ਨਵੀਂ ਦਿੱਲੀ :- ਭਾਰਤ ਦੀ ਵਿੱਤੀ ਪ੍ਰਣਾਲੀ ਇਸ ਸਮੇਂ ਮਜ਼ਬੂਤ ਸਥਿਤੀ ‘ਚ ਹੈ ਪਰ ਇਸ ਨੂੰ ਭਵਿੱਖ ਦੇ ਸੰਭਾਵਿਤ ਖ਼ਤਰਿਆਂ ਤੋਂ ਬਚਾਉਣ ਲਈ ਲਗਾਤਾਰ ਚੌਕਸੀ ਜ਼ਰੂਰੀ ਹੈ। ਪੱਛਮੀ ਏਸ਼ੀਆ ‘ਚ ਚੱਲ ਰਹੇ ਤਣਾਅ ਦੇ ਦਰਮਿਆਨ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਨੇ ਵਿੱਤੀ ਸਥਿਰਤਾ ਨਾਲ ਜੁੜੇ ਵੱਖ-ਵੱਖ ਖ਼ਤਰਿਆਂ ਨੂੰ ਲੈ ਕੇ ਇਹ ਗੱਲ ਕਹੀ ਹੈ। ਉਹ ਕੌਟਿਲਯ ਆਰਥਿਕ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।
ਲੰਬੇ ਸਮੇਂ ਦੀ ਸਥਿਰਤਾ ਨਾਲ ਵਧ ਸਕਦਾ ਹੈ ਜੋਖ਼ਮ
ਸੰਜੇ ਮਲਹੋਤਰਾ ਨੇ ਕਿਹਾ ਕਿ ਅੱਜ ਵਿੱਤੀ ਪ੍ਰਣਾਲੀ ਦਾ ਮਜ਼ਬੂਤ ਹੋਣਾ ਇਸ ਗੱਲ ਦੀ ਗਾਰੰਟੀ ਨਹੀਂ ਕਿ ਅੱਗੇ ਕਿਸੇ ਤਰ੍ਹਾਂ ਦਾ ਸੰਕਟ ਨਹੀਂ ਆਵੇਗਾ। ਜੇਕਰ ਲੰਬੇ ਸਮੇਂ ਤੱਕ ਆਰਥਿਕ ਸਥਿਰਤਾ ਬਣੀ ਰਹੇ ਤਾਂ ਲੋਕਾਂ ਅਤੇ ਵਿੱਤੀ ਸੰਸਥਾਵਾਂ ਵੱਲੋਂ ਵਧੇਰੇ ਜੋਖ਼ਮ ਲੈਣ ਦੀ ਸੰਭਾਵਨਾ ਵਧ ਸਕਦੀ ਹੈ। ਇਸ ਨਾਲ ਕਰਜ਼ੇ ਦਾ ਬੋਝ ਵੀ ਵਧਣ ਦਾ ਖ਼ਤਰਾ ਰਹਿੰਦਾ ਹੈ।
ਸੰਕਟ ਦਾ ਕਾਰਨ ਸਿਰਫ਼ ਬੈਂਕਿੰਗ ਖੇਤਰ ਨਹੀਂ
RBI ਗਵਰਨਰ ਨੇ ਕਿਹਾ ਕਿ ਅਗਲਾ ਵਿੱਤੀ ਸੰਕਟ ਲਾਜ਼ਮੀ ਤੌਰ ‘ਤੇ ਕਿਸੇ ਬੈਂਕ ਜਾਂ ਵਿੱਤੀ ਸੰਸਥਾ ਤੋਂ ਹੀ ਸ਼ੁਰੂ ਹੋਵੇ, ਇਹ ਜ਼ਰੂਰੀ ਨਹੀਂ। ਸਾਈਬਰ ਹਮਲੇ, ਭੂ-ਰਾਜਨੀਤਿਕ ਤਣਾਅ, ਤਕਨੀਕੀ ਨਾਕਾਮੀ ਅਤੇ ਇਕ ਦੇਸ਼ ਤੋਂ ਦੂਜੇ ਦੇਸ਼ ਤੱਕ ਪਹੁੰਚਣ ਵਾਲੇ ਵਿੱਤੀ ਪ੍ਰਭਾਵ ਵੀ ਵੱਡੀ ਸਮੱਸਿਆ ਪੈਦਾ ਕਰ ਸਕਦੇ ਹਨ।
NBFC, ਸ਼ੇਅਰ ਬਾਜ਼ਾਰ ਅਤੇ ਡਿਜੀਟਲ ਭੁਗਤਾਨ ‘ਤੇ ਵੀ ਨਜ਼ਰ ਜ਼ਰੂਰੀ
ਮਲਹੋਤਰਾ ਮੁਤਾਬਕ ਵਿੱਤੀ ਸਥਿਰਤਾ ਨੂੰ ਸਿਰਫ਼ ਬੈਂਕਾਂ ਤੱਕ ਸੀਮਿਤ ਕਰਕੇ ਨਹੀਂ ਦੇਖਿਆ ਜਾ ਸਕਦਾ। ਗੈਰ-ਬੈਂਕਿੰਗ ਵਿੱਤੀ ਕੰਪਨੀਆਂ, ਸ਼ੇਅਰ ਬਾਜ਼ਾਰ, ਡਿਜੀਟਲ ਭੁਗਤਾਨ ਪ੍ਰਣਾਲੀ ਅਤੇ ਤਕਨੀਕੀ ਬੁਨਿਆਦੀ ਢਾਂਚੇ ਨੂੰ ਵੀ ਮਜ਼ਬੂਤ ਰੱਖਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਵਿੱਤੀ ਖੇਤਰ ਨੂੰ ਸੇਵਾਵਾਂ ਦੇਣ ਵਾਲੀਆਂ ਮਹੱਤਵਪੂਰਨ ਥਰਡ-ਪਾਰਟੀ ਕੰਪਨੀਆਂ ਅਤੇ ਕੌਮਾਂਤਰੀ ਵਿੱਤੀ ਨੈੱਟਵਰਕ ਵੀ ਇਸ ਦਾ ਅਹਿਮ ਹਿੱਸਾ ਹਨ।
ਭੂ-ਰਾਜਨੀਤਿਕ ਤਣਾਅ ਅਤੇ ਸਾਈਬਰ ਹਮਲੇ ਬਣ ਸਕਦੇ ਹਨ ਚੁਣੌਤੀ
RBI ਗਵਰਨਰ ਨੇ ਕਿਹਾ ਕਿ ਦੁਨੀਆ ਦੇ ਵੱਖ-ਵੱਖ ਹਿੱਸਿਆਂ ‘ਚ ਪੈਦਾ ਹੋਣ ਵਾਲਾ ਭੂ-ਰਾਜਨੀਤਿਕ ਤਣਾਅ ਵਿੱਤੀ ਬਾਜ਼ਾਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸੇ ਤਰ੍ਹਾਂ ਵੱਡੇ ਸਾਈਬਰ ਹਮਲੇ ਜਾਂ ਤਕਨੀਕੀ ਖ਼ਰਾਬੀ ਬੈਂਕਿੰਗ ਸੇਵਾਵਾਂ ਅਤੇ ਆਨਲਾਈਨ ਭੁਗਤਾਨ ਪ੍ਰਣਾਲੀ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੇ ਹਨ। ਇਸ ਲਈ ਮੌਜੂਦਾ ਵਿੱਤੀ ਮਜ਼ਬੂਤੀ ਨੂੰ ਕਾਇਮ ਰੱਖਣ ਦੇ ਨਾਲ ਭਵਿੱਖ ਦੇ ਸੰਭਾਵਿਤ ਖ਼ਤਰਿਆਂ ਨਾਲ ਨਜਿੱਠਣ ਲਈ ਵੀ ਪਹਿਲਾਂ ਤੋਂ ਤਿਆਰੀ ਕਰਨੀ ਜ਼ਰੂਰੀ ਹੈ।

