ਨਵੀਂ ਦਿੱਲੀ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਬਹੁਪੱਖੀ ਵਿਦੇਸ਼ ਦੌਰੇ ਲਈ ਰਵਾਨਾ ਹੋ ਗਏ। ਰਵਾਨਗੀ ਤੋਂ ਪਹਿਲਾਂ ਜਾਰੀ ਆਪਣੇ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਇਹ ਦੌਰਾ ਭਾਰਤ ਦੀ ਐਕਟ ਈਸਟ ਨੀਤੀ, ਮਹਾਸਾਗਰ ਵਿਜ਼ਨ ਅਤੇ ਆਜ਼ਾਦ, ਖੁੱਲ੍ਹੇ ਤੇ ਸਮਾਵੇਸ਼ੀ ਇੰਡੋ-ਪੈਸੀਫਿਕ ਖੇਤਰ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰੇਗਾ। ਨਾਲ ਹੀ ਤਿੰਨਾਂ ਦੇਸ਼ਾਂ ਨਾਲ ਰਣਨੀਤਕ, ਆਰਥਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਨਵਾਂ ਵਿਸਥਾਰ ਮਿਲੇਗਾ।
ਸਭ ਤੋਂ ਪਹਿਲਾਂ ਇੰਡੋਨੇਸ਼ੀਆ ਦਾ ਕਰਨਗੇ ਦੌਰਾ
ਪ੍ਰਧਾਨ ਮੰਤਰੀ ਮੋਦੀ 6 ਤੋਂ 8 ਜੁਲਾਈ ਤੱਕ ਇੰਡੋਨੇਸ਼ੀਆ ਦੇ ਦੌਰੇ ‘ਤੇ ਰਹਿਣਗੇ। ਇਹ ਯਾਤਰਾ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬੀਆਂਤੋ ਦੇ ਸੱਦੇ ‘ਤੇ ਹੋ ਰਹੀ ਹੈ। ਮੋਦੀ ਨੇ ਕਿਹਾ ਕਿ 2018 ਦੀ ਆਪਣੀ ਪਹਿਲੀ ਇੰਡੋਨੇਸ਼ੀਆ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਨੇ ਆਪਣੇ ਸਬੰਧਾਂ ਨੂੰ ਵਿਆਪਕ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਪਹੁੰਚਾਇਆ ਸੀ। ਹੁਣ ਇਸ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਇਹ ਉਨ੍ਹਾਂ ਦੀ ਪਹਿਲੀ ਦੁਵੱਲੀ ਯਾਤਰਾ ਹੋਵੇਗੀ।
ਸੱਭਿਆਚਾਰਕ ਰਿਸ਼ਤਿਆਂ ਨੂੰ ਵੀ ਮਿਲੇਗਾ ਉਤਸ਼ਾਹ
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਇੰਡੋਨੇਸ਼ੀਆ ਦੇ ਰਿਸ਼ਤੇ ਸਦੀਆਂ ਪੁਰਾਣੇ ਸੱਭਿਆਚਾਰਕ ਅਤੇ ਲੋਕਾਂ ਦਰਮਿਆਨ ਆਪਸੀ ਸਾਂਝ ‘ਤੇ ਆਧਾਰਿਤ ਹਨ। ਦੌਰੇ ਦੌਰਾਨ ਉਹ ਇੰਡੋਨੇਸ਼ੀਆ ਵਿੱਚ ਵੱਸਦੇ ਭਾਰਤੀ ਭਾਈਚਾਰੇ ਨਾਲ ਵੀ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ ਉਹ ਰਾਸ਼ਟਰਪਤੀ ਪ੍ਰਬੋਵੋ ਨਾਲ ਯੋਗਯਾਕਾਰਤਾ ਸਥਿਤ ਪ੍ਰੰਬਨਨ ਮੰਦਰ ਕੰਪਲੈਕਸ ਦਾ ਵੀ ਦੌਰਾ ਕਰਨਗੇ, ਜਿਸ ਨੂੰ ਦੋਵਾਂ ਦੇਸ਼ਾਂ ਦੇ ਸਾਂਝੇ ਸੱਭਿਆਚਾਰਕ ਵਿਰਸੇ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਆਸਟ੍ਰੇਲੀਆ ਨਾਲ ਰਣਨੀਤਕ ਭਾਈਵਾਲੀ ‘ਤੇ ਹੋਵੇਗਾ ਫੋਕਸ
ਇੰਡੋਨੇਸ਼ੀਆ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੇ ਸੱਦੇ ‘ਤੇ ਮੈਲਬੌਰਨ ਪਹੁੰਚਣਗੇ। ਉੱਥੇ ਦੋਵੇਂ ਆਗੂ ਰੱਖਿਆ, ਸੁਰੱਖਿਆ, ਵਪਾਰ, ਨਿਵੇਸ਼, ਸਿੱਖਿਆ, ਤਕਨਾਲੋਜੀ, ਖੇਡਾਂ ਅਤੇ ਲੋਕਾਂ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ-ਵਟਾਂਦਰਾ ਕਰਨਗੇ।
ਮੋਦੀ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਵੱਸਦਾ ਭਾਰਤੀ ਭਾਈਚਾਰਾ ਦੋਵਾਂ ਦੇਸ਼ਾਂ ਦੀ ਰਣਨੀਤਕ ਭਾਈਵਾਲੀ ਦਾ ਇੱਕ ਮਹੱਤਵਪੂਰਨ ਅਧਾਰ ਹੈ ਅਤੇ ਉਹ ਆਪਣੇ ਦੌਰੇ ਦੌਰਾਨ ਪ੍ਰਵਾਸੀ ਭਾਰਤੀਆਂ ਨਾਲ ਵੀ ਸੰਵਾਦ ਕਰਨਗੇ।
ਨਿਊਜ਼ੀਲੈਂਡ ਨਾਲ ਆਰਥਿਕ ਸਹਿਯੋਗ ਵਧਾਉਣ ‘ਤੇ ਜ਼ੋਰ
ਆਸਟ੍ਰੇਲੀਆ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦੇ ਸੱਦੇ ‘ਤੇ ਆਕਲੈਂਡ ਦਾ ਦੌਰਾ ਕਰਨਗੇ। ਉਨ੍ਹਾਂ ਕਿਹਾ ਕਿ ਇਹ ਯਾਤਰਾ ਮਾਰਚ 2025 ਵਿੱਚ ਪ੍ਰਧਾਨ ਮੰਤਰੀ ਲਕਸਨ ਦੀ ਭਾਰਤ ਫੇਰੀ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਅੱਗੇ ਲਿਜਾਣ ਦਾ ਮੌਕਾ ਬਣੇਗੀ।
ਉਨ੍ਹਾਂ ਦੱਸਿਆ ਕਿ ਦੋਵੇਂ ਦੇਸ਼ਾਂ ਵਿਚਾਲੇ ਵਪਾਰ, ਨਿਵੇਸ਼ ਅਤੇ ਆਰਥਿਕ ਸਹਿਯੋਗ ਨੂੰ ਨਵੀਂ ਗਤੀ ਦੇਣ ਬਾਰੇ ਚਰਚਾ ਹੋਵੇਗੀ। ਇਸ ਦੇ ਨਾਲ ਹੀ ਦੁਵੱਲੇ ਵਪਾਰ ਨੂੰ ਹੋਰ ਮਜ਼ਬੂਤ ਬਣਾਉਣ ਲਈ ਚੱਲ ਰਹੇ ਯਤਨਾਂ ‘ਤੇ ਵੀ ਵਿਚਾਰ ਕੀਤਾ ਜਾਵੇਗਾ।
ਪ੍ਰਵਾਸੀ ਭਾਰਤੀਆਂ ਨਾਲ ਵੀ ਕਰਨਗੇ ਮੁਲਾਕਾਤ
ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਊਜ਼ੀਲੈਂਡ ਵਿੱਚ ਰਹਿ ਰਿਹਾ ਭਾਰਤੀ ਭਾਈਚਾਰਾ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਹ ਆਪਣੇ ਦੌਰੇ ਦੌਰਾਨ ਭਾਰਤੀ ਭਾਈਚਾਰੇ ਦੇ ਇੱਕ ਵੱਡੇ ਸਮਾਗਮ ਨੂੰ ਵੀ ਸੰਬੋਧਨ ਕਰਨਗੇ।
ਖੇਤਰੀ ਸਹਿਯੋਗ ਨੂੰ ਮਿਲੇਗੀ ਨਵੀਂ ਦਿਸ਼ਾ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦਾ ਇਹ ਦੌਰਾ ਭਾਰਤ ਦੀ ਵਿਦੇਸ਼ ਨੀਤੀ ਲਈ ਮਹੱਤਵਪੂਰਨ ਸਾਬਤ ਹੋਵੇਗਾ। ਉਨ੍ਹਾਂ ਭਰੋਸਾ ਜਤਾਇਆ ਕਿ ਇਸ ਯਾਤਰਾ ਨਾਲ ਐਕਟ ਈਸਟ ਨੀਤੀ, ਮਹਾਸਾਗਰ ਵਿਜ਼ਨ ਅਤੇ ਇੰਡੋ-ਪੈਸੀਫਿਕ ਖੇਤਰ ਵਿੱਚ ਸ਼ਾਂਤੀ, ਸਥਿਰਤਾ ਅਤੇ ਸਹਿਯੋਗ ਨੂੰ ਹੋਰ ਮਜ਼ਬੂਤੀ ਮਿਲੇਗੀ।

