗੇ।

ਪਿੰਡ ਪੱਧਰ ਤੋਂ ਕੀਤੀਆਂ ਗਈਆਂ ਤਿਆਰੀਆਂ

ਰੈਲੀ ਨੂੰ ਸਫ਼ਲ ਬਣਾਉਣ ਲਈ ਕਿਸਾਨ ਮਜ਼ਦੂਰ ਮੋਰਚਾ, ਸੰਯੁਕਤ ਕਿਸਾਨ ਮੋਰਚਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਸਮੇਤ ਹੋਰ ਜਥੇਬੰਦੀਆਂ ਨੇ ਪਿੰਡ ਪੱਧਰ ‘ਤੇ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਲਾਮਬੰਦ ਕੀਤਾ। ਆਗੂਆਂ ਦਾ ਕਹਿਣਾ ਹੈ ਕਿ ਇਹ ਰੈਲੀ ਵਪਾਰ ਸਮਝੌਤੇ ਨਾਲ ਖੇਤੀ ਖੇਤਰ ‘ਤੇ ਪੈਣ ਵਾਲੇ ਸੰਭਾਵੀ ਪ੍ਰਭਾਵਾਂ ਨੂੰ ਲੈ ਕੇ ਚਿੰਤਾ ਪ੍ਰਗਟ ਕਰਨ ਲਈ ਕੀਤੀ ਜਾ ਰਹੀ ਹੈ।

ਵੱਖ-ਵੱਖ ਜ਼ਿਲ੍ਹਿਆਂ ਲਈ ਇਕੱਠੇ ਹੋਣ ਦੇ ਸਥਾਨ ਤੈਅ

ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਰਵਾਨਗੀ ਨੂੰ ਸੁਚੱਜੇ ਢੰਗ ਨਾਲ ਯਕੀਨੀ ਬਣਾਉਣ ਲਈ ਹਰ ਜ਼ਿਲ੍ਹੇ ਦੇ ਕਿਸਾਨਾਂ ਲਈ ਵੱਖ-ਵੱਖ ਇਕੱਠ ਸਥਾਨ ਨਿਰਧਾਰਤ ਕੀਤੇ ਗਏ ਹਨ। ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਕਿਸਾਨ ਬਿਆਸ ਵਿਖੇ ਇਕੱਠੇ ਹੋਣਗੇ, ਜਦਕਿ ਤਰਨਤਾਰਨ ਦੇ ਕਿਸਾਨ ਗੋਇੰਦਵਾਲ ਸਾਹਿਬ ਤੋਂ ਦਿੱਲੀ ਲਈ ਰਵਾਨਾ ਹੋਣਗੇ। ਹੋਰ ਜ਼ਿਲ੍ਹਿਆਂ ਲਈ ਵੀ ਵੱਖਰੇ ਸਥਾਨ ਤੈਅ ਕੀਤੇ ਗਏ ਹਨ।

‘ਖੇਤੀ ਅਤੇ ਡੇਅਰੀ ਖੇਤਰ ‘ਤੇ ਪੈ ਸਕਦਾ ਹੈ ਅਸਰ’

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਪ੍ਰਸਤਾਵਿਤ ਵਪਾਰ ਸਮਝੌਤਾ ਲਾਗੂ ਹੁੰਦਾ ਹੈ ਤਾਂ ਮੱਕੀ, ਸੋਇਆਬੀਨ, ਕਪਾਹ, ਸੇਬ, ਨਾਸ਼ਪਾਤੀ ਅਤੇ ਸੁੱਕੇ ਮੇਵਿਆਂ ਸਮੇਤ ਕਈ ਖੇਤੀ ਉਤਪਾਦਾਂ ਦੀ ਦਰਾਮਦ ਵਧ ਸਕਦੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਨਾਲ ਭਾਰਤੀ ਕਿਸਾਨਾਂ, ਖ਼ਾਸ ਕਰਕੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਦੇ ਨਾਲ-ਨਾਲ ਡੇਅਰੀ ਖੇਤਰ ਨੂੰ ਵੀ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਹੈ।

ਕਈ ਸੂਬਿਆਂ ਦੇ ਕਿਸਾਨ ਰੈਲੀ ਵਿੱਚ ਹੋਣਗੇ ਸ਼ਾਮਲ

ਕਿਸਾਨ ਜਥੇਬੰਦੀਆਂ ਮੁਤਾਬਕ 21 ਜੁਲਾਈ ਨੂੰ ਕਿਸਾਨ ਘਾਟ ਵਿਖੇ ਹੋਣ ਵਾਲੀ ਰੈਲੀ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਓਡੀਸ਼ਾ ਸਮੇਤ ਕਈ ਸੂਬਿਆਂ ਦੇ ਕਿਸਾਨ ਅਤੇ ਮਜ਼ਦੂਰ ਹਿੱਸਾ ਲੈਣਗੇ। ਆਗੂਆਂ ਨੇ ਕਿਹਾ ਕਿ ਰੈਲੀ ਸ਼ਾਂਤੀਪੂਰਨ ਰਹੇਗੀ ਅਤੇ ਸ਼ਾਮ ਕਰੀਬ 4 ਵਜੇ ਸਮਾਪਤ ਕੀਤੀ ਜਾਵੇਗੀ।

ਕਿਸਾਨਾਂ ਨੂੰ ਨਾ ਰੋਕਣ ਦੀ ਕੀਤੀ ਅਪੀਲ

ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਅਤੇ ਦਿੱਲੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਰੈਲੀ ਵਿੱਚ ਸ਼ਾਮਲ ਹੋਣ ਲਈ ਆ ਰਹੇ ਕਿਸਾਨਾਂ ਨੂੰ ਰਸਤੇ ਵਿੱਚ ਨਾ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨ ਲੋਕਤੰਤਰੀ ਢੰਗ ਨਾਲ ਆਪਣੀਆਂ ਚਿੰਤਾਵਾਂ ਅਤੇ ਮੰਗਾਂ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਇਸ ਦਾ ਪੂਰਾ ਅਧਿਕਾਰ ਮਿਲਣਾ ਚਾਹੀਦਾ ਹੈ।