ਨਵੀਂ ਦਿੱਲੀ :- ਦਿੱਲੀ ਵਿੱਚ ਵਪਾਰਕ ਵਾਹਨ ਚਾਲਕਾਂ ਦੇ ਸੰਗਠਨਾਂ ਨੇ ਇੰਧਨ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਟੈਕਸੀ ਅਤੇ ਆਟੋ ਚਾਲਕ ਯੂਨੀਅਨਾਂ ਵੱਲੋਂ 21 ਤੋਂ 23 ਮਈ ਤੱਕ ਤਿੰਨ ਦਿਨਾਂ ਹੜਤਾਲ ਕਰਨ ਦੀ ਯੋਜਨਾ ਬਣਾਈ ਗਈ ਹੈ। ਯੂਨੀਅਨਾਂ ਦਾ ਕਹਿਣਾ ਹੈ ਕਿ ਸੀਐਨਜੀ, ਪੈਟਰੋਲ ਅਤੇ ਡੀਜ਼ਲ ਮਹਿੰਗਾ ਹੋਣ ਕਾਰਨ ਡਰਾਈਵਰਾਂ ਲਈ ਰੋਜ਼ੀ-ਰੋਟੀ ਚਲਾਉਣਾ ਮੁਸ਼ਕਲ ਬਣਦਾ ਜਾ ਰਿਹਾ ਹੈ।
ਲੈਫਟੀਨੈਂਟ ਗਵਰਨਰ ਤੇ ਮੁੱਖ ਮੰਤਰੀ ਨੂੰ ਭੇਜਿਆ ਪੱਤਰ
ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਨੇ ਆਪਣੀਆਂ ਮੰਗਾਂ ਸਬੰਧੀ ਦਿੱਲੀ ਦੇ ਲੈਫਟੀਨੈਂਟ ਗਵਰਨਰ ਤਰਨਜੀਤ ਸਿੰਘ ਸੰਧੂ ਅਤੇ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਪੱਤਰ ਲਿਖਿਆ ਹੈ। ਪੱਤਰ ਵਿੱਚ ਕਿਰਾਏ ਵਿੱਚ ਵਾਧਾ ਕਰਨ ਅਤੇ ਡਰਾਈਵਰਾਂ ਨੂੰ ਆਰਥਿਕ ਰਾਹਤ ਦੇਣ ਦੀ ਮੰਗ ਉਠਾਈ ਗਈ ਹੈ।
‘ਪਰਿਵਾਰ ਚਲਾਉਣਾ ਹੋਇਆ ਔਖਾ’
ਚਾਲਕ ਸ਼ਕਤੀ ਯੂਨੀਅਨ ਦੇ ਉਪ ਪ੍ਰਧਾਨ ਅਨੁਜ ਕੁਮਾਰ ਰਾਠੌਰ ਨੇ ਕਿਹਾ ਕਿ ਇੰਧਨ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਨੇ ਵਾਹਨ ਚਾਲਕਾਂ ਦੀ ਕਮਰ ਤੋੜ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕਈ ਡਰਾਈਵਰਾਂ ਲਈ ਘਰ ਦਾ ਖ਼ਰਚਾ ਚਲਾਉਣਾ ਵੀ ਚੁਣੌਤੀ ਬਣ ਗਿਆ ਹੈ।
21 ਤੋਂ 23 ਮਈ ਤੱਕ ਹੜਤਾਲ ਦਾ ਐਲਾਨ
ਰਾਠੌਰ ਮੁਤਾਬਕ ਦਿੱਲੀ ਦੇ ਵੱਖ-ਵੱਖ ਡਰਾਈਵਰ ਸੰਗਠਨਾਂ ਨਾਲ ਮਿਲ ਕੇ 21, 22 ਅਤੇ 23 ਮਈ ਨੂੰ ‘ਚੱਕਾ ਜਾਮ’ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਦੌਰਾਨ ਆਟੋ, ਟੈਕਸੀ ਅਤੇ ਹੋਰ ਵਪਾਰਕ ਵਾਹਨ ਸੜਕਾਂ ਤੋਂ ਦੂਰ ਰਹਿ ਸਕਦੇ ਹਨ।
ਲੋਕਾਂ ਨੂੰ ਵੀ ਕੀਤੀ ਅਪੀਲ
ਯੂਨੀਅਨ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਹੜਤਾਲ ਵਾਲੇ ਦਿਨਾਂ ਦੌਰਾਨ ਸੰਭਵ ਹੋਵੇ ਤਾਂ ਨਿੱਜੀ ਵਾਹਨਾਂ ਦੀ ਵਰਤੋਂ ਘੱਟ ਕੀਤੀ ਜਾਵੇ ਅਤੇ ਗੈਰ-ਜ਼ਰੂਰੀ ਯਾਤਰਾ ਤੋਂ ਬਚਿਆ ਜਾਵੇ। ਯੂਨੀਅਨ ਦਾ ਕਹਿਣਾ ਹੈ ਕਿ ਇਹ ਸੰਘਰਸ਼ ਸਿਰਫ਼ ਡਰਾਈਵਰਾਂ ਲਈ ਨਹੀਂ, ਸਗੋਂ ਵਧਦੀ ਮਹਿੰਗਾਈ ਖ਼ਿਲਾਫ਼ ਇੱਕ ਸਾਂਝੀ ਆਵਾਜ਼ ਹੈ।

