ਕਰਨਾਟਕ :- ਕਰਨਾਟਕ ਦੇ ਉੱਤਰ ਕੰਨੜ ਜ਼ਿਲ੍ਹੇ ਵਿੱਚ ਦੇਰ ਰਾਤ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਨੇ ਸੱਤ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ। ਰਾਸ਼ਟਰੀ ਰਾਜਮਾਰਗ-52 ‘ਤੇ ਇੱਕ ਐੱਮ.ਯੂ.ਵੀ. ਅਤੇ ਲਾਰੀ ਵਿਚਾਲੇ ਹੋਈ ਆਹਮੋ-ਸਾਹਮਣੇ ਦੀ ਜ਼ਬਰਦਸਤ ਟੱਕਰ ਵਿੱਚ ਸੱਤ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਅਰਾਬੇਲ ਘਾਟ ਨੇੜੇ ਵਾਪਰਿਆ ਹਾਦਸਾ
ਪੁਲਿਸ ਅਨੁਸਾਰ ਇਹ ਹਾਦਸਾ ਯੇੱਲਾਪੁਰ ਥਾਣਾ ਖੇਤਰ ਅਧੀਨ ਅਰਾਬੇਲ ਘਾਟ ਦੇ ਬਾਲਗਾਰਾ ਕਰਾਸ ਕੋਲ ਰਾਤ ਕਰੀਬ 1:30 ਵਜੇ ਵਾਪਰਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਐੱਮ.ਯੂ.ਵੀ. ਦੇ ਪਰਖੱਚੇ ਉੱਡ ਗਏ ਅਤੇ ਕਈ ਸਵਾਰੀਆਂ ਵਾਹਨ ਵਿੱਚ ਹੀ ਫਸ ਗਈਆਂ।
ਸੈਰ ਲਈ ਨਿਕਲੇ ਸਨ ਯਾਤਰੀ
ਜਾਂਚ ਦੌਰਾਨ ਸਾਹਮਣੇ ਆਇਆ ਕਿ ਐੱਮ.ਯੂ.ਵੀ. ਵਿੱਚ ਡਰਾਈਵਰ ਸਮੇਤ ਕੁੱਲ ਨੌਂ ਵਿਅਕਤੀ ਸਵਾਰ ਸਨ। ਇਹ ਸਾਰੇ ਧਾਰਵਾੜ ਤੋਂ ਧਰਮਸਥਲਾ ਅਤੇ ਚਿਕਮਗਲੂਰੂ ਦੀ ਯਾਤਰਾ ਲਈ ਜਾ ਰਹੇ ਸਨ। ਰਸਤੇ ਵਿੱਚ ਲਾਰੀ ਨਾਲ ਹੋਈ ਸਿੱਧੀ ਟੱਕਰ ਕਾਰਨ ਇਹ ਦਰਦਨਾਕ ਹਾਦਸਾ ਵਾਪਰ ਗਿਆ।
ਜ਼ਖ਼ਮੀਆਂ ਨੂੰ ਕਿਮਜ਼ ਹਸਪਤਾਲ ਕੀਤਾ ਰੈਫ਼ਰ
ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਅਤੇ ਪੁਲਿਸ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ। ਦੋਵੇਂ ਜ਼ਖ਼ਮੀਆਂ ਨੂੰ ਪਹਿਲਾਂ ਨੇੜਲੇ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਹੁਬਲੀ ਸਥਿਤ ਕਰਨਾਟਕ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਕਿਮਜ਼) ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਉੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਪੁਲਿਸ ਨੇ ਜਾਂਚ ਕੀਤੀ ਸ਼ੁਰੂ
ਪੁਲਿਸ ਨੇ ਮਾਮਲਾ ਦਰਜ ਕਰਕੇ ਹਾਦਸੇ ਦੇ ਸਹੀ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ਵਿੱਚ ਟੱਕਰ ਦੇ ਕਾਰਨਾਂ ਸਬੰਧੀ ਵੱਖ-ਵੱਖ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਤਫ਼ਤੀਸ਼ ਕੀਤੀ ਜਾ ਰਹੀ ਹੈ।

