ਬੰਗਲਾਦੇਸ਼ :- ਬੰਗਲਾਦੇਸ਼ ਵਿੱਚ ਈਦ-ਉੱਲ-ਅਜ਼ਹਾ ਤੋਂ ਪਹਿਲਾਂ ਇੱਕ ਦਰਦਨਾਕ ਸੜਕ ਹਾਦਸੇ ਨੇ ਕਈ ਪਰਿਵਾਰਾਂ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਦਿੱਤੀਆਂ। ਢਾਕਾ-ਤੰਗੈਲ ਹਾਈਵੇਅ ‘ਤੇ ਲੋਹੇ ਦੇ ਸਰੀਏ ਨਾਲ ਭਰਿਆ ਇੱਕ ਟਰੱਕ ਅਚਾਨਕ ਬੇਕਾਬੂ ਹੋ ਕੇ ਪਲਟ ਗਿਆ, ਜਿਸ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ, ਜਦਕਿ 10 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ।
ਸਵੇਰੇ ਸਵੇਰੇ ਵਾਪਰਿਆ ਹਾਦਸਾ
ਪੁਲਿਸ ਅਧਿਕਾਰੀਆਂ ਮੁਤਾਬਕ ਇਹ ਹਾਦਸਾ ਸੋਮਵਾਰ ਤੜਕੇ ਕਰੀਬ 4:30 ਵਜੇ ਤੰਗੈਲ ਜ਼ਿਲ੍ਹੇ ਦੇ ਸਰਤੈਲ ਦੱਖਣਪਾਰਾ ਇਲਾਕੇ ਵਿੱਚ ਵਾਪਰਿਆ। ਟਰੱਕ ਵਿੱਚ ਲੋਹੇ ਦੇ ਸਰੀਏ ਦੇ ਨਾਲ ਕਈ ਲੋਕ ਵੀ ਸਵਾਰ ਸਨ, ਜੋ ਈਦ ਦੀਆਂ ਛੁੱਟੀਆਂ ਮਨਾਉਣ ਲਈ ਆਪਣੇ ਜੱਦੀ ਪਿੰਡਾਂ ਵੱਲ ਜਾ ਰਹੇ ਸਨ।
ਡਰਾਈਵਰ ਤੋਂ ਵਿਗੜਿਆ ਸੰਤੁਲਨ
ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਡਰਾਈਵਰ ਨੇ ਵਾਹਨ ਤੋਂ ਕਾਬੂ ਗੁਆ ਦਿੱਤਾ, ਜਿਸ ਤੋਂ ਬਾਅਦ ਟਰੱਕ ਸੜਕ ‘ਤੇ ਪਲਟ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਕਈ ਲੋਕ ਟਰੱਕ ਹੇਠਾਂ ਦੱਬ ਗਏ। ਸਥਾਨਕ ਲੋਕ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕੀਤਾ।
ਜ਼ਖ਼ਮੀਆਂ ਨੂੰ ਤੁਰੰਤ ਪਹੁੰਚਾਇਆ ਹਸਪਤਾਲ
ਹਾਦਸੇ ਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਅਤੇ ਪੁਲਿਸ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਨੇੜਲੇ ਸਿਹਤ ਕੇਂਦਰਾਂ ਵਿੱਚ ਦਾਖ਼ਲ ਕਰਵਾਇਆ ਗਿਆ। ਕੁਝ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਿਸ ਕਾਰਨ ਮੌਤਾਂ ਦੀ ਗਿਣਤੀ ਵੱਧਣ ਦਾ ਖ਼ਦਸ਼ਾ ਵੀ ਜਤਾਇਆ ਜਾ ਰਿਹਾ ਹੈ।
ਈਦ ਦੀਆਂ ਛੁੱਟੀਆਂ ਕਾਰਨ ਵਧੀ ਹੋਈ ਸੀ ਭੀੜ
ਮਿਲੀ ਜਾਣਕਾਰੀ ਅਨੁਸਾਰ ਬੰਗਲਾਦੇਸ਼ ਵਿੱਚ ਈਦ-ਉੱਲ-ਅਜ਼ਹਾ ਮੌਕੇ 10 ਦਿਨਾਂ ਦੀਆਂ ਛੁੱਟੀਆਂ ਸ਼ੁਰੂ ਹੋ ਚੁੱਕੀਆਂ ਹਨ। ਇਸ ਕਾਰਨ ਲੋਕ ਵੱਡੀ ਗਿਣਤੀ ਵਿੱਚ ਆਪਣੇ ਘਰਾਂ ਵੱਲ ਰੁਖ ਕਰ ਰਹੇ ਹਨ। ਬੱਸਾਂ ਅਤੇ ਟ੍ਰੇਨਾਂ ਵਿੱਚ ਜਗ੍ਹਾ ਨਾ ਮਿਲਣ ਕਰਕੇ ਕਈ ਗਰੀਬ ਲੋਕ ਟਰੱਕਾਂ ਅਤੇ ਹੋਰ ਸਮਾਨ ਵਾਲੇ ਵਾਹਨਾਂ ਰਾਹੀਂ ਸਫ਼ਰ ਕਰਨ ਲਈ ਮਜਬੂਰ ਹੋ ਜਾਂਦੇ ਹਨ।

