ਨੇਪਾਲ :- ਨੇਪਾਲ ਦੇ ਪੋਖਰਾ ਸ਼ਹਿਰ ਵਿਚ ਸ਼ੁੱਕਰਵਾਰ ਤੜਕਸਾਰ ਇੱਕ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਸੜਕ ਤੋਂ ਤਿਲਕ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਚਾਰ ਸਕੂਲੀ ਬੱਚਿਆਂ ਅਤੇ ਇੱਕ ਸਥਾਨਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 14 ਹੋਰ ਲੋਕ ਜ਼ਖ਼ਮੀ ਹੋ ਗਏ। ਹਾਦਸਾ ਕਾਸਕੀ ਜ਼ਿਲ੍ਹੇ ਦੇ ਪੋਖਰਾ ਮਹਾਨਗਰ ਦੇ ਵਾਰਡ ਨੰਬਰ 28 ਵਿੱਚ ਸਥਿਤ ਓਖਲੇਕੋ ਭੀਰ ਇਲਾਕੇ ਵਿੱਚ ਵਾਪਰਿਆ। ਪੁਲਸ ਅਨੁਸਾਰ ਬੱਸ ਸੜਕ ਤੋਂ ਕਰੀਬ 200 ਮੀਟਰ ਹੇਠਾਂ ਜਾ ਡਿੱਗੀ।
ਸਵੇਰੇ 6:20 ਵਜੇ ਵਾਪਰਿਆ ਹਾਦਸਾ
ਅਧਿਕਾਰੀਆਂ ਮੁਤਾਬਕ, ਕਾਲਿਕਾ ਇੰਗਲਿਸ਼ ਬੋਰਡਿੰਗ ਸਕੂਲ ਦੀ ਬੱਸ ਸਵੇਰੇ ਲਗਭਗ 6:20 ਵਜੇ ਹਾਦਸੇ ਦਾ ਸ਼ਿਕਾਰ ਹੋਈ। ਕਾਸਕੀ ਜ਼ਿਲ੍ਹਾ ਪੁਲਸ ਮੁਖੀ ਨਵੀਨ ਕਾਰਕੀ ਨੇ ਦੱਸਿਆ ਕਿ ਬੱਸ ਵਿੱਚ ਵਿਦਿਆਰਥੀਆਂ ਤੋਂ ਇਲਾਵਾ ਇੱਕ ਹੋਰ ਯਾਤਰੀ ਅਤੇ ਡਰਾਈਵਰ ਵੀ ਸਵਾਰ ਸਨ। ਹਾਦਸੇ ਸਮੇਂ ਬੱਸ ਵਿੱਚ ਕੁੱਲ 22 ਲੋਕ ਮੌਜੂਦ ਸਨ। ਮਰਨ ਵਾਲਿਆਂ ਵਿੱਚ ਤਿੰਨ ਲੜਕੀਆਂ, ਇੱਕ ਲੜਕਾ ਅਤੇ ਇੱਕ ਸਥਾਨਕ ਨਿਵਾਸੀ ਸ਼ਾਮਲ ਹਨ।
ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ
ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਇਲਾਜ ਲਈ ਪੋਖਰਾ ਇੰਸਟੀਚਿਊਟ ਆਫ਼ ਹੈਲਥ ਸਾਇੰਸਿਜ਼ ਵਿੱਚ ਦਾਖ਼ਲ ਕਰਵਾਇਆ ਗਿਆ। ਕਾਸਕੀ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਕੁਮਾਨ ਸਿੰਘ ਗੁਰੂੰਗ ਅਨੁਸਾਰ, ਬੱਸ ਵਿੱਚ ਜ਼ਿਆਦਾਤਰ 10ਵੀਂ ਜਮਾਤ ਦੇ ਵਿਦਿਆਰਥੀ ਸਵਾਰ ਸਨ, ਜੋ ਟਿਊਸ਼ਨ ਲਈ ਜਾ ਰਹੇ ਸਨ। ਸ਼ੁਰੂਆਤੀ ਰਿਪੋਰਟ ਵਿੱਚ 18 ਬੱਚਿਆਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ, ਪਰ ਬਾਅਦ ਵਿੱਚ ਅਧਿਕਾਰੀਆਂ ਨੇ ਪੰਜ ਮੌਤਾਂ ਅਤੇ 14 ਜ਼ਖ਼ਮੀਆਂ ਦੀ ਪੁਸ਼ਟੀ ਕੀਤੀ।
ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ
ਪੁਲਸ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਬੱਸ ਸੜਕ ਤੋਂ ਕਿਵੇਂ ਫਿਸਲੀ। ਅਧਿਕਾਰੀਆਂ ਅਨੁਸਾਰ, ਮ੍ਰਿਤਕਾਂ ਦੀ ਪਛਾਣ ਸਬੰਧੀ ਜਾਣਕਾਰੀ ਵੀ ਅਜੇ ਪੂਰੀ ਤਰ੍ਹਾਂ ਸਾਹਮਣੇ ਨਹੀਂ ਆਈ ਹੈ।
ਨੇਪਾਲ ਵਿੱਚ ਸੜਕ ਹਾਦਸਿਆਂ ਦੀ ਸਮੱਸਿਆ ਲਗਾਤਾਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਅਧਿਕਾਰਤ ਅੰਕੜਿਆਂ ਅਨੁਸਾਰ, ਵਿੱਤੀ ਸਾਲ 2024-25 ਦੌਰਾਨ ਦੇਸ਼ ਵਿੱਚ 7,669 ਸੜਕ ਹਾਦਸੇ ਦਰਜ ਕੀਤੇ ਗਏ ਸਨ, ਜਿਨ੍ਹਾਂ ਵਿੱਚ 1,900 ਲੋਕਾਂ ਦੀ ਜਾਨ ਚਲੀ ਗਈ ਸੀ।