ਈਰਾਨ :- ਈਰਾਨ ਨੇ ਹੋਰਮੁਜ਼ ਸਟ੍ਰੇਟ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਈਰਾਨੀ ਸੰਸਦ ਨੇ ਇਸ ਸਮੁੰਦਰੀ ਮਾਰਗ ਰਾਹੀਂ ਲੰਘਣ ਵਾਲੇ ਜਹਾਜ਼ਾਂ ਤੋਂ ਫੀਸ ਵਸੂਲਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਫੈਸਲੇ ਨਾਲ ਪਹਿਲਾਂ ਹੀ ਤਣਾਅਪੂਰਨ ਚੱਲ ਰਹੇ ਖੇਤਰ ਵਿੱਚ ਸਮੁੰਦਰੀ ਆਵਾਜਾਈ ਅਤੇ ਵਿਸ਼ਵ ਪੱਧਰ ’ਤੇ ਤੇਲ ਦੀ ਸਪਲਾਈ ਨੂੰ ਲੈ ਕੇ ਨਵੀਆਂ ਚਿੰਤਾਵਾਂ ਪੈਦਾ ਹੋ ਸਕਦੀਆਂ ਹਨ।
ਸਮੁੰਦਰੀ ਸੇਵਾਵਾਂ ਦੇ ਬਦਲੇ ਵਸੂਲੀ ਜਾਵੇਗੀ ਫੀਸ
ਮੇਹਰ ਨਿਊਜ਼ ਏਜੰਸੀ ਮੁਤਾਬਕ, ਜਿਨ੍ਹਾਂ ਦੇਸ਼ਾਂ ਦੇ ਜਹਾਜ਼ਾਂ ਨੂੰ ਹੋਰਮੁਜ਼ ਸਟ੍ਰੇਟ ਰਾਹੀਂ ਲੰਘਣ ਦੀ ਇਜਾਜ਼ਤ ਮਿਲੇਗੀ, ਉਨ੍ਹਾਂ ਤੋਂ ਸਮੁੰਦਰੀ ਸੇਵਾਵਾਂ ਦੇ ਬਦਲੇ ਨਿਰਧਾਰਤ ਫੀਸ ਲਈ ਜਾਵੇਗੀ। ਈਰਾਨੀ ਸੰਸਦ ਦੀ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਕਮੇਟੀ ਦੇ ਬੁਲਾਰੇ ਹਸਨ ਕਸ਼ਕਵੀ ਨੇ ਕਿਹਾ ਕਿ ਇਸ ਦੇ ਬਦਲੇ ਜਹਾਜ਼ਾਂ ਨੂੰ ਸੁਰੱਖਿਆ ਅਤੇ ਸਮੁੰਦਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਸੁਰੱਖਿਆ ਤੋਂ ਇਲਾਵਾ ਬੀਮਾ ਤੇ ਈਂਧਨ ਦੀ ਸਹੂਲਤ ਵੀ
ਪ੍ਰਸਤਾਵ ਮੁਤਾਬਕ ਫੀਸ ਦੇ ਬਦਲੇ ਜਹਾਜ਼ਾਂ ਨੂੰ ਸਮੁੰਦਰੀ ਸੁਰੱਖਿਆ, ਬੀਮਾ ਅਤੇ ਵਾਤਾਵਰਣ ਨਾਲ ਸਬੰਧਤ ਸੇਵਾਵਾਂ ਦਿੱਤੀਆਂ ਜਾ ਸਕਦੀਆਂ ਹਨ। ਖਾਸ ਹਾਲਾਤ ਪੈਦਾ ਹੋਣ ’ਤੇ ਜਹਾਜ਼ਾਂ ਨੂੰ ਈਂਧਨ ਮੁਹੱਈਆ ਕਰਵਾਉਣ ਦੀ ਵਿਵਸਥਾ ਵੀ ਕੀਤੀ ਜਾ ਸਕਦੀ ਹੈ। ਫੀਸ ਦੀ ਅਦਾਇਗੀ ਈਰਾਨੀ ਰਿਆਲ ਜਾਂ ਈਰਾਨ ਵੱਲੋਂ ਮਨਜ਼ੂਰ ਕੀਤੀ ਕਿਸੇ ਹੋਰ ਮੁਦਰਾ ਵਿੱਚ ਕਰਨ ਦੀ ਵਿਵਸਥਾ ਹੋਵੇਗੀ।
ਅਮਰੀਕਾ ਦਾ ਸਾਥ ਦੇਣ ਵਾਲੇ ਦੇਸ਼ਾਂ ਨੂੰ ਦਿੱਤੀ ਚਿਤਾਵਨੀ
ਇਸੇ ਦੌਰਾਨ ਈਰਾਨ ਦੇ ਨਵੇਂ ਰਾਸ਼ਟਰੀ ਸੁਰੱਖਿਆ ਮੁਖੀ ਮੋਹਸਿਨ ਰੇਜ਼ਾਈ ਨੇ ਅਮਰੀਕਾ ਨਾਲ ਜੁੜੇ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵੀ ਦੇਸ਼ ਈਰਾਨ ’ਤੇ ਆਰਥਿਕ ਪਾਬੰਦੀਆਂ ਲਗਾਉਣ ਵਿੱਚ ਅਮਰੀਕਾ ਦਾ ਸਾਥ ਦੇਵੇਗਾ, ਉਸ ਨੂੰ ਈਰਾਨ ਵੱਲੋਂ ਵਿਰੋਧੀ ਮੰਨਿਆ ਜਾਵੇਗਾ।
ਤੇਲ ਸਪਲਾਈ ’ਤੇ ਪੈ ਸਕਦਾ ਹੈ ਅਸਰ
ਹੋਰਮੁਜ਼ ਸਟ੍ਰੇਟ ਵਿਸ਼ਵ ਦੇ ਸਭ ਤੋਂ ਮਹੱਤਵਪੂਰਨ ਤੇਲ ਆਵਾਜਾਈ ਮਾਰਗਾਂ ਵਿੱਚੋਂ ਇੱਕ ਹੈ। ਇਸ ਰਸਤੇ ਰਾਹੀਂ ਵੱਡੀ ਮਾਤਰਾ ਵਿੱਚ ਕੱਚਾ ਤੇਲ ਅਤੇ ਊਰਜਾ ਉਤਪਾਦ ਦੁਨੀਆ ਦੇ ਵੱਖ-ਵੱਖ ਬਾਜ਼ਾਰਾਂ ਤੱਕ ਪਹੁੰਚਦੇ ਹਨ। ਅਜਿਹੇ ਵਿੱਚ ਜਹਾਜ਼ਾਂ ਤੋਂ ਫੀਸ ਵਸੂਲਣ ਦੇ ਈਰਾਨੀ ਫੈਸਲੇ ਨਾਲ ਸਮੁੰਦਰੀ ਆਵਾਜਾਈ ਦੀ ਲਾਗਤ ਵਧਣ ਅਤੇ ਅੰਤਰਰਾਸ਼ਟਰੀ ਤੇਲ ਬਾਜ਼ਾਰ ’ਤੇ ਪ੍ਰਭਾਵ ਪੈਣ ਦੀ ਚਿੰਤਾ ਵਧ ਸਕਦੀ ਹੈ।
ਅਮਰੀਕਾ ਨੇ ਈਰਾਨ ਖ਼ਿਲਾਫ਼ ਦਬਾਅ ਵਧਾਉਣ ਦੇ ਦਿੱਤੇ ਸੰਕੇਤ
ਦੂਜੇ ਪਾਸੇ ਅਮਰੀਕੀ ਵਿੱਤ ਮੰਤਰੀ ਸਕਾਟ ਬੇਸੈਂਟ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਈਰਾਨ ਖ਼ਿਲਾਫ਼ ਆਰਥਿਕ ਦਬਾਅ ਦੀ ਮੁਹਿੰਮ ਦੇ ਅਹਿਮ ਪੜਾਅ ’ਤੇ ਪਹੁੰਚ ਗਿਆ ਹੈ। ਉਨ੍ਹਾਂ ਮੁਤਾਬਕ ਅਮਰੀਕਾ ਦਾ ਨਿਸ਼ਾਨਾ ਈਰਾਨ ਦੀ ਆਮਦਨ ਦੇ ਮੁੱਖ ਸਰੋਤਾਂ ਨੂੰ ਪ੍ਰਭਾਵਿਤ ਕਰਨਾ ਹੈ। ਬੇਸੈਂਟ ਨੇ ਕਿਹਾ ਕਿ ਈਰਾਨ ’ਤੇ ਦਬਾਅ ਵਧਾਉਣ ਲਈ ਅਮਰੀਕੀ ਸਰਕਾਰ ਆਪਣੀਆਂ ਵੱਖ-ਵੱਖ ਏਜੰਸੀਆਂ ਅਤੇ ਉਪਲਬਧ ਅਧਿਕਾਰਾਂ ਦੀ ਵਰਤੋਂ ਕਰੇਗੀ।

