ਨਵੀਂ ਦਿੱਲੀ :- ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਸੂਰਿਆ ਕਾਂਤ ਦੇ ਕਥਿਤ ‘ਕਾਕਰੋਚ’ ਬਿਆਨ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵੱਡਾ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਇਸ ਮਾਮਲੇ ਦੇ ਵਿਰੋਧ ਵਜੋਂ ਬਣਾਇਆ ਗਿਆ ਇੰਸਟਾਗ੍ਰਾਮ ਪੇਜ “ਕਾਕਰੋਚ ਜਨਤਾ ਪਾਰਟੀ” ਕੁਝ ਹੀ ਦਿਨਾਂ ਵਿੱਚ ਇੰਟਰਨੈੱਟ ‘ਤੇ ਚਰਚਾ ਦਾ ਕੇਂਦਰ ਬਣ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਿਰਫ 6 ਦਿਨਾਂ ਵਿੱਚ ਇਸ ਪੇਜ ਦੇ ਫਾਲੋਅਰਜ਼ ਦੀ ਗਿਣਤੀ 1.1 ਕਰੋੜ ਤੋਂ ਪਾਰ ਹੋ ਗਈ ਹੈ।
ਇੰਸਟਾਗ੍ਰਾਮ ਤੋਂ ਬਾਅਦ ਟਵਿੱਟਰ ‘ਤੇ ਵੀ ਤੇਜ਼ੀ ਨਾਲ ਵਧਿਆ ਸਮਰਥਨ
ਇਹ ਪੇਜ ਸਿਰਫ ਇੰਸਟਾਗ੍ਰਾਮ ਤੱਕ ਸੀਮਿਤ ਨਹੀਂ ਰਿਹਾ। ਟਵਿੱਟਰ ‘ਤੇ ਵੀ “ਕਾਕਰੋਚ ਜਨਤਾ ਪਾਰਟੀ” ਦੇ ਕਰੀਬ 1 ਲੱਖ 60 ਹਜ਼ਾਰ ਫਾਲੋਅਰਜ਼ ਹੋ ਚੁੱਕੇ ਹਨ। ਸੋਸ਼ਲ ਮੀਡੀਆ ਉਪਭੋਗਤਾਵਾਂ ਵੱਲੋਂ ਇਸਨੂੰ ਨੌਜਵਾਨਾਂ ਦੇ ਗੁੱਸੇ ਅਤੇ ਵਿਅੰਗਾਤਮਕ ਵਿਰੋਧ ਦਾ ਨਵਾਂ ਰੂਪ ਮੰਨਿਆ ਜਾ ਰਿਹਾ ਹੈ।
ਮਹਾਰਾਸ਼ਟਰ ਦੇ ਨੌਜਵਾਨ ਨੇ ਬਣਾਇਆ ਪੇਜ
ਜਾਣਕਾਰੀ ਮੁਤਾਬਕ ਇਹ ਪੇਜ ਮਹਾਰਾਸ਼ਟਰ ਦੇ ਅਭਿਜੀਤ ਦੀਪਕੇ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਪੇਜ ਦਾ ਨਾਅਰਾ “ਧਰਮ ਨਿਰਪੱਖ, ਸਮਾਜਵਾਦੀ, ਲੋਕਤੰਤਰੀ, ਆਲਸੀ” ਰੱਖਿਆ ਗਿਆ ਹੈ, ਜੋ ਸੋਸ਼ਲ ਮੀਡੀਆ ‘ਤੇ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ।
ਮੈਂਬਰਸ਼ਿਪ ਲਈ ਵੀ ਰੱਖੀਆਂ ਗਈਆਂ ਅਜੀਬ ਸ਼ਰਤਾਂ
ਪੇਜ ‘ਤੇ ਮੈਂਬਰਸ਼ਿਪ ਲਈ ਕੁਝ ਵਿਅੰਗਾਤਮਕ ਸ਼ਰਤਾਂ ਵੀ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਬੇਰੁਜ਼ਗਾਰ ਹੋਣਾ, ਬਹੁਤ ਜ਼ਿਆਦਾ ਆਲਸੀ ਹੋਣਾ ਅਤੇ ਦਿਨ ਦੇ 11 ਤੋਂ 12 ਘੰਟੇ ਆਨਲਾਈਨ ਰਹਿਣ ਦੀ ਸਮਰੱਥਾ ਵਰਗੀਆਂ ਗੱਲਾਂ ਸ਼ਾਮਲ ਹਨ। ਇਸ ਤੋਂ ਇਲਾਵਾ ਕਿਸੇ ਵੀ ਮੁੱਦੇ ‘ਤੇ ਸੋਸ਼ਲ ਮੀਡੀਆ ‘ਤੇ ਗੁੱਸਾ ਜ਼ਾਹਿਰ ਕਰਨ ਦੀ “ਪੇਸ਼ੇਵਰ ਯੋਗਤਾ” ਨੂੰ ਵੀ ਮੈਂਬਰਸ਼ਿਪ ਲਈ ਲਾਜ਼ਮੀ ਦੱਸਿਆ ਗਿਆ ਹੈ।
ਕਾਕਰੋਚ ਬਿਆਨ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ
ਦਰਅਸਲ 15 ਮਈ ਨੂੰ ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇੱਕ ਕੇਸ ਦੀ ਸੁਣਵਾਈ ਦੌਰਾਨ ਸੀਜੇਆਈ ਸੂਰਿਆ ਕਾਂਤ ਨੇ ਕੁਝ ਬੇਰੁਜ਼ਗਾਰ ਨੌਜਵਾਨਾਂ ਦੀ ਤੁਲਨਾ ‘ਕਾਕਰੋਚਾਂ’ ਨਾਲ ਕੀਤੀ ਸੀ। ਹਾਲਾਂਕਿ ਇਕ ਦਿਨ ਬਾਅਦ ਚੀਫ਼ ਜਸਟਿਸ ਵੱਲੋਂ ਸਪੱਸ਼ਟੀਕਰਨ ਦਿੰਦਿਆਂ ਕਿਹਾ ਗਿਆ ਕਿ ਉਨ੍ਹਾਂ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ।
ਵੱਡੀਆਂ ਪਾਰਟੀਆਂ ਨੂੰ ਵੀ ਫਾਲੋਅਰਜ਼ ‘ਚ ਦਿੱਤੀ ਟੱਕਰ
ਸੋਸ਼ਲ ਮੀਡੀਆ ‘ਤੇ ਇਸ ਪੇਜ ਦੀ ਲੋਕਪ੍ਰਿਯਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਸਦੇ ਫਾਲੋਅਰਜ਼ ਦੀ ਗਿਣਤੀ ਕਈ ਰਾਜਨੀਤਿਕ ਪਾਰਟੀਆਂ ਦੇ ਅਧਿਕਾਰਤ ਖਾਤਿਆਂ ਦੇ ਬਰਾਬਰ ਜਾਂ ਉਨ੍ਹਾਂ ਤੋਂ ਵੀ ਨੇੜੇ ਪਹੁੰਚ ਗਈ ਹੈ। ਭਾਰਤੀ ਜਨਤਾ ਪਾਰਟੀ ਦੇ ਇੰਸਟਾਗ੍ਰਾਮ ‘ਤੇ ਕਰੀਬ 87 ਲੱਖ ਫਾਲੋਅਰਜ਼ ਹਨ, ਜਦਕਿ ਭਾਰਤੀ ਰਾਸ਼ਟਰੀ ਕਾਂਗਰਸ ਦੇ ਫਾਲੋਅਰਜ਼ ਦੀ ਗਿਣਤੀ ਲਗਭਗ 1 ਕਰੋੜ 33 ਲੱਖ ਦੱਸੀ ਜਾ ਰਹੀ ਹੈ।

