ਤਮਿਲਨਾਡੂ :- ਵਿਜੇ ਵੱਲੋਂ ਤਾਮਿਲਨਾਡੂ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਲਗਾਤਾਰ ਵੱਡੇ ਫ਼ੈਸਲੇ ਕੀਤੇ ਜਾ ਰਹੇ ਹਨ। ਇਸ ਕੜੀ ਤਹਿਤ ਹੁਣ ਸਰਕਾਰ ਨੇ ਧਾਰਮਿਕ ਥਾਵਾਂ, ਵਿਦਿਅਕ ਅਦਾਰਿਆਂ ਅਤੇ ਬੱਸ ਅੱਡਿਆਂ ਦੇ ਨੇੜੇ ਚੱਲ ਰਹੇ ਸਰਕਾਰੀ ਸ਼ਰਾਬ ਠੇਕਿਆਂ ‘ਤੇ ਵੱਡੀ ਕਾਰਵਾਈ ਕਰਨ ਦਾ ਫ਼ੈਸਲਾ ਲਿਆ ਹੈ। ਮੁੱਖ ਮੰਤਰੀ ਨੇ ਅਜਿਹੇ 717 ਸ਼ਰਾਬ ਠੇਕਿਆਂ ਨੂੰ ਅਗਲੇ 15 ਦਿਨਾਂ ਦੇ ਅੰਦਰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਸਰਵੇਖਣ ਤੋਂ ਬਾਅਦ ਹੋਈ ਕਾਰਵਾਈ
ਸਰਕਾਰੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਵੱਲੋਂ ਅਹੁਦਾ ਸੰਭਾਲਣ ਮਗਰੋਂ ਸਭ ਤੋਂ ਪਹਿਲਾਂ ਸ਼ਰਾਬ ਦੇ ਠੇਕਿਆਂ ਦਾ ਵਿਸਥਾਰ ਨਾਲ ਸਰਵੇਖਣ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਦੌਰਾਨ ਉਹਨਾਂ ਠੇਕਿਆਂ ਦੀ ਪਛਾਣ ਕੀਤੀ ਗਈ ਜੋ ਧਾਰਮਿਕ ਥਾਵਾਂ, ਸਕੂਲਾਂ, ਕਾਲਜਾਂ ਅਤੇ ਬੱਸ ਅੱਡਿਆਂ ਦੇ 500 ਮੀਟਰ ਦੇ ਘੇਰੇ ਵਿੱਚ ਚੱਲ ਰਹੇ ਸਨ। ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ ਸੂਬੇ ਵਿੱਚ ਸੈਂਕੜੇ ਠੇਕੇ ਨਿਯਮਾਂ ਦੇ ਦਾਇਰੇ ਵਿੱਚ ਆ ਰਹੇ ਹਨ।
ਧਾਰਮਿਕ ਥਾਵਾਂ ਨੇੜੇ ਸਭ ਤੋਂ ਵੱਧ ਠੇਕੇ
ਸਰਕਾਰ ਵੱਲੋਂ ਜਾਰੀ ਵੇਰਵਿਆਂ ਮੁਤਾਬਕ ਬੰਦ ਕੀਤੇ ਜਾਣ ਵਾਲੇ ਠੇਕਿਆਂ ਵਿੱਚ 276 ਧਾਰਮਿਕ ਥਾਵਾਂ ਦੇ ਨੇੜੇ ਸਥਿਤ ਹਨ, ਜਦਕਿ 186 ਵਿਦਿਅਕ ਅਦਾਰਿਆਂ ਅਤੇ 255 ਬੱਸ ਅੱਡਿਆਂ ਦੇ ਨੇੜੇ ਚੱਲ ਰਹੇ ਹਨ। ਸਰਕਾਰ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਆਮ ਲੋਕਾਂ ਦੀ ਭਲਾਈ ਅਤੇ ਸਮਾਜਕ ਹਿਤਾਂ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ।
ਸੂਬੇ ਵਿੱਚ ਹਜ਼ਾਰਾਂ ਸਰਕਾਰੀ ਠੇਕੇ ਚੱਲ ਰਹੇ
ਇਸ ਵੇਲੇ ਤਾਮਿਲਨਾਡੂ ਵਿੱਚ ਸਰਕਾਰੀ ਨਿਗਮ ਵੱਲੋਂ ਹਜ਼ਾਰਾਂ ਸ਼ਰਾਬ ਠੇਕੇ ਚਲਾਏ ਜਾ ਰਹੇ ਹਨ, ਜਿਨ੍ਹਾਂ ਰਾਹੀਂ ਸਰਕਾਰ ਨੂੰ ਵੱਡੀ ਆਮਦਨ ਹੁੰਦੀ ਹੈ। ਇਸ ਦੇ ਬਾਵਜੂਦ ਵੱਖ-ਵੱਖ ਸਿਆਸੀ ਧਿਰਾਂ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਰਿਹਾਇਸ਼ੀ ਅਤੇ ਸੰਵੇਦਨਸ਼ੀਲ ਇਲਾਕਿਆਂ ਦੇ ਨੇੜੇ ਚੱਲ ਰਹੇ ਠੇਕੇ ਬੰਦ ਕੀਤੇ ਜਾਣ।
ਜਾਂਚ ਏਜੰਸੀ ਦੀ ਨਜ਼ਰ ਵੀ ਰਹੀ ਸ਼ਰਾਬ ਨਿਗਮ ‘ਤੇ
ਸਰਕਾਰੀ ਸ਼ਰਾਬ ਨਿਗਮ ਪਹਿਲਾਂ ਵੀ ਜਾਂਚ ਏਜੰਸੀਆਂ ਦੀ ਕਾਰਵਾਈ ਕਾਰਨ ਚਰਚਾ ਵਿੱਚ ਰਹਿ ਚੁੱਕਾ ਹੈ। ਪਿਛਲੇ ਸਮੇਂ ਦੌਰਾਨ ਕਥਿਤ ਵਿੱਤੀ ਗੜਬੜੀਆਂ ਅਤੇ ਧਨ ਸ਼ੋਧਨ ਨਾਲ ਜੁੜੇ ਦੋਸ਼ਾਂ ਨੂੰ ਲੈ ਕੇ ਜਾਂਚ ਏਜੰਸੀ ਵੱਲੋਂ ਤਾਮਿਲਨਾਡੂ ਦੇ ਕਈ ਥਾਵਾਂ ‘ਤੇ ਛਾਪੇਮਾਰੀ ਵੀ ਕੀਤੀ ਗਈ ਸੀ। ਹੁਣ ਵਿਜੇ ਸਰਕਾਰ ਦੇ ਇਸ ਨਵੇਂ ਫ਼ੈਸਲੇ ਨੂੰ ਸਮਾਜਕ ਅਤੇ ਸਿਆਸੀ ਪੱਖੋਂ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।

