ਮੁੰਬਈ :- ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਸੁਰੱਖਿਆ ਲਈ ਤਾਇਨਾਤ ਮੁੰਬਈ ਪੁਲਿਸ ਦੇ ਇੱਕ ਕਾਂਸਟੇਬਲ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ 41 ਸਾਲਾ ਗਣੇਸ਼ ਰਾਇਤੇ ਵਜੋਂ ਹੋਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਦੱਸੀ ਜਾ ਰਹੀ ਹੈ।
ਡਿਊਟੀ ਦੌਰਾਨ ਅਚਾਨਕ ਵਿਗੜੀ ਸਿਹਤ
ਮੁੰਬਈ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਗਣੇਸ਼ ਰਾਇਤੇ ਸਲਮਾਨ ਖਾਨ ਦੀ ਰਿਹਾਇਸ਼ ਦੇ ਬਾਹਰ ਸੁਰੱਖਿਆ ਡਿਊਟੀ ’ਤੇ ਤਾਇਨਾਤ ਸਨ। 7 ਅਗਸਤ ਦੀ ਸ਼ਾਮ ਕਰੀਬ 6 ਵਜੇ ਡਿਊਟੀ ਦੌਰਾਨ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ। ਉਨ੍ਹਾਂ ਨੂੰ ਤੁਰੰਤ ਭਾਭਾ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਮੁੰਬਈ ਪੁਲਿਸ ਦੀ ਐਲਏ-4 ਯੂਨਿਟ ’ਚ ਸਨ ਤਾਇਨਾਤ
ਪੁਲਿਸ ਮੁਤਾਬਕ ਗਣੇਸ਼ ਰਾਇਤੇ ਮੁੰਬਈ ਪੁਲਿਸ ਦੀ ਐਲਏ-4 ਯੂਨਿਟ ਵਿੱਚ ਤਾਇਨਾਤ ਸਨ। ਪੁਲਿਸ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਭਾਰਤੀ ਫੌਜ ਵਿੱਚ ਵੀ ਸੇਵਾ ਨਿਭਾ ਚੁੱਕੇ ਸਨ। ਫੌਜ ਤੋਂ ਸੇਵਾਮੁਕਤੀ ਮਗਰੋਂ ਉਨ੍ਹਾਂ ਨੇ ਮੁੰਬਈ ਪੁਲਿਸ ਵਿੱਚ ਨੌਕਰੀ ਜੁਆਇਨ ਕੀਤੀ ਸੀ।
ਲਾਰੈਂਸ ਬਿਸ਼ਨੋਈ ਗੈਂਗ ਦੀ ਧਮਕੀ ਤੋਂ ਬਾਅਦ ਵਧਾਈ ਗਈ ਸੀ ਸਲਮਾਨ ਦੀ ਸੁਰੱਖਿਆ
ਸਲਮਾਨ ਖਾਨ ਨੂੰ ਸਾਲ 2023 ਵਿੱਚ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਧਮਕੀਆਂ ਮਿਲਣ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਸੀ। ਮਹਾਰਾਸ਼ਟਰ ਸਰਕਾਰ ਵੱਲੋਂ ਉਨ੍ਹਾਂ ਨੂੰ ਵਾਈ-ਪਲੱਸ ਸੁਰੱਖਿਆ ਦਿੱਤੀ ਗਈ ਹੈ। ਇਸ ਸੁਰੱਖਿਆ ਪ੍ਰਬੰਧ ਤਹਿਤ ਉਨ੍ਹਾਂ ਦੇ ਨਾਲ ਹਰ ਸਮੇਂ ਪੁਲਿਸ ਮੁਲਾਜ਼ਮਾਂ ਦੀ ਟੀਮ ਤਾਇਨਾਤ ਰਹਿੰਦੀ ਹੈ, ਜਿਸ ਵਿੱਚ ਕਮਾਂਡੋ ਅਤੇ ਨਿੱਜੀ ਸੁਰੱਖਿਆ ਅਧਿਕਾਰੀ ਵੀ ਸ਼ਾਮਲ ਹਨ।

