ਨਵੀਂ ਦਿੱਲੀ :- ਚੋਣ ਕਮਿਸ਼ਨ ਨੇ ਦੇਸ਼ ਭਰ ਦੀਆਂ ਵੋਟਰ ਸੂਚੀਆਂ ਨੂੰ ਹੋਰ ਸਹੀ ਅਤੇ ਅਪਡੇਟ ਬਣਾਉਣ ਲਈ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦੇ ਤੀਜੇ ਪੜਾਅ ਦੀ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ ਹੈ। ਇਸ ਤਹਿਤ ਪੰਜਾਬ ਸਮੇਤ 16 ਸੂਬਿਆਂ ਅਤੇ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਘਰ-ਘਰ ਜਾ ਕੇ ਵੋਟਰਾਂ ਦੀ ਤਸਦੀਕ ਕੀਤੀ ਜਾਵੇਗੀ। ਕਮਿਸ਼ਨ ਦਾ ਮਕਸਦ ਯੋਗ ਵੋਟਰਾਂ ਦੇ ਨਾਂ ਸੂਚੀ ਵਿੱਚ ਸ਼ਾਮਲ ਕਰਨਾ ਅਤੇ ਗਲਤ ਜਾਂ ਦੁਹਰਾਏ ਗਏ ਨਾਂ ਹਟਾਉਣਾ ਹੈ।
ਲਗਭਗ 37 ਕਰੋੜ ਵੋਟਰਾਂ ਦਾ ਡੇਟਾ ਹੋਵੇਗਾ ਜਾਂਚ ਹੇਠ
ਚੋਣ ਕਮਿਸ਼ਨ ਅਨੁਸਾਰ ਇਸ ਮੁਹਿੰਮ ਦੌਰਾਨ 3.94 ਲੱਖ ਤੋਂ ਵੱਧ ਬੂਥ ਲੈਵਲ ਅਫ਼ਸਰ ਮੈਦਾਨ ਵਿੱਚ ਉਤਰਣਗੇ। ਇਹ ਅਧਿਕਾਰੀ ਘਰ-ਘਰ ਜਾ ਕੇ ਵੋਟਰਾਂ ਦੀ ਜਾਣਕਾਰੀ ਇਕੱਠੀ ਕਰਨਗੇ। ਇਸ ਪ੍ਰਕਿਰਿਆ ਤਹਿਤ ਕਰੀਬ 36.73 ਕਰੋੜ ਵੋਟਰਾਂ ਦੇ ਵੇਰਵਿਆਂ ਦੀ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਨਵੇਂ ਯੋਗ ਨਾਗਰਿਕਾਂ ਦੇ ਨਾਂ ਵੀ ਸੂਚੀ ਵਿੱਚ ਜੋੜੇ ਜਾਣਗੇ।
ਪੰਜਾਬ ਸਮੇਤ 16 ਸੂਬੇ ਤੀਜੇ ਪੜਾਅ ਵਿੱਚ ਸ਼ਾਮਲ
ਇਸ ਪੜਾਅ ਵਿੱਚ ਪੰਜਾਬ, ਹਰਿਆਣਾ, ਮਹਾਰਾਸ਼ਟਰ, ਕਰਨਾਟਕ, ਓਡੀਸ਼ਾ, ਤੇਲੰਗਾਨਾ, ਝਾਰਖੰਡ, ਉਤਰਾਖੰਡ, ਸਿੱਕਮ, ਮਿਜ਼ੋਰਮ, ਨਾਗਾਲੈਂਡ, ਤ੍ਰਿਪੁਰਾ, ਮੇਘਾਲਿਆ, ਮਨੀਪੁਰ, ਆਂਧਰਾ ਪ੍ਰਦੇਸ਼ ਅਤੇ ਅਰੁਣਾਚਲ ਪ੍ਰਦੇਸ਼ ਸ਼ਾਮਲ ਹਨ। ਇਸ ਤੋਂ ਇਲਾਵਾ ਚੰਡੀਗੜ੍ਹ, ਦਿੱਲੀ ਅਤੇ ਦਾਦਰਾ-ਨਗਰ ਹਵੇਲੀ ਅਤੇ ਦਮਨ-ਦੀਉ ਨੂੰ ਵੀ ਇਸ ਮੁਹਿੰਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਜਨਗਣਨਾ ਕਾਰਜ ਨਾਲ ਵੀ ਕੀਤਾ ਜਾਵੇਗਾ ਤਾਲਮੇਲ
ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਵੋਟਰ ਸੂਚੀ ਸੁਧਾਰ ਮੁਹਿੰਮ ਨੂੰ ਜਨਗਣਨਾ ਦੌਰਾਨ ਚੱਲ ਰਹੇ ਘਰੇਲੂ ਡੇਟਾ ਇਕੱਠਾ ਕਰਨ ਦੇ ਕੰਮ ਨਾਲ ਵੀ ਜੋੜਿਆ ਜਾਵੇਗਾ, ਤਾਂ ਜੋ ਸਹੀ ਅਤੇ ਪਾਰਦਰਸ਼ੀ ਰਿਕਾਰਡ ਤਿਆਰ ਕੀਤਾ ਜਾ ਸਕੇ।

